ਨਿਊਜ਼ੀਲੈਂਡ ''ਚ ਯੂਰਪੀਅਨ ਖੁਦ ਵੀ ਅਪ੍ਰਵਾਸੀ

Monday, Mar 18, 2019 - 06:30 AM (IST)

ਨਿਊਜ਼ੀਲੈਂਡ 'ਚ  ਹੋਏ ਗੋਲੀਬਾਰੀ ਹੱਤਿਆ ਕਾਂਡ ਬਾਰੇ ਮੈਨੂੰ ਸ਼ੁੱਕਰਵਾਰ ਸਵੇਰੇ ਰੇਡੀਓ 'ਤੇ ਆ ਰਹੀਆਂ ਖ਼ਬਰਾਂ ਤੋਂ ਪਤਾ ਲੱਗਾ। ਰਿਪੋਰਟਰ ਸਥਾਨਕ ਮੁਸਲਮਾਨਾਂ ਤੋਂ ਉਨ੍ਹਾਂ ਦੀ ਪ੍ਰਤੀਕਿਰਿਆ ਲੈ ਰਿਹਾ ਸੀ ਅਤੇ ਇਹ ਆਵਾਜ਼ਾਂ ਦੱਖਣੀ ਏਸ਼ੀਆਈ ਲੋਕਾਂ ਦੀਆਂ ਸਨ। ਸ਼ਨੀਵਾਰ ਸਵੇਰੇ ਇਕ ਸਮਾਚਾਰ ਪੱਤਰ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਹਮਲੇ ਤੋਂ ਬਾਅਦ ਲਾਪਤਾ ਲੋਕਾਂ 'ਚ 9 ਭਾਰਤੀ ਹਨ, ਜਿਨ੍ਹਾਂ 'ਚ ਅਹਿਮਦਾਬਾਦ ਅਤੇ ਹੈਦਰਾਬਾਦ ਦੇ ਨਿਵਾਸੀ ਵੀ ਸ਼ਾਮਿਲ ਹਨ। 
ਗੋਲੀਬਾਰੀ ਦੀ ਖ਼ਬਰ ਤੋਂ ਬਾਅਦ ਕੁਮੈਂਟਰੀ (ਮੈਂ ਰੋਜ਼ ਸਵੇਰੇ ਬੀ. ਸੀ. ਸੀ. ਰੇਡੀਓ ਸੁਣਦਾ ਹਾਂ) ਦੂਜੀ ਖ਼ਬਰ ਵੱਲ ਮੁੜ  ਗਈ। ਆਸਟਰੇਲੀਆ 'ਚ ਆਇਆ ਸਭ ਤੋਂ ਪਹਿਲਾ ਪਿਆਨੋ ਇੰਗਲੈਂਡ 'ਚ ਮੁਰੰਮਤ ਲਈ ਭੇਜਿਆ ਗਿਆ ਸੀ। ਇੰਗਲੈਂਡ ਨੂੰ ਕਿਉਂ? ਕਿਉਂਕਿ ਉਹ ਉਥੇ ਬਣਿਆ ਸੀ। 
ਇਹ ਪਿਆਨੋ ਜਨਵਰੀ 1788 'ਚ 11 ਕਿਸ਼ਤੀਆਂ 'ਚ ਆਸਟਰੇਲੀਆ ਆਇਆ ਸੀ, ਜਿਨ੍ਹਾਂ ਨੂੰ ਪਹਿਲੇ ਬੇੜੇ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇੰਗਲੈਂਡ ਦੇ ਪੋਟਸਮਾਊਥ ਤੋਂ ਆਏ ਇਨ੍ਹਾਂ ਜਹਾਜ਼ਾਂ 'ਚ 1000 ਤੋਂ ਵੱਧ ਯੂਰਪੀਅਨ ਆਸਟਰੇਲੀਆ ਪਹੁੰਚੇ ਸਨ, ਜਿਸ ਨਾਲ ਇਸ ਦਾ ਬਸਤੀਵਾਦ ਸ਼ੁਰੂ ਹੋਇਆ।  ਇਹ  ਬਹੁਤ ਪੁਰਾਣੀ ਗੱਲ ਨਹੀਂ ਹੈ : ਇਹ ਮਰਾਠਿਆਂ ਅਤੇ ਅਫਗਾਨਾਂ ਦੀ ਅੰਤਿਮ ਲੜਾਈ ਤੋਂ ਬਾਅਦ ਹੋਇਆ। ਅੰਗਰੇਜ਼ ਪਹਿਲਾਂ 1608 'ਚ ਸੂਰਤ ਵਿਚ ਆਏ ਅਤੇ ਫਿਰ ਆਸਟਰੇਲੀਆ ਤੇ ਨਿਊਜ਼ੀਲੈਂਡ 'ਚ ਇਨ੍ਹਾਂ ਦਾ ਬਸਤੀਵਾਦ ਬਾਅਦ 'ਚ ਹੋਇਆ। 
ਇੰਗਲੈਂਡ 'ਚ ਗੋਲੀ ਕਾਂਡ ਦੇ ਮੁਲਜ਼ਮ ਦੇ ਅਪ੍ਰਵਾਸਨ ਅਤੇ ਵਿਦੇਸ਼ੀਆਂ  ਬਾਰੇ ਵਿਚਾਰਾਂ ਦੇ ਕਾਰਨ ਇਹ ਕਾਫੀ ਦਿਲਚਸਪ ਹੈ। ਹੱਤਿਆ ਕਾਂਡ ਤੋਂ ਪਹਿਲਾਂ ਉਸ ਨੇ ਇਕ ਨੋਟ ਲਿਖਿਆ ਹੈ, ਜਿਸ 'ਚ ਉਹ ਕਹਿੰਦਾ ਹੈ ਕਿ ਉਸ ਦਾ ਮਕਸਦ ਯੂਰਪੀਅਨ ਭੂਮੀ 'ਤੇ ਅਪ੍ਰਵਾਸ ਦੀ ਦਰ ਨੂੰ ਘੱਟ ਕਰਨਾ ਹੈ। ਉਹ ਨਿਊਜ਼ੀਲੈਂਡ ਅਤੇ ਆਸਟਰੇਲੀਆ, ਜਿੱਥੇ ਉਹ ਪੈਦਾ ਹੋਇਆ ਸੀ, ਨੂੰ ਯੂਰਪੀਅਨ ਭੂਮੀ ਮੰਨਦਾ ਹੈ, ਹਾਲਾਂਕਿ ਯੂਰਪੀਅਨ ਖ਼ੁਦ ਅਪ੍ਰਵਾਸੀ ਹਨ। 
ਮੂਲ ਨਿਵਾਸੀਆਂ ਲਈ ਸਮੱਸਿਆਵਾਂ ਲਿਆਇਆ ਬਸਤੀਵਾਦ 
ਆਸਟਰੇਲੀਆ ਅਤੇ ਨਿਊਜ਼ੀਲੈਂਡ ਦਾ ਬਸਤੀਵਾਦ ਉਥੋਂ ਦੇ ਮੂਲ ਨਿਵਾਸੀਆਂ ਲਈ ਕਾਫੀ ਸਮੱਸਿਆਵਾਂ ਲੈ ਕੇ ਆਇਆ ਸੀ। ਮੂਲ ਨਿਵਾਸੀ ਦਾ ਮਤਲਬ ਹੈ ਜੋ ਸ਼ੁਰੂਆਤੀ ਸਮੇਂ ਤੋਂ ਉਥੇ ਰਹਿ ਰਹੇ ਹੋਣ ਜਿਵੇਂ ਕਿ ਭਾਰਤ 'ਚ ਅਸੀਂ ਸਭ ਤੋਂ ਪੁਰਾਣੇ ਨਿਵਾਸੀਆਂ ਨੂੰ ਆਦਿਵਾਸੀ ਕਹਿੰਦੇ ਹਾਂ। 
ਯੂਰਪੀਅਨ ਕਾਲੋਨਾਈਜ਼ਰਾਂ ਵਲੋਂ ਇਨ੍ਹਾਂ ਮੂਲ ਨਿਵਾਸੀਆਂ ਨੂੰ ਨਸ਼ਟ ਕਰ ਦਿੱਤਾ ਗਿਆ। ਇਸ ਭੂਮੀ 'ਤੇ ਕਬਜ਼ਾ ਕਰਨ ਲਈ ਯੂਰਪੀਅਨਾਂ ਨੇ ਜ਼ਾਲਿਮਾਨਾ ਵਤੀਰਾ ਕੀਤਾ, ਜਿਸ ਨਾਲ ਬੀਮਾਰੀ ਪਣਪੀ। ਜ਼ਮੀਨ ਨੂੰ ਹਾਸਿਲ ਕਰਨ ਦੇ ਨਾਲ ਹੀ ਥਾਵਾਂ ਦੇ ਨਵੇਂ ਨਾਂ ਰੱਖੇ  ਗਏ–ਵਿਕਟੋਰੀਆ, ਨਿਊ ਸਾਊਥਵੇਲਜ਼, ਵੈਲਿੰਗਟਨ, ਆਕਲੈਂਡ, ਕਵੀਨਜ਼ਲੈਂਡ ਅਜਿਹੇ ਨਾਂ ਹਨ, ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ। ਇਹ ਉਹ ਨਾਂ ਹਨ, ਜੋ ਕਾਲੋਨਾਈਜ਼ਰਾਂ ਵਲੋਂ ਮੂਲ ਨਿਵਾਸੀਆਂ ਦੀ ਇੱਛਾ ਦੇ ਵਿਰੁੱਧ ਰੱਖੇ ਗਏ। ਨਿਊਜ਼ੀਲੈਂਡ ਨੂੰ 1840 'ਚ ਅੰਗਰੇਜ਼ਾਂ ਵਲੋਂ ਸਥਾਨਕ ਮਾਓਰੀ ਆਬਾਦੀ ਨਾਲ ਜੋੜ ਦਿੱਤਾ ਗਿਆ।
ਮੂਲ ਨਿਵਾਸੀਆਂ 'ਤੇ ਕੀਤੇ ਅੱਤਿਆਚਾਰ
ਉਨ੍ਹਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਤੋਂ ਬਾਅਦ ਯੂਰਪੀਅਨਾਂ ਨੇ ਉਥੋਂ ਦੇ ਮੂਲ ਨਿਵਾਸੀਆਂ 'ਤੇ ਕਈ ਅੱਤਿਆਚਾਰ ਕੀਤੇ। ਸੰਸਦ ਦੇ ਕਾਨੂੰਨਾਂ ਤਹਿਤ ਉਨ੍ਹਾਂ ਨੇ ਮੂਲ ਨਿਵਾਸੀਆਂ ਦੇ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਤੋਂ ਅਧਿਕਾਰਤ ਤੌਰ 'ਤੇ ਅਲੱਗ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਨੂੰ ਹੁਣ ਚੋਰੀ ਕੀਤੀਆਂ ਗਈਆਂ ਪੀੜ੍ਹੀਆਂ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਹ ਨੀਤੀ 1960 ਤਕ ਜਾਰੀ ਰਹੀ। ਅੱਜ ਵੀ ਇਨ੍ਹਾਂ ਮੂਲ ਨਿਵਾਸੀਆਂ ਨਾਲ ਭੇਦਭਾਵ ਹੁੰਦਾ ਹੈ। 
ਮੈਂ ਜੋ ਕੁਝ ਉਪਰ ਲਿਖਿਆ ਹੈ, ਉਹ ਆਮ ਜਾਣਕਾਰੀ ਦੀ ਗੱਲ ਹੈ ਅਤੇ ਅੱਜ ਹਰੇਕ ਆਸਟਰੇਲੀਆਈ ਅਤੇ ਨਿਊਜ਼ੀਲੈਂਡ ਵਾਸੀ ਇਨ੍ਹਾਂ ਗੱਲਾਂ ਨੂੰ ਜਾਣਦਾ ਹੈ। ਯੂਰਪੀਅਨ ਬਸਤੀਵਾਦ ਨੇ ਦੁਨੀਆ ਦੇ ਦੂਜੇ ਪਾਸੇ ਵੀ ਸੱਭਿਅਤਾਵਾਂ ਨੂੰ ਤਬਾਹ ਕੀਤਾ ਅਤੇ ਜੇਕਰ ਅੱਜ ਅਸੀਂ ਕੈਨੇਡਾ, ਵਰਜੀਨੀਆ, ਜਾਰਜੀਆ, ਵਾਸ਼ਿੰਗਟਨ, ਅਮਰੀਕਾ, ਬੋਲੀਵੀਆ ਅਤੇ ਅਰਜਨਟੀਨਾ ਵਰਗੇ ਨਾਵਾਂ ਨੂੰ ਜਾਣਦੇ ਹਾਂ ਤਾਂ ਇਹ ਇਸ ਲਈ ਹੈ ਕਿ ਵਿਦੇਸ਼ੀਆਂ ਨੇ ਜ਼ਮੀਨਾਂ ਨੂੰ ਜਿੱਤਿਆ ਤੇ ਉਨ੍ਹਾਂ 'ਤੇ ਨਵੇਂ ਨਾਂ ਥੋਪ ਦਿੱਤੇ ਗਏ। 
ਇਨ੍ਹਾਂ ਹੀ ਯੂਰਪੀਅਨ ਕਾਲੋਨਾਈਜ਼ਰਾਂ ਨੇ ਦੁਨੀਆ ਭਰ 'ਚ ਗੰਨ ਕਾਨੂੰਨ ਬਣਾਏ, ਜੋ ਲੋਕਾਂ, ਭਾਵ ਗੋਰੇ ਨਿਵਾਸੀਆਂ ਨੂੰ ਆਪਣੀ ਰੱਖਿਆ ਲਈ ਹਥਿਆਰ ਰੱਖਣ ਦੀ ਇਜਾਜ਼ਤ ਦਿੰਦੇ ਹਨ। ਹੱਤਿਆ ਕਾਂਡ ਤੋਂ ਬਾਅਦ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦੇਸ਼ ਦੇ ਗੰਨ ਕਾਨੂੰਨਾਂ ਨੂੰ ਬਦਲ ਦੇਵੇਗੀ। ਇਸ ਨਾਲ ਭਵਿੱਖ 'ਚ ਨਿਸ਼ਚਿਤ ਤੌਰ 'ਤੇ ਹਿੰਸਾ ਨੂੰ ਰੋਕਣ 'ਚ ਮਦਦ ਮਿਲੇਗੀ। ਇਹ ਕਾਫੀ ਹੈਰਾਨੀਜਨਕ ਹੈ ਕਿ ਕਈ ਦੇਸ਼ ਆਪਣੇ ਨਾਗਰਿਕਾਂ ਨੂੰ ਵੱਡੀ ਮੈਗਜ਼ੀਨ ਦੀ ਸਮਰੱਥਾ ਵਾਲੀਆਂ ਰਾਈਫਲਾਂ ਖਰੀਦਣ ਲਈ ਇਜਾਜ਼ਤ ਦਿੰਦੇ ਹਨ। ਗੰਨ ਕੰਟਰੋਲ ਦੇ ਪ੍ਰਤੀ ਅਮਰੀਕਾ ਦੀ ਅਣਇੱਛਾ ਕਾਰਨ ਵੱਖ-ਵੱਖ ਹੱਤਿਆ ਕਾਂਡਾਂ 'ਚ ਉਸ ਦੇ ਨਾਗਰਿਕਾਂ ਨੂੰ ਵੀ ਜਾਨ ਗੁਆਉਣੀ ਪਈ ਹੈ, ਜਿਨ੍ਹਾਂ 'ਚ ਬੱਚੇ ਵੀ ਸ਼ਾਮਿਲ ਹਨ। 
ਦਿਲਚਸਪ ਹੈ ਟੈਰੇਂਟ ਸ਼ਬਦ ਦਾ ਅਰਥ
ਇਹ ਇਸ ਲਈ ਵੀ ਵਰਣਨਯੋਗ ਹੈ ਕਿ ਸ਼ੂਟਰ ਬ੍ਰੈਂਟਨ ਟੈਰੇਂਟ ਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਅਪ੍ਰਵਾਸੀ ਸਿਰਫ ਹੋਰ ਲੋਕ ਹੁੰਦੇ ਹਨ, ਜੋ ਉਨ੍ਹਾਂ ਦੀ ਸੰਸਕ੍ਰਿਤੀ ਨੂੰ ਖਰਾਬ ਕਰਦੇ ਹਨ। ਇਹ ਵੀ ਕਾਫੀ ਦਿਲਚਸਪ ਹੈ ਬ੍ਰਿਟਿਸ਼ ਮੂਲ ਦਾ ਸ਼ਬਦ ਟੈਰੇਂਟ ਅਤੇ 'ਟ੍ਰੈਸਪਾਸਰ' ਦਾ ਮੂਲ ਇਕ ਹੀ ਹੈ, ਜਿਸ ਦਾ ਹਿੰਦੀ 'ਚ ਅਰਥ ਹੈ 'ਘੁਸਪੈਠੀਆ'। ਟੈਰੇਂਟ ਦਾ ਕਹਿਣਾ ਹੈ ਕਿ ਜੇਕਰ ਲੋਕ ਆਪਣੇ ਦੇਸ਼ 'ਚ ਰਹਿਣ ਤਾਂ ਉਸ ਨੂੰ ਉਨ੍ਹਾਂ ਨਾਲ ਕੋਈ ਨਫਰਤ ਨਹੀਂ ਹੈ ਪਰ ਉਸ ਨੂੰ ਉਨ੍ਹਾਂ ਲੋਕਾਂ ਤੋਂ ਸਮੱਸਿਆ ਹੈ, ਜੋ ਹੋਰਨਾਂ ਲੋਕਾਂ ਦੀ ਜ਼ਮੀਨ ਨੂੰ ਬਸਤੀ ਬਣਾ ਲੈਂਦੇ ਹਨ। ਉਸ ਨੇ ਇਹ ਵੀ ਲਿਖਿਆ, ''ਮੇਰੀ ਭਾਸ਼ਾ ਦਾ ਮੂਲ ਯੂਰਪੀਅਨ ਹੈ, ਮੇਰੀ ਸੰਸਕ੍ਰਿਤੀ ਅਤੇ ਸਿਆਸੀ ਵਿਚਾਰਧਾਰਾ ਯੂਰਪੀਅਨ ਹੈ। ਮੇਰੇ ਦਾਰਸ਼ਨਿਕ ਵਿਚਾਰ ਯੂਰਪੀਅਨ ਹਨ, ਮੇਰੀ ਪਛਾਣ ਯੂਰਪੀਅਨ ਹੈ ਅਤੇ ਸਭ ਤੋਂ ਮਹੱਤਵਪੂਰਨ ਮੇਰਾ ਖੂਨ ਯੂਰਪੀਅਨ ਹੈ।'' 
ਜੇਕਰ ਉਸ 'ਚ ਇੰਨੀ ਤਿੱਖੀ ਭਾਵਨਾ ਸੀ ਤਾਂ ਆਪਣੀ  ਪਛਾਣ ਦੇ ਸੰਕਟ ਲਈ ਉਸ ਨੂੰ ਨਿਰਦੋਸ਼ ਲੋਕਾਂ ਨੂੰ ਮਾਰਨ ਦੀ  ਬਜਾਏ ਸ਼ਾਇਦ ਯੂਰਪ ਚਲੇ ਜਾਣਾ ਚਾਹੀਦਾ ਸੀ। 
ਪਰ ਸਾਨੂੰ ਆਪਣੇ-ਆਪ ਤੋਂ ਪੁੱਛਣਾ ਚਾਹੀਦਾ ਹੈ ਕਿ ਹਿੰਸਕ ਹਮਲਾਵਰਾਂ ਅਤੇ ਕਾਲੋਨਾਈਜ਼ਰਾਂ ਦੇ ਉੱਤਰਾਧਿਕਾਰੀ ਅੱਜ ਵੀ ਪੀੜਤ ਹੋਣ ਦਾ ਦਾਅਵਾ ਕਿਉਂ ਕਰਦੇ ਹਨ? ਇਹ ਆਮ ਗੱਲ ਨਹੀਂ ਹੈ। ਸੱਚਾਈ ਇਹ ਹੈ ਕਿ ਅਪ੍ਰਵਾਸੀਆਂ ਅਤੇ ਵਿਸ਼ੇਸ਼ ਕਰ ਕੇ ਮੁਸਲਮਾਨਾਂ ਵਿਰੁੱਧ ਇਹ ਭਾਵਨਾ ਨਫਰਤ ਅਤੇ ਕੱਟੜਤਾ ਨਾਲ ਪੈਦਾ ਹੁੰਦੀ ਹੈ। ਇਸ ਨੂੰ ਵੰਡ ਦੀ ਰਾਜਨੀਤੀ ਵਲੋਂ ਪੈਦਾ ਕੀਤਾ ਜਾਂਦਾ ਹੈ ਅਤੇ ਦੁਨੀਆ ਭਰ 'ਚ ਲਾਪਰਵਾਹ ਮੀਡੀਆ ਵਲੋਂ ਫੈਲਾਇਆ ਜਾਂਦਾ ਹੈ, ਜਿਸ 'ਚ ਬਦਕਿਸਮਤੀ ਨਾਲ ਭਾਰਤ ਵੀ ਸ਼ਾਮਿਲ ਹੈ।         -ਆਕਾਰ ਪਟੇਲ


Bharat Thapa

Content Editor

Related News