ਕੀ ਜੰਮੂ-ਕਸ਼ਮੀਰ ''ਚ ਨਵੀਆਂ ਚੋਣਾਂ ਕਰਵਾਉਣਾ ਹੀ ਬਿਹਤਰ ਬਦਲ ਹੋਵੇਗਾ

Thursday, Apr 27, 2017 - 01:17 AM (IST)

ਜੰਮੂ-ਕਸ਼ਮੀਰ ''ਚ ਪੀ. ਡੀ. ਪੀ.-ਭਾਜਪਾ ਦੀ ਸਰਕਾਰ ਨੇ ਲੱਗਦਾ ਹੈ ਕਿ ਸੁੱਖ ਦਾ ਸਾਹ ਲਿਆ ਹੈ। ਸੂਬੇ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ, ਜੋ ਗੱਠਜੋੜ ਸਰਕਾਰ ਦੀ ਅਗਵਾਈ ਕਰ ਰਹੀ ਹੈ, ਨੇ ਗੱਠਜੋੜ ਟੁੱਟਣ ਅਤੇ ਕੁਝ ਸਮੇਂ ਤਕ ਰਾਸ਼ਟਰਪਤੀ ਰਾਜ ਲਾ ਕੇ ਨਵੀਆਂ ਚੋਣਾਂ ਕਰਵਾਉਣ ਸੰਬੰਧੀ ਰਿਪੋਰਟਾਂ ਦਰਮਿਆਨ ਸਥਿਤੀ ''ਤੇ ਚਰਚਾ ਕਰਨ ਲਈ ਬੀਤੇ ਸੋਮਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।
ਸਪੱਸ਼ਟ ਸੀ ਕਿ ਮੋਦੀ ਅਤੇ ਭਾਜਪਾ ਦੇ ਇਰਾਦੇ ਕੁਝ ਹੋਰ ਹੀ ਹਨ ਅਤੇ ਉਨ੍ਹਾਂ ਨੇ ਇਹ ਉਮੀਦ ਲਾਈ ਹੋਈ ਹੈ ਕਿ ਅਗਲੇ ਕੁਝ ਮਹੀਨਿਆਂ ਦੌਰਾਨ ਪੱਥਰਬਾਜ਼ ਵਿਖਾਵਾਕਾਰੀ ਖੁਦ ਹੀ ਅੱਕ ਜਾਣਗੇ। ਇਸ ਸਿੱਟੇ ਦਾ ਆਧਾਰ ਇਹ ਹੈ ਕਿ ਦੋਵੇਂ ਨੇਤਾ ਕੋਈ ਸਾਂਝਾ ਬਿਆਨ ਦੇਣ ਜਾਂ ਸੂਬੇ ਦੀ ਬਦਤਰ ਹੋਈ ਹਾਲਤ ਨਾਲ ਨਜਿੱਠਣ ਦੇ ਮਾਮਲੇ ''ਚ ਕੋਈ ਸਰਬਸੰਮਤੀ ਬਣਾਉਣ ''ਚ ਨਾਕਾਮ ਰਹੇ ਹਨ। ਘੱਟੋ-ਘੱਟ ਇੰਨੀ ਉਮੀਦ ਤਾਂ ਕੀਤੀ ਜਾ ਰਹੀ ਸੀ ਕਿ ਮੋਦੀ ਅਜਿਹਾ ਬਿਆਨ ਜਾਰੀ ਕਰਨਗੇ, ਜਿਹੜਾ ਆਸ ਬੰਨ੍ਹਾਉਣ ਵਾਲਾ ਹੋਵੇ।
ਕਸ਼ਮੀਰ ''ਚ ਜਿਸ ਤਰ੍ਹਾਂ ਸਾਰਿਆਂ ਦੀ ਜਾਂਚ ਸ਼ਿਕੰਜੇ ''ਚ ਫਸੀ ਹੋਈ ਹੈ, ਅਜਿਹੀ ਸਥਿਤੀ ''ਚ ਕੋਈ ਕਾਰਗਰ ਕਦਮ ਚੁੱਕਣ ਦੀ ਲੋੜ ਹੈ। ਜਦੋਂ ਤਕ ਅਜਿਹਾ ਨਹੀਂ ਕੀਤਾ ਜਾਂਦਾ, ਉਦੋਂ ਤਕ ਸਰਕਾਰ ਅਤੇ ਆਮ ਲੋਕਾਂ ਦਰਮਿਆਨ ਦੂਰੀਆਂ ਵਧਦੀਆਂ ਹੀ ਰਹਿਣਗੀਆਂ। ਸਿਰਫ ਇਸ ਗੱਲ ਦੀ ਉਮੀਦ ਕੀਤੀ ਜਾ ਸਕਦੀ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਮਿਲ ਕੇ ਕੋਈ ਰਣਨੀਤੀ ਤਿਆਰ ਕਰਨਗੀਆਂ ਅਤੇ ਇਸ ਉਮੀਦ ''ਤੇ ਹੀ ਨਹੀਂ ਬੈਠੀਆਂ ਰਹਿਣਗੀਆਂ ਕਿ ਵਿਰੋਧ ਪ੍ਰਦਰਸ਼ਨ ਹੌਲੀ-ਹੌਲੀ ਆਪਣੀ ਮੌਤੇ ਮਰ ਜਾਣਗੇ।
ਜਦੋਂ ਮੁਫਤੀ ਮੁਹੰਮਦ ਸਈਦ ਦੀ ਪਾਰਟੀ ਪੀ. ਡੀ. ਪੀ. ਨੇ ਜੰਮੂ-ਕਸ਼ਮੀਰ ''ਚ ਗੱਠਜੋੜ ਸਰਕਾਰ ਬਣਾਉਣ ਲਈ ਦੋ ਸਾਲ ਪਹਿਲਾਂ ਭਾਜਪਾ ਨਾਲ ਹੱਥ ਮਿਲਾਇਆ ਸੀ ਤਾਂ ਇਹ ਇਕ ਅਜਿਹਾ ਸਿਆਸੀ ਦ੍ਰਿਸ਼ ਸੀ, ਜਿਸ ਦੀ ਬਹੁਤ ਘੱਟ ਲੋਕਾਂ ਨੇ ਕਲਪਨਾ ਕੀਤੀ ਸੀ। ਪੀ. ਡੀ. ਪੀ. ਬਾਰੇ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਸੀ ਕਿ ਵੱਖਵਾਦੀਆਂ ਅਤੇ ਅੱਤਵਾਦੀਆਂ ਪ੍ਰਤੀ ਸਦਭਾਵਨਾ ਰੱਖੀ ਹੈ, ਜਦਕਿ ਭਾਜਪਾ ਹਮੇਸ਼ਾ ਹੀ ਹਿੰਦੂਵਾਦ ਅਤੇ ਕੱਟੜ ਰਾਸ਼ਟਰਵਾਦ ਦੀ ਝੰਡਾਬਰਦਾਰ ਰਹੀ ਹੈ।
ਮੁੱਖ ਮੰਤਰੀ ਦੀ ਕੁਰਸੀ ''ਤੇ ਹੀ ਮੌਤ ਦੇ ਮੂੰਹ ''ਚ ਚਲੇ ਗਏ ਮੁਫਤੀ ਮੁਹੰਮਦ ਸਈਦ ਨੇ ਇਸ ਗੱਠਜੋੜ ਨੂੰ ਉੱਤਰੀ ਤੇ ਦੱਖਣੀ ਧਰੁਵ ਦਾ ਮੇਲ ਕਰਾਰ ਦਿੱਤਾ ਸੀ ਅਤੇ ਉਮੀਦ ਪ੍ਰਗਟਾਈ ਸੀ ਕਿ ਇਕ-ਦੂਜੇ ਦਾ ਨਜ਼ਰੀਆ ਬਿਹਤਰ ਢੰਗ ਨਾਲ ਸਮਝਣ ਦੇ ਸਿੱਟੇ ਵਜੋਂ ਕਸ਼ਮੀਰ ਵਾਦੀ ਦੀ ਸਥਿਤੀ ''ਚ ਸੁਧਾਰ ਹੋਵੇਗਾ। ਦੋਹਾਂ ਪਾਰਟੀਆਂ ਨੇ ਗੱਠਜੋੜ ਦਾ ਏਜੰਡਾ ਵੀ ਤਿਆਰ ਕੀਤਾ ਸੀ, ਜਿਸ ''ਚ ਗੱਠਜੋੜ ਸਰਕਾਰ ਵਲੋਂ ਕੀਤੇ ਜਾਣ ਵਾਲੇ ਸਾਂਝੇ ਕੰਮਾਂ ਨੂੰ ਸੂਚੀਬੱਧ ਕੀਤਾ ਗਿਆ ਸੀ।
ਬਿਲਕੁਲ ਉਲਟ ਵਿਚਾਰਧਾਰਾ ਵਾਲੀਆਂ ਇਨ੍ਹਾਂ ਦੋਹਾਂ ਪਾਰਟੀਆਂ ਦਾ ਇਕ-ਦੂਜੀ ਨਾਲ ਹੱਥ ਮਿਲਾਉਣਾ ਸਿੱਧੇ ਤੌਰ ''ਤੇ ਭਰੋਸੇਯੋਗ ਨਹੀਂ ਲੱਗ ਰਿਹਾ ਸੀ। ਜ਼ਿਆਦਾਤਰ ਸਿਆਸੀ ਆਬਜ਼ਰਵਰ ਪਹਿਲੇ ਦਿਨ ਤੋਂ ਹੀ ਗੱਠਜੋੜ ਨੂੰ ਲੈ ਕੇ ਖਦਸ਼ੇ ''ਚ ਸਨ ਪਰ ਫਿਰ ਵੀ ਉਨ੍ਹਾਂ ਨੇ ਇਹ ਉਮੀਦ ਲਾਈ ਹੋਈ ਸੀ ਕਿ ਜਦ ਕਸ਼ਮੀਰ ਵਾਦੀ ''ਚ ਸਾਰੀਆਂ ਉਮੀਦਾਂ ਟੁੱਟ ਚੁੱਕੀਆਂ ਹਨ ਤਾਂ ਅਣਕਿਆਸੇ ਕਦਮ ਚੁੱਕ ਕੇ ਹੀ ਕੋਈ ਬਿਹਤਰੀ ਲਿਆਂਦੀ ਜਾ ਸਕਦੀ ਹੈ।
ਦੋ ਸਾਲ ਬੀਤ ਜਾਣ ਤੋਂ ਬਾਅਦ ਹੁਣ ਅਸੀਂ ਦੇਖ ਰਹੇ ਹਾਂ ਕਿ ਸਥਿਤੀ ਸਿਰਫ ਬਦਤਰ ਹੀ ਹੋਈ ਹੈ ਅਤੇ ਸੂਬੇ ''ਚ ਮੌਜੂਦਾ ਸਰਕਾਰ ਦੇ ਹੁੰਦਿਆਂ ਕਿਸੇ ਸੁਧਾਰ ਦਾ ਸੰਕੇਤ ਦਿਖਾਈ ਨਹੀਂ ਦਿੰਦਾ। ਸਪੱਸ਼ਟ ਹੈ ਕਿ ਇਹ ਅਸੰਭਵ ਗੱਠਜੋੜ ਆਪਣੇ ਉਦੇਸ਼ਾਂ ਨੂੰ ਪੂਰੇ ਕਰਨ ''ਚ ਅਸਫਲ ਰਿਹਾ ਹੈ ਤੇ ਹੁਣ ਇਸ ਪ੍ਰਯੋਗ ਨੂੰ ਦਫਨ ਕਰਨ ਦਾ ਸਮਾਂ ਆ ਗਿਆ ਹੈ।
ਗੱਠਜੋੜ ਦੀ ਅਸਫਲਤਾ ਦੇ ਬੁਨਿਆਦੀ ਕਾਰਕਾਂ ''ਚੋਂ ਇਕ ਸ਼ਾਇਦ ਇਹ ਹੈ ਕਿ ਵਾਦੀ ''ਚ ਕਸ਼ਮੀਰ ਦੀ ਆਜ਼ਾਦੀ ਦੇ ਸਮਰਥਕਾਂ ਜਾਂ ਹਿੰਸਕ ਅਨਸਰਾਂ ਨੇ ਫਾਰੂਕ ਅਬਦੁੱਲਾ ਤੇ ਉਨ੍ਹਾਂ ਦੇ ਬੇਟੇ ਉਮਰ ਅਬਦੁੱਲਾ ਦੀ ਅਗਵਾਈ ਵਾਲੀ ਉਦਾਰਵਾਦੀ ਨੈਸ਼ਨਲ ਕਾਨਫਰੰਸ ਦੀ ਬਜਾਏ ਪੀ. ਡੀ. ਪੀ. ਤੋਂ ਜ਼ਿਆਦਾ ਉਮੀਦਾਂ ਲਾਈਆਂ ਹੋਈਆਂ ਹਨ।
ਮਹਿਬੂਬਾ ਮੁਫਤੀ ਤੇ ਪੀ. ਡੀ. ਪੀ. ਦੇ ਹੋਰ ਨੇਤਾ ਉਨ੍ਹਾਂ ਲੋਕਾਂ ਦੇ ਘਰਾਂ ''ਚ ਜਾਂਦੇ ਰਹੇ ਹਨ, ਜਿਹੜੇ ਸੁਰੱਖਿਆ ਬਲਾਂ ਨਾਲ ਮੁਕਾਬਲਿਆਂ ਜਾਂ ਰੋਸ-ਮੁਜ਼ਾਹਰਿਆਂ ਦੌਰਾਨ ਮਾਰੇ ਗਏ ਸਨ ਤੇ ਇਸ ਬਹਾਨੇ ਉਨ੍ਹਾਂ ਨਾਲ ਹਮਦਰਦੀ ਪ੍ਰਗਟਾਉਂਦੇ ਰਹੇ ਹਨ। ਇਕ ਤਰ੍ਹਾਂ ਨਾਲ ਉਨ੍ਹਾਂ ਨੂੰ ਇਨ੍ਹਾਂ ਵੱਖਵਾਦੀਆਂ ਅਤੇ ਅੱਤਵਾਦੀਆਂ ਦੇ ਹਮਦਰਦ ਵਜੋਂ ਹੀ ਵੇਖਿਆ ਜਾਂਦਾ ਹੈ। ''ਦੁਸ਼ਮਣਾਂ'' ਨਾਲ ਹੱਥ ਮਿਲਾਉਣ ਦੀ ਪੀ. ਡੀ. ਪੀ. ਦੀ ਇਹ ਨੀਤੀ ਕੋਈ ਜ਼ਿਆਦਾ ਫਾਇਦੇਮੰਦ ਸਿੱਧ ਨਹੀਂ ਹੋਈ ਕਿਉਂਕਿ ਜ਼ਮੀਨੀ ਪੱਧਰ ''ਤੇ ਗੱਠਜੋੜ ਸਰਕਾਰ ਨੇ ਨੌਜਵਾਨਾਂ ਦਾ ਭਰੋਸਾ ਜਿੱਤਣ ਅਤੇ ਸਨੇਹ ਦੇ ਸੂਤਰ ਮੁੜ ਕਾਇਮ ਕਰਨ ਲਈ ਕੋਈ ਯਤਨ ਨਹੀਂ ਕੀਤੇ।
ਮੁਫਤੀ ਮੁਹੰਮਦ ਸਈਦ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਧੀ ਮਹਿਬੂਬਾ ਨੇ ਇਸ ਗੱਲ ''ਤੇ ਕਾਫੀ ਸਮੇਂ ਤਕ ਵਿਚਾਰ ਕੀਤਾ ਕਿ ਗੱਠਜੋੜ ਨੂੰ ਜਾਰੀ ਰੱਖਿਆ ਜਾਵੇ ਜਾਂ ਨਾ। ਜਦੋਂ ਉਹ  ਕਾਫੀ ਲੰਬੇ ਸਮੇਂ ਤਕ ਆਪਣੇ ਪਿਤਾ ਦੀ ਮੌਤ ਦਾ ਸੋਗ ਮਨਾਉਂਦੀ ਰਹੀ ਤਾਂ ਸੂਬਾ ਕੁਝ ਸਮੇਂ ਤਕ ਰਾਸ਼ਟਰਪਤੀ ਰਾਜ ਦੇ ਅਧੀਨ ਹੀ ਰਿਹਾ ਸੀ। ਇਹ ਸਪੱਸ਼ਟ ਹੈ ਕਿ ਉਹ ਗੱਠਜੋੜ ਤੋੜਨ ਦੀਆਂ ਸੰਭਾਵਨਾਵਾਂ ਦਾ ਅਨੁਮਾਨ ਲਾ ਰਹੀ ਸੀ ਪਰ ਆਖਿਰ ਪਾਰਟੀ ਦੇ ਇਕ ਵਰਗ ਦੇ ਦਬਾਅ ਅਤੇ ਸੱਤਾਸੁੱਖ ਦੇ ਮੋਹ ਕਾਰਨ ਉਨ੍ਹਾਂ ਨੇ ਗੱਠਜੋੜ ਬਣਾਈ ਰੱਖਣ ਦਾ ਫੈਸਲਾ ਲਿਆ।
ਉਦੋਂ ਜੋ ਹਾਲਾਤ ਬਣ ਚੁੱਕੇ ਸਨ, ਉਨ੍ਹਾਂ ''ਚ ਅਜਿਹੀ ਸੰਭਾਵਨਾ ਨਹੀਂ ਸੀ ਕਿ ਨਵੀਆਂ ਚੋਣਾਂ ਹੋਣ ''ਤੇ ਉਨ੍ਹਾਂ ਦੀ ਪਾਰਟੀ ਦੁਬਾਰਾ ਜਿੱਤ ਸਕੇ। ਆਖਿਰ ਮਹਿਬੂਬਾ ਨੇ ਗੱਠਜੋੜ ਨੇਤਾਵਾਂ ਵਲੋਂ ਦਿੱਤੇ ਭਰੋਸੇ ਕਾਰਨ ਇਸ ਨੂੰ ਜਾਰੀ ਰੱਖਣ ਦਾ ਫੈਸਲਾ ਲਿਆ ਪਰ ਇਹ ਭਰੋਸਾ ਗਲਤ ਸਿੱਧ ਹੋਇਆ।
ਬੇਸ਼ੱਕ ਗੱਠਜੋੜ ਸਰਕਾਰ ਬਣਨ ਤੋਂ ਕੁਝ ਹੀ ਸਮੇਂ ਬਾਅਦ ਅਜਿਹੇ ਮੱਤਭੇਦ ਉੱਭਰਨੇ ਸ਼ੁਰੂ ਹੋ ਗਏ ਸਨ, ਜਿਨ੍ਹਾਂ ਦਾ ਕੋਈ ਹੱਲ ਨਹੀਂ ਸੀ ਪਰ ਫਿਰ ਵੀ ਸਥਿਤੀ ''ਚ ਉਦੋਂ ਤਿਲਕਣਬਾਜ਼ੀ ਸ਼ੁਰੂ ਹੋ ਗਈ, ਜਦੋਂ ਕਸ਼ਮੀਰੀ ਨੌਜਵਾਨਾਂ ਦੇ ''ਹੀਰੋ'' ਬਣ ਚੁੱਕੇ ਬੁਰਹਾਨ ਵਾਨੀ ਨੂੰ ਪਿਛਲੇ ਸਾਲ ਜੁਲਾਈ ''ਚ ਸੁਰੱਖਿਆ ਬਲਾਂ ਨੇ ਇਕ ਮੁਕਾਬਲੇ ਦੌਰਾਨ ਮਾਰ ਦਿੱਤਾ।
ਉਸ ਦਿਨ ਤੋਂ ਲੈ ਕੇ ਹਾਲਾਤ ਵਿਗੜਦੇ ਜਾ ਰਹੇ ਹਨ। ਸਕੂਲਾਂ ਸਮੇਤ ਹੋਰ ਵਿੱਦਿਅਕ ਅਦਾਰੇ ਪਿਛਲੇ 6 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਬੰਦ ਪਏ ਹਨ। ਕਈ ਦੁਕਾਨਾਂ ਤੇ ਕਾਰੋਬਾਰੀ ਅਦਾਰੇ ਵੀ ਬੰਦ ਹਨ। ਸੈਰ-ਸਪਾਟਾ ਉਦਯੋਗ ਤਾਂ ਬਿਲਕੁਲ ਹੀ ਠੱਪ ਹੋ ਗਿਆ ਹੈ। ਸੁਰੱਖਿਆ ਬਲਾਂ ''ਤੇ ਪਥਰਾਅ ਅਤੇ ਦੋਹਾਂ ਪਾਸਿਆਂ ਵਲੋਂ ਵਧੀਕੀਆਂ ਦੀਆਂ ਖਬਰਾਂ ਰੋਜ਼ਾਨਾ ਆ ਰਹੀਆਂ ਹਨ।
ਤਾਜ਼ਾ ਘਟਨਾ ''ਚ ਸਕੂਲੀ ਵਿਦਿਆਰਥੀਆਂ ਦੀ ਪੱਥਰਬਾਜ਼ੀ ''ਚ ਸ਼ਮੂਲੀਅਤ ਨੇ ਵਾਦੀਆਂ ਦੀਆਂ ਸਥਿਤੀਆਂ ਨੂੰ ਇਕ ਨਵਾਂ ਰੂਪ ਦੇ ਦਿੱਤਾ। ਕਈ ਵੀਡੀਓ ਸਾਹਮਣੇ ਆ ਰਹੇ ਹਨ, ਜਿਨ੍ਹਾਂ ''ਚ ਇਕ ਕਸ਼ਮੀਰੀ ਨੌਜਵਾਨ ਨੂੰ ਫੌਜ ਦੀ ਗੱਡੀ ਨਾਲ ਬੰਨ੍ਹਣ ਦੀ ਵੀਡੀਓ ਵੀ ਸ਼ਾਮਲ ਹੈ। ਇਹ ਵੀਡੀਓ ਸੋਸ਼ਲ ਨੈੱਟਵਰਕ ''ਤੇ ਜਾਰੀ ਹੁੰਦਿਆਂ ਹੀ ਫੌਜੀ ਬਲਾਂ ਵਿਰੁੱਧ ਵੱਡੇ ਪੱਧਰ ''ਤੇ ਰੋਸ ਭੜਕ ਉੱਠਿਆ।
ਮੰਦਭਾਗੀ ਗੱਲ ਇਹ ਹੈ ਕਿ ਨਾ ਤਾਂ ਮੁੱਖ ਮੰਤਰੀ ਮਹਿਬੂਬਾ ਮੁਫਤੀ ਅਤੇ ਨਾ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਦੇ ਭੜਕੇ ਹੋਏ ਗੁੱਸੇ ਨੂੰ ਸ਼ਾਂਤ ਕਰਨ ਦੀ ਕੋਈ ਜਲਦਬਾਜ਼ੀ ਦਿਖਾਈ ਹੈ। ਮੋਦੀ ਨੇ ਤਾਂ ਇੰਨਾ ਹੀ ਕਿਹਾ ਕਿ ਲੋਕਾਂ ਨੂੰ ਹਰ ਹਾਲਾਤ ''ਚ ਸੈਰ-ਸਪਾਟੇ ਅਤੇ ਅੱਤਵਾਦ ''ਚੋਂ ਇਕ ਦੀ ਚੋਣ ਕਰਨੀ ਪਵੇਗੀ। ਸਥਾਨਕ ਨੇਤਾਵਾਂ ਤਕ ਪਹੁੰਚਣ ਅਤੇ ਭੜਕੇ ਗੁੱਸੇ ਨੂੰ ਸ਼ਾਂਤ ਕਰਨ ਲਈ ਕੋਈ ਖਾਸ ਯਤਨ ਨਹੀਂ ਕੀਤੇ ਗਏ।
ਸੰਕਟ ਦੀ ਫੂਕ ਕੱਢਣ ਜਾਂ ਸਮੱਸਿਆਵਾਂ ਪ੍ਰਤੀ ਸਰਗਰਮੀ ਦਿਖਾਉਣ ਦੀ ਬਜਾਏ ਗੱਠਜੋੜ ਦੇ ਭਾਈਵਾਲ ਵੱਖ-ਵੱਖ ਦਿਸ਼ਾਵਾਂ ''ਚ ਰੱਸਾਕਸ਼ੀ ਕਰ ਰਹੇ ਹਨ। ਸੂਬੇ ਦੇ ਇਸਲਾਮ ਸਮਰਥਕ ਅਨਸਰਾਂ ਤੇ ਹੋਰ ਜੇਹਾਦੀ ਸੰਗਠਨਾਂ ਨੇ ਨਾ ਸਿਰਫ ਸੂਬੇ ਅੰਦਰ ਸਗੋਂ ਪੂਰੇ ਖੇਤਰ ''ਚ ਅਤੇ ਇਥੋਂ ਤਕ ਕਿ ਪੱਛਮੀ ਪਾਕਿਸਤਾਨ ਵਿਚ ਵੀ ਆਪਣੀਆਂ ਹਿੰਸਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਾਕਿਸਤਾਨ ਨੇ ਵੀ ਵਗਦੀ ਗੰਗਾ ''ਚ ਹੱਥ ਧੋਣ ਦੀ ਤਰਜ਼ ''ਤੇ ਕਸ਼ਮੀਰ ਦੀ ਬਲਦੀ ਅੱਗ ''ਚ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੀ ਕੋਈ ਕਸਰ ਨਹੀਂ ਛੱਡੀ ਅਤੇ ਉਹ ਲਗਾਤਾਰ ਭੰਨ-ਤੋੜੂ ਸਰਗਰਮੀਆਂ ਨੂੰ ਹਵਾ ਦੇ ਰਿਹਾ ਹੈ।
ਹੁਣ ਸਮਾਂ ਆ ਗਿਆ ਹੈ ਕਿ ਕੇਂਦਰੀ ਲੀਡਰਸ਼ਿਪ ਛੇਤੀ ਤੋਂ ਛੇਤੀ ਇਹ ਫੈਸਲਾ ਲਵੇ ਕਿ ਮੌਜੂਦਾ ਪ੍ਰਸ਼ਾਸਨ ਸਥਿਤੀ ਨਾਲ ਨਜਿੱਠ ਸਕਦਾ ਹੈ ਜਾਂ ਫਿਰ ਕੁਝ ਸਮੇਂ ਤਕ ਰਾਸ਼ਟਰਪਤੀ ਰਾਜ ਲਾਗੂ ਕਰ ਕੇ ਦੁਬਾਰਾ ਲੋਕਾਂ ਦਾ ਭਰੋਸਾ ਬਹਾਲ ਕਰਨ ਦੇ ਯਤਨ ਕਰਨੇ ਪੈਣਗੇ ਅਤੇ ਉਸ ਤੋਂ ਬਾਅਦ ਨਵੀਆਂ ਚੋਣਾਂ ਕਰਵਾਉਣਾ ਹੀ ਬਿਹਤਰ ਬਦਲ ਹੋਵੇਗਾ।
                      vipinpubby@gmail.com


Related News