ਚੀਨ ਨੂੰ ਛੱਡ ਕੇ ਵੀਅਤਨਾਮ ’ਚ ਵਾਲਮਾਰਟ ਨੇ ਪੈਰ ਪਸਾਰੇ
Thursday, Dec 07, 2023 - 06:25 PM (IST)

17 ਨਵੰਬਰ ਨੂੰ ਚੀਨੀ ਸੋਸ਼ਲ ਮੀਡੀਆ ਸੀਨਾ ਵੇਈਬੋ ’ਤੇ ਬਿਗ ਵੀ ਫਾਇਨਾਂਸ਼ੀਅਲ ਫਾਕਸ ਨਾਂ ਦੇ ਇਕ ਮੰਨੇ-ਪ੍ਰਮੰਨੇ ਨਿਵੇਸ਼ਕ, ਆਰਥਿਕ ਮਾਹਿਰ ਅਤੇ ਬਲਾਗਰ ਨੇ ਲੋਕਾਂ ਨੂੰ ਦੱਸਿਆ ਕਿ ਅਮਰੀਕੀ ਸ਼ਾਪਿੰਗ ਰਿਟੇਲ ਚੇਨ ਵਾਲਮਾਰਟ ਚੀਨ ਤੋਂ ਜਾ ਰਿਹਾ ਹੈ ਅਤੇ ਉਸ ਨੇ ਆਪਣਾ ਖਰੀਦ ਕੇਂਦਰ ਵੀਅਤਨਾਮ ਨੂੰ ਬਣਾ ਲਿਆ ਹੈ, ਇਸ ਕਾਰਨ ਚੀਨ ’ਚ ਇਕ ਹੋਰ ਵੱਡੀ ਵਿਕਟ ਡਿੱਗ ਗਈ ਹੈ। ਇਸ ਤੋਂ ਪਹਿਲਾਂ ਬਲੈਕ ਰਾਕ ਨਾਂ ਦੀ ਰੀਅਲ ਅਸਟੇਟ ਕੰਪਨੀ ਨੇ ਚੀਨ ਨੂੰ ਛੱਡ ਦਿੱਤਾ ਅਤੇ ਬਰ ਬੈਨਗਾਰਡ ਫੰਡ ਵਾਲਾ ਰੀਟੇਲ ਚੀਨ ਵਾਲਮਾਰਟ ਵੀ ਚਲਾ ਗਿਆ।
ਜਿਵੇਂ ਹੀ ਇਹ ਖਬਰ ਬਾਜ਼ਾਰ ’ਚ ਫੈਲੀ ਤਾਂ ਸੰਨਾਟਾ ਛਾ ਗਿਆ। ਹੁਣ ਚੀਨ ਨੂੰ ਸਰਦੀਆਂ ’ਚ ਇਕ ਹੋਰ ਝਟਕਾ ਲੱਗਾ ਹੈ ਜਿਸ ਤੋਂ ਸੰਭਲਣ ਲਈ ਉਸ ਨੂੰ ਸਮਾਂ ਲੱਗੇਗਾ। ਇਕ ਸਮੇਂ ਚੀਨ ’ਚ ਵਾਲਮਾਰਟ ਸਭ ਤੋਂ ਵੱਡੀ ਰੀਟੇਲ ਚੇਨ ਸੀ ਪਰ ਹੁਣ ਉਸ ਨੇ ਆਪਣਾ ਸਪਲਾਈ ਅਤੇ ਖਰੀਦ ਕੇਂਦਰ ਵੀਅਤਨਾਮ ਨੂੰ ਬਣਾ ਲਿਆ ਹੈ। ਚੀਨ ਦੇ ਰੀਟੇਲ ਉਦਯੋਗ ਲਈ ਇਕ ਵੱਡਾ ਝਟਕਾ ਹੈ ਜਿਸ ਤੋਂ ਉਭਰਨਾ ਔਖਾ ਹੈ। ਪਹਿਲਾਂ ਤੋਂ ਹੀ ਮੁਕਾਬਲੇਬਾਜ਼ੀ ਨਾਲ ਭਰੇ ਹੋਏ ਚੀਨ ਦੇ ਰੀਟੇਲ ਬਾਜ਼ਾਰ ’ਚ ਇਹ ਵੱਡਾ ਨੁਕਸਾਨ ਹੈ, ਹਾਲਾਂਕਿ ਆਰਥਿਕ ਮਾਮਲਿਆਂ ਦੇ ਜਾਣਕਾਰ ਦੱਸ ਰਹੇ ਹਨ ਕਿ ਵਾਲਮਾਰਟ ਵੱਲੋਂ ਚੁੱਕਿਆ ਗਿਆ ਇਹ ਇਕ ਰਣਨੀਤਕ ਕਦਮ ਹੈ।
ਕੌਮਾਂਤਰੀਕਰਨ ’ਚ ਵਧਦੀ ਮੁਕਾਬਲੇਬਾਜ਼ੀ ਦੇ ਦੌਰ ’ਚ ਵੱਡੇ ਕੌਮਾਂਤਰੀ ਖਿਡਾਰੀਆਂ ਵੱਲੋਂ ਨਵੀਂ ਰਣਨੀਤੀ ਤੈਅ ਕਰਨੀ ਅਤੇ ਆਪਣੇ ਵਿਕਾਸ ਲਈ ਨਵੇਂ ਰਾਹ ਲੱਭਣੇ ਇਕ ਆਮ ਪ੍ਰਕਿਰਿਆ ਹੈ। ਚੀਨ ਲਈ ਇਹ ਇਕ ਵੱਡੀ ਸਮੱਸਿਆ ਹੈ ਜਿਸ ਦਾ ਮੁਕਾਬਲਾ ਕਰਨ ’ਚ ਉਸ ਨੂੰ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ। ਵਾਲਮਾਰਟ ਦੇ ਇਸ ਕਦਮ ਨਾਲ ਲੋਕਾਂ ’ਚ ਬਹੁਤ ਤਿੱਖੀ ਪ੍ਰਤੀਕਿਰਿਆ ਹੋ ਰਹੀ ਹੈ।
ਕੁਝ ਅਰਥਤੰਤਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਪਹਿਲਾਂ ਚੀਨ ਪੱਛਮੀ ਉਦਯੋਗਿਕ ਲੜੀ ਦਾ ਇਕ ਅਹਿਮ ਹਿੱਸਾ ਸੀ ਪਰ ਹੁਣ ਚੀਨ ਨੂੰ ਆਪਣੀ ਥਾਂ ਬਣਾਉਣ ਲਈ ਬਾਕੀ ਉਦਯੋਗਿਕ ਦੇਸ਼ਾਂ ਨਾਲ ਸੰਘਰਸ਼ ਕਰਨਾ ਹੋਵੇਗਾ। ਜੇ ਅਜਿਹੀ ਸਥਿਤੀ ’ਚ ਚੀਨ ਮੁਕਾਬਲੇ ਤੋਂ ਭੱਜਦਾ ਹੈ ਤਾਂ ਇਸ ’ਚ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ।
ਆਰਥਿਕ ਮਾਮਲਿਆਂ ਦੇ ਜਾਣਕਾਰਾਂ ਦਾ ਚੀਨ ਲਈ ਕਹਿਣਾ ਹੈ ਕਿ ਤਬਦੀਲੀ ਦੀ ਪ੍ਰਕਿਰਿਆ ’ਚ ਅਜਿਹਾ ਹੋਣਾ ਬਹੁਤ ਆਮ ਗੱਲ ਹੈ, ਜੇ ਤੁਸੀਂ ਆਪਣੀ ਥਾਂ ਬਣਾਉਣੀ ਹੈ ਅਤੇ ਆਪਣੇ ਗਾਹਕਾਂ ਦੇ ਆਧਾਰ ਨੂੰ ਮਜ਼ਬੂਤ ਕਰਨਾ ਹੈ ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ
ਜੇ ਤੁਸੀਂ ਆਪਣੇ ਦਮ ’ਤੇ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣਾ ਵੱਖਰਾ ਰਾਹ ਲੱਭਣਾ ਹੋਵੇਗਾ। ਸਭ ਤੋਂ ਵੱਡੀ ਸਮੱਸਿਆ ਇਸ ਸਮੇਂ ਮੁਲਾਜ਼ਮਾਂ ਦੀ ਹੈ, ਵਿਦੇਸ਼ੀ ਨਿਵੇਸ਼ਕਾਂ ਕਾਰਨ ਚੀਨ ’ਚ ਵੱਡੀ ਗਿਣਤੀ ’ਚ ਨੌਕਰੀ ਮਿਲੀ ਸੀ ਜੋ ਹੁਣ ਉਨ੍ਹਾਂ ਕੋਲੋਂ ਖੋਹੀ ਜਾ ਰਹੀ ਹੈ, ਇਹ ਮੁਲਾਜ਼ਮ ਕਿਰਤ ਵਰਗ ਨਾਲ ਸਬੰਧ ਰੱਖਦੇ ਹਨ ਜੋ ਆਪਣੇ ਦਮ ’ਤੇ ਖੜ੍ਹੇ ਨਹੀਂ ਹੋ ਸਕਦੇ।
ਮੁਲਾ਼ਜ਼ਮਾਂ ਤੋਂ ਇਲਾਵਾ ਵਾਲਮਾਰਟ ਵੱਡੀ ਗਿਣਤੀ ’ਚ ਆਪਣੀ ਸਪਲਾਈ ਚੀਨ ਤੋਂ ਕਰਦਾ ਸੀ। ਇਸ ਦਾ ਭਾਵ ਇਹ ਹੈ ਕਿ ਚੀਨ ’ਚ ਬਣੇ ਸਾਮਾਨ ਨੂੰ ਉਹ ਆਪਣੀ ਰੀਟੇਲ ਚੇਨ ਲਈ ਖਰੀਦਦਾ ਸੀ। ਵਾਲਮਾਰਟ ਦੇ ਵੀਅਤਨਾਮ ਤੋਂ ਸਪਲਾਈ ਕਰਨ ਕਾਰਨ ਚੀਨ ’ਚ ਵਾਲਮਾਰਟ ਅਤੇ ਇਸ ਵਰਗੀਆਂ ਵੱਡੀਆਂ ਪ੍ਰਚੂਨ ਦੀਆਂ ਚੇਨਾਂ ਲਈ ਸਾਮਾਨ ਤਿਆਰ ਕਰਨ ਵਾਲਾ ਉਦਯੋਗ ਵੀ ਖਤਮ ਹੋਵੇਗਾ। ਇਸ ਦਾ ਮਾੜਾ ਅਸਰ ਚੀਨ ਦੇ ਵੀ-ਨਿਰਮਾਣ ਅਤੇ ਬਰਾਮਦ ’ਤੇ ਆਉਣ ਵਾਲੇ ਦਿਨਾਂ ’ਚ ਸਪੱਸ਼ਟ ਤੌਰ ’ਤੇ ਦਿਖਾਈ ਦੇਵੇਗਾ।
ਵੱਡੇ ਸੁਪਰ ਬਾਜ਼ਾਰਾਂ ਲਈ ਇਹ ਚੰਗਾ ਮੌਕਾ ਹੈ, ਜੇ ਉਹ ਸਹੀ ਅਰਥਾਂ ’ਚ ਮੁਕਾਬਲੇਬਾਜ਼ੀ ਕਰਨੀ ਚਾਹੁੰਦੇ ਹਨ। ਆਮ ਤੌਰ ’ਤੇ ਕਿਸੇ ਅਰਥਵਿਵਸਥਾ ’ਚ ਨਿਵੇਸ਼ ਨਾ ਕਰਨਾ ਅਤੇ ਕੀਤੇ ਗਏ ਨਿਵੇਸ਼ ਨੂੰ ਵਾਪਸ ਲੈਣ ਦਾ ਕੁਝ ਅਸਰ ਪੈਂਦਾ ਹੈ ਪਰ ਕਿਸੇ ਅਰਥਵਿਵਸਥਾ ਤੋਂ ਨਿਵੇਸ਼ਕ ਦਾ ਭਰੋਸਾ ਉੱਠ ਜਾਣ ਦਾ ਮਤਲਬ ਉਸ ਅਰਥਵਿਵਸਥਾ ਲਈ ਬਹੁਤ ਅਰਥ ਰੱਖਦਾ ਹੈ। ਉਸ ਨੂੰ ਨਿਵੇਸ਼ਕ ਦਾ ਭਰੋਸਾ ਮੁੜ ਤੋਂ ਬਣਾਉਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸ ’ਚ ਸਮਾਂ ਵੀ ਬਹੁਤ ਲੱਗਦਾ ਹੈ।
ਅਜਿਹੀ ਹਾਲਤ ’ਚ ਕੁਝ ਆਰਥਿਕ ਮਾਮਲਿਆਂ ਦੇ ਜਾਣਕਾਰਾਂ ਦਾ ਇਹ ਮੰਨਣਾ ਹੈ ਕਿ ਵਾਲਮਾਰਟ ਦੇ ਚਲੇ ਜਾਣ ਪਿੱਛੋਂ ਮੁੱਢਲੇ ਦੌਰ ’ਚ ਚੀਨ ਦੇ ਵੀ-ਨਿਰਮਾਣ ਅਤੇ ਬਰਾਮਦ ਨੂੰ ਤਾਂ ਝਟਕਾ ਲੱਗੇਗਾ ਪਰ ਹੌਲੀ-ਹੌਲੀ ਦੇਸ਼ ਅੰਦਰ ਬਣੇ ਰੀਟੇਲ ਚੇਨ ਜਿਨ੍ਹਾਂ ’ਚ ਚਿਆਂਗਮਾਰਟ ਅਤੇ ਯੁੰਗ ਹੂਈ ਮਾਰਟ ਵਰਗੇ ਚੋਟੀ ਦੇ ਰੀਟੇਲ ਚੇਨ ਸ਼ਾਮਲ ਹਨ, ਦੇ ਉਭਰਨ ਲਈ ਇਕ ਚੰਗਾ ਮੰਚ ਤਿਆਰ ਹੋਵੇਗਾ।
ਅਜੇ ਤੱਕ ਚੀਨੀ ਲੋਕ ਆਪਣੀ ਖਰੀਦਦਾਰੀ ਲਈ ਨੇੜੇ ਦੇ ਵਾਲਮਾਰਟ ’ਚ ਜਾਂਦੇ ਸਨ ਪਰ ਹੁਣ ਦੇਸੀ ਮਾਰਟ ’ਚ ਜਾ ਕੇ ਖਰੀਦਦਾਰੀ ਕਰਨਗੇ ਜਿਸ ਕਾਰਨ ਹੌਲੀ-ਹੌਲੀ ਇਸ ਰੀਟੇਲ ਚੇਨ ਲਈ ਵੀ-ਨਿਰਮਾਣ ਕਰਨ ਵਾਲਾ ਉਦਯੋਗ ਵੀ ਮੁੜ ਤੋਂ ਉੱਠ ਖੜ੍ਹਾ ਹੋਵੇਗਾ ਕਿਉਂਕਿ ਬਾਜ਼ਾਰ ’ਚ ਲੋਕਾਂ ਦੀ ਮੰਗ ਬਣੀ ਰਹੇਗੀ। ਚੀਨ ’ਚ ਇਸ ਸਮੇਂ ਮੰਗ ਦੀ ਕਮੀ ਹੈ। ਚੀਨ ਦੀ ਅਰਥਵਿਵਸਥਾ ਇਸ ਸਮੇਂ ਸੁੰਗੜਦੀ ਜਾ ਰਹੀ ਹੈ। ਲੋਕਾਂ ਕੋਲ ਜਿਹੜੇ ਥੋੜ੍ਹੇ-ਬਹੁਤੇ ਪੈਸੇ ਹਨ, ਉਹ ਉਸ ਨੂੰ ਬਹੁਤ ਸੋਚ ਸਮਝ ਕੇ ਖਰਚ ਰਹੇ ਹਨ।
ਅਜਿਹੇ ਮਾਹੌਲ ’ਚ ਕਿਸੇ ਨਵੀਂ ਰੀਟੇਲ ਚੇਨ ਦਾ ਉਭਰਨਾ ਬਹੁਤ ਔਖਾ ਹੈ। ਦੇਸੀ-ਨਿਵੇਸ਼ਕਾਂ ਨੂੰ ਪਹਿਲਾਂ ਚੀਨ ਦੇ ਬਾਜ਼ਾਰ ’ਤੇ ਭਰੋਸਾ ਹੋਣਾ ਚਾਹੀਦਾ ਹੈ, ਉਸ ਤੋਂ ਬਾਅਦ ਹੀ ਉਹ ਨਿਵੇਸ਼ ਕਰਨਗੇ। ਕੁਝ ਲੋਕਾਂ ਦਾ ਇਹ ਸਵਾਲ ਉਠਾਉਣਾ ਲਾਜ਼ਮੀ ਲੱਗ ਰਿਹਾ ਹੈ ਕਿ ਜਿਨ੍ਹਾਂ ਉਦਯੋਗਪਤੀਆਂ ਨੇ ਚੀਨ ’ਚੋਂ ਆਪਣਾ ਨਿਵੇਸ਼ ਬਾਹਰ ਖਿੱਚਿਆ ਹੈ, ਇਸ ਲਈ ਆਰਥਿਕ ਕਾਰਨ ਜ਼ਿੰਮੇਵਾਰ ਹਨ ਜਾਂ ਕੋਰੋਨਾ ਮਹਾਮਾਰੀ ਜ਼ਿੰਮੇਵਾਰ ਹੈ। ਕਾਰਨ ਜੋ ਵੀ ਹੋਣ ਪਰ ਇਸ ਸਮੇਂ ਚੀਨ ਤੋਂ ਵਿਦੇਸ਼ੀ ਨਿਵੇਸ਼ਕਾਂ ਦੇ ਨਾਲ-ਨਾਲ ਦੇਸੀ ਨਿਵੇਸ਼ਕਾਂ ਦਾ ਵੀ ਭਰੋਸਾ ਉੱਠ ਰਿਹਾ ਹੈ। ਜਲਦੀ ਹੀ ਚੀਨ ’ਚ ਕੋਈ ਨਵਾਂ ਅਤੇ ਵੱਡਾ ਨਿਵੇਸ਼ ਹੋਣ ਦੀ ਉਮੀਦ ਬਹੁਤ ਘੱਟ ਹੈ ਕਿਉਂਕਿ ਬਾਜ਼ਾਰ ’ਚ ਇਸ ਸਮੇਂ ਨਾਂਹ-ਪੱਖੀ ਮਾਹੌਲ ਬਣਿਆ ਹੋਇਆ ਹੈ।