ਮੀਨਾ ਕੁਮਾਰੀ : ''ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ''
Wednesday, Aug 01, 2018 - 06:00 AM (IST)

ਜ਼ਿੰਦਗੀ ਇਕ ਮ੍ਰਿਗ-ਤ੍ਰਿਸ਼ਨਾ ਹੈ। ਆਸਾਂ, ਉਮੀਦਾਂ ਅਤੇ ਪਿਆਰ ਹਾਸਿਲ ਕਰਨ ਦੀ ਚਾਹਤ ਵਿਚ ਜ਼ਿੰਦਗੀ ਇੰਝ ਹੀ ਲੰਘ ਜਾਂਦੀ ਹੈ, ਇਕ ਮੁਕਾਮ ਹਾਸਿਲ ਕਰਨ ਦੀ ਜੱਦੋ-ਜਹਿਦ 'ਚ ਜੀਵਨ ਗੁਆਚ ਜਾਂਦਾ ਹੈ। ਇਨਸਾਨ ਕਦੇ ਸਟੇਟਸ, ਕਦੇ ਸ਼ੋਹਰਤ, ਕਦੇ ਨਾਂ ਅਤੇ ਕਦੇ ਪ੍ਰਸਿੱਧੀ ਹਾਸਿਲ ਕਰਨ ਲਈ ਦੌੜਦਾ ਰਹਿੰਦਾ ਹੈ ਪਰ ਸਾਰਿਆਂ ਨੂੰ ਸਭ ਕੁਝ ਨਹੀਂ ਮਿਲਦਾ। ਕਿਸੇ ਨਾ ਕਿਸੇ ਚੀਜ਼ ਦੀ ਕਮੀ ਹਮੇਸ਼ਾ ਬਣੀ ਰਹਿੰਦੀ ਹੈ ਤੇ ਇਹੋ ਕਮੀ ਕੰਮ ਵਿਚ ਲੱਗੇ ਰਹਿਣ ਲਈ ਪ੍ਰੇਰਿਤ ਵੀ ਕਰਦੀ ਹੈ।
ਚਾਂਦ ਤਨਹਾ, ਆਸਮਾਨ ਤਨਹਾ, ਦਿਲ ਲੇ ਗਯਾ ਕਹਾਂ-ਕਹਾਂ ਤਨਹਾ
ਜਿਸਮ ਤਨਹਾ, ਰੂਹ ਤਨਹਾ, ਛੋੜ ਜਾਏਂਗੇ ਯਹ ਜਹਾਂ ਤਨਹਾ।
ਇਨਸਾਨ ਲੜਦੇ-ਝਗੜਦੇ ਇਸ ਜ਼ਿੰਦਗੀ 'ਚੋਂ ਚਲਾ ਜਾਵੇਗਾ ਅਤੇ ਛੱਡ ਜਾਵੇਗਾ ਕੁਝ ਯਾਦਾਂ, ਕੁਝ ਅਰਮਾਨ। ਇਨ੍ਹਾਂ ਹੀ ਯਾਦਾਂ, ਅਰਮਾਨਾਂ ਨੂੰ ਅਧੂਰੇ ਹੀ ਲੈ ਕੇ ਚਲੀ ਗਈ ਫਿਲਮ ਜਗਤ ਦੀ ਇਕ ਮਹਾਨ ਅਦਾਕਾਰਾ ਮੀਨਾ ਕੁਮਾਰੀ, ਜਿਸ ਨੂੰ ਪੈਦਾ ਹੁੰਦਿਆਂ ਹੀ ਉਸ ਦਾ ਬਾਪ ਅਨਾਥ ਆਸ਼ਰਮ ਵਿਚ ਛੱਡ ਆਇਆ ਸੀ। ਪ੍ਰਸਿੱਧ ਫਿਲਮ 'ਪਾਕੀਜ਼ਾ' ਦੀ ਹੀਰੋਇਨ ਮੀਨਾ ਕੁਮਾਰੀ ਮਰਦੇ ਸਮੇਂ ਹਸਪਤਾਲ ਦਾ ਆਪਣਾ ਬਿੱਲ ਵੀ ਅਦਾ ਨਹੀਂ ਕਰ ਸਕੀ। ਮੀਨਾ ਕੁਮਾਰੀ ਦੇ ਪਤੀ ਕਮਾਲ ਅਮਰੋਹੀ ਨੇ ਉਸ ਨੂੰ ਤਲਾਕ ਦੇ ਦਿੱਤਾ, ਜਿਸ ਨੂੰ ਮੀਨਾ ਕੁਮਾਰੀ ਨੇ ਕਦੇ ਆਪਣੇ ਸੁਪਨਿਆਂ ਦੀ ਪੂਰਤੀ ਕਰਨ ਦਾ ਜ਼ਰੀਆ ਸਮਝਿਆ। ਇਥੇ ਮੀਨਾ ਕੁਮਾਰੀ ਦੇ ਦਿਲ 'ਚੋਂ ਆਵਾਜ਼ ਨਿਕਲੀ :
ਤਲਾਕ ਤੋ ਦੇ ਰਹੇ ਹੋ ਮੁਝੇ, ਕਹਿਰ ਕੇ ਸਾਥ
ਜਵਾਨੀ ਵੀ ਲੌਟਾ ਦੋ ਮੇਰੀ, ਮੇਹਰ ਕੇ ਸਾਥ।
ਹੀਰੋਇਨ ਮੀਨਾ ਕੁਮਾਰੀ, ਜਿਸ ਦਾ 1 ਅਗਸਤ ਨੂੰ ਜਨਮ ਦਿਨ ਹੈ, ਨੂੰ ਉਸ ਦੇ ਪਰਿਵਾਰ ਨੇ 'ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ' ਸਮਝ ਕੇ ਉਸ ਤੋਂ ਉਸ ਦਾ ਬਚਪਨ ਖੋਹ ਲਿਆ। ਚਾਰ ਵਰ੍ਹਿਆਂ ਦੀ ਮਹਿਜ਼ਬੀਂ ਬਾਨੋ, ਜਿਸ ਨੂੰ ਸਕੂਲ ਜਾਣ ਦੀ ਇੱਛਾ ਸੀ, ਘਰ ਚਲਾਉਣ ਲਈ ਫਿਲਮੀ ਕੈਮਰੇ ਅੱਗੇ ਅਦਾਕਾਰੀ ਕਰਨੀ ਪਈ। ਜਵਾਨੀ ਵਿਚ ਪੈਰ ਰੱਖਿਆ ਤਾਂ ਪਤੀ ਕਮਾਲ ਅਮਰੋਹੀ ਨੇ ਮੀਨਾ ਕੁਮਾਰੀ ਦੀ ਜਵਾਨੀ ਲੁੱਟ ਕੇ ਉਸ ਨੂੰ ਤਲਾਕ ਦੇ ਦਿੱਤਾ। ਜਿਸ ਅਭਿਨੇਤਾ ਧਰਮਿੰਦਰ ਨੂੰ ਸਿਨੇ ਜਗਤ ਦੀ ਬੁਲੰਦੀ 'ਤੇ ਪਹੁੰਚਾਇਆ, ਉਸੇ ਧਰਮਿੰਦਰ ਨੇ ਪ੍ਰਸਿੱਧੀ ਹਾਸਿਲ ਕਰ ਕੇ ਮੀਨਾ ਕੁਮਾਰੀ ਨੂੰ ਲੋਕਾਂ ਦੇ ਤਾਅਨੇ ਸੁਣਨ ਲਈ ਇਕੱਲੀ ਛੱਡ ਦਿੱਤਾ। ਪਿਆਰ ਅਤੇ ਬੱਚੇ ਦੀ ਚਾਹਤ ਵਿਚ ਕਦੇ ਮੀਨਾ ਕੁਮਾਰੀ ਭਾਰਤ ਭੂਸ਼ਣ ਦੀਆਂ ਬਾਹਾਂ ਵਿਚ ਗਈ ਤਾਂ ਕਦੇ ਪ੍ਰਦੀਪ ਕੁਮਾਰ ਵਰਗੇ ਅਭਿਨੇਤਾ ਦੇ ਮੋਢਿਆਂ ਦਾ ਸਹਾਰਾ ਲੱਭਦੀ ਰਹੀ। ਇੰਨੀ ਬੇਜੋੜ ਅਭਿਨੇਤਰੀ, ਇੰਨੀ ਪ੍ਰਸਿੱਧ ਅਦਾਕਾਰਾ ਮੀਨਾ ਕੁਮਾਰੀ ਸ਼ੋਹਰਤ ਦੀਆਂ ਬੁਲੰਦੀਆਂ ਨੂੰ ਛੂਹ ਕੇ ਵੀ ਅਧੂਰੀ ਰਹੀ। ਬੇਹੀ ਰੋਟੀ ਅਤੇ ਮਿਰਚਾਂ ਖਾ ਕੇ ਪਰਿਵਾਰ ਲਈ ਅਸ਼ਰਫੀਆਂ (ਮੋਹਰਾਂ) ਉਗਲਣ ਵਾਲੀ ਮੀਨਾ ਕੁਮਾਰੀ ਨੂੰ ਬੇਵਫਾਈ ਅਤੇ ਪਰਿਵਾਰਕ ਝਗੜਿਆਂ ਨੇ ਇਕਲਾਪੇ ਵਿਚ ਧੱਕ ਦਿੱਤਾ। ਉਸ ਨੂੰ ਸਿਰਫ ਤੇ ਸਿਰਫ ਪੱਥਰਾਂ ਨਾਲ ਪਿਆਰ ਹੋ ਗਿਆ ਪਰ ਜਦੋਂ ਵੀ ਉਹ ਸਿਲਵਰ ਸਕ੍ਰੀਨ 'ਤੇ ਆਉਂਦੀ, ਆਪਣੀ ਮਿੱਠੀ ਆਵਾਜ਼, ਆਪਣੀ ਅਦਾਕਾਰੀ ਤੇ ਆਪਣੇ ਹੁਸਨ ਦਾ ਜਾਦੂ ਸਿਨੇ ਦਰਸ਼ਕਾਂ 'ਤੇ ਪੂਰੀ ਤਰ੍ਹਾਂ ਚਲਾਉਂਦੀ।
ਮੀਨਾ ਕੁਮਾਰੀ ਨੇ ਪਰਦੇ 'ਤੇ ਇਕ ਸੁੱਘੜ ਭਾਰਤੀ ਨਾਰੀ ਦੀ ਅਮਿੱਟ ਛਾਪ ਛੱਡੀ। ਉਸ ਦੀ ਅਦਾਕਾਰੀ ਵਿਚ ਇਕ ਅਜੀਬ ਜਿਹੀ ਸੁੱਘੜਤਾ, ਨਸ਼ਾ ਸੀ। ਮੀਨਾ ਕੁਮਾਰੀ ਨੇ ਆਪਣਾ ਕੈਰੀਅਰ ਧਾਰਮਿਕ ਫਿਲਮਾਂ ਤੋਂ ਸ਼ੁਰੂ ਕੀਤਾ ਸੀ। ਉਨ੍ਹਾਂ ਅੰਦਰ ਲੁਕੀ ਅਦਾਕਾਰੀ ਦੀ ਪ੍ਰਤਿਭਾ ਨੂੰ 1952 ਵਿਚ ਫਿਲਮ ਡਾਇਰੈਕਟਰ ਵਿਜੇ ਭੱਟ ਨੇ ਪਛਾਣਿਆ ਅਤੇ ਭਾਰਤ ਭੂਸ਼ਣ ਨਾਲ ਫਿਲਮ 'ਬੈਜੂ ਬਾਵਰਾ' ਵਿਚ ਹੀਰੋਇਨ ਦੀ ਭੂਮਿਕਾ ਦਿੱਤੀ। ਇਸ ਫਿਲਮ ਨੇ ਸਫਲਤਾ ਦੇ ਸਾਰੇ ਰਿਕਾਰਡ ਤੋੜ ਦਿੱਤੇ। 1953-54 ਵਿਚ ਮੀਨਾ ਕੁਮਾਰੀ ਨੂੰ ਫਿਲਮ ਫੇਅਰ ਦਾ ਬੈਸਟ ਐਕਟ੍ਰੈੱਸ ਐਵਾਰਡ ਮਿਲਿਆ। ਉਸ ਤੋਂ ਬਾਅਦ ਤਾਂ ਮੀਨਾ ਦੇ ਸਿਤਾਰੇ ਬੁਲੰਦੀਆਂ ਛੂਹਣ ਲੱਗੇ ਤੇ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਸਿਨੇ ਦਰਸ਼ਕਾਂ ਨੂੰ ਦਿੱਤੀਆਂ।
'ਪਰਿਣੀਤਾ', 'ਦਾਇਰਾ', 'ਦਿਲ ਅਪਨਾ ਔਰ ਪ੍ਰੀਤ ਪਰਾਈ', 'ਯਹੂਦੀ', 'ਅਰਧਾਂਗਿਨੀ', 'ਸਾਂਝ ਔਰ ਸਵੇਰਾ', 'ਮੇਮ ਸਾਹਿਬ', 'ਪਿਆਰ ਕਾ ਸਾਗਰ', 'ਦਿਲ ਏਕ ਮੰਦਿਰ', 'ਫੂਲ ਔਰ ਪੱਥਰ', 'ਸਾਹਿਬ ਬੀਵੀ ਔਰ ਗੁਲਾਮ', 'ਮੰਝਲੀ ਦੀਦੀ', 'ਕੋਹਿਨੂਰ', 'ਏਕ ਹੀ ਰਾਸਤਾ', 'ਜ਼ਿੰਦਗੀ ਔਰ ਖਵਾਬ', 'ਚਿੱਤਰਲੇਖਾ', 'ਕਾਜਲ', 'ਗ਼ਜ਼ਲ', 'ਬਹੂ ਬੇਗਮ', 'ਨੂਰਜਹਾਂ', 'ਦੁਸ਼ਮਨ', 'ਮੇਰੇ ਅਪਨੇ', 'ਸ਼ਾਰਦਾ', 'ਛੋਟੀ ਬਹੂ', 'ਆਰਤੀ', 'ਮੈਂ ਚੁੱਪ ਰਹੂੰਗੀ', 'ਭੀਗੀ ਰਾਤ' ਆਦਿ ਮੀਨਾ ਕੁਮਾਰੀ ਦੀਆਂ ਨਾ ਭੁਲਾਈਆਂ ਜਾ ਸਕਣ ਵਾਲੀਆਂ ਫਿਲਮਾਂ ਹਨ। ਮੀਨਾ ਕੁਮਾਰੀ ਆਪਣੀ ਆਖਰੀ ਫਿਲਮ 'ਪਾਕੀਜ਼ਾ' ਨੂੰ ਦੇਖਣ ਦੀ ਹਸਰਤ ਦਿਲ ਵਿਚ ਲੈ ਕੇ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। 'ਪਾਕੀਜ਼ਾ' ਦੀ ਸਾਹਿਬਾ ਜਾਨ ਇਕ ਅਮਰ ਕਿਰਦਾਰ ਹੈ।
ਇਹ ਗੱਲ ਬਹੁਤ ਘੱਟ ਦਰਸ਼ਕ ਜਾਣਦੇ ਹੋਣਗੇ ਕਿ ਫਿਲਮ 'ਸ਼ਾਰਦਾ' ਵਿਚ ਮੀਨਾ ਕੁਮਾਰੀ ਨੇ ਸ਼ੋਅਮੈਨ ਰਾਜ ਕਪੂਰ ਦੀ ਮਾਂ ਦਾ ਰੋਲ ਨਿਭਾਇਆ ਸੀ ਤੇ ਉਸ ਤੋਂ ਬਾਅਦ ਦੋਵੇਂ ਕਦੇ ਕਿਸੇ ਫਿਲਮ ਵਿਚ ਨਹੀਂ ਆਏ। ਫਿਲਮ 'ਸਾਹਿਬ ਬੀਵੀ ਔਰ ਗੁਲਾਮ' ਵਿਚ ਛੋਟੀ ਬਹੂ (ਨੂੰਹ) ਦਾ ਰੋਲ ਨਿਭਾਅ ਕੇ ਮੀਨਾ ਕੁਮਾਰੀ ਅਮਰ ਹੋ ਗਈ। ਸ਼ਰਾਬ ਦੇ ਨਸ਼ੇ ਵਿਚ ਟੱਲੀ ਛੋਟੀ ਬਹੂ ਦੀ ਭੂਮਿਕਾ ਨੇ ਮੀਨਾ ਕੁਮਾਰੀ ਨੂੰ ਅਮਰ ਕਰ ਦਿੱਤਾ। ਮੀਨਾ ਕੁਮਾਰੀ ਨੇ ਛੋਟੇ ਤੋਂ ਛੋਟੇ ਕਲਾਕਾਰ ਨਾਲ ਵੀ ਹੀਰੋਇਨ ਦੀ ਭੂਮਿਕਾ ਨਿਭਾਈ। ਮਹੀਪਾਲ ਵਰਗੇ ਧਾਰਮਿਕ ਹੀਰੋ, ਏ. ਰਾਜਨ ਅਤੇ ਜੈਅੰਤ ਵਰਗੇ ਖ਼ਲਨਾਇਕ ਨਾਲ ਵੀ ਮੀਨਾ ਕੁਮਾਰੀ ਨੂੰ ਓਨਾ ਹੀ ਪਿਆਰ ਸੀ। ਪ੍ਰੇਮ ਅਦੀਬ, ਵਿਨੋਦ ਖੰਨਾ, ਸ਼ਤਰੂਘਨ ਸਿਨ੍ਹਾ, ਮਨੋਜ ਕੁਮਾਰ ਜਾਂ ਪ੍ਰਦੀਪ ਕੁਮਾਰ—ਕੋਈ ਵੀ ਐਕਟਰ ਹੋਵੇ, ਮੀਨਾ ਕੁਮਾਰੀ ਦੇ ਮਨ ਵਿਚ ਸਾਰਿਆਂ ਲਈ ਪਿਆਰ ਸੀ। ਮੀਨਾ ਕੁਮਾਰੀ ਨੇ ਅਸ਼ੋਕ ਕੁਮਾਰ, ਗੁਰੂਦੱਤ, ਰਾਜ ਕਪੂਰ, ਦਿਲੀਪ ਕੁਮਾਰ, ਦੇਵਾਨੰਦ ਵਰਗੇ ਕਲਾਸਿਕ ਅਦਾਕਾਰਾਂ ਨਾਲ ਫਿਲਮਾਂ ਕਰ ਕੇ ਆਪਣੀ ਐਕਟਿੰਗ ਪ੍ਰਤਿਭਾ ਦਾ ਲੋਹਾ ਮੰਨਵਾਇਆ। 'ਦੋ ਬੀਘਾ ਜ਼ਮੀਨ' ਹਾਲਾਂਕਿ ਬਲਰਾਜ ਸਾਹਨੀ ਦੀ ਬਿਹਤਰੀਨ ਫਿਲਮ ਸੀ ਪਰ ਉਸ ਵਿਚ ਆਪਣੀ ਮਹਿਮਾਨ ਕਲਾਕਾਰ ਵਾਲੀ ਭੂਮਿਕਾ ਵਿਚ ਵੀ ਮੀਨਾ ਕੁਮਾਰੀ ਨੇ ਆਪਣੀ ਪੂਰੀ ਛਾਪ ਛੱਡੀ। 'ਟ੍ਰੈਜਿਡੀ ਕੁਈਨ' ਮੀਨਾ ਕੁਮਾਰੀ ਜਿਥੇ ਗੰਭੀਰ ਭੂਮਿਕਾਵਾਂ ਨਿਭਾਉਣ ਵਿਚ ਬੇਮਿਸਾਲ ਸੀ, ਉਥੇ ਹੀ ਕਿਸ਼ੋਰ ਕੁਮਾਰ ਵਰਗੇ ਕਾਮੇਡੀ ਕਲਾਕਾਰ ਨਾਲ ਵੀ ਉਨ੍ਹਾਂ ਨੇ ਯਾਦਗਾਰੀ ਭੂਮਿਕਾਵਾਂ ਨਿਭਾਈਆਂ। ਸੁਨੀਲ ਦੱਤ ਨਾਲ ਮੀਨਾ ਕੁਮਾਰੀ ਨੇ ਢੇਰ ਸਾਰੀਆਂ ਫਿਲਮਾਂ ਬਤੌਰ ਨਾਇਕਾ ਖੂਬ ਨਿਭਾਈਆਂ। ਇਹ ਨਰਗਿਸ ਅਤੇ ਸੁਨੀਲ ਦੱਤ ਹੀ ਤਾਂ ਸਨ, ਜਿਨ੍ਹਾਂ ਨੇ ਮੀਨਾ ਕੁਮਾਰੀ ਨੂੰ ਬੀਮਾਰੀ ਦੀ ਹਾਲਤ ਵਿਚ ਵੀ ਕਮਾਲ ਅਮਰੋਹੀ ਦੀ ਫਿਲਮ 'ਪਾਕੀਜ਼ਾ' ਪੂਰੀ ਕਰਨ ਲਈ ਮਨਾ ਲਿਆ ਸੀ। ਕਮਾਲ ਅਮਰੋਹੀ ਨੇ ਇਸ ਫਿਲਮ ਤੋਂ ਖੂਬ ਪੈਸਾ ਕਮਾਇਆ ਪਰ ਮੀਨਾ ਕੁਮਾਰੀ ਮੁਫਲਿਸੀ (ਗਰੀਬੀ) ਦੀ ਹਾਲਤ ਵਿਚ ਹਸਪਤਾਲ 'ਚ ਦਮ ਤੋੜ ਗਈ। ਅਫਵਾਹਾਂ ਤਾਂ ਮੀਨਾ ਕੁਮਾਰੀ ਦੀਆਂ ਰਜਿੰਦਰ ਕੁਮਾਰ ਨਾਲ ਸਬੰਧਾਂ ਨੂੰ ਲੈ ਕੇ ਵੀ ਉੱਡੀਆਂ ਸਨ, ਜਿਨ੍ਹਾਂ ਨਾਲ ਮੀਨਾ ਕੁਮਾਰੀ ਨੇ 'ਦਿਲ ਏਕ ਮੰਦਿਰ', 'ਪਿਆਰ ਕਾ ਸਾਗਰ', 'ਜ਼ਿੰਦਗੀ ਔਰ ਖਵਾਬ' ਵਰਗੀਆਂ ਸਫਲ ਫਿਲਮਾਂ ਵਿਚ ਕੰਮ ਕੀਤਾ। ਪੁਣੇ ਦੇ ਇਕ ਕਾਰ ਹਾਦਸੇ ਕਾਰਨ ਮੀਨਾ ਕੁਮਾਰੀ ਨੂੰ (21 ਮਈ 1951) 4 ਮਹੀਨੇ ਹਸਪਤਾਲ ਵਿਚ ਰਹਿਣਾ ਪਿਆ ਤੇ ਇਨ੍ਹਾਂ ਚਾਰ ਮਹੀਨਿਆਂ ਦੌਰਾਨ ਕਮਾਲ ਅਮਰੋਹੀ ਅਤੇ ਮੀਨਾ ਕੁਮਾਰੀ ਵਿਚਾਲੇ ਨੇੜਤਾ ਵਧੀ ਤਾਂ ਦੋਹਾਂ ਨੇ ਵਿਆਹ ਕਰਵਾ ਲਿਆ। ਕਮਾਲ ਅਮਰੋਹੀ ਪਹਿਲਾਂ ਹੀ ਵਿਆਹੇ ਹੋਏ ਸਨ ਤੇ ਮੀਨਾ ਕੁਮਾਰੀ ਨਾਲੋਂ 15 ਸਾਲ ਵੱਡੇ ਵੀ ਸਨ। 1956 ਆਉਂਦੇ-ਆਉਂਦੇ ਦੋਹਾਂ ਦਾ ਤਲਾਕ ਵੀ ਹੋ ਗਿਆ ਤੇ ਤਲਾਕ ਤੋਂ 16 ਸਾਲਾਂ ਬਾਅਦ 1972 ਵਿਚ 'ਪਾਕੀਜ਼ਾ' ਫਿਲਮ ਪੂਰੀ ਹੋਈ ਪਰ ਕੀ ਸਿਨੇ ਦਰਸ਼ਕ ਅਦਾਕਾਰੀ ਦੀ ਇਸ ਮੂਰਤ ਮੀਨਾ ਕੁਮਾਰੀ ਨੂੰ ਅੱਜ ਵੀ ਭੁਲਾ ਸਕੇ? 39-40 ਸਾਲ ਦੀ ਉਮਰ ਹੁੰਦੀ ਹੀ ਕੀ ਹੈ? 31 ਮਾਰਚ 1972 ਨੂੰ ਮਹਾਨ ਅਦਾਕਾਰਾ ਮੀਨਾ ਕੁਮਾਰੀ ਸਿਨੇ ਉਦਯੋਗ ਨੂੰ ਆਪਣੀਆਂ ਯਾਦਾਂ ਦੇ ਕੇ ਹਮੇਸ਼ਾ ਲਈ ਜੁਦਾ ਹੋ ਗਈ।