ਇੰਦਰਾ ਯੁੱਗ ਤੋਂ ਮੋਦੀ ਯੁੱਗ ਤਕ : ਕੀ ਭੁੱਲੀਏ, ਕੀ ਯਾਦ ਕਰੀਏ

11/18/2017 7:38:51 AM

ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਦੀ ਉੱਤਰਾਧਿਕਾਰੀ ਇੰਦਰਾ ਪ੍ਰਿਯਦਰਸ਼ਨੀ ਦਾ ਇਹ ਜਨਮ ਸ਼ਤਾਬਦੀ ਵਰ੍ਹਾ ਹੈ। ਜੇ ਕਾਂਗਰਸ ਦਾ ਰਾਜ ਹੁੰਦਾ ਤਾਂ ਸ਼ਾਇਦ ਉਨ੍ਹਾਂ ਦਾ ਗੁਣਗਾਨ ਕਰਦਿਆਂ ਸਮਾਗਮਾਂ ਦਾ ਹੜ੍ਹ ਆਇਆ ਹੁੰਦਾ। ਅੱਜ ਤਾਂ ਲੱਗਦਾ ਹੈ ਕਿ ਖ਼ੁਦ ਕਾਂਗਰਸ ਵੀ ਉਨ੍ਹਾਂ ਨੂੰ ਭੁਲਾਉਣ 'ਚ ਹੀ ਆਪਣਾ ਭਵਿੱਖ ਦੇਖਦੀ ਹੈ, ਜਦਕਿ ਇਕ ਸਮਾਂ ਸੀ, ਜਦੋਂ ਉਨ੍ਹਾਂ ਲਈ 'ਇੰਡੀਆ ਇਜ਼ ਇੰਦਰਾ ਐਂਡ ਇੰਦਰਾ ਇਜ਼ ਇੰਡੀਆ' ਦੇ ਵਿਸ਼ੇਸ਼ਣਾਂ ਦਾ ਇਸਤੇਮਾਲ ਹੋਇਆ ਤੇ ਵਿਰੋਧੀ ਧਿਰ ਨੇ ਉਨ੍ਹਾਂ ਨੂੰ 'ਗੂੰਗੀ ਗੁੜੀਆ' ਤਕ ਕਿਹਾ। 
ਇਸ ਸਭ ਦੇ ਬਾਵਜੂਦ ਉਨ੍ਹਾਂ ਵਿਚ ਕੁਝ ਤਾਂ ਅਜਿਹਾ ਸੀ ਕਿ ਉਨ੍ਹਾਂ ਦੇ ਸਮਰਥਕ ਉਨ੍ਹਾਂ ਨੂੰ ਦੀਵਾਨਗੀ ਦੀ ਹੱਦ ਤਕ ਚਾਹੁੰਦੇ ਸਨ ਅਤੇ ਵਿਰੋਧੀ ਕਿਸੇ ਵੀ ਕੀਮਤ 'ਤੇ ਉਨ੍ਹਾਂ ਨੂੰ ਹਟਾਉਣਾ ਚਾਹੁੰਦੇ ਸਨ। ਇਸੇ ਲਈ ਉਨ੍ਹਾਂ ਦਾ ਕਹਿਣਾ ਸੀ, ''ਮੈਂ ਕਹਿੰਦੀ ਹਾਂ ਗਰੀਬੀ ਹਟਾਓ, ਉਹ ਕਹਿੰਦੇ ਹਨ ਇੰਦਰਾ ਹਟਾਓ।'' 
ਅੱਜ ਕੇਂਦਰ ਅਤੇ ਜ਼ਿਆਦਾਤਰ ਸੂਬਿਆਂ 'ਚ ਜਿਸ ਤਰ੍ਹਾਂ ਭਾਜਪਾ ਛਾਈ ਹੋਈ ਹੈ, ਇਹੋ ਸਥਿਤੀ ਕਦੇ ਕਾਂਗਰਸ ਦੀ ਸੀ। ਦੇਸ਼ ਭਰ 'ਚ ਇੰਦਰਾ ਗਾਂਧੀ ਦਾ ਬੋਲਬਾਲਾ ਸੀ ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਹਰ ਪਾਸੇ ਗੂੰਜ ਰਿਹਾ ਹੈ। ਅੱਜ ਮੋਦੀ ਦਾ ਵੀ ਇਹੋ ਕਹਿਣਾ ਹੈ, ''ਮੈਂ ਕਹਿੰਦਾ ਹਾਂ ਭ੍ਰਿਸ਼ਟਾਚਾਰ ਹਟਾਓ ਤੇ ਉਹ ਕਹਿੰਦੇ ਹਨ ਮੋਦੀ ਹਟਾਓ।'' 
ਅਜਿਹੀ ਸਥਿਤੀ 'ਚ ਦੋਹਾਂ ਨੇਤਾਵਾਂ ਦੀ ਸ਼ਖ਼ਸੀਅਤ, ਕਾਰਜਸ਼ੈਲੀ ਅਤੇ ਪ੍ਰਾਪਤੀਆਂ ਨੂੰ ਲੈ ਕੇ ਸਮਾਨਤਾ ਤੇ ਆਪਾ-ਵਿਰੋਧ ਦਾ ਜਾਇਜ਼ਾ ਲੈਣਾ ਸੁਭਾਵਿਕ ਹੈ। ਸਭ ਤੋਂ ਪਹਿਲਾਂ ਸਮਾਨਤਾਵਾਂ ਦੀ ਗੱਲ ਕਰਦੇ ਹਾਂ :
ਜਿਥੋਂ ਤਕ ਵੱਡੇ-ਵੱਡੇ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਦੀ ਦਿਸ਼ਾ 'ਚ ਕਦਮ ਚੁੱਕਣ ਦੀ ਗੱਲ ਹੈ, ਇਸ ਮਾਮਲੇ 'ਚ ਇੰਦਰਾ ਤੇ ਮੋਦੀ ਦੋਵੇਂ ਬਰਾਬਰ ਹਨ। ਦੋਹਾਂ ਦੇ ਹੀ ਸ਼ਬਦਕੋਸ਼ ਵਿਚ 'ਅਸੰਭਵ' ਸ਼ਬਦ ਨਹੀਂ ਮਿਲੇਗਾ। ਦੋਹਾਂ ਦਾ ਮੁਕਾਬਲਾ ਆਪੋ-ਆਪਣੀ ਪਾਰਟੀ ਦੇ ਸੀਨੀਅਰ ਨੇਤਾਵਾਂ ਦੇ ਵਿਰੋਧੀ ਤੇਵਰਾਂ ਨਾਲ ਰਿਹਾ। ਜਿਥੋਂ ਤਕ ਆਮ ਲੋਕਾਂ ਦੀ ਗੱਲ ਹੈ, ਉਹ ਭਾਵਨਾਤਮਕ ਤੌਰ 'ਤੇ ਇੰਦਰਾ ਗਾਂਧੀ ਨਾਲ ਓਨੀ ਹੀ ਸ਼ਿੱਦਤ ਨਾਲ ਜੁੜੇ ਹੋਏ ਸਨ, ਜਿੰਨੇ ਅੱਜ ਮੋਦੀ ਨਾਲ। 
ਵਿਰੋਧੀ ਧਿਰ ਹੋਵੇ ਜਾਂ ਆਪਣੀ ਪਾਰਟੀ 'ਚ ਵਿਰੋਧੀ ਸੁਰ ਰੱਖਣ ਵਾਲੇ ਸਾਥੀ, ਦੋਹਾਂ ਨੇਤਾਵਾਂ 'ਚ ਇਹ ਅਦਭੁੱਤ ਸਮਾਨਤਾ ਦਿਖਾਈ ਦਿੰਦੀ ਹੈ ਕਿ ਤੁਸੀਂ ਉਨ੍ਹਾਂ ਨਾਲ ਚਾਹੇ ਪਿਆਰ ਕਰੋ ਜਾਂ ਨਫਰਤ ਪਰ ਉਨ੍ਹਾਂ ਨੂੰ ਅਣਡਿੱਠ ਕਰਨਾ ਅਸੰਭਵ ਹੈ। 
ਦ੍ਰਿੜ੍ਹਤਾ ਅਤੇ ਜਨ-ਸਮਰਥਨ : ਦੋਹਾਂ ਹੀ ਪ੍ਰਧਾਨ ਮੰਤਰੀਆਂ ਲਈ ਕਿਸੇ ਦੇ ਪ੍ਰਭਾਵ ਜਾਂ ਦਬਾਅ 'ਚ ਆਉਣ ਦੀ ਗੱਲ ਕਲਪਨਾ ਤੋਂ ਵੀ ਪਰ੍ਹੇ ਹੈ। ਦੋਹਾਂ 'ਚ ਹੀ ਆਪਣੇ ਭਾਸ਼ਣਾਂ ਨਾਲ ਸਰੋਤਿਆਂ ਨੂੰ ਮੰਤਰ-ਮੁਗਧ ਕਰਨ ਦੀ ਬੇਮਿਸਾਲ ਸਮਰੱਥਾ ਦੇਖਣ ਨੂੰ ਮਿਲੀ ਤੇ ਮੀਡੀਆ ਦੀ ਪਿਆਰ-ਭਾਵਨਾ ਵੀ ਦੋਹਾਂ ਲਈ ਇਕੋ ਜਿਹੀ ਨਜ਼ਰ ਆਈ। 
ਜੇ ਦੋਹਾਂ ਸ਼ਖ਼ਸੀਅਤਾਂ 'ਚ ਅਸਮਾਨਤਾ ਨੂੰ ਦੇਖੀਏ ਤਾਂ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਦਰਾ ਗਾਂਧੀ ਨਾਲੋਂ ਸਿਰਫ ਇਕ ਹੀ ਫਰਕ ਨਾਲ ਅੱਗੇ ਹਨ ਤੇ ਉਹ ਇਹ ਹੈ ਕਿ ਮੋਦੀ ਵਲੋਂ ਪਰਿਵਾਰ, ਰਿਸ਼ਤੇਦਾਰਾਂ ਤੇ ਹੋਰ ਨੇੜਲਿਆਂ ਪ੍ਰਤੀ ਕਿਸੇ ਤਰ੍ਹਾਂ ਦੀ ਰਿਆਇਤ ਵਰਤਣ ਦੀ ਗੱਲ ਸੋਚੀ ਵੀ ਨਹੀਂ ਜਾ ਸਕਦੀ, ਜਦਕਿ ਇੰਦਰਾ ਗਾਂਧੀ ਆਪਣੇ ਪਰਿਵਾਰ ਨੂੰ ਹੀ ਦੇਸ਼ 'ਤੇ ਰਾਜ ਕਰਨ ਦੇ ਯੋਗ ਅਤੇ ਸ਼ਾਸਨ ਦਾ ਉੱਤਰਾਧਿਕਾਰੀ ਮੰਨਦੀ ਸੀ। 
ਪ੍ਰਧਾਨ ਮੰਤਰੀ ਦੀ ਯੋਗਤਾ ਲਈ ਕਿਸੇ ਵੀ ਕਸੌਟੀ 'ਤੇ ਖਰੇ ਨਾ ਉਤਰਨ ਦੇ ਬਾਵਜੂਦ ਇੰਦਰਾ ਗਾਂਧੀ ਆਪਣੇ ਪੁੱਤਰਾਂ 'ਚ ਭਾਰਤ ਦਾ ਭਵਿੱਖ ਲੱਭਦੀ ਸੀ। ਇਹੋ ਨਹੀਂ, ਇਕ ਪਾਰਟੀ ਦੇ ਰੂਪ ਵਿਚ ਕਾਂਗਰਸ ਨੂੰ ਵੀ ਉਨ੍ਹਾਂ ਨੇ ਆਪਣੇ ਪਰਿਵਾਰਕ ਦਾਇਰੇ 'ਚੋਂ ਕਦੇ ਬਾਹਰ ਨਹੀਂ ਨਿਕਲਣ ਦਿੱਤਾ। ਬਦਕਿਸਮਤੀ ਨਾਲ ਅੱਜ ਉਨ੍ਹਾਂ ਦੀ ਮੌਤ ਤੋਂ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ 'ਤੇ ਵੀ ਕਾਂਗਰਸ ਦੀ ਕਲਪਨਾ ਸਿਰਫ ਗਾਂਧੀ ਪਰਿਵਾਰ ਤਕ ਸੀਮਤ ਹੈ। 
ਜਿਸ ਤਰ੍ਹਾਂ ਇੰਦਰਾ ਗਾਂਧੀ ਦੇ ਰਾਜ ਵਿਚ ਉਨ੍ਹਾਂ ਦੇ ਵਿਰੋਧੀਆਂ ਕੋਲ ਬਿਨਾਂ ਕਿਸੇ ਠੋਸ ਆਧਾਰ ਜਾਂ ਬਦਲਵੀਂ ਵਿਵਸਥਾ ਦੇ ਸਿਰਫ 'ਇੰਦਰਾ ਹਟਾਓ' ਦਾ ਏਜੰਡਾ ਸੀ, ਉਸੇ ਤਰ੍ਹਾਂ ਅੱਜ ਵਿਰੋਧੀ ਧਿਰ ਕੋਲ ਵੀ ਬਿਨਾਂ ਕਿਸੇ ਨੀਤੀ ਦੇ 'ਮੋਦੀ ਹਟਾਓ' ਦਾ ਏਜੰਡਾ ਹੈ। ਖੁਸ਼ਕਿਸਮਤੀ ਵਾਲੀ ਗੱਲ ਇਹ ਹੈ ਕਿ ਲੋਕਾਂ ਦਾ ਸਮਰਥਨ ਜਿਸ ਤਰ੍ਹਾਂ ਉਦੋਂ ਇੰਦਰਾ ਗਾਂਧੀ ਦੇ ਨਾਲ ਸੀ, ਉਸੇ ਤਰ੍ਹਾਂ ਅੱਜ ਮੋਦੀ ਦੇ ਨਾਲ ਹੈ। ਇਸ ਲਈ ਕਿਸੇ ਉਥਲ-ਪੁਥਲ ਦੀ ਸੰਭਾਵਨਾ ਨਾ ਉਦੋਂ ਸੀ ਤੇ ਨਾ ਹੁਣ ਹੈ। ਉਦੋਂ ਇੰਦਰਾ ਗਾਂਧੀ ਨਾਲ ਨਫਰਤ ਦੇ ਆਧਾਰ 'ਤੇ ਉਨ੍ਹਾਂ ਨੂੰ ਹਟਾਉਣ ਦੀ ਗੱਲ ਕੀਤੀ ਜਾਂਦੀ ਸੀ ਤੇ ਅੱਜ ਮੋਦੀ ਨੂੰ ਸਿਰਫ ਨਾਪਸੰਦ ਕਰਨ ਦੇ ਆਧਾਰ 'ਤੇ ਹਟਾਉਣ ਦਾ ਸੁਪਨਾ ਦੇਖਿਆ ਜਾ ਰਿਹਾ ਹੈ। 
ਜੇ ਅਸੀਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਦੇਸ਼ ਦੀ ਏਕਤਾ, ਅਖੰਡਤਾ ਤੇ ਸੁਰੱਖਿਆ ਯਕੀਨੀ ਬਣਾਉਣ ਦੀ ਨੀਂਹ ਇੰਦਰਾ ਗਾਂਧੀ ਵਲੋਂ ਬਿਲਕੁਲ ਉਸੇ ਤਰ੍ਹਾਂ ਰੱਖੀ ਗਈ ਸੀ, ਜਿਸ ਤਰ੍ਹਾਂ ਕਿਸੇ ਉੱਚੀ-ਨੀਵੀਂ/ਟੋਇਆਂ-ਟਿੱਬਿਆਂ ਵਾਲੀ ਜ਼ਮੀਨ 'ਤੇ ਇਮਾਰਤ ਖੜ੍ਹੀ ਕਰਨ ਤੋਂ ਪਹਿਲਾਂ ਉਸ ਨੂੰ ਸਮਤਲ ਕਰਨਾ ਜ਼ਰੂਰੀ ਹੁੰਦਾ ਹੈ। ਇੰਦਰਾ ਗਾਂਧੀ ਨੇ ਭਾਰਤ ਰੂਪੀ ਇਮਾਰਤ ਦੀ ਨੀਂਹ ਮਜ਼ਬੂਤ ਕਰਨ ਲਈ ਜੋ ਕਦਮ ਚੁੱਕੇ, ਉਨ੍ਹਾਂ 'ਚ ਰਾਜਿਆਂ-ਮਹਾਰਾਜਿਆਂ ਨੂੰ ਮਿਲਣ ਵਾਲੇ ਪ੍ਰਿਵੀ ਪਰਸ ਦਾ ਖਾਤਮਾ, ਬੈਂਕਾਂ ਤੋਂ ਲੈ ਕੇ ਖਣਿਜ ਸੋਮਿਆਂ ਤੇ ਜ਼ਰੂਰੀ ਸੇਵਾਵਾਂ ਦਾ ਕੌਮੀਕਰਨ, ਖੇਤੀ ਖੇਤਰ 'ਚ ਹਰੀ ਕ੍ਰਾਂਤੀ ਦੀ ਸ਼ੁਰੂਆਤ, ਵਿਗਿਆਨਕ ਨਜ਼ਰੀਏ ਦਾ ਵਿਕਾਸ, ਆਧੁਨਿਕ ਸੰਚਾਰ ਅਤੇ ਉਪਗ੍ਰਹਿ ਸੋਮਿਆਂ ਦੀ ਵਰਤੋਂ ਦੇਸ਼ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਕਰਨਾ ਸ਼ਾਮਿਲ ਹਨ।
ਸਭ ਤੋਂ ਵੱਡੀ ਗੱਲ ਇਹ ਕਿ ਪਾਕਿਸਤਾਨ ਦੇ ਜੋ ਦੋ ਟੋਟੇ ਹੋਏ, ਉਸ ਨਾਲ ਉਹ ਹਮੇਸ਼ਾ ਲਈ ਅਪਾਹਜ ਹੋ ਕੇ ਰਹਿ ਗਿਆ। ਕਹਿ ਸਕਦੇ ਹਾਂ ਕਿ ਇੰਦਰਾ ਯੁੱਗ 'ਚ ਜ਼ਮੀਨ ਸਮਤਲ ਹੋ ਚੁੱਕੀ ਸੀ ਪਰ ਉਨ੍ਹਾਂ ਦੀ ਹੱਤਿਆ ਤੋਂ ਬਾਅਦ ਜਿੰਨੇ ਵੀ ਕਾਂਗਰਸੀ ਪ੍ਰਧਾਨ ਮੰਤਰੀ ਆਏ, ਉਨ੍ਹਾਂ ਦੇ ਦੌਰ 'ਚ ਸਮਤਲ ਜ਼ਮੀਨ ਮੁੜ ਬੰਜਰ ਹੋਣੀ ਸ਼ੁਰੂ ਹੋ ਗਈ।
ਚੁਣੌਤੀਆਂ : ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਦੇਸ਼ ਨੂੰ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ, ਰਿਸ਼ਵਤਖੋਰੀ ਤੇ ਲੁੱਟ-ਖਸੁੱਟ ਤੋਂ ਮੁਕਤ ਕਰਵਾਉਣ ਦੀ ਚੁਣੌਤੀ ਹੈ, ਜਿਸ ਦੀ ਖੁੱਲ੍ਹੀ ਛੋਟ ਦਾ ਬੀਜ ਇੰਦਰਾ ਗਾਂਧੀ ਦੇ ਸ਼ਾਸਨ ਦੌਰਾਨ ਬੀਜਿਆ ਗਿਆ ਸੀ। ਉਨ੍ਹਾਂ ਤੋਂ ਬਾਅਦ ਕਾਂਗਰਸੀ ਸਰਕਾਰਾਂ ਦੇ ਦੌਰ ਤੋਂ ਲੈ ਕੇ ਮੌਜੂਦਾ ਸਰਕਾਰ ਦੇ ਆਉਣ ਤਕ ਸਾਰੇ ਔਗੁਣਾਂ ਦੀ ਖੇਤੀ ਪੂਰੀ ਤਰ੍ਹਾਂ ਲਹਿਲਹਾ ਰਹੀ ਸੀ।  
ਮੌਜੂਦਾ ਭਾਜਪਾ ਸਰਕਾਰ ਸਾਹਮਣੇ ਇਹੋ ਚੁਣੌਤੀ ਹੈ ਕਿ ਅੱਜ ਲੜਖੜਾ ਚੁੱਕੀ ਵਿਵਸਥਾ ਨੂੰ ਕਿਵੇਂ ਦਰੁੱਸਤ ਕੀਤਾ ਜਾਵੇ? ਜਿਥੋਂ ਤਕ ਸੋਚ ਦੀ ਗੱਲ ਹੈ, ਦੇਸ਼ ਦੀ ਲੀਡਰਸ਼ਿਪ ਨੂੰ ਅਜੇ ਵੀ ਜਾਤਵਾਦ, ਧਾਰਮਿਕ ਸੌੜੇਪਣ, ਅੰਧ-ਵਿਸ਼ਵਾਸ ਅਤੇ ਪਾਖੰਡੀ ਲੋਕਾਂ ਨੇ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ। 'ਯਥਾ ਰਾਜਾ, ਤਥਾ ਪ੍ਰਜਾ' ਅਨੁਸਾਰ ਆਮ ਆਦਮੀ ਸਾਹਮਣੇ ਇਕ-ਟਕ ਦੇਖਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। 
ਇੰਦਰਾ ਦੇ ਸ਼ਾਸਨ 'ਚ ਜਿਸ ਤਰ੍ਹਾਂ ਆਪਣੇ ਫਾਇਦੇ ਲਈ ਅਰਾਜਕ ਅਨਸਰਾਂ ਨੂੰ ਸ਼ਹਿ ਮਿਲਣ ਦਾ ਨਤੀਜਾ ਆਤਮਘਾਤੀ ਸਿੱਧ ਹੋਇਆ, ਉਸੇ ਤਰ੍ਹਾਂ ਅੱਜ ਜੇ ਸਮਾਂ ਰਹਿੰਦਿਆਂ ਜਾਤ ਅਤੇ ਧਰਮ ਦੇ ਆਧਾਰ 'ਤੇ ਕੀਤੇ ਜਾਣ ਵਾਲੇ ਵਿਤਕਰੇ ਨੂੰ ਰੋਕਣ 'ਚ ਭਾਜਪਾ ਨੇ ਢਿੱਲ ਵਰਤੀ ਤਾਂ ਇਸ ਦਾ ਭਵਿੱਖ ਵੀ ਕਾਂਗਰਸ ਵਰਗਾ ਹੋ ਸਕਦਾ ਹੈ। ਇਸ ਦੀ ਤਾਜ਼ਾ ਮਿਸਾਲ 'ਪਦਮਾਵਤੀ' ਫਿਲਮ ਨੂੰ ਲੈ ਕੇ ਸਾਹਮਣੇ ਆ ਰਹੇ ਜਨੂੰਨ 'ਤੇ ਸਰਕਾਰ ਦੀ ਚੁੱਪ ਅਤੇ ਕੋਈ ਕਾਨੂੰਨੀ ਕਾਰਵਾਈ ਨਾ ਕਰਨਾ ਹੈ।
ਇਸੇ ਤਰ੍ਹਾਂ ਗਊ ਮਾਸ ਨੂੰ ਲੈ ਕੇ ਹੱਤਿਆ ਤਕ ਹੋ ਜਾਣ 'ਤੇ ਵੀ ਚੁੱਪ ਬੈਠੇ ਰਹਿਣਾ ਅਤੇ ਰਾਮ ਮੰਦਿਰ ਨੂੰ ਲੈ ਕੇ ਊਲ-ਜਲੂਲ ਬਿਆਨਬਾਜ਼ੀ 'ਤੇ ਕੋਈ ਰੋਕ-ਟੋਕ ਨਾ ਕਰਨਾ ਆਦਿ ਅਜਿਹੀਆਂ ਗੱਲਾਂ ਹਨ, ਜਿਨ੍ਹਾਂ ਦਾ ਭਾਜਪਾ ਤੇ ਮੋਦੀ ਦੀ ਹਰਮਨਪਿਆਰਤਾ 'ਤੇ ਡੂੰਘਾ ਅਸਰ ਪੈ ਰਿਹਾ ਹੈ। 
ਇੰਦਰਾ ਗਾਂਧੀ ਦੀ ਸਭ ਤੋਂ ਵੱਧ ਆਲੋਚਨਾ ਉਨ੍ਹਾਂ ਵਲੋਂ ਐਮਰਜੈਂਸੀ ਲਾਏ ਜਾਣ ਨੂੰ ਲੈ ਕੇ ਹੁੰਦੀ ਹੈ, ਜੋ ਉਨ੍ਹਾਂ ਦੇ ਸੱਤਾ ਤੋਂ ਲਾਂਭੇ ਹੋਣ ਦੀ ਵਜ੍ਹਾ ਵੀ ਬਣੀ। ਅੱਜ ਆਰਥਿਕ ਸੁਧਾਰਾਂ 'ਚ ਤੇਜ਼ੀ ਲਿਆਉਣ ਲਈ ਚੁੱਕੇ ਗਏ ਕਦਮ, 'ਰੇਰਾ' ਵਰਗਾ ਕਾਨੂੰਨ ਲਾਗੂ ਕਰਨ ਅਤੇ ਸਵੈ-ਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਦੇ ਉਪਾਅ ਵਿਅਰਥ ਹੋ ਸਕਦੇ ਹਨ ਅਤੇ ਦੇਸ਼ ਇਕ ਵਾਰ ਫਿਰ ਡਾਵਾਂਡੋਲ ਹੋਣ ਦੀ ਸਥਿਤੀ 'ਚ ਪਹੁੰਚ ਸਕਦਾ ਹੈ, ਜੇ ਸਮਾਂ ਰਹਿੰਦਿਆਂ ਲੋਕਾਂ ਨੂੰ ਤੋੜਨ ਦੀ ਪ੍ਰਕਿਰਿਆ 'ਤੇ ਰੋਕ ਨਾ ਲਾਈ ਗਈ। 
 (pooranchandsarin@gmail.com)


Related News