ਇਥੇ ‘ਮੀ ਟੂ’, ਉਥੇ ਸਬਰੀਮਾਲਾ ‘ਕਿੱਧਰ ਜਾ ਰਹੇ ਹਾਂ ਅਸੀਂ’

10/25/2018 6:20:33 AM

ਕਿਹਾ ਜਾ ਰਿਹਾ ਹੈ ਕਿ ਸਬਰੀਮਾਲਾ ਮੰਦਿਰ ਦੇ ਪ੍ਰਧਾਨ ਅਯੱਪਾ ਬ੍ਰਹਮਚਾਰੀ ਹਨ, ਇਸ ਲਈ 10 ਸਾਲ ਤੋਂ ਲੈ ਕੇ 50 ਸਾਲ ਦੀ ਉਮਰ ਦੀਆਂ ਉਨ੍ਹਾਂ ਔਰਤਾਂ, ਜਿਨ੍ਹਾਂ ਨੂੰ ਮਾਹਵਾਰੀ ਆ ਸਕਦੀ ਹੈ, ਨੂੰ ਉਨ੍ਹਾਂ ਦੇ ਨੇੜੇ ਨਹੀਂ ਜਾਣਾ ਚਾਹੀਦਾ। ਇਹ ਭਗਵਾਨ ਅਯੱਪਾ ਦਾ ਅਧਿਕਾਰ ਹੈ ਕਿ ਉਹ ਇਸ ਉਮਰ ਦੀਆਂ ਔਰਤਾਂ ਤੋਂ ਦੂਰ ਰਹਿਣਾ ਚਾਹੁੰਦੇ ਹਨ।
ਹੁਣ ਕੋਈ ਪੁੱਛੇ ਇਨ੍ਹਾਂ ਭਗਤਾਂ ਨੂੰ ਕਿ ਕੀ ਭਗਵਾਨ ਨੇ ਉਨ੍ਹਾਂ ਦੇ ਕੰਨ ’ਚ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਹਾ ਹੈ ਕਿ ਔਰਤਾਂ ਨੂੰ ਦੂਰ ਰੱਖਿਆ ਜਾਵੇ, ਜਵਾਨ ਔਰਤਾਂ ਦੇ ਆਉਂਦਿਆਂ ਹੀ ਉਹ ਅਪਵਿੱਤਰ ਹੋ ਜਾਣਗੇ। ਜਦ ਇਹ ਧਾਰਮਿਕ ਲੋਕ ਮੰਨਦੇ ਹਨ ਕਿ ਸਾਰੇ ਸਰੀਰ ਭਗਵਾਨ ਨੇ ਬਣਾਏ ਹਨ ਤਾਂ ਇਸ ’ਚ ਪਵਿੱਤਰਤਾ-ਅਪਵਿੱਤਰਤਾ ਦੀ ਗੱਲ ਕਿੱਥੋਂ ਆ ਗਈ? ਕਿਹਾ ਜਾਂਦਾ ਹੈ ਕਿ ਭਗਵਾਨ ਤਾਂ ਸਾਰਿਆਂ ਲਈ ਹਨ, ਫਿਰ ਉਹ ਭਲਾ ਔਰਤਾਂ ਤੇ ਮਰਦਾਂ ਲਈ ਵੱਖ-ਵੱਖ ਨਿਯਮ ਕਿਵੇਂ ਬਣਾ ਸਕਦੇ ਹਨ?
ਪਹਿਲਾਂ ਜੇ ਕੋਈ ਅਪਸਰਾ ਅਾਸਮਾਨ ’ਚ ਵੀ ਉੱਡ ਕੇ ਜਾ ਰਹੀ ਹੁੰਦੀ ਸੀ ਅਤੇ ਕਿਸੇ ਰਿਸ਼ੀ ਦੀ ਨਜ਼ਰ ਉਸ ’ਤੇ ਪੈ ਜਾਂਦੀ  ਤਾਂ ਰਿਸ਼ੀ ਦਾ ਤਪ ਭੰਗ ਹੋ ਜਾਂਦਾ ਸੀ ਤੇ ਉਸ ਅਪਸਰਾ ਨੂੰ ਭਸਮ ਕਰ ਦਿੱਤਾ ਜਾਂਦਾ ਸੀ। ਵਿਚਾਰੀ ਅਪਸਰਾ ਤਾਂ ਆਪਣੇ ਰਾਹੇ ਜਾ ਰਹੀ ਸੀ, ਉਹ ਕਿਸੇ ਰਿਸ਼ੀ ਦਾ ਤਪ ਭੰਗ ਨਹੀਂ ਕਰਨਾ ਚਾਹੁੰਦੀ ਸੀ, ਫਿਰ ਵੀ ਉਸ ਨੂੰ ਸਜ਼ਾ ਭੋਗਣੀ ਪੈਂਦੀ ਸੀ। 
ਜਦ ਕਣ-ਕਣ ’ਚ ਭਗਵਾਨ ਹੈ ਤਾਂ ਆਖਿਰ ਪਵਿੱਤਰਤਾ ਦੀ ਲਾਠੀ ਨਾਲ ਖਦੇੜ ਕੇ ਔਰਤਾਂ ਨੂੰ ਕਿੱਥੋਂ-ਕਿੱਥੋਂ ਬਾਹਰ ਕੱਢਿਆ ਜਾਵੇਗਾ? ਔਰਤਾਂ ਦੇ ਜਿਸ ਸਰੀਰ ਤੋਂ ਬਿਨਾਂ ਇਹ ਸ੍ਰਿਸ਼ਟੀ ਨਹੀਂ ਚੱਲ ਸਕਦੀ, ਉਸ ਤੋਂ ਇੰਨਾ ਡਰ ਕਾਹਦਾ?
ਸਬਰੀਮਾਲਾ ਮਾਮਲੇ ’ਚ ਔਰਤਾਂ ਦੇ ਮੰਦਿਰ ਜਾਣ ਵਿਰੁੱਧ ਔਰਤਾਂ ਨੇ ਵੱਡੀ ਗਿਣਤੀ ’ਚ ਮੁਜ਼ਾਹਰੇ ਕੀਤੇ ਹਨ। ਬਹਿਸਾਂ ’ਚ ਔਰਤਾਂ ਦੇ ਸਬਰੀਮਾਲਾ ਮੰਦਿਰ ’ਚ ਦਾਖਲ ਹੋਣ ਵਿਰੁੱਧ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ ਕਿ ਇਹ ਵਿਸ਼ਵਾਸ ਦਾ ਮਾਮਲਾ ਹੈ  ਤੇ ਇਸ ’ਚ ਅਦਾਲਤ ਦੀ ਭੂਮਿਕਾ ਨਹੀਂ ਹੈ। 
‘ਤਿੰਨ ਤਲਾਕ’ ਦੇ ਸੰਦਰਭ ’ਚ ਵੀ ਤਾਂ ਕਈ ਮੁਸਲਮਾਨ ਇਹੋ ਕਹਿ ਰਹੇ ਸਨ ਕਿ ਇਹ ਉਨ੍ਹਾਂ ਦੇ ਧਰਮ ਅਤੇ ਵਿਸ਼ਵਾਸ ਦਾ ਮਾਮਲਾ ਹੈ, ਇਸ ’ਚ ਅਦਾਲਤ ਕਿਵੇਂ ਬੋਲ ਸਕਦੀ ਹੈ? ਸਬਰੀਮਾਲਾ ਅਤੇ ਤਿੰਨ ਤਲਾਕ ਦੇ ਵਿਰੋਧੀਆਂ ਦੀਆਂ ਬਹਿਸਾਂ ਅਤੇ ਦਲੀਲਾਂ ਲਗਭਗ ਇਕੋ ਜਿਹੀਆਂ ਹਨ।
ਜੇ ਵਿਸ਼ਵਾਸ ਨਾਲ ਹੀ ਦੁਨੀਆ ਨੂੰ ਚਲਾਉਣਾ ਹੈ ਤਾਂ ਲੋਕਤੰਤਰ ਅਤੇ ਅਦਾਲਤਾਂ ਦੀ ਲੋੜ ਕੀ ਹੈ? ਜੋ ਵਿਸ਼ਵਾਸ ਮਨੁੱਖਤਾ ਦੇ ਵਿਰੁੱਧ ਹੁੰਦੇ ਹਨ, ਸਮੇਂ ਦੇ ਨਾਲ ਉਨ੍ਹਾਂ ਨੂੰ ਬਦਲਣਾ ਹੀ ਪੈਂਦਾ ਹੈ। ਜੇ ਸਿਰਫ ਵਿਸ਼ਵਾਸ ਨਾਲ ਹੀ ਸਭ ਕੁਝ ਠੀਕ-ਠਾਕ ਚੱਲਦਾ ਹੋਵੇ ਤਾਂ ਸ਼ਾਇਦ ਹੁਣ ਤਕ ਸਤੀ ਪ੍ਰਥਾ ਜਾਰੀ ਰਹਿੰਦੀ, ਕੁੜੀਆਂ ਅਜੇ ਵੀ ਬਿਨਾਂ ਪੜ੍ਹੇ-ਲਿਖੇ ਘਰਾਂ ’ਚ ਕੈਦ ਰਹਿੰਦੀਆਂ, ਘੱਟ ਦਾਜ ਲਿਆਉਣ ਕਰਕੇ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੇ ਤਸੀਹੇ ਦੇਣ ਨੂੰ ਅੱਜ ਵੀ ਜਾਇਜ਼ ਮੰਨਿਆ ਜਾਂਦਾ। (ਹਾਲਾਂਕਿ ਦਾਜ ਲਈ ਤਸੀਹੇ ਦੇਣ ਦੇ ਮਾਮਲੇ ਅਜੇ ਵੀ ਕਦੇ-ਕਦਾਈਂ  ਸਾਹਮਣੇ ਆ ਜਾਂਦੇ ਹਨ)
ਜੋ ਪਾਰਟੀਆਂ ਇਥੇ ‘ਮੀ ਟੂ’ ਦੇ ਸਮਰਥਨ ’ਚ ਲੰਬੇ-ਚੌੜੇ ਬਿਆਨ ਦੇ ਰਹੀਆਂ ਹਨ, ਉਹ ਕੇਰਲਾ ’ਚ ਉਨ੍ਹਾਂ ਲੋਕਾਂ  ਨਾਲ ਖੜ੍ਹੀਆਂ ਦਿਖਾਈ ਦਿੰਦੀਆਂ ਹਨ, ਜੋ ਔਰਤਾਂ ਨੂੰ ਮੰਦਿਰ ’ਚ ਨਹੀਂ ਵੜਨ ਦੇਣਾ ਚਾਹੁੰਦੇ। ਸਿਆਸੀ ਪਾਰਟੀਆਂ ਦੀ ਵੋਟ ਸਿਆਸਤ ਦੇ ਗੁਣਾ-ਤਕਸੀਮ ਅੱਜ ਇੰਨੇ ਜ਼ਿਆਦਾ ਹਨ ਕਿ ਉਨ੍ਹਾਂ ਨੇ ਕਿਸੇ ਵੀ ਸੁਧਾਰਾਤਮਕ ਕਦਮ ਤੋਂ ਹੱਥ ਪਿਛਾਂਹ ਖਿੱਚ ਲਏ ਹਨ। ਕੇਰਲ ਦੀ ਖੱਬੇਪੱਖੀ ਸਰਕਾਰ ਔਰਤਾਂ ਨੂੰ ਮੰਦਿਰ ’ਚ ਦਾਖਲਾ ਦਿਵਾਉਣਾ ਚਾਹੁੰਦੀ ਸੀ ਪਰ ਉਸ ਦੀ ਇਕ ਨਹੀਂ ਚੱਲੀ।
ਮੰਦਰ ’ਚ ਦਾਖਲ ਹੋਣ ਤੇ ਔਰਤਾਂ ਦੇ ਅਧਿਕਾਰਾਂ ਦੀਆਂ ਸਮਰਥਕ ਔਰਤਾਂ ਇਸ ਨੂੰ ‘ਪਿੱਤਰ-ਸੱਤਾ’ ਦੱਸ ਰਹੀਆਂ ਹਨ। ਉਨ੍ਹਾਂ  ਦੀਆਂ ਗੱਲਾਂ ਸੁਣ ਕੇ ਇਹ ਵੀ ਲੱਗਦਾ ਹੈ ਕਿ ਔਰਤਾਂ ਮੰਦਰ ’ਚ ਜਾ ਕੇ ਕੀ ਕਰਨਗੀਆਂ? ਕਿਉਂਕਿ ਮੰਦਰ ਤਾਂ ਸਭ ਤੋਂ ਜ਼ਿਆਦਾ ਪਿੱਤਰ-ਸੱਤਾ ਦੇ ਪੋਸ਼ਕ ਹਨ। ਕੇਰਲ ’ਚ ਸਿਰਫ ਸਬਰੀਮਾਲਾ ਮੰਦਰ ਹੀ ਨਹੀਂ, ਹੋਰ ਕਈ ਮੰਦਿਰ ਅਜਿਹੇ ਹਨ, ਜਿਨ੍ਹਾਂ ’ਚ ਔਰਤਾਂ ਨੂੰ ਨਹੀਂ ਜਾਣ ਦਿੱਤਾ ਜਾਂਦਾ। 
ਸਬਰੀਮਾਲਾ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਬਹਿਸਾਂ ’ਚ ਸਾਡੇ ਘਰਾਂ ’ਚ ਹੋਣ ਵਾਲੀਆਂ ਗੱਲਾਂ ਬਾਰੇ ਕੋਈ ਗੱਲ ਨਹੀਂ ਹੋਈ। ਉੱਤਰ ਭਾਰਤ ਦੇ ਜ਼ਿਆਦਾਤਰ ਇਲਾਕਿਆਂ ’ਚ ਮਾਹਵਾਰੀ ਦੇ ਸਮੇਂ ਔਰਤਾਂ ਨੂੰ ਨਾ ਸਿਰਫ ਪੂਜਾ-ਪਾਠ ਸਗੋਂ ਬਹੁਤ ਸਾਰੇ ਘਰਾਂ ’ਚ ਰਸੋਈ ਤੋਂ ਵੀ ਦੂਰ ਰੱਖਿਆ ਜਾਂਦਾ ਹੈ, ਔਰਤਾਂ ਤੇ ਕੁੜੀਆਂ ਨੂੰ ਮੰਦਰ ਜਾਣ ਦੀ ਮਨਾਹੀ ਹੁੰਦੀ ਹੈ। 
ਇਸ ਦੌਰਾਨ ਔਰਤਾਂ ਵੱਖ-ਵੱਖ ਤਰ੍ਹਾਂ ਦੇ ਕੋਡਵਰਡ ਵਿਕਸਿਤ ਕਰਦੀਆਂ ਹਨ ਤਾਂ ਜੋ ਇਕ-ਦੂਜੀ ਨੂੰ ਦੱਸ ਸਕਣ। ਮਰਦਾਂ ਨੂੰ ਉਨ੍ਹਾਂ ਦੇ ਰਸੋਈ ਤੋਂ ਦੂਰ ਰਹਿਣ ਨਾਲ ਹੀ ਸੰਕੇਤ ਮਿਲ ਜਾਂਦੇ ਹਨ ਪਰ ਔਰਤਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਮਾਹਵਾਰੀ  ਦੀ ਗੱਲ ਲੁਕੋ ਕੇ ਰੱਖਣ, ਜਦਕਿ ਇਹ ਇਕ ਸਹਿਜ ਸਰੀਰਕ ਪ੍ਰਕਿਰਿਆ ਹੁੰਦੀ ਹੈ। 
ਇਕ ਪਾਸੇ ਅਕਸ਼ੈ ਕੁਮਾਰ ਦੀ ਫਿਲਮ ‘ਪੈਡਮੈਨ’ ਹਿੱਟ ਹੋ ਜਾਂਦੀ ਹੈ ਤਾਂ ਦੂਜੇ ਪਾਸੇ ਸਬਰੀਮਾਲਾ ’ਚ ਮਾਹਵਾਰੀ ਨੂੰ ਲੈ ਕੇ ਇੰਨਾ ਵਿਵਾਦ ਕੀਤਾ ਜਾਂਦਾ ਹੈ। ਪਿਛਲੇ ਦਿਨੀਂ ਅਜਿਹੀਆਂ ਬਹਿਸਾਂ ਲਗਾਤਾਰ ਚੱਲਦੀਆਂ ਰਹੀਆਂ ਹਨ ਕਿ ਮਾਹਵਾਰੀ ਬਾਰੇ ਗੱਲ ਕਰਨੀ ਜ਼ਰੂਰੀ ਹੈ, ਨਾ ਕਿ ਇਸ ਨੂੰ ਲੁਕੋ ਕੇ ਰੱਖਿਆ ਜਾਵੇ। ਉਂਝ ਵੀ ਅੱਜ ਜਦੋਂ ਵੱਡੀ ਗਿਣਤੀ ’ਚ ਔਰਤਾਂ ਨੌਕਰੀਆਂ ਕਰਦੀਆਂ ਹਨ ਤਾਂ ਉਹ ਪਹਿਲਾਂ ਵਾਂਗ ਇਹ ਤਾਂ ਕਰ ਨਹੀਂ ਸਕਦੀਆਂ ਕਿ ਮਾਹਵਾਰੀ ਦੇ ਦਿਨਾਂ ’ਚ ਘਰ ਬੈਠੀਆਂ ਰਹਿਣ। 
ਇਕ ਵਿਚਾਰ ਅਜਿਹਾ ਵੀ ਆਇਆ ਸੀ ਕਿ ਇਨ੍ਹਾਂ ਦਿਨਾਂ ’ਚ ਔਰਤਾਂ ਨੂੰ ਛੁੱਟੀ ਦੇ ਦਿੱਤੀ ਜਾਵੇ ਕਿਉਂਕਿ ਬਹੁਤ ਸਾਰੀਆਂ ਔਰਤਾਂ ਨੂੰ ਕਾਫੀ ਤਕਲੀਫ ਝੱਲਣੀ ਪੈਂਦੀ ਹੈ ਪਰ ਇੰਨੀਆਂ ਛੁੱਟੀਆਂ ਸ਼ਾਇਦ ਹੀ ਮਿਲ ਸਕਦੀਆਂ ਹਨ।
ਤਾਂ ਕੀ ਔਰਤਾਂ ਨੌਕਰੀ ਕਰਨੀ ਛੱਡ ਦੇਣ ਅਤੇ ਆਪਣੀ ਦਾਦੀ, ਨਾਨੀ, ਮਾਂ ਵਾਂਗ ਕੁਝ ਦਿਨਾਂ ਲਈ ਬੰਦ ਕਮਰਿਆਂ ’ਚ ਕੈਦ ਹੋ ਜਾਇਆ ਕਰਨ? ਉਂਝ ਵੀ ਗਰੀਬ ਤਬਕਿਆਂ ਦੀਆਂ ਔਰਤਾਂ ਜੇ ਇਨ੍ਹਾਂ ਦਿਨਾਂ ’ਚ ਘਰ ਬੈਠੀਆਂ ਰਹਿਣਗੀਆਂ, ਮਿਹਨਤ-ਮਜ਼ਦੂਰੀ ਨਹੀਂ ਕਰਨਗੀਆਂ ਤਾਂ ਉਨ੍ਹਾਂ  ਦਾ ਗੁਜ਼ਾਰਾ ਕਿਵੇ ਹੋਵੇਗਾ?           

 


Related News