ਰੈਫਰੈਂਡਮ-2020 ਅਤੇ ਸਿੱਖ ਹਿੰਦੋਸਤਾਨ ਦੇ ਸਿੱਖਾਂ ਨੇ ਕੀ ਕਰਨਾ ਹੈ, ਇਹ ਉਨ੍ਹਾਂ ’ਤੇ ਛੱਡ ਦਿਓ

Saturday, Nov 24, 2018 - 07:23 AM (IST)

ਅਗਸਤ ਮਹੀਨੇ ਵਿਚ ਜਿੱਥੇ ਇਕ ਪਾਸੇ ਵਿਸ਼ਵ ਭਰ ਵਿਚ ਵਸਦਾ ਭਾਰਤੀ ਭਾਈਚਾਰਾ ਬੜੇ ਉਤਸ਼ਾਹ ਨਾਲ ਆਜ਼ਾਦੀ ਦੀ 72ਵੀਂ ਵਰ੍ਹੇਗੰਢ ਦੇ ਜਸ਼ਨ ਮਨਾ ਰਿਹਾ ਸੀ,ਓਥੇ ਹੀ ਲੰਡਨ ਵਿਚ ਪ੍ਰਵਾਸੀ ਸਿੱਖਾਂ ਦੇ ਇਕ ਵਰਗ ਵਲੋਂ ਪੰਜਾਬ ਵਿਚ ਸਿੱਖ ਰੈਫਰੈਂਡਮ-2020 ਕਰਵਾਉਣ ਨੂੰ ਲੈ ਕੇ ਇੰਗਲੈਂਡ ਦੀਅਾਂ ਸੜਕਾਂ ’ਤੇ ਇਕੱਠੇ ਹੋਣ ਦਾ ਮੁੱਦਾ ਦੇਸ਼-ਵਿਦੇਸ਼ ਦੀਅਾਂ ਅਖ਼ਬਾਰਾਂ, ਟੀ. ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ ’ਤੇ ਭਖਿਆ ਹੋਇਆ ਸੀ। 
ਰੈਫਰੈਂਡਮ ਦਾ ਸਿੱਧਾ-ਸਾਦਾ ਅਰਥ ਹੈ ਰਾਇਸ਼ੁਮਾਰੀ। ਇੰਗਲੈਂਡ ਦੀ ਸਰਜ਼ਮੀਨ ’ਤੇ ਹਿੰਦੋਸਤਾਨ ਖਿਲਾਫ ਅਜਿਹੀ ਲਹਿਰ ਖੜ੍ਹੀ ਕਰਨ ਵਾਲਿਅਾਂ ਦਾ ਦੋਸ਼ ਹੈ ਕਿ ਇਸ ਦੇਸ਼ ਵਿਚ ਸਿੱਖਾਂ ਨਾਲ ਬਹੁਤ ਧੱਕੇਸ਼ਾਹੀਅਾਂ  ਹੋਈਅਾਂ ਹਨ। ਇਸ ਕਰ ਕੇ ਸਿੱਖਾਂ ਨੂੰ ਇਕ ਵੱਖਰੇ ਦੇਸ਼ ਦੀ ਜ਼ਰੂਰਤ ਹੈ, ਜਿਸ ਸਬੰਧੀ ਪੰਜਾਬ ਵਿਚ ਰਾਇਸ਼ੁਮਾਰੀ ਕਰਵਾਈ ਜਾਣੀ ਚਾਹੀਦੀ ਹੈ। 
ਸਿੱਖਾਂ ਨਾਲ ਧੱਕੇਸ਼ਾਹੀ, ਬੇਇਨਸਾਫੀ
ਇਸ ਵਿਚ ਕੋਈ ਸ਼ੱਕ ਨਹੀਂ ਕਿ ਪਿਛਲੇ ਸਮੇਂ ਵਿਚ ਸਿੱਖਾਂ ਨੂੰ ਬੇਅੰਤ ਧੱਕੇਸ਼ਾਹੀਅਾਂ, ਬੇਇਨਸਾਫੀਅਾਂ ਦਾ ਸਾਹਮਣਾ ਕਰਨਾ ਪਿਆ ਹੈ। 1984 ਵਿਚ ਯੋਜਨਾਬੱਧ ਤਰੀਕੇ ਨਾਲ ਦੇਸ਼ ਦੇ ਕਈ ਹਿੱਸਿਅਾਂ ਵਿਚ ਸਿੱਖਾਂ ਦੇ ਕਤਲੇਆਮ ਨੂੰ ਅੰਜਾਮ ਦਿੱਤਾ ਗਿਆ।
ਇਸ ਸਿੱਕੇ ਦਾ ਦੂਸਰਾ ਪਹਿਲੂ ਵੀ ਹੈ, ਜਿਸ ਤੋਂ ਮੂੰਹ ਨਹੀਂ ਫੇਰਿਆ ਜਾ ਸਕਦਾ। ਬੇਇਨਸਾਫੀਅਾਂ ਇਸ ਦੇਸ਼ ਵਿਚ ਇਕੱਲੇ ਸਿੱਖਾਂ ਜਾਂ ਪੰਜਾਬੀਅਾਂ ਨਾਲ ਹੀ ਨਹੀਂ ਹੋਈਅਾਂ, ਦਲਿਤਾਂ, ਹਿੰਦੂਅਾਂ, ਮੁਸਲਮਾਨਾਂ ਆਦਿ ਨੂੰ ਵੀ ਕਈ ਥਾਈਂ ਮਜ਼੍ਹਬੀ ਕੱਟੜਤਾ ਕਾਰਨ ਸੰਤਾਪ ਹੰਢਾਉਣਾ ਪਿਆ, ਮਿਸਾਲ ਵਜੋਂ ਕਸ਼ਮੀਰੀ ਬ੍ਰਾਹਮਣਾਂ ਨੂੰ ਮੁਸਲਮਾਨ ਕੱਟੜਪੰਥੀਅਾਂ ਦੇ ਜ਼ੁਲਮਾਂ ਕਾਰਨ ਆਪਣੇ ਘਰ-ਘਾਟ ਛੱਡ ਕੇ ਰਾਹਤ ਕੈਂਪਾਂ ਵਿਚ ਰਹਿਣ ਲਈ ਮਜਬੂਰ ਹੋਣਾ ਪਿਆ। 
ਗੁਜਰਾਤ ਵਿਚ ਦਲਿਤ ਨੌਜਵਾਨ ਨੂੰ ਸਿਰਫ ਘੋੜੇ ਦੀ ਸਵਾਰੀ ਕਰਨ ਕਾਰਨ ਹੀ ਜਾਨ ਤੋਂ ਹੱਥ ਧੋਣੇ ਪਏ। ਗੁਜਰਾਤ ਅਤੇ ਯੂ. ਪੀ. ਵਿਚ ਕਈ ਥਾਈਂ ਹਿੰਦੂਅਾਂ ਅਤੇ ਮੁਸਲਮਾਨਾਂ  ਨੂੰ ਵੀ ਸਮੇਂ-ਸਮੇਂ ’ਤੇ ਜਨੂੰਨੀਅਾਂ ਤੇ ਦੰਗਾਕਾਰੀਅਾਂ ਹੱਥੋਂ ਭਾਰੀ ਜਾਨੀ-ਮਾਲੀ ਨੁਕਸਾਨ ਝੱਲਣਾ ਪਿਆ। ਅਜਿਹੀਅਾਂ ਘਟਨਾਵਾਂ ਕਿਸੇ ਵੀ ਥਾਂ, ਕਿਸੇ ਵੀ ਧਰਮ, ਜਾਤੀ ਤੇ ਕੌਮ ਦੇ ਲੋਕਾਂ ਨਾਲ ਵਾਪਰਨੀਅਾਂ ਅਤਿ ਮੰਦਭਾਗੀਅਾਂ ਹਨ। 
ਕੀ ਸਿੱਖਾਂ ਜਾਂ ਕਿਸੇ ਹੋਰ ਧਰਮ, ਵਰਗ ਦੇ ਲੋਕਾਂ ਨੂੰ ਦਰਪੇਸ਼ ਸਾਰੀਅਾਂ ਸਮੱਸਿਆਵਾਂ ਦਾ ਹੱਲ ਇਕ ਵੱਖਰੇ ਖਿੱਤੇ ਜਾਂ ਦੇਸ਼ ਬਣਾਉਣ ਨਾਲ ਹੋ ਸਕਦਾ ਹੈ? ਜੇ ਮਜ਼੍ਹਬ ਦੇ ਆਧਾਰ ’ਤੇ ਕਿਸੇ ਕੌਮ ਨੂੰ ਰਾਜ-ਭਾਗ ਮਿਲਣ ਨਾਲ ਉਸ ਕੌਮ ਜਾਂ ਜਾਤੀ ਦੇ ਲੋਕਾਂ ਦੀਅਾਂ ਸਾਰੀਅਾਂ ਸਮੱਸਿਆਵਾਂ ਖਤਮ ਹੋ ਸਕਦੀਅਾਂ ਹਨ ਤਾਂ ਫਿਰ ਮਜ਼੍ਹਬ ਦੇ ਆਧਾਰ ’ਤੇ ਬਣਿਆ ਪਾਕਿਸਤਾਨ ਤਾਂ ਦੁਨੀਆ ਦਾ ਸਭ ਤੋਂ ਵੱਡਾ ‘ਸਵਰਗ’ ਹੋਣਾ ਚਾਹੀਦਾ ਸੀ।  ਕਿਉਂਕਿ  ਉਥੇ  ਵਸਣ ਵਾਲੇ ਸਾਰੇ ਲੋਕ ਤਾਂ ਇੱਕੋ ਮਜ਼੍ਹਬ ਦੇ ਪੈਰੋਕਾਰ ਹਨ। 
ਜੇ ਨਿਗ੍ਹਾ ਮਾਰੀਏ ਤਾਂ ਭਾਰਤੀ ਪੰਜਾਬ ਦੇ ਬਾਰਡਰ ਤੋਂ ਲੈ ਕੇ ਯੂਰਪ ਤਕ ਕਈ ਦਰਜਨਾਂ ਦੇਸ਼ ਇਸਲਾਮ ਧਰਮ ਨੂੰ ਮੰਨਣ ਵਾਲਿਅਾਂ ਦੇ ਗੜ੍ਹ ਹਨ। ਮੁਹੰਮਦੀ ਸ਼ਰ੍ਹਾ ਅਨੁਸਾਰ ਚੱਲਣ ਵਾਲੇ ਉਥੋਂ ਦੇ ਬਹੁਗਿਣਤੀ ਲੋਕ ਇਕ-ਦੂਜੇ ਦੇ ਖੂਨ ਦੇ ਪਿਆਸੇ ਕਿਉਂ ਹਨ? ਕਿਉਂ ਉਨ੍ਹਾਂ ਦੇਸ਼ਾਂ ਵਿਚ ਭਰਾ-ਮਾਰੂ ਖਾਨਾਜੰਗੀ ਅੱਜ ਵੀ ਜਾਰੀ ਹੈ? ਇਰਾਕ, ਸੀਰੀਆ ਤੇ ਅਫਗਾਨਿਸਤਾਨ ਆਦਿ ਦੇਸ਼ਾਂ ਵਿਚ ਕੌਣ, ਕਿਸਦਾ ਵਿਨਾਸ਼ ਕਰਨ ’ਚ ਲੱਗਾ ਹੋਇਆ ਹੈ?
ਵੱਖਰਾ ਦੇਸ਼ ਮਸਲੇ ਦਾ ਹੱਲ ਨਹੀਂ 
 ਸੋ, ਮਜ਼੍ਹਬ ਦੇ ਆਧਾਰ ’ਤੇ ਵੱਖਰਾ ਦੇਸ਼ ਬਣਨ ਨਾਲ ਕਿਸੇ ਕੌਮ ਦੇ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਨਹੀਂ ਹੋ ਸਕਦੇ। ਵਿਦੇਸ਼ਾਂ ਵਿਚ ਬੈਠੇ ਸਿੱਖ ਭਾਈਚਾਰੇ ਦੇ ਬਹੁਗਿਣਤੀ ਲੋਕ ਹਿੰਦੋਸਤਾਨ ਨਾਲ ਦਿਲੋਂ ਪਿਆਰ ਕਰਦੇ ਹਨ। ਸਾਲ ਵਿਚ ਕਈ ਵਾਰੀ ਆਪਣੀ ਮਾਤਰਭੂਮੀ ਨੂੰ ਸਿਜਦਾ ਕਰਨ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਪਰਤਦੇ ਹਨ। 
ਵਿਦੇਸ਼ੀਂ ਵਸਦੇ ਹਰੇਕ ਪੰਜਾਬੀ ਨੂੰ ਆਪਣੇ ਘਰ ਦੀ ਯਾਦ ਆਉਂਦੀ ਹੈ, ਕਿਉਂ? ਕਿਉਂਕਿ ਇਹ ਉਨ੍ਹਾਂ ਦੇ ਪੁਰਖਿਅਾਂ ਦੀ ਧਰਤੀ ਹੈ। ਇਸ ਵਿਸ਼ਾਲ ਭਾਰਤ ਦੀ ਆਜ਼ਾਦੀ ਲਈ ਉਨ੍ਹਾਂ ਦੇ ਵੱਡੇ-ਵਡੇਰਿਅਾਂ ਦੀਅਾਂ ਸਭ ਤੋਂ ਵੱਧ ਸ਼ਹਾਦਤਾਂ ਹਨ। ਮੌਲਾਨਾ ਅਬੁਲ ਕਲਾਮ ਆਜ਼ਾਦ ਦੀ ਲਿਖਤ ਅਨੁਸਾਰ,
 ‘‘ਜਿਨ੍ਹਾਂ 121 ਮਰਜੀਵੜਿਅਾਂ ਨੂੰ ਫਾਂਸੀ ਦੀਅਾਂ ਸਜ਼ਾਵਾਂ ਹੋਈਅਾਂ, ਉਨ੍ਹਾਂ ’ਚੋਂ 93 ਸਿੱਖ ਸਨ, ਪੰਜਾਬੀ ਸਨ।’’ 1964, 1971 ਤੇ 1999 ਵਿਚ ਪਾਕਿਸਤਾਨ ਖਿਲਾਫ ਸਵੈ-ਰੱਖਿਆ ਹਿੱਤ ਲੜੇ ਗਏ ਯੁੱਧਾਂ ਵਿਚ ਫੈਸਲਾਕੁੰਨ ਭੂਮਿਕਾ ਵੀ ਸਿੱਖ ਜਰਨੈਲਾਂ ਅਤੇ ਪੰਜਾਬੀਅਾਂ ਦੀ ਰਹੀ। 
ਭਾਰਤ ਬਹੁ-ਧਰਮਾਂ ਤੇ ਸੱਭਿਅਤਾਵਾਂ ਦਾ ਦੇਸ਼ ਹੈ। ਹਿੰਦੂ, ਸਿੱਖ, ਇਸਾਈ, ਮੁਸਲਮਾਨ, ਜੈਨੀ, ਬੋਧੀ ਸਭ ਦਾ ਸਾਂਝਾ ਵਤਨ ਹੈ। ਸਮੱਸਿਆਵਾਂ ਹਰ ਦੇਸ਼ ਵਿਚ ਹੁੰਦੀਅਾਂ ਹਨ, ਏਥੇ ਵੀ ਹਨ। ਸਿਸਟਮ ਵਿਚ ਖਰਾਬੀ ਹੋ ਸਕਦੀ ਹੈ,  ਪੂਰੇ  ਦੇਸ਼ ਦੀ ਜਨਤਾ ਨੂੰ ਕਿਸੇ ਵੀ ਘਟਨਾ ਲਈ ਸਿੱਧੇ ਤੌਰ ’ਤੇ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। 
ਕੱਟੜਵਾਦੀ, ਵੱਖਵਾਦੀ ਸੋਚ ਨੇ ਕਿਸੇ ਦੇਸ਼, ਕੌਮ ਦਾ ਕੁਝ ਵੀ ਨਹੀਂ ਸੰਵਾਰਿਆ, ਖੁਆਰੀ ਹੀ ਪੱਲੇ ਪਾਈ ਹੈ। ਨਫਰਤ ਦੇ ਬੀਜ ਜਿੱਥੇ ਆਪਸੀ ਸਦਭਾਵਨਾ, ਭਾਈਚਾਰੇ ਨੂੰ ਖੋਰਾ ਲਾਉਂਦੇ ਹਨ, ਉਥੇ ਹੀ ਤਬਾਹੀ ਦੇ ਆਲਮ ਨੂੰ ਵੀ ਅੰਜਾਮ ਦਿੰਦੇ ਹਨ। ਸਾਨੂੰ ਪਿਛਲੇ ਇਤਿਹਾਸ ਤੋਂ ਕੁਝ ਸਿੱਖਣ ਦੀ ਲੋੜ ਹੈ। 
ਪਾਕਿਸਤਾਨ ਨੇ ਸਿੱਖ ਨੌਜਵਾਨਾਂ ਨੂੰ ਵਰਗਲਾਇਆ
ਸਾਡੇ ’ਚੋਂ ਬਹੁਤਿਅਾਂ ਨੂੰ ਯਾਦ ਹੋਵੇਗਾ ਕਿ ਕਿਵੇਂ 1980-90 ਦੇ ਦਹਾਕੇ ਦੌਰਾਨ ਪਾਕਿਸਤਾਨ ਨੇ ਸਿੱਖ ਨੌਜਵਾਨਾਂ ਨੂੰ ਵੱਖਰੇ ਦੇਸ਼ ਦੇ ਨਾਂ ’ਤੇ ਵਰਗਲਾਇਆ, ਸਰਹੱਦੋਂ ਪਾਰ ਟ੍ਰੇਨਿੰਗ ਦੇ ਕੇ ਪੰਜਾਬ ਵਿਚ ਖੂਨ-ਖਰਾਬੇ ਲਈ ਭੇਜਿਆ। 
ਏਸੇ ਦੌਰਾਨ ਪਾਕਿਸਤਾਨ ਦੀ ਖੁਫੀਆ ਏਜੰਸੀਅਾਂ ਦੇ ਢਹੇ ਚੜ੍ਹ ਕੇ ਜਗਜੀਤ ਸਿੰਘ ਚੌਹਾਨ ਨੇ ਇੰਗਲੈਂਡ ਵਿਚ ਜਲਾਵਤਨ ਖ਼ਾਲਿਸਤਾਨ ਸਰਕਾਰ ਕਾਇਮ ਕੀਤੀ। ਅਖੌਤੀ ਖਾਲਿਸਤਾਨ ਦੀ ਵੱਖਰੀ ਕਰੰਸੀ ਵੀ ਛਾਪੀ, ਵੱਖਰਾ ਝੰਡਾ ਤੇ ਨਕਸ਼ਾ ਵੀ ਤਿਆਰ ਕੀਤਾ। ਸਿੱਖ ਸੰਘਰਸ਼ ਦੇ ਨਾਂ ’ਤੇ ਬੇਹਿਸਾਬਾ ਪੈਸਾ ਇਕੱਠਾ ਕੀਤਾ। ਆਪਣੀਅਾਂ ਨਿੱਜੀ ਜਾਇਦਾਦਾਂ ਬਣਾਈਅਾਂ। ਅਖਬਾਰਾਂ ਰਾਹੀਂ ਬਲਦੀ ਉੱਤੇ ਤੇਲ ਪਾਉਣ ਵਾਲੇ ਬਿਆਨ ਅਤੇ ਲੇਖ ਛਾਪਦੇ ਰਹੇ। ਜਜ਼ਬਾਤੀ ਹੋਏ ਨੌਜਵਾਨਾਂ ਦੇ ਹੱਥਾਂ ਵਿਚ ਹਥਿਆਰ ਫੜਾ ਦਿੱਤੇ।
ਵੈਣ ਅਤੇ ਸੱਥਰ ਸਿਰਫ ‘ਪੰਜਾਬ ਮਾਂ’ ਦੇ ਹਿੱਸੇ ਹੀ ਆਏ
 ਇਕ ਦਹਾਕਾ ਖੁੱਲ੍ਹੀ ਖੂਨੀ ਖੇਡ ਗੁਰੂਅਾਂ-ਪੀਰਾਂ ਦੀ ਧਰਤੀ ’ਤੇ ਚੱਲਦੀ ਰਹੀ। ਘਰਾਂ ਦੇ ਘਰ ਤਬਾਹ ਹੋ ਗਏ। ਆਰਥਿਕ ਤੌਰ ’ਤੇ ਪੰਜਾਬ 50 ਸਾਲ ਪਿੱਛੇ ਚਲਾ ਗਿਆ। ਇਸ ਗੱਲ ਨੂੰ ਗੰਭੀਰਤਾ ਨਾਲ ਸਮਝਣ ਦਾ ਯਤਨ ਕਿਸੇ ਨੇ ਨਹੀਂ ਕੀਤਾ ਕਿ ਇਸ ਦਹਾਕੇ ਦੌਰਾਨ ਮਰਨ ਵਾਲੇ ਗੱਭਰੂ ਕੌਣ ਸਨ? ਦੋਵੇਂ ਪਾਸੇ ਆਪਣੇ ਹੀ ਮਰੇ। ਪੁਲਸ ਵਾਲੇ ਵੀ ਪੰਜਾਬੀ ਅਤੇ ‘ਖਾੜਕੂ’ ਕਹਾਉਣ ਵਾਲੇ ਵੀ ਪੰਜਾਬੀ। ਵੈਣ ਅਤੇ ਸੱਥਰ ਸਿਰਫ ‘ਪੰਜਾਬ ਮਾਂ’ ਦੇ ਹਿੱਸੇ ਹੀ ਆਏ। 
ਇਸ ਵਿਚ ਇੰਗਲੈਂਡ, ਅਮਰੀਕਾ, ਕੈਨੇਡਾ ਜਾਂ ਯੂਰਪ ਵਿਚ ਬੈਠਿਅਾਂ ਦਾ ਕੀ ਗਿਆ। ਇਕ ਵੱਡੀ ਕੀਮਤ ਚੁਕਾਉਣ ਤੋਂ ਬਾਅਦ ਜਦ ਪੰਜਾਬ ਵਿਚ ਠੰਡ-ਠਡੋਰਾ ਹੋ ਗਿਆ ਤਾਂ ਆਪਣੇ ਆਪ ਨੂੰ ‘ਖਾਲਿਸਤਾਨ ਦਾ ਰਾਸ਼ਟਰਪਤੀ’ ਕਹਾਉਣ ਵਾਲੇ ਜਗਜੀਤ ਸਿੰਘ ਚੌਹਾਨ ਵਰਗੇ ਲੋਕ ਸਮੇਂ ਦੀ ਸਰਕਾਰ ਤੋਂ ਮੁਆਫੀ ਮੰਗ ਕੇ ਹਿੰਦੋਸਤਾਨ ਵਾਪਸ ਪਰਤ ਆਏ।
ਹੁਣ ਫਿਰ ਕੁਝ ਕੱਟੜਪੰਥੀ ਸੱਜਣ ਵਿਦੇਸ਼ਾਂ ਵਿਚ ਬੈਠ ਕੇ ਪੰਜਾਬ ਵਿਚ ਰਾਇਸ਼ੁਮਾਰੀ ਕਰਵਾਉਣ ਦੀ ਗੱਲ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਸਿੱਖ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਅਜਿਹੇ ‘ਅੱਗ ਲਾ ਕੇ ਡੱਬੂ ਕੰਧ ’ਤੇ’ ਵਰਗੀ ਸੋਚ ਰੱਖਣ ਵਾਲੇ ਲੋਕਾਂ ਤੋਂ ਸਾਵਧਾਨ ਹੀ ਨਹੀਂ, ਸਗੋਂ ਬਹੁਤ ਚੌਕੰਨੇ ਰਹਿਣ ਦੀ ਲੋੜ ਹੈ। 
ਭਾਰਤ ਸਿੱਖਾਂ ਦਾ ਆਪਣਾ ਮੁਲਕ ਹੈ ਅਤੇ ਨੌਵੇਂ ਪਾਤਸ਼ਾਹ ਨੂੰ ‘ਹਿੰਦ ਦੀ ਚਾਦਰ’ ਕਹਿ ਕੇ ਯਾਦ ਕੀਤਾ ਜਾਂਦਾ ਹੈ। ਇਸ ਵਿਸ਼ਾਲ ਦੇਸ਼ ਵਿਚ ਸਿੱਖਾਂ ਨੂੰ ਮਾਣ ਵੀ ਬਹੁਤ ਮਿਲਿਆ ਹੈ। ਦੇਸ਼ ਦੇ ਸਭ ਤੋਂ ਉੱਚੇ ਅਤੇ ਸਨਮਾਨਯੋਗ ਅਹੁਦਿਅਾਂ ਜਿਵੇਂ ਰਾਸ਼ਟਰਪਤੀ, ਚੀਫ ਜਸਟਿਸ, ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ  ਆਦਿ ’ਤੇ ਸਿੱਖਾਂ ਨੂੰ ਸੁਸ਼ੋਭਿਤ ਹੋਣ ਦਾ ਮੌਕਾ ਮਿਲਿਆ ਹੈ। 
ਦੁਨੀਆ ਦੇ ਉਂਗਲਾਂ ’ਤੇ ਗਿਣੇ ਜਾਣ ਵਾਲੇ ਚੰਦ ਮੋਹਰੀ ਅਰਥਸ਼ਾਸਤਰੀਅਾਂ ’ਚੋਂ ਇਕ, ਦਰਵੇਸ਼ ਸਿਆਸਤਦਾਨ, ਗੁਣਵੱਤਾ ਦੇ ਅਸੀਮ ਸੋਮੇ ਅਤੇ ਲਿਆਕਤ ਦੇ ਸਿਖਰ ਡਾ. ਮਨਮੋਹਨ ਸਿੰਘ ਵਰਗੇ ਨਿਮਾਣੇ ਸਿੱਖ ਨੂੰ ਹਿੰਦੋਸਤਾਨ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਹੋਣ ਦਾ ਮਾਣ ਵੀ ਇਸੇ ਦੇਸ਼ ਦੇ ਲੋਕਾਂ ਨੇ ਦਿੱਤਾ ਹੈ। 
ਜੇ ਕੱਟੜਪੰਥੀਅਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਬਹੁਗਿਣਤੀ ਲੋਕ ਉਨ੍ਹਾਂ ਦੇ ਨਾਲ ਹਨ ਤਾਂ ਉਨ੍ਹਾਂ ਨੂੰ ਇਥੇ ਆ ਕੇ ਲੋਕ ਸਭਾ, ਵਿਧਾਨ ਸਭਾ ਤੇ ਸ਼੍ਰੋਮਣੀ ਕਮੇਟੀ ਦੀਅਾਂ ਚੋਣਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ। ਹਿੰਦੋਸਤਾਨ  ਦੇ ਸਿੱਖਾਂ ਨੇ ਕੀ ਕਰਨਾ ਹੈ, ਇਹ ਉਹ ਉਨ੍ਹਾਂ ’ਤੇ ਛੱਡ ਦੇਣ।         
                      (‘ਪ੍ਰੀਤਲੜੀ’ ਤੋਂ ਧੰਨਵਾਦ ਸਹਿਤ)


Related News