ਕੇਰਲ ਦੇ ਰੈਸਟੋਰੈਂਟ ਵਿਚ ''ਰੋਬੋਟ ਵੇਟਰੈਸਿਜ਼'' ਪਰੋਸਦੀਆਂ ਹਨ ਭੋਜਨ

07/21/2019 6:45:39 AM

ਅਜੇ ਤਕ ਤੁਸੀਂ ਬਹੁਤ ਸਾਰੇ ਰੈਸਟੋਰੈਂਟਸ ਬਾਰੇ ਸੁਣਿਆ ਹੋਵੇਗਾ, ਜਿਨ੍ਹਾਂ 'ਚ ਕਈ ਵਿਸ਼ੇਸ਼ ਤਰ੍ਹਾਂ ਦੀਆਂ ਖੂਬੀਆਂ ਹੁੰਦੀਆਂ ਹਨ। ਕਿਤੇ ਇਹ ਰੈਸਟੋਰੈਂਟ ਪਾਣੀ ਦੇ ਅੰਦਰ ਹੁੰਦੇ ਹਨ, ਕਿਸੇ ਰੈਸਟੋਰੈਂਟ ਦੀ ਖੂਬੀ ਹੈ ਕਿ ਉਹ ਜ਼ਮੀਨ ਦੇ ਅੰਦਰ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਰੈਸਟੋਰੈਂਟ ਬਾਰੇ ਦੱਸਣ ਜਾ ਰਹੇ ਹਾਂ, ਜਿਸ ਬਾਰੇ ਤੁਸੀਂ ਘੱਟੋ-ਘੱਟ ਆਪਣੇ ਦੇਸ਼ 'ਚ ਤਾਂ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਪਰ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਹ ਰੈਸਟੋਰੈਂਟ ਵੀ ਆਪਣੇ ਹੀ ਦੇਸ਼ 'ਚ ਹੈ ਅਤੇ ਸੈਲਾਨੀ ਖੁੱਲ੍ਹ ਕੇ ਇਸ ਰੈਸਟੋਰੈਂਟ 'ਚ ਖਾਣੇ ਦਾ ਅਨੰਦ ਮਾਣਦੇ ਹਨ।
ਤੁਸੀਂ ਵਿਦੇਸ਼ਾਂ 'ਚ ਤਾਂ ਕਈ ਅਜਿਹੇ ਰੈਸਟੋਰੈਂਟਸ ਬਾਰੇ ਸੁਣਿਆ ਹੋਵੇਗਾ ਪਰ ਭਾਰਤ 'ਚ ਵੀ ਹੁਣ ਅਜਿਹੇ ਰੈਸਟੋਰੈਂਟਸ ਮੌਜੂਦ ਹਨ, ਜਿਥੇ ਗਾਹਕਾਂ ਨੂੰ ਭੋਜਨ ਵਰਤਾਉਣ ਦੀ ਜ਼ਿੰਮੇਵਾਰੀ ਰੋਬੋਟ ਉਠਾ ਰਹੇ ਹਨ। ਕੇਰਲ ਦੇ ਕੰਨੂਰ ਜ਼ਿਲੇ 'ਚ ਇਕ ਅਜਿਹਾ ਹੀ ਰੈਸਟੋਰੈਂਟ ਖੋਲ੍ਹਿਆ ਗਿਆ ਹੈ, ਜਿਥੇ ਤੁਹਾਨੂੰ ਰੋਬੋਟ ਭੋਜਨ ਵਰਤਾਉਣਗੇ। ਇਹ ਹੋਟਲ ਆਪਣੀਆਂ ਖੂਬੀਆਂ ਕਾਰਣ ਸੁਰਖ਼ੀਆਂ 'ਚ ਬਣਿਆ ਹੋਇਆ ਹੈ। ਇਨ੍ਹਾਂ ਰੋਬੋਟਸ ਨੂੰ ਕੰਮ ਕਰਦਿਆਂ ਦੇਖ ਕੇ ਹਰ ਕੋਈ ਇਹ ਕਹਿ ਸਕਦਾ ਹੈ ਕਿ ਤਕਨੀਕ ਜੇਕਰ ਇੰਝ ਹੀ ਕੰਮ ਕਰਦੀ ਰਹੀ ਤਾਂ ਆਉਣ ਵਾਲੇ ਸਮੇਂ 'ਚ ਇਨਸਾਨ ਕੀ ਕਰਨਗੇ।
ਇਸ ਰੈਸਟੋਰੈਂਟ 'ਚ ਹੇਲੇਨ, ਹੇਲੇਨਾ ਅਤੇ ਜੇਨ ਤੁਹਾਡੀ ਸੇਵਾ ਲਈ ਤਾਇਨਾਤ ਹਨ। ਇਹ ਰੋਬੋਟ ਨਿਰਦੇਸ਼ਾਂ ਦੇ ਹਿਸਾਬ ਨਾਲ ਰੈਸਟੋਰੈਂਟ ਦੇ ਸਾਰੇ ਟੇਬਲਾਂ ਨੂੰ ਅਟੈਂਡ ਕਰਨਗੇ। ਰੈਸਟੋਰੈਂਟ 'ਚ ਆਏ ਗਾਹਕਾਂ ਨੂੰ ਮੈਨਿਊ ਦਿਖਾਉਣਗੇ ਅਤੇ ਉਨ੍ਹਾਂ ਦਾ ਆਰਡਰ ਲੈ ਕੇ ਉਨ੍ਹਾਂ ਨੂੰ ਸਰਵ ਕਰਨਗੇ। ਮੀਡੀਆ 'ਚ ਆਈਆਂ ਖਬਰਾਂ ਅਨੁਸਾਰ ਇਨ੍ਹਾਂ ਰੋਬੋਟਸ ਦੇ ਰੈਸਟੋਰੈਂਟਾਂ 'ਚ ਨਿਰਦੇਸ਼ਿਤ ਮਾਰਗ ਬਣਾਏ ਗਏ ਹਨ, ਜਿਨ੍ਹਾਂ 'ਤੇ ਇਹ ਚੱਲਣਗੇ। ਇੰਨਾ ਹੀ ਨਹੀਂ, ਜੇਕਰ ਇਨ੍ਹਾਂ ਦੇ ਰਾਹ 'ਚ ਕੋਈ ਖੜ੍ਹਾ ਹੋਵੇਗਾ ਤਾਂ ਇਹ ਰੋਬੋਟ ਨਿਮਰਤਾ ਨਾਲ ਇਕ ਪਾਸੇ ਹੋ ਜਾਣ ਲਈ ਵੀ ਕਹਿਣਗੇ। ਰੋਬੋਟ ਗਾਹਕਾਂ ਨਾਲ ਹਿੰਦੀ ਦੇ ਨਾਲ-ਨਾਲ ਅੰਗਰੇਜ਼ੀ 'ਚ ਗੱਲ ਕਰਨਗੇ।
ਇਸ ਤੋਂ ਇਲਾਵਾ ਇਸ ਰੈਸਟੋਰੈਂਟ ਵਿਚ ਬੱਚਿਆਂ ਦੇ ਮਨੋਰੰਜਨ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਬੱਚਿਆਂ ਲਈ 3 ਰੋਬੋਟ ਵੇਟਰੈਸਿਜ਼ ਤੋਂ ਇਲਾਵਾ ਇਕ ਹੋਰ ਰੋਬੋਟ ਮੌਜੂਦ ਹੋਵੇਗਾ, ਜੋ ਉਨ੍ਹਾਂ ਨਾਲ ਡਾਂਸ ਕਰੇਗਾ ਅਤੇ ਗਾਣਾ ਵੀ ਗਾਏਗਾ। ਇਸ ਤੋਂ ਇਲਾਵਾ ਇਹ ਛੋਟੇ ਬੱਚਿਆਂ ਦਾ ਹੱਥ ਫੜ ਕੇ ਉਨ੍ਹਾਂ ਨੂੰ ਵਾਸ਼ਰੂਮ ਤਕ ਵੀ ਲੈ ਕੇ ਜਾਵੇਗਾ। ਇਸ ਰੈਸਟੋਰੈਂਟ ਦਾ ਨਾਂ ਬੀਐਟਕਿਵਨੋ ਹੈ, ਜਿਸ ਨੂੰ ਮਲਿਆਲਮ ਰੈਸਟੋਰੈਂਟ ਉਦਯੋਗ ਦੇ ਨਿਰਮਾਤਾ ਮਨੀਅਨ ਪਿੱਲਈ ਰਾਜੂ ਅਤੇ ਕੁਝ ਹੋਰ ਨਿਵੇਸ਼ਕਾਂ ਨੇ ਮਿਲ ਕੇ ਖੋਲ੍ਹਿਆ ਹੈ। ਰਾਜੂ ਨੇ ਰੈਸਟੋਰੈਂਟ ਦੀ ਲਾਂਚਿੰਗ 'ਤੇ ਗੱਲ ਕਰਦਿਆਂ ਦੱਸਿਆ ਕਿ ਇਹ ਟੈਕਨਾਲੋਜੀ ਅਤੇ ਖੁਰਾਕ ਉਦਯੋਗ ਨੂੰ ਨੇੜੇ ਲਿਆਉਣ ਦਾ ਇਕ ਛੋਟਾ ਜਿਹਾ ਯਤਨ ਹੈ। ਇਸ ਰੈਸਟੋਰੈਂਟ 'ਚ ਇਕ ਵਾਰ 'ਚ ਲੱਗਭਗ 100 ਗਾਹਕ ਖਾਣਾ ਖਾ ਸਕਦੇ ਹਨ।            (ਟਾ.)


KamalJeet Singh

Content Editor

Related News