ਭਾਰਤ ਆਪਣੀ ਸੁਰੱਖਿਆ ਅਤੇ ਤਰੱਕੀ ਲਈ ਇਸਰਾਈਲ ਤੋਂ ਬਹੁਤ ਕੁਝ ਸਿੱਖ ਸਕਦਾ ਹੈ

01/18/2018 7:54:56 AM

ਇਸਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਇਨ੍ਹੀਂ ਦਿਨੀਂ ਭਾਰਤ ਦੇ 6 ਦਿਨਾ ਦੌਰੇ 'ਤੇ ਹਨ। ਮੋਦੀ ਦੇ ਇਸਰਾਈਲ ਦੌਰੇ ਤੋਂ ਸਿਰਫ 6 ਮਹੀਨੇ ਮਗਰੋਂ ਹੀ ਇਹ ਕਿਸੇ ਇਸਰਾਈਲੀ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੈ। ਦੋਵਾਂ ਦੇਸ਼ਾਂ ਦੀ ਦੋਸਤੀ ਨਵਾਂ ਇਤਿਹਾਸ ਲਿਖ ਰਹੀ ਹੈ। ਭਾਰਤ ਅਤੇ ਇਸਰਾਈਲ ਵਿਚਾਲੇ ਸਹਿਯੋਗ ਦੇ 9 ਕਰਾਰਾਂ 'ਤੇ ਦਸਤਖਤ ਹੋਏ ਹਨ। ਇਸ 'ਚ ਸਾਈਬਰ, ਸੁਰੱਖਿਆ, ਪੁਲਾੜ ਟੈਕਨਾਲੋਜੀ, ਹਵਾਈ ਆਵਾਜਾਈ ਤੋਂ ਲੈ ਕੇ ਹੋਮੀਓਪੈਥਿਕ ਇਲਾਜ ਅਤੇ ਅਕਸ਼ੈ ਊਰਜਾ ਭੰਡਾਰ ਦੇ ਖੇਤਰ 'ਚ ਸਹਿਯੋਗ ਦੇ ਸਮਝੌਤੇ ਸ਼ਾਮਿਲ ਹਨ। ਹਾਲਾਂਕਿ ਭਾਰਤ ਅਤੇ ਇਸਰਾਈਲ ਵਿਚਾਲੇ ਵਪਾਰਕ ਰਿਸ਼ਤੇ ਪੁਰਾਣੇ ਹਨ। ਭਾਰਤ ਹਰ ਸਾਲ ਲੱਗਭਗ ਇਕ ਅਰਬ ਰੁਪਏ ਦਾ ਪ੍ਰਤੀ ਰੱਖਿਆ ਸਾਜ਼ੋ-ਸਾਮਾਨ ਇਸਰਾਈਲ ਤੋਂ ਖਰੀਦਦਾ ਹੈ ਪਰ ਪਿਛਲੇ ਦਿਨੀਂ ਦੋ ਅਜਿਹੀਆਂ ਘਟਨਾਵਾਂ ਵਾਪਰੀਆਂ ਸਨ, ਜਿਨ੍ਹਾਂ ਤੋਂ ਇਹ ਸ਼ੱਕ ਹੋਇਆ ਕਿ ਕਿਤੇ ਦੋਵਾਂ ਦੇਸ਼ਾਂ ਵਿਚਾਲੇ ਠੰਡਾਪਣ ਨਾ ਆ ਜਾਵੇ। ਪਹਿਲੀ ਘਟਨਾ ਸੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਯੇਰੂਸ਼ਲਮ ਨੂੰ ਇਸਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਦੇ ਫੈਸਲੇ ਵਜੋਂ ਭਾਰਤ ਵਲੋਂ ਸੰਯੁਕਤ ਰਾਸ਼ਟਰ 'ਚ ਵੋਟਿੰਗ ਅਤੇ ਦੂਸਰੀ, ਨੇਤਨਯਾਹੂ ਦੇ ਦੌਰੇ ਤੋਂ ਕੁਝ ਹੀ ਦਿਨ ਪਹਿਲਾਂ ਐਂਟੀ-ਟੈਂਕ ਮਿਜ਼ਾਈਲ ਦਾ ਕਰਾਰ ਰੱਦ ਹੋਣਾ। ਚੰਗੀ ਗੱਲ ਹੈ ਕਿ ਇਸਰਾਈਲ ਨੇ ਇਨ੍ਹਾਂ ਨੂੰ ਦੋਸਤੀ 'ਚ ਅੜਿੱਕਾ ਨਹੀਂ ਬਣਨ ਦਿੱਤਾ। ਨੇਤਨਯਾਹੂ ਨੇ ਕਿਹਾ ਕਿ ਭਾਰਤ ਦੇ ਸੰਯੁਕਤ ਰਾਸ਼ਟਰ 'ਚ ਵੋਟ ਦੇਣ ਨਾਲ ਦੋਹਾਂ ਦੇਸ਼ਾਂ ਵਿਚਾਲੇ ਗੂੜ੍ਹੇ ਹੁੰਦੇ ਸਬੰਧਾਂ 'ਚ ਕੋਈ ਵੱਡੀ ਤਬਦੀਲੀ ਨਹੀਂ ਆਉਣ ਵਾਲੀ। ਦਰਅਸਲ, ਭਾਰਤ ਵਰਗੇ ਸਮਰੱਥ ਰਾਸ਼ਟਰ ਦੀ ਮਿੱਤਰਤਾ ਵਿਸ਼ਵ ਪੱਧਰ 'ਤੇ ਇਸਰਾਈਲ ਦੀ ਪ੍ਰਵਾਨਗੀ ਨੂੰ ਵੀ ਹੋਰ ਵਧਾਉਂਦੀ ਹੈ। ਫਿਲਸਤੀਨ ਦੇ ਮਾਮਲੇ ਨੂੰ ਭਾਰਤ-ਇਸਰਾਈਲ ਸਬੰਧਾਂ 'ਚ ਵੱਖਰਾ ਰੱਖਿਆ ਗਿਆ ਹੈ ਕਿਉਂਕਿ ਭਾਰਤ ਇਸਰਾਈਲ ਅਤੇ ਸਹਿਯੋਗ ਪ੍ਰੀਸ਼ਦ (ਜੀ. ਸੀ. ਸੀ.) ਦੇ 6 ਦੇਸ਼ਾਂ ਅਰਬ, ਯੂ. ਏ. ਈ., ਕਤਰ, ਓਮਾਨ, ਬਹਿਰੀਨ ਅਤੇ ਕੁਵੈਤ ਨਾਲ ਸਬੰਧ ਮਜ਼ਬੂਤ ਰੱਖਣਾ ਚਾਹੁੰਦਾ ਹੈ। ਰੱਖਿਆ ਅਤੇ ਖੇਤੀ ਦੀ ਦ੍ਰਿਸ਼ਟੀ ਤੋਂ ਇਸਰਾਈਲ ਦੀ ਦੋਸਤੀ ਭਾਰਤ ਲਈ ਲੰਬੇ ਸਮੇਂ ਤੋਂ ਮਹੱਤਵਪੂਰਨ ਬਣੀ ਹੋਈ ਹੈ। ਪਾਣੀ ਦੀ ਸੰਭਾਲ, ਵਿਗਿਆਨ ਅਤੇ  ਤਕਨੀਕ ਤੇ ਸਿੱਖਿਆ ਦੇ ਖੇਤਰ 'ਚ ਵੀ ਦੋਵੇਂ ਦੇਸ਼ ਇਕ-ਦੂਸਰੇ ਨੂੰ ਸਹਿਯੋਗ ਕਰਦੇ ਆਏ ਹਨ। ਉਦਯੋਗੀਕਰਨ, ਸ਼ਹਿਰੀਕਰਨ ਅਤੇ ਜਲਵਾਯੂ ਤਬਦੀਲੀ ਕਾਰਨ ਭਾਰਤ 'ਚ ਪਾਣੀ ਦਾ ਗੰਭੀਰ ਸੰਕਟ ਹੈ। ਵਧਦੀ ਆਬਾਦੀ ਇਸ ਨੂੰ ਹੋਰ ਵੀ ਖਰਾਬ ਕਰ ਰਹੀ ਹੈ। ਅਜਿਹਾ ਕੋਈ ਸ਼ਹਿਰ ਨਹੀਂ ਹੈ, ਜਿਥੇ ਸੱਤੇ ਦਿਨ 24 ਘੰਟੇ ਗੁਣਵੱਤਾ ਵਾਲੇ ਪਾਣੀ ਦੀ ਸਪਲਾਈ ਹੁੰਦੀ ਹੋਵੇ। ਪਾਣੀ ਸੰਕਟ 12 ਮਹੀਨਿਆਂ ਦਾ ਬਣਦਾ ਜਾ ਰਿਹਾ ਹੈ। ਸਾਨੂੰ ਇਸ ਹਾਲਾਤ ਤੋਂ ਉੱਠਣ 'ਚ ਭਾਰਤ ਦਾ ਮਿੱਤਰ ਦੇਸ਼ ਇਸਰਾਈਲ ਮਦਦ ਕਰ ਸਕਦਾ ਹੈ। 
10 ਸਾਲ ਪਹਿਲਾਂ ਭਾਰਤ ਵਰਗੀ ਹੀ ਹਾਲਤ ਇਸਰਾਈਲ ਦੀ ਵੀ ਸੀ ਪਰ ਪਾਣੀ ਨੂੰ ਸੰਭਾਲਣ ਦੀਆਂ ਅਸਰਦਾਇਕ ਤਕਨੀਕਾਂ ਅਪਣਾ ਕੇ ਉਸ ਨੇ ਖੁਦ ਨੂੰ ਇਸ ਔਖੀ ਘੜੀ 'ਚੋਂ ਕੱਢ ਲਿਆ। 10 ਸਾਲ ਪਹਿਲਾਂ ਇਸਰਾਈਲ 'ਚ ਪਾਣੀ ਦਾ ਬੜਾ ਸੰਕਟ ਸੀ। ਅਜਿਹੀ ਸਥਿਤੀ 'ਚ ਇਸ ਦੇਸ਼ ਨੇ ਦੋਹਰੀ ਰਣਨੀਤੀ ਅਪਣਾਈ। ਪਹਿਲਾਂ ਤਾਂ ਪਾਣੀ ਦੀ ਬਰਬਾਦੀ ਨੂੰ ਰੋਕਿਆ ਅਤੇ ਫਿਰ ਪਾਣੀ ਸਪਲਾਈ ਦੇ ਸਰੋਤਾਂ 'ਚ ਵਾਧਾ ਕੀਤਾ। ਅਜਿਹਾ ਕਰ ਕੇ ਹੁਣ ਇਸਰਾਈਲ ਭਰਪੂਰ ਪਾਣੀ ਦੇ ਸੋਮਿਆਂ ਵਾਲਾ ਦੇਸ਼ ਬਣ ਗਿਆ। ਹੁਣ ਚੀਨ, ਜਾਪਾਨ ਅਤੇ ਕੈਨੇਡਾ ਵਰਗੇ ਦੇਸ਼ ਇਸਰਾਈਲ ਕੋਲੋਂ ਉਸ ਦੀ ਤਕਨੀਕ ਮੰਗ ਰਹੇ ਹਨ।  
ਇਸਰਾਈਲ ਨੇ ਹਵਾ ਤੋਂ ਪਾਣੀ ਬਣਾਉਣ ਦੀ ਤਕਨੀਕ 'ਤੇ ਵੀ ਮੁਹਾਰਤ ਹਾਸਿਲ ਕਰ ਲਈ ਹੈ। ਸੂਰਜੀ ਊਰਜਾ ਦੀ ਵਰਤੋਂ ਕਰ ਕੇ ਉਥੇ ਹਵਾ ਦੀ ਨਮੀ ਤੋਂ ਪੀਣ ਵਾਲਾ ਪਾਣੀ ਬਣਾਇਆ ਜਾਂਦਾ ਹੈ। ਭਾਰਤ ਤੇ ਇਸਰਾਈਲ ਦੋਵੇਂ ਹੀ ਹੀਰਾ ਅਤੇ ਰੱਖਿਆ ਸੌਦਿਆਂ ਤੋਂ ਆਰਥਿਕ ਸਬੰਧ ਬਣਾਉਣ ਦੀ ਦਿਸ਼ਾ 'ਚ ਹਨ। 2016-17 'ਚ ਦੋਵਾਂ ਦੇਸ਼ਾਂ ਵਿਚਾਲੇ ਦੋ-ਪੱਖੀ ਵਪਾਰ 5.02 ਅਰਬ ਡਾਲਰ ਸੀ, ਜਿਸ 'ਚ ਰੱਖਿਆ ਸੌਦਾ (ਅੰਦਾਜ਼ਨ ਸਾਲਾਨਾ 7 ਕਰੋੜ ਡਾਲਰ) ਨਹੀਂ ਸੀ। ਕੱਚੇ, ਗੈਰ-ਉਦਯੋਗਿਕ ਹੀਰਿਆਂ ਦੀ ਦਰਾਮਦ-ਬਰਾਮਦ ਇਕ ਅਰਬ ਡਾਲਰ ਤੋਂ ਜ਼ਿਆਦਾ ਰਹੀ ਸੀ। ਤਜਵੀਜ਼ਾਂ 'ਚ ਬਾਲੀਵੁੱਡ ਨੂੰ ਇਸਰਾਈਲ 'ਚ ਸ਼ੂਟਿੰਗ ਲਈ ਸਹੂਲਤਾਂ ਦੇਣ ਅਤੇ ਢੇਰ ਸਾਰੀਆਂ ਭਾਰਤੀ ਕੰਪਨੀਆਂ ਨੂੰ ਵਪਾਰ ਲਈ ਉਤਸ਼ਾਹਿਤ ਕਰਨਾ ਸ਼ਾਮਿਲ ਸੀ। 
ਪਰ ਇਹ ਕਹਿਣਾ ਜਿੰਨਾ ਸੌਖਾ ਹੈ, ਕਰਨਾ ਓਨਾ ਹੀ ਔਖਾ ਹੋਵੇਗਾ। ਖੇਤੀ, ਪਾਣੀ ਅਤੇ  ਸਮੁੰਦਰੀ ਪਾਣੀ ਤੋਂ ਨਮਕ ਵੱਖਰਾ ਕਰਨ ਦੀ ਤਕਨੀਕ, ਜਿਸ 'ਚ ਇਸਰਾਈਲ ਇਕ ਵੱਡਾ ਖਿਡਾਰੀ ਬਣਨਾ ਚਾਹੁੰਦਾ ਹੈ, ਕਈ ਕਾਰਨਾਂ ਕਰਕੇ ਵੱਡੀ ਚੁਣੌਤੀ ਸਾਬਿਤ ਹੋਵੇਗੀ, ਜਿਵੇਂ ਕਿ ਲਾਗਤ ਅਤੇ ਕਿਸਾਨਾਂ ਨੂੰ ਘੱਟ ਖੇਤੀ ਵਾਲੀਆਂ ਜ਼ਮੀਨਾਂ, ਭਾਰਤ ਦੇ ਕਿਸਾਨਾਂ ਲਈ ਸਮੁੰਦਰੀ ਪਾਣੀ ਤੋਂ ਨਮਕ ਵੱਖ ਕਰਨ ਅਤੇ ਛੋਟੀ ਸਿੰਚਾਈ ਦੀ ਤਕਨੀਕ ਮਹਿੰਗੀ ਹੋ ਸਕਦੀ ਹੈ ਪਰ ਪਾਣੀ ਅਤੇ ਬਿਜਲੀ ਸਸਤੀ ਹੈ ਕਿਉਂਕਿ ਉਨ੍ਹਾਂ 'ਤੇ ਭਾਰੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਲਈ ਭਾਰਤ ਇਸਰਾਈਲੀ ਰੱਖਿਆ ਸਬੰਧ ਵਾਧੇ ਦਾ ਸਭ ਤੋਂ ਫਾਇਦੇਮੰਦ ਖੇਤਰ ਹੈ, ਜਿਸ 'ਚ ਸਰਕਾਰ ਹੀ ਗਾਹਕ ਹੈ। ਇਸਰਾਈਲ ਭਾਰਤ ਦਾ ਤੀਸਰਾ ਸਭ ਤੋਂ ਵੱਡਾ ਰੱਖਿਆ ਹਾਰਡਵੇਅਰ ਸਪਲਾਈਕਰਤਾ ਹੈ, ਜੋ 2012 ਅਤੇ 2016 ਵਿਚਾਲੇ ਦੇਸ਼ ਦੀ ਹਥਿਆਰ ਦਰਾਮਦ ਦਾ 7.2 ਫੀਸਦੀ ਸੀ, ਜਿਸ 'ਚ ਰਾਡਾਰ, ਮਿਜ਼ਾਈਲਾਂ, ਜੰਗ ਦੇ ਇਲੈਕਟ੍ਰਾਨਿਕ ਯੰਤਰ ਸਿਸਟਮ ਅਤੇ ਬੰਬ ਸ਼ਾਮਿਲ ਸਨ। ਇਸਰਾਈਲ ਦੀ ਰੱਖਿਆ ਬਰਾਮਦ 'ਚ ਭਾਰਤ ਦਾ ਹਿੱਸਾ 40 ਫੀਸਦੀ ਤੋਂ ਵੀ ਵੱਧ ਹੈ, ਜਿਸ 'ਚ ਉਸ ਨੂੰ ਸਾਲਾਨਾ ਲੱਗਭਗ 1 ਅਰਬ ਡਾਲਰ ਦੀ ਵਿਦੇਸ਼ੀ ਕਰੰਸੀ ਦੀ ਕਮਾਈ ਹੁੰਦੀ ਹੈ।
ਇਕ ਰਾਸ਼ਟਰ ਦੇ ਰੂਪ 'ਚ ਇਹ ਵਿਕਾਸ ਦੇ ਜਿਸ ਪੱਧਰ 'ਤੇ ਪਹੁੰਚ ਚੁੱਕਾ ਹੈ, ਉਸ ਨਾਲ ਉਸ ਤੋਂ ਭਾਰਤ ਬਹੁਤ ਕੁਝ ਸਿੱਖ ਸਕਦਾ ਹੈ। ਭਵਿੱਖ 'ਚ ਕਿਸੇ ਰਾਸ਼ਟਰ ਦੀ ਸ਼ਕਤੀ ਉਸ ਦੀ ਵਿੱਤੀ ਹਾਲਤ 'ਤੇ ਘੱਟ, ਉਸ ਦੀਆਂ ਮਾਨਸਿਕ ਸ਼ਕਤੀਆਂ ਦੀ ਬਹੁਲਤਾ 'ਤੇ ਜ਼ਿਆਦਾ ਨਿਰਭਰ ਕਰੇਗੀ। ਇਸ ਕਸੌਟੀ 'ਤੇ ਜੇਕਰ ਸਾਰੇ ਰਾਸ਼ਟਰਾਂ ਨੂੰ ਕੱਸਿਆ ਜਾਵੇ ਤਾਂ ਇਸਰਾਈਲ 21ਵੀਂ ਸਦੀ 'ਚ ਆਪਣੀਆਂ ਮਾਨਸਿਕ ਸ਼ਕਤੀਆਂ ਦੇ ਵਧੇਰੇ ਹੋਣ ਕਾਰਨ ਆਸਾਨੀ ਨਾਲ ਆਪਣੀਆਂ ਸਮੱਸਿਆਵਾਂ ਦਾ ਹੱਲ ਕਰ ਰਿਹਾ ਹੈ। ਇਸ ਛੋਟੇ ਜਿਹੇ ਦੇਸ਼ 'ਚ ਉੱਚ ਸਿੱਖਿਆ ਮੁਹੱਈਆ ਕਰਵਾਉਣ ਵਾਲੀਆਂ 8 ਯੂਨੀਵਰਸਿਟੀਆਂ ਹਨ, ਜੋ ਹੋਣਹਾਰ ਗੱਭਰੂਆਂ ਤੇ ਮੁਟਿਆਰਾਂ ਦੀ ਖਾਨ ਹਨ। ਇਸਰਾਈਲ 'ਚ 100 ਫੀਸਦੀ ਸਾਖਰਤਾ ਹੈ।
nirankarsi@gmail.com


Related News