ਏਅਰ ਚਾਈਨਾ ਦੇ ਖਾਣੇ ਦੀ ਅੰਗ੍ਰੇਜ਼ੀ ਸੂਚੀ ’ਚ ‘ਕੁੱਤਿਆਂ ਦਾ ਖਾਣਾ’ ਮੁੱਦੇ ’ਤੇ ਹੋਇਆ ਬਵਾਲ
Wednesday, Nov 29, 2023 - 05:19 PM (IST)
ਚੀਨ ’ਚ ਹਾਲ ਹੀ ’ਚ ਇਕ ਖਬਰ ਨੇ ਲੋਕਾਂ ਦੇ ਹੋਸ਼ ਉਡਾ ਦਿੱਤੇ ਹਨ, ਚੀਨ ਦੀ ਸਭ ਤੋਂ ਵੱਡੀ ਕੌਮਾਂਤਰੀ ਏਅਰਲਾਈਨਜ਼ ਏਅਰ ਚਾਈਨਾ ਦੇ ਬਿਜ਼ਨੈੱਸ ਕਲਾਸ ’ਚ ਲੋਕਾਂ ਨੂੰ ਸਟਾਰਟਰ ਪਰੋਸੇ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਅੰਗ੍ਰੇਜ਼ੀ ਭਾਸ਼ਾ ’ਚ ਲਿਖੀ ਸੂਚੀ ਦਿੱਤੀ ਗਈ ਜਿਸ ’ਚ ਲਿਖਿਆ ਸੀ ‘ਇੰਪੋਰਟਿਡ ਡੌਗ ਫੂਡ’ ਭਾਵ ਦਰਾਮਦ ਕੁੱਤੇ ਦਾ ਖਾਣਾ।
ਇਸ ਖਬਰ ਨੇ ਲੋਕਾਂ ਵਿਚਾਲੇ ਵਿਆਪਕ ਤੌਰ ’ਤੇ ਏਅਰਲਾਈਨਜ਼ ਦੇ ਖਾਣੇ ਨੂੰ ਲੈ ਕੇ ਬੇਭਰੋਸਗੀ ਦੀ ਭਾਵਨਾ ਨੂੰ ਜਗਾ ਦਿੱਤਾ ਹੈ। ਕੁਝ ਸਮਾਂ ਪਹਿਲਾਂ ਅਜਿਹੀ ਹੀ ਘਟਨਾ ਚਾਈਨਾ ਈਸਟਰਨ ਏਅਰਲਾਈਨਜ਼ ’ਚ ਵੀ ਵਾਪਰੀ ਸੀ, ਜਿੱਥੇ ਕੁੱਤਿਆਂ ਦੇ ਖਾਣੇ ਵਾਲੀ ਗੱਲ ਨੂੰ ਲੋਕ ਖਾਣੇ ਦੀ ਸੂਚੀ ਦਾ ਇਕ ਬਹੁਤ ਬੁਰਾ ਅਨੁਵਾਦ ਮੰਨ ਰਹੇ ਸਨ।
ਆਮ ਤੌਰ ’ਤੇ ਚੀਨ ’ਚ ਅੰਗ੍ਰੇਜ਼ੀ ਭਾਸ਼ਾ ਨਾਂਹ ਦੇ ਬਰਾਬਰ ਬੋਲੀ ਜਾਂਦੀ ਹੈ। ਕੁਝ ਲੋਕ ਜੋ ਥੋੜ੍ਹੀ-ਬਹੁਤ ਅੰਗ੍ਰੇਜ਼ੀ ਜਾਣਦੇ ਹਨ, ਉਹ ਸਥਾਨਕ ਚੀਨੀ ਭਾਸ਼ਾ ਨਾਲ ਉਸ ਦਾ ਬਹੁਤ ਬੁਰਾ ਅਨੁਵਾਦ ਕਰਦੇ ਹਨ। ਕਈ ਵਾਰ ਇਹ ਅਨੁਵਾਦ ਅਜਿਹਾ ਹੁੰਦਾ ਹੈ ਜੋ ਬਖੇੜਾ ਖੜ੍ਹਾ ਕਰ ਦਿੰਦਾ ਹੈ। ਇਸ ਗੱਲ ਨੂੰ ਲੈ ਕੇ ਇਸ ਲਈ ਵੀ ਬਵਾਲ ਹੋਣ ਲੱਗਾ ਹੈ ਕਿਉਂਕਿ ਹਾਲ ਹੀ ’ਚ ਚੀਨ ਦੀ ਕਮਿਊਨਿਸਟ ਪਾਰਟੀ ਨੇ ਸਕੂਲਾਂ ’ਚ ਅੰਗ੍ਰੇਜ਼ੀ ਭਾਸ਼ਾ ’ਤੇ ਲਗਾਮ ਕੱਸੀ ਹੈ ਅਤੇ ਕਈ ਸਕੂਲਾਂ ਨੇ ਅੰਗ੍ਰੇਜ਼ੀ ਭਾਸ਼ਾ ’ਚ ਸਿੱਖਿਆ ਦੇਣਾ ਖਤਮ ਕਰ ਦਿੱਤਾ ਹੈ, ਉੱਥੇ ਕਈ ਸਕੂਲਾਂ ਨੇ ਕਮਿਊਨਿਸਟ ਪਾਰਟੀ ਦੇ ਨਿਰਦੇਸ਼ਾਂ ਦੇ ਆਧਾਰ ’ਤੇ ਅੰਗ੍ਰੇਜ਼ੀ ਵਿਸ਼ੇ ਨੂੰ ਪੜ੍ਹਾਉਣਾ ਬੰਦ ਕਰ ਦਿੱਤਾ ਹੈ।
ਅਜਿਹੇ ’ਚ ਅੰਗ੍ਰੇਜ਼ੀ ਭਾਸ਼ਾ ਦੇ ਅਨੁਵਾਦ ਨੂੰ ਲੈ ਕੇ ਬਵਾਲ ਹੋਣਾ ਲਾਜ਼ਮੀ ਜਿਹੀ ਗੱਲ ਹੈ। ਏਅਰ ਚਾਈਨਾ ਏਅਰਲਾਈਨਜ਼ ਦੇ ਅੰਗ੍ਰੇਜ਼ੀ ’ਚ ਛਪੇ ਮੈਨਿਊ ਦੀ ਤਸਵੀਰ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ’ਤੇ ਆਪਣੀ ਵੱਖ-ਵੱਖ ਪ੍ਰਤੀਕਿਰਿਆ ਦੇ ਰਹੇ ਹਨ। ਉੱਥੇ ਦੂਜੇ ਪਾਸੇ ਚੀਨ ’ਚ ਖਾਣੇ ਦੇ ਸਾਮਾਨ ’ਚ ਮਿਲਾਵਟ ਹੋਣਾ ਵੀ ਇਕ ਆਮ ਗੱਲ ਹੈ, ਇੱਥੇ ਕਈ ਅਜਿਹੇ ਰੇਸਤਰਾਂ ਹਨ ਜੋ ਗਟਰ ਤੋਂ ਤੇਲ ਕੱਢ ਕੇ ਉਸ ਨੂੰ ਥੋੜ੍ਹਾ ਜਿਹਾ ਸਾਫ ਕਰ ਕੇ ਉਸੇ ਤੇਲ ’ਚ ਫਿਰ ਤੋਂ ਖਾਣਾ ਪਕਾਉਂਦੇ ਹਨ, ਇਹ ਉਹ ਤੇਲ ਹੁੰਦਾ ਹੈ ਜੋ ਆਮ ਤੌਰ ’ਤੇ ਰੇਸਤਰਾਂ ਵਾਲੇ ਖਾਣਾ ਪਕਾਉਣ ਪਿੱਛੋਂ ਨਾਲੀ ਦੇ ਰਸਤੇ ਗਟਰ ’ਚ ਵਹਾਅ ਦਿੰਦੇ ਹਨ।
ਅਜਿਹੀ ਘਿਨੌਣੀ ਹਰਕਤ ਪਿੱਛੋਂ ਉੱਥੋਂ ਦੇ ਲੋਕਾਂ ਨੇ ਸੋਸ਼ਲ ਮੀਡੀਆ ਜਾਯ ਹੋਂਗ ਸ਼ੂ ’ਤੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ। ਇਸ ਤੋਂ ਇਲਾਵਾ ਉੱਥੇ ਬਾਜ਼ਾਰ ’ਚ ਮਿਲਣ ਵਾਲੇ ਮੀਟ ਸਾਸਿਜ਼ ਨੂੰ ਤਿਆਰ ਕਰਨ ਲਈ ਸੜੇ-ਗਲੇ ਮੀਟ ’ਚ ਕੁਝ ਰਸਾਇਣਾਂ ਨੂੰ ਮਿਲਾ ਦਿੱਤਾ ਜਾਂਦਾ ਹੈ, ਜਿਸ ਨਾਲ ਉਹ ਤਾਜ਼ਾ ਦਿਸਣ ਲੱਗਦਾ ਹੈ ਅਤੇ ਉਸੇ ਬਾਸੀ ਅਤੇ ਗਲੇ ਹੋਏ ਮਾਸ ਦਾ ਸਾਸਿਜ਼ ਬਣਾ ਕੇ ਲੋਕਾਂ ਨੂੰ ਵੇਚਿਆ ਜਾਂਦਾ ਹੈ।
ਚੀਨ ’ਚ ਖਾਣੇ ਦਾ ਬਹੁਤ ਸਾਰਾ ਸਾਮਾਨ ਮਿਲਾਵਟੀ ਹੁੰਦਾ ਹੈ ਅਤੇ ਉਸ ’ਚ ਰਸਾਇਣ ਮਿਲਾਇਆ ਜਾਂਦਾ ਹੈ, ਜਿਸ ਨਾਲ ਦੁਕਾਨਦਾਰ ਆਪਣਾ ਸਾਮਾਨ ਆਸਾਨੀ ਨਾਲ ਵੇਚ ਸਕਦੇ ਹਨ। ਇਸ ਤੋਂ ਇਲਾਵਾ ਛੋਟੀਆਂ ਜਿਹੀਆਂ ਫੂਡ ਪ੍ਰੋਸੈਸਿੰਗ ਕੰਪਨੀਆਂ ਵੀ ਖਰਾਬ ਕੱਚੇ ਮਾਲ ਨੂੰ ਲੈ ਕੇ ਉਸ ’ਚ ਕੁਝ ਰਸਾਇਣਾਂ ਨੂੰ ਮਿਲਾ ਕੇ ਆਪਣੀ ਖੁਰਾਕ ਸਮੱਗਰੀ ਵੇਚਦੀਆਂ ਹਨ।
ਇਸ ਖਬਰ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ ’ਤੇ ਆਪਣਾ ਭਾਰੀ ਗੁੱਸਾ ਕੱਢ ਰਹੇ ਹਨ, ਇਨ੍ਹਾਂ ’ਚੋਂ ਕੁਝ ਦਾ ਕਹਿਣਾ ਹੈ ਕਿ ਚੀਨ ਸਰਕਾਰ ਨੇ ਸਕੂਲਾਂ ’ਚ ਅੰਗ੍ਰੇਜ਼ੀ ਭਾਸ਼ਾ ਦੀ ਸਿੱਖਿਆ ’ਚ ਹਾਲ ਹੀ ’ਚ ਕੁਝ ਜ਼ਿਆਦਾ ਹੀ ਕਟੌਤੀ ਕਰ ਦਿੱਤੀ ਹੈ, ਜਿਸ ਨਾਲ ਅਜਿਹੀ ਸਥਿਤੀ ਪੈਦਾ ਹੋ ਗਈ ਹੈ। ਉੱਥੇ ਹੀ ਚੀਨ ਦੀ ਸਰਕਾਰ ਇਸ ਮਾਮਲੇ ’ਚ ਬਚਾਅ ਦੀ ਮੁਦਰਾ ’ਚ ਉਤਰ ਆਈ ਹੈ ਅਤੇ ਉਹ ਲੋਕਾਂ ਨੂੰ ਇਹੀ ਤਸਵੀਰ ਦਿਖਾ ਕੇ ਬੋਲ ਰਹੀ ਹੈ ਕਿ ਇਹ ਅਸਲ ’ਚ ਕੁੱਤਿਆਂ ਦਾ ਖਾਣਾ ਨਹੀਂ ਸੀ ਸਗੋਂ ਇਹ ਇਕ ਅਨੁਵਾਦ ’ਚ ਹੋਣ ਵਾਲੀ ਆਮ ਜਿਹੀ ਗੜਬੜੀ ਹੈ।
ਚਾਈਨਾ ਈਸਟਰਨ ਏਅਰਲਾਈਨਜ਼ ਵਾਲੀ ਖਬਰ ’ਚ ਏਅਰਲਾਈਨਜ਼ ਨੇ ਇਸ ਦੇ ਅੰਗ੍ਰੇਜ਼ੀ ਮੈਨਿਊ ਨਾਲ ਸੂਰ ਦੇ ਮਾਸ ਤੋਂ ਬਣੀਆਂ 3 ਵੱਡੀਆਂ ਟਿੱਕੀਆਂ ਦੀ ਤਸਵੀਰ ਵੀ ਮੀਡੀਆ ਨਾਲ ਸਾਂਝੀ ਕੀਤੀ ਹੈ ਪਰ ਅੰਗ੍ਰੇਜ਼ੀ ਮੈਨਿਊ ਨਾਲ ਚੀਨੀ ’ਚ ਲਿਖਿਆ ਹੋਇਆ ਮੈਨਿਊ ਨਹੀਂ ਪਾਇਆ ਅਤੇ ਇਹ ਨੈਟੀਜ਼ਨਾਂ ਦੀ ਸਮਝ ’ਤੇ ਛੱਡ ਦਿੱਤਾ ਕਿ ਉਹ ਖੁਦ ਤੈਅ ਕਰਨ ਕਿ ਏਅਰਲਾਈਨਜ਼ ਨੇ ਕੀ ਲਿਖਿਆ ਅਤੇ ਕੀ ਪਰੋਸਿਆ। ਦਰਅਸਲ ਚਾਈਨਾ ਈਸਰਟਨ ਏਅਰਲਾਈਨਜ਼ ਆਪਣੇ ਬਿਜ਼ਨੈੱਸ ਕਲਾਸ ਮੈਨਿਊ ਨੂੰ ਮੀਡੀਆ ’ਚ ਤਸਵੀਰਾਂ ਨਾਲ ਸਾਂਝਾ ਇਸ ਲਈ ਕਰ ਰਹੀ ਹੈ ਜਿਸ ਨਾਲ ਕਿ ਲੋਕਾਂ ਨੂੰ ਇਹ ਸਿਰਫ ਇਕ ਅਨੁਵਾਦ ਦੀ ਗਲਤੀ ਲੱਗੇ, ਹੋਰ ਕੁਝ ਵੀ ਨਹੀਂ।
ਇਸ ਖਬਰ ਨੂੰ ਲੈ ਕੇ ਕੁਝ ਨੈਟੀਜ਼ਨਾਂ ਨੇ ਤੰਜ਼ ਕਰ ਕੇ ਕਿਹਾ ਕਿ ਜਿੱਥੇ ਬਿਜ਼ਨੈੱਸ ਕਲਾਸ ਦੇ ਯਾਤਰੀਆਂ ਨੂੰ ਦਰਾਮਦ ਕੁੱਤੇ ਦਾ ਖਾਣਾ ਖੁਆਇਆ ਜਾ ਰਿਹਾ ਹੈ ਤਾਂ ਕੀ ਇਕਾਨਮੀ ਕਲਾਸ ਦੇ ਲੋਕਾਂ ਨੂੰ ਦੇਸੀ ਕੁੱਤੇ ਦਾ ਖਾਣਾ ਖੁਆਇਆ ਜਾਵੇਗਾ। ਕੁਝ ਹੋਰ ਨੈਟੀਜ਼ਨਾਂ ਨੇ ਲਿਖਿਆ ਕਿ ਚਾਈਨਾ ਈਸਟਰਨ ਏਅਰਲਾਈਨਜ਼ ਨੇ ਇਮਾਨਦਾਰੀ ਨਾਲ ਜੋ ਪਰੋਸਿਆ ਉਹੀ ਆਪਣੇ ਮੈਨਿਊ ’ਚ ਲਿਖ ਵੀ ਦਿੱਤਾ।
ਉੱਥੇ ਹੀ ਕੁਝ ਲੋਕਾਂ ਨੇ ਇਸ ਘਟਨਾ ’ਤੇ ਚੀਨ ਦੀ ਕਮਿਊਨਿਸਟ ਪਾਰਟੀ ਨੂੰ ਵੀ ਘੇਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਸਕੂਲਾਂ ਤੋਂ ਅੰਗ੍ਰੇਜ਼ੀ ਭਾਸ਼ਾ ਨੂੰ ਹਟਾ ਕੇ ਸਿੱਖਿਆ ਦੇਣਾ ਚੀਨ ’ਚ ਲਾਜ਼ਮੀ ਬਣ ਗਿਆ ਹੈ। ਇਸ ਦੇ ਨਾਲ ਹੀ ਕਈ ਨੈਟੀਜ਼ਨਾਂ ਨੇ ਪਬਲਿਕ ਸਾਈਨ ਬੋਰਡ ਅਤੇ ਦੂਜੀਆਂ ਜਨਤਕ ਥਾਵਾਂ ’ਤੇ ਚੀਨੀਆਂ ਵੱਲੋਂ ਬਹੁਤ ਮਾੜੇ ਅੰਗ੍ਰੇਜ਼ੀ ਅਨੁਵਾਦ ਵਾਲੇ ਸਾਈਨ ਬੋਰਡਾਂ ਦੀਆਂ ਤਸਵੀਰਾਂ ਨੂੰ ਇੰਟਰਨੈੱਟ ’ਤੇ ਪੋਸਟ ਕਰਨਾ ਸ਼ੁਰੂ ਕਰ ਦਿੱਤਾ।
ਹਾਲ ਹੀ ’ਚ ਚੀਨ ਦੀ ਕਮਿਊਨਿਸਟ ਸਰਕਾਰ ਨੇ ਪ੍ਰਾਇਮਰੀ, ਸੈਕੰਡਰੀ ਅਤੇ ਕਾਲਜ ਪੱਧਰ ’ਤੇ ਵੀ ਅੰਗ੍ਰੇਜ਼ੀ ਸਿੱਖਿਆ ’ਚ ਭਾਰੀ ਕਟੌਤੀ ਕੀਤੀ ਹੈ। ਕੁਝ ਜਾਣਕਾਰਾਂ ਦਾ ਕਹਿਣਾ ਹੈ ਕਿ ਕਮਿਊਨਿਸਟ ਪਾਰਟੀ ਨਹੀਂ ਚਾਹੁੰਦੀ ਕਿ ਚੀਨੀ ਲੋਕ ਅੰਗ੍ਰੇਜ਼ੀ ਸਿੱਖਣ ਕਿਉਂਕਿ ਇਸ ਨਾਲ ਉਹ ਦੁਨੀਆ ਭਰ ’ਚ ਹੋਣ ਵਾਲੀਆਂ ਹਲਚਲਾਂ ਤੋਂ ਅਣਜਾਣ ਰਹਿਣਗੇ, ਜਿਸ ਨਾਲ ਕਮਿਊਨਿਸਟ ਪਾਰਟੀ ਆਪਣੀ ਲੜਖੜਾਉਂਦੀ ਸੱਤਾ ਨੂੰ ਲੋਕਾਂ ਦੇ ਗੁੱਸੇ ਤੋਂ ਬਚਾਉਣ ’ਚ ਅਸਫਲ ਹੋਵੇਗੀ।
ਕੁਝ ਜਾਣਕਾਰਾਂ ਦਾ ਕਹਿਣਾ ਹੈ ਕਿ ਅੱਜ ਇੰਟਰਨੈੱਟ ਕਾਰਨ ਦੁਨੀਆ ਭਰ ’ਚ ਹੋਣ ਵਾਲੀਆਂ ਤਬਦੀਲੀਆਂ ਤੋਂ ਲੋਕ ਅਣਜਾਣ ਨਹੀਂ ਹਨ, ਇਸ ਲਈ ਚੀਨ ਸਰਕਾਰ ਹੁਣ ਅੰਗ੍ਰੇਜ਼ੀ ਭਾਸ਼ਾ ’ਤੇ ਪਾਬੰਦੀ ਲਾ ਰਹੀ ਹੈ ਕਿਉਂਕਿ ਭਾਸ਼ਾ ਨਾ ਜਾਣਨ ਕਾਰਨ ਦੁਨੀਆ ’ਚ ਮਨੁੱਖੀ ਅਧਿਕਾਰਾਂ ਅਤੇ ਦੂਜੇ ਮੁੱਦਿਆਂ ਨੂੰ ਲੈ ਕੇ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਆਪਣੀ ਜਨਤਾ ਨੂੰ ਕਿੰਨੀ ਸਹੂਲਤ ਅਤੇ ਕਾਨੂੰਨ ’ਚ ਸੁਧਾਰ ਕਰ ਰਹੀਆਂ ਹਨ, ਇਸ ਦੀ ਜਾਣਕਾਰੀ ਤੋਂ ਚੀਨੀ ਲੋਕ ਅਣਜਾਣ ਰਹਿਣਗੇ ਅਤੇ ਉਹ ਸਾਰੀ ਮੰਗ ਆਪਣੀ ਸਰਕਾਰ ਤੋਂ ਨਹੀਂ ਕਰਨਗੇ।
ਚੀਨ ਦੀ ਸੱਤਾ ਦੇ ਗਲਿਆਰਿਆਂ ’ਚ ਇਸ ਸਮੇਂ ਸੀ. ਪੀ. ਸੀ. ਅੰਦਰ ਚੱਲ ਰਹੇ ਅੰਦਰੂਨੀ ਕਲੇਸ਼ ਦੇ ਦੌਰ ’ਚ ਇਕ ਵਰਦਾਨ ਸਾਬਤ ਹੋਵੇਗਾ ਅਤੇ ਸਮੇਂ ਦੇ ਨਾਲ ਇਕ ਵਾਰ ਫਿਰ ਕਮਿਊਨਿਸਟ ਪਾਰਟੀ ਆਪਣੀ ਸੱਤਾ ਨੂੰ ਚੀਨ ’ਚ ਮਜ਼ਬੂਤ ਬਣਾ ਲਵੇਗੀ।