ਚੀਨ ਦੇ ਅਰਬਾਂ ਡਾਲਰ ਦੇ ਕਰਜ਼ੇ ’ਚ ਫਸਿਆ ਲਾਓਸ
Friday, Dec 09, 2022 - 06:01 PM (IST)

ਦੱਖਣੀ, ਪੂਰਬੀ ਏਸ਼ੀਆਈ ਦੇਸ਼ ਲਾਓਸ ਅੱਜਕੱਲ ਚੀਨ ਦੇ ਕਰਜ਼ੇ ਦੇ ਜਾਲ ’ਚ ਫਸਿਆ ਹੋਇਆ ਹੈ। ਲਾਓਸ ਉਪਰ ਚੀਨ ਦਾ ਭਾਰੀ ਕਰਜ਼ਾ ਹੈ। ਚੀਨ ਨੇ ਲੰਬੇ ਸਮੇਂ ਤੋਂ ਲਾਓਸ ਦੇ ਮੂਲ ਢਾਂਚੇ ’ਚ ਵੱਡੇ ਪੱਧਰ ’ਤੇ ਨਿਵੇਸ਼ ਕੀਤਾ ਹੈ। ਇਸ ਦੇ ਨਾਲ ਹੀ ਕੋਰੋਨਾ ਮਹਾਮਾਰੀ ਅਤੇ ਰੂਸ-ਯੂਕ੍ਰੇਨ ਜੰਗ ਕਾਰਨ ਹਾਲਾਤ ਹੋਰ ਵੀ ਵਿਗੜ ਗਏ ਹਨ। ਕੌਮਾਂਤਰੀ ਰੇਟਿੰਗ ਏਜੰਸੀ ‘ਮੂਡੀਜ਼’ ਨੇ ਲਾਓਸ ਦੀ ਕ੍ਰੈਡਿਟ ਰੇਟਿੰਗ ਨੂੰ ਘਟਾ ਕੇ ਸੀ ਏ 3 ’ਤੇ ਲਿਆ ਦਿੱਤਾ ਹੈ। ਇਸ ਦਾ ਮਤਲਬ ਇਹ ਹੈ ਕਿ ਲਾਓਸ ’ਤੇ ਬਹੁਤ ਵੱਡਾ ਕਰਜ਼ਾ ਹੈ ਅਤੇ ਇਸ ਸਮੇਂ ਉਸ ਕੋਲ ਕਰਜ਼ੇ ਦੀ ਅਦਾਇਗੀ ਲਈ ਪੈਸੇ ਨਹੀਂ ਹਨ। ਮੂਡੀਜ਼ ਨੇ ਇਸ ਗੱਲ ਦੀ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ’ਚ ਲਾਓਸ ਦੇ ਦਿਵਾਲੀਆ ਹੋਣ ਦਾ ਖਤਰਾ ਬਹੁਤ ਵੱਧ ਗਿਆ ਹੈ।
ਵਿਸ਼ਵ ਬੈਂਕ ਦੀ ਇਸ ਸਾਲ ਅਪ੍ਰੈਲ ’ਚ ਛਠੀ ਰਿਪੋਰਟ ਮੁਤਾਬਕ ਲਾਓਸ ਉਪਰ ਜਨਤਕ ਕਰਜ਼ਾ ਅਤੇ ਜਨਤਕ ਪੱਖੋਂ ਗਾਰੰਟੀ ਵਾਲਾ ਕਰਜ਼ਾ ਲਾਓਸ ਦੀ ਸਾਲ 2021 ’ਚ ਕੁਲ ਘਰੇਲੂ ਉਤਪਾਦਨ ਦੇ 88 ਫੀਸਦੀ ਦੇ ਪੱਧਰ ਤੱਕ ਪਹੁੰਚ ਗਿਆ ਹੈ। ਜੇ ਕਰੰਸੀ ’ਚ ਇਸ ਕਰਜ਼ੇ ਦਾ ਅੰਦਾਜ਼ਾ ਲਾਇਆ ਜਾਵੇ ਤਾਂ ਇਹ 14.5 ਅਰਬ ਡਾਲਰ ਹੈ। ਇਸ ’ਚ ਅੱਧਾ ਕਰਜ਼ਾ ਚੀਨ ਦਾ ਹੈ ਜੋ ਚੀਨ ਨੇ ਲਾਓਸ ਨੂੰ ਰੇਲਵੇ ਯੋਜਨਾ ਲਈ ਦਿੱਤਾ ਹੈ।ਲਾਓਸ ਦੇ ਸਾਹਮਣੇ ਇਸ ਸਮੇਂ ਪ੍ਰੇਸ਼ਾਨੀਆਂ ਕਈ ਪੱਧਰ ਦੀਆਂ ਹਨ,ਪਿਛਲੇ ਕੁਝ ਦਿਨਾਂ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਾਰਨ, ਯੂਕ੍ਰੇਨ ਨਾਲ ਜੰਗ ਹੋਣ ਅਤੇ ਅਮਰੀਕੀ ਵਿਆਜ ਦਰਾਂ ਦੇ ਵਧਣ ਨਾਲ ਲਾਓਸ ਦੀ ਕਰੰਸੀ ਦੀ ਕੀਮਤ ਘਟੀ ਭਾਵ ਲਾਓਸ ਦਾ ਸਿੱਕਾ ਹੇਠਾਂ ਡਿੱਗ ਪਿਆ ਹੈ। ਅਸਲ ਪ੍ਰੇਸ਼ਾਨੀ ਤਾਂ ਉਧਾਰ ਲੈ ਕੇ ਆਪਣੇ ਦੇਸ਼ ਦੀਆਂ ਮੂਲ ਯੋਜਨਾਵਾਂ ਨੂੰ ਪੂਰਾ ਕਰਨ ਦੀ ਹੈ। ਅਜਿਹੀ ਹਾਲਤ ’ਚ ਚੀਨ ਲਾਓਸ ’ਚ ਸਭ ਤੋਂ ਵੱਧ ਵਿਦੇਸ਼ੀ ਨਿਵੇਸ਼ ਕਰਨ ਵਾਲਾ ਦੇਸ਼ ਬਣਿਆ ਰਿਹਾ ਹੈ। ਚੀਨ ਕੋਲ ਇਸ ਸਮੇਂ ਲਾਓਸ ’ਚ 813 ਯੋਜਨਾਵਾਂ ਹਨ, ਜਿਨ੍ਹਾਂ ਦੀ ਕੀਮਤ 16 ਅਰਬ ਡਾਲਰ ਹੈ। ਇਸ ਤਰ੍ਹਾਂ ਕਈ ਹੋਰ ਯੋਜਨਾਵਾਂ ’ਚ ਵੀ ਚੀਨ ਨੇ ਨਿਵੇਸ਼ ਕੀਤਾ ਹੈ। ਸਾਰੀਆਂ ਯੋਜਨਾਵਾਂ ਨੂੰ ਚੀਨ ਦੀਆਂ ਵੱਖ-ਵੱਖ ਕੰਪਨੀਆਂ ਮੁਕੰਮਲ ਕਰ ਰਹੀਆਂ ਹਨ। ਇਸ ਲਈ ਚੀਨ ਦੇ ਬੈਂਕਾਂ ਨੇ ਪੈਸੇ ਉਧਾਰ ਦਿੱਤੇ ਹਨ। ਆਪਣੇ ਮੂਲ ਢਾਂਚਿਆਂ ਦੇ ਵਿਕਾਸ ਲਈ ਲਾਓਸ ਹੀ ਨਹੀਂ, ਸ਼੍ਰੀਲੰਕਾ ਅਤੇ ਜਿਬੂਤੀ ਸਮੇਤ ਕਈ ਦੇਸ਼ ਸ਼ਾਮਲ ਹਨ।
ਚੀਨ ਆਪਣੀ ਬੈਲਟ ਐਂਡ ਰੋਡ ਯੋਜਨਾ ’ਚ ਹੁਣ ਤੱਕ ਮੂਲ ਢਾਂਚੇ ਦੇ ਵਿਕਾਸ ਲਈ 800 ਅਰਬ ਡਾਲਰ ਖਰਚ ਕਰ ਚੁੱਕਾ ਹੈ। ਇਸ ਪਿੱਛੇ ਚੀਨ ਦਾ ਇਰਾਦਾ ਆਪਣੇ ਦੇਸ਼ ’ਚ ਤਿਆਰ ਵਸਤਾਂ ਨੂੰ ਦੂਜੇ ਦੇਸ਼ਾਂ ਦੇ ਬਾਜ਼ਾਰ ’ਚ ਵੇਚਣਾ ਹੈ ਜਿਸ ਦਾ ਸਿੱਧਾ ਲਾਭ ਚੀਨ ਨੂੰ ਹੀ ਮਿਲੇਗਾ। ਇਸ ਦੇ ਨਾਲ ਹੀ ਚੀਨ ਇਸ ਯੋਜਨਾ ਰਾਹੀਂ ਚੀਨ ਦੀਆਂ ਨਿਰਮਾਣ ਕੰਪਨੀਆਂ ਨੂੰ ਠੇਕੇ ਦਿਵਾ ਕੇ ਲਾਭ ਹਾਸਲ ਕਰ ਰਿਹਾ ਹੈ। ਇੰਝ ਕਰ ਕੇ ਇਸ ਖੇਤਰ ’ਚ ਚੀਨ ਅਮਰੀਕਾ ਦੇ ਦਬਦਬੇ ਨੂੰ ਘੱਟ ਕਰਨਾ ਚਾਹੁੰਦਾ ਹੈ ਪਰ ਅਮਰੀਕਾ ਨੇ ਇਸ ਮੁੱਦੇ ’ਤੇ ਚੀਨ ’ਤੇ ਗਰੀਬ ਦੇਸ਼ਾਂ ਨੂੰ ਲਾਲਚ ਦੇ ਕੇ ਆਪਣੇ ਕਰਜ਼ੇ ਦੇ ਜਾਲ ’ਚ ਫਸਾਉਣ ਦਾ ਦੋਸ਼ ਲਾਇਆ ਹੈ। ਇਕ ਵਾਰ ਜਿਹੜਾ ਦੇਸ਼ ਚੀਨ ਦੇ ਕਰਜ਼ੇ ਦੇ ਜਾਲ ’ਚ ਫੱਸ ਜਾਂਦਾ ਹੈ, ਉਸ ਦਾ ਬਾਹਰ ਨਿਕਲਣਾ ਅਸੰਭਵ ਹੋ ਜਾਂਦਾ ਹੈ।
ਜਿਹੜੇ ਦੇਸ਼ ਚੀਨ ਦਾ ਕਰਜ਼ਾ ਵਾਪਸ ਨਹੀਂ ਕਰਦੇ, ਉਨ੍ਹਾਂ ਦੇਸ਼ਾਂ ’ਚ ਚੀਨ ਬੰਦਰਗਾਹਾਂ, ਹਵਾਈ ਅੱਡਿਆਂ ਅਤੇ ਖਣਿਜ ਪਦਾਰਥਾਂ ਦੀਆਂ ਖਾਨਾਂ ਨੂੰ ਪੱਟੇ ’ਤੇ ਲੈ ਲੈਂਦਾ ਹੈ ਜਿਵੇਂ ਯੁਗਾਂਡਾ ਦਾ ਐਂਟੇਬੀ ਹਵਾਈ ਅੱਡਾ, ਸ਼੍ਰੀਲੰਕਾ ਦੀ ਹੰਬਨਟੋਟਾ ਬੰਦਰਗਾਹ, ਜਿਬੂਤੀ ’ਚ ਸਮੁੰਦਰੀ ਫੌਜ ਦੇ ਅੱਡੇ ਲਈ ਸਮੁੰਦਰ ਦੇ ਕੰਢੇ ਦਾ ਵੱਡਾ ਇਲਾਕਾ ਲੈ ਲੈਣਾ ਸ਼ਾਮਲ ਹੈ। ਪਿਛਲੇ ਦਿਨੀਂ ਹੀ ਚੀਨ ਨੂੰ ਜਵਾਬ ਦੇਣ ਅਤੇ ਉਸ ਨੂੰ ਇਸ ਖੇਤਰ ’ਚ ਆਪਣਾ ਗਲਬਾ ਵਧਾਉਣ ਤੋਂ ਰੋਕਣ ਲਈ 7 ਦੇਸ਼ਾਂ ਨੇ ਮਿਲ ਕੇ ਆਮ ਲੋਕਾਂ, ਵਪਾਰੀਆਂ ਅਤੇ ਵਿੱਤੀ ਅਦਾਰਿਆਂ ਕੋਲੋਂ ਪੈਸੇ ਲੈ ਕੇ ਮੂਲ ਢਾਂਚੇ ਨੂੰ ਬਣਾਉਣ ਦਾ ਸੰਕਲਪ ਲਿਆ ਹੈ।
ਇਕ ਡਾਟਾ ਲੈਬ ਦੀ ਰਿਪੋਰਟ ਮੁਤਾਬਕ ਲਾਓਸ ’ਚ ਚੀਨ ਨੇ ਜਿੰਨਾ ਪੈਸਾ ਨਿਵੇਸ਼ ਕੀਤਾ ਹੈ ਉਹ 12.2 ਅਰਬ ਡਾਲਰ ਹੈ ਜੋ ਵਿਸ਼ਵ ਬੈਂਕ ਦੇ ਅੰਦਾਜ਼ੇ ਨਾਲੋਂ ਵੀ ਵੱਧ ਹੈ। ਪਿਛਲੇ 18 ਸਾਲਾਂ ’ਚ ਲਾਓਸ ਦੀ ਸਰਕਾਰ ਨੇ ਚੀਨ ਕੋਲੋਂ 5.57 ਅਰਬ ਡਾਲਰ ਦਾ ਕਰਜ਼ਾ ਲਿਆ ਹੈ ਪਰ ਇਹ ਜਾਣਕਾਰੀ ਅਸਲ ਪੈਸਿਆਂ ਦਾ ਬੜਾ ਛੋਟਾ ਹਿੱਸਾ ਹੈ ਜੋ ਦੁਨੀਆ ਦੇ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਵੀ ਲਾਓਸ ਉਪਰ ਬੀਜਿੰਗ ਦਾ 6.69 ਅਰਬ ਡਾਲਰ ਦਾ ਕਰਜ਼ਾ ਬਕਾਇਆ ਹੈ। ਵਿਸ਼ਵ ਬੈਂਕ ਦੇ ਅੰਕੜਿਆਂ ਮੁਤਾਬਕ ਲਾਓਸ ਨੂੰ ਸਾਲ 2025 ਤੱਕ ਹਰ ਸਾਲ 1.3 ਅਰਬ ਡਾਲਰ ਦਾ ਵਿਦੇਸ਼ੀ ਕਰਜ਼ਾ ਅਦਾ ਕਰਨਾ ਹੋਵੇਗਾ ਜੋ ਫੈਡਰਲ ਰੰਸੀ ਭੰਡਾਰ ਅਤੇ ਕੁਲ ਘਰੇਲੂ ਮਾਲੀਏ ਦੇ ਅੱਧੇ ਦੇ ਬਰਾਬਰ ਹੈ।
ਵਿਸ਼ਵ ਬੈਂਕ ਦੇ ਅਨੁਮਾਨ ਮੁਤਾਬਕ ਲਾਓਸ ਦੀ ਅਰਥਵਿਵਸਥਾ 3.8 ਫੀਸਦੀ ਦੀ ਰਫਤਾਰ ਨਾਲ ਅੱਗੇ ਵਧੇਗੀ ਪਰ ਇਸ ਰਫਤਾਰ ਨਾਲ ਅਰਥਵਿਵਸਥਾ ਅੱਗੇ ਵਧਣ ਕਾਰਨ ਲਾਓਸ ਚੀਨ ਦਾ ਕਰਜ਼ਾ ਅਦਾ ਨਹੀਂ ਕਰ ਸਕੇਗਾ। ਲਾਓਸ ਦੇ ਵਿੱਤ ਮੰਤਰੀ ਬਾਉਂਚੋਮ ਉਬੋਨਪੇਸੁਥ ਨੇ ਇਸ ਸਾਲ ਜੂਨ ’ਚ ਨੈਸ਼ਨਲ ਅਸੈਂਬਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਸੀ ਕਿ ਸਾਲ 2018 ’ਚ ਲਾਓਸ ਉਪਰ ਕਰਜ਼ਾ 1.2 ਅਰਬ ਡਾਲਰ ਤੋਂ ਇਸ ਸਾਲ ਵਧ ਕੇ 1.4 ਅਰਬ ਡਾਲਰ ਹੋ ਚੁੱਕਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਦੇਸ਼ ਦਿਵਾਲੀਆ ਨਹੀਂ ਹੋਵੇਗਾ। ਸਰਕਾਰ ਟੈਕਸਾਂ ’ਚ ਸੋਧ ਕਰੇਗੀ ਤਾਂ ਜੋ ਵਿਦੇਸ਼ੀ ਕਰਜ਼ੇ ਨੂੰ ਅਦਾ ਕੀਤਾ ਜਾ ਸਕੇ।
ਬਾਉਂਚੋਮ ਉਬੋਨਪੇਸੁਥ ਨੇ ਕਿਹਾ ਕਿ ਪਹਿਲਾਂ ਲਏ ਗਏ ਕਰਜ਼ੇ ਦੇਸ਼ ਦੀ ਤਰੱਕੀ ਲਈ ਜ਼ਰੂਰੀ ਸਨ, ਜਿਸ ਤਰ੍ਹਾਂ ਚੀਨ ਕੋਲੋਂ ਲਾਓਸ ਨੇ ਰੇਲਵੇ ਲਈ 5.9 ਅਰਬ ਡਾਲਰ ਦਾ ਕਰਜ਼ਾ ਲਿਆ ਸੀ, ਉਸ ਕਾਰਨ ਚੀਨ ਦੇ ਕੁੰਨਮਿੰਗ ਤੋਂ ਲਾਓਸ ਦੀ ਰਾਜਧਾਨੀ ਵੀਅਨਤਿਆਨ ਨੂੰ ਜੋੜਿਆ ਗਿਆ ਸੀ । ਇਸ ’ਚੋਂ 70 ਫੀਸਦੀ ਭਾਈਵਾਲੀ ਚੀਨ ਦੀ ਅਤੇ 30 ਫੀਸਦੀ ਲਾਓਸ ਦੀ ਸੀ। ਲਾਓਸ ਨੂੰ ਰੇਲਵੇ ਤੋਂ ਜੋ ਉਮੀਦ ਸੀ ਉਹ ਪੂਰੀ ਨਹੀਂ ਹੋਈ। ਨਾ ਤਾਂ ਰੇਲਵੇ ਵੱਲੋਂ ਸੰਭਾਵਤ ਕਮਾਈ ਕੀਤੀ ਜਾ ਰਹੀ ਹੈ ਅਤੇ ਨਾ ਹੀ ਲਾਓਸ ਚੀਨ ਦਾ ਕਰਜ਼ਾ ਉਤਾਰ ਰਿਹਾ ਹੈ। ਉਲਟਾ ਆਪਣੀਆਂ ਉੱਚੀਆਂ ਿਵਆਜ ਦਰਾਂ ਕਾਰਨ ਕਰਜ਼ਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਚੀਨ ਕਰਜ਼ਾ ਮਾਫ ਨਹੀਂ ਕਰਦਾ। ਉਹ ਕਰਜ਼ੇ ਦੀ ਅਦਾਇਗੀ ਲਈ ਮਿਆਦ ਨੂੰ ਵਧਾ ਜ਼ਰੂਰ ਦਿੰਦਾ ਹੈ। ਤਾਂ ਜੋ ਉਸ ਨੂੰ ਲੰਬੇ ਸਮੇਂ ਤੱਕ ਲਾਭ ਮਿਲਦਾ ਰਹੇ। ਇਸ ਨੂੰ ਵੇਖਦੇ ਹੋਏ ਲੱਗਦਾ ਨਹੀਂ ਕਿ ਲਾਓਸ ਜਲਦੀ ਹੀ ਚੀਨ ਦੇ ਕਰਜ਼ੇ ਦੇ ਜਾਲ ’ਚ ਬਾਹਰ ਨਿਕਲ ਆਵੇਗਾ।