ਕਰਨਾਟਕ ਅਤੇ ਜਲੰਧਰ ਚੋਣਾਂ ਦੇ ਮਹੱਤਵਪੂਰਨ ਸੰਕੇਤ

Wednesday, May 17, 2023 - 03:58 PM (IST)

ਕਰਨਾਟਕ ਅਤੇ ਜਲੰਧਰ ਚੋਣਾਂ ਦੇ ਮਹੱਤਵਪੂਰਨ ਸੰਕੇਤ

ਪਹਿਲੀ ਗੱਲ ਤਾਂ ਇਹ ਕਿ ਕਰਨਾਟਕ ਚੋਣਾਂ ਨਾਲ ਰਾਹੁਲ ਗਾਂਧੀ ਦੇ ਅਕਸ ’ਚ ਸੁਧਾਰ ਆਇਆ ਹੈ। ਸੰਭਵ ਹੈ ਇਹ ਸੁਧਾਰ ਸਿਰਫ ਜਿੱਤ ਕਾਰਨ ਲੱਗਦਾ ਹੋਵੇ ਪਰ ਸੁਧਾਰ ਜ਼ਰੂਰ ਆਇਆ ਹੈ। ਕਰਨਾਟਕ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਨਹਿਰੂ-ਗਾਂਧੀ ਪਰਿਵਾਰ ਦਾ ‘ਕੋਰਾ ਵਾਰਿਸ’ ਕਿਹਾ ਜਾਣ ਲੱਗਾ ਸੀ, ਜਿਸ ਦੀ ਕਾਂਗਰਸ ਸੰਗਠਨ ’ਚ ਦੇਣ ‘ਜ਼ੀਰੋ’ ਹੈ। ਉਸ ਦੀ ਨਿੱਜੀ ਪ੍ਰਾਪਤੀ ‘ਪੱਪੂ’, ‘ਸ਼ਹਿਜ਼ਾਦਾ’ ਜਾਂ ‘ਰਾਹੁਲ ਬਾਬਾ’ ਹੀ ਸੀ। ਪਤਾ ਨਹੀਂ ਕਦੋਂ ਕੀ ਕਹਿ ਦੇਣ ਕਿ ਜਨਤਾ ਦੇ ਹਾਸੇ ਦਾ ਪਾਤਰ ਬਣ ਜਾਣ। ਭਾਰਤ ਜੋੜੋ ਯਾਤਰਾ ਤੋਂ ਤਾਂ ਉਸ ਦੀ ਸ਼ਕਲ-ਸੂਰਤ ਸੁਕਰਾਤ ਵਰਗੀ ਲੱਗਣ ਲੱਗੀ ਸੀ ਪਰ ਕਰਨਾਟਕ ਚੋਣਾਂ ਦੀ ਜਿੱਤ ਨਾਲ ਉਸ ਦਾ ਅਕਸ ਨਾ ਸਿਰਫ ਕਾਂਗਰਸ, ਸਗੋਂ ਸਾਧਾਰਨ ਜਨਤਾ ਵੀ ਉਨ੍ਹਾਂ ਦੀ ਭੂਮਿਕਾ ਨੂੰ ਗੰਭੀਰਤਾ ਨਾਲ ਲੈਣ ਲੱਗੀ ਹੈ।

ਹਿਮਾਚਲ ਅਤੇ ਕਰਨਾਟਕ ਜਿੱਤ ਨੇ ਰਾਹੁਲ ਦੇ ਕੈਂਪ ’ਚ 2 ਖੰਭ ਹੋਰ ਜੜ ਦਿੱਤੇ ਹਨ। ਹੁਣ ਰਾਹੁਲ ਗਾਂਧੀ ਮਚਿਓਰ ਨਜ਼ਰ ਆਉਣ ਲੱਗੇ ਹਨ। ਕਾਂਗਰਸ ਉਨ੍ਹਾਂ ਨੂੰ ਆਪਣਾ ਨੇਤਾ ਮੰਨਣ ਲੱਗੀ ਹੈ। ਦੂਜਾ ਵੱਡਾ ਸੰਕੇਤ ਇਹ ਹੈ ਕਿ ਨਰਿੰਦਰ ਮੋਦੀ ਅਜੇਤੂ ਨਹੀਂ। ਜੇਕਰ ਵਿਰੋਧੀ ਧਿਰ ਦਿਲੋਂ ਇਕ ਹੋ ਕੇ ਚੋਣ ਲੜੇ ਤਾਂ ਮੋਦੀ ਨੂੰ ਹਰਾਇਆ ਜਾ ਸਕਦਾ ਹੈ। ਦੇਸ਼ ਦੇ ਚੋਣ ਮਾਹੌਲ ’ਚ ਚੋਣ ਜਿੱਤਣ ਦੀ ਜਿਹੜੀ ਹਨੇਰੀ ਨੂੰ ਨਰਿੰਦਰ ਮੋਦੀ ਨੇ ਚਲਾਇਆ, ਉਹ ਰੁਕ ਨਹੀਂ ਰਹੀ। 2014 ਤੋਂ 2023 ਦਰਮਿਆਨ ਚੋਣਾਂ ਭਾਵੇਂ ਲੋਕ ਸਭਾ ਦੀਆਂ ਜਾਂ ਵਿਧਾਨ ਸਭਾ ਦੀਆਂ, ਸਾਰਿਆਂ ’ਚ ਮੋਦੀ ਵਿਰੋਧੀ ਨੂੰ ਚਿੱਤ ਕਰਦੇ ਗਏ ਹਨ। ਸਿਰਫ ਪੱਛਮੀ ਬੰਗਾਲ ਤੋਂ ਮਮਤਾ ਬੈਨਰਜੀ ਜਾਂ ਅੱਜ ਕਰਨਾਟਕ ’ਚ ਰਾਹੁਲ ਗਾਂਧੀ ਉਸ ਨੂੰ ਰੋਕ ਸਕੇ।

ਤੀਜਾ ਸੰਕੇਤ ਜਿਸ ਨੂੰ ਜਲੰਧਰ (ਪੰਜਾਬ) ਦੀ ਉਪ ਚੋਣ ਨਾਲ ਜੋੜਿਆ ਜਾ ਸਕਦਾ ਹੈ, ਉਹ ਇਹ ਕਿ ਪੰਜਾਬ ’ਚ ਅੱਜ ਵੀ ਜੇਕਰ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਮਿਲ ਕੇ ਲੜਨ ਤਾਂ ਵਿਰੋਧੀਆਂ ਨੂੰ ਹਰਾਇਆ ਜਾ ਸਕਦਾ ਹੈ। ਜ਼ਰਾ ਕੁਲ ਪਈਆਂ ਵੋਟਾਂ ਦਾ ਲੇਖਾ-ਜੋਖਾ ਦੇਖੋ। ‘ਆਪ’ ਦੇ ਉਮੀਦਵਾਰ ਰਿੰਕੂ ਨੂੰ ਪਈਆਂ ਵੋਟਾਂ ਦੀ ਗਿਣਤੀ ਦੇਖੋ। ਜੇਤੂ ਰਿੰਕੂ ਨੂੰ ਵੋਟਾਂ ਪਈਆਂ 3,02,279 ਜਦਕਿ ਅਕਾਲੀ ਦਲ ਨੂੰ 1,58,445 ਅਤੇ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਈਆਂ 1,34,800 ਭਾਵ ਜੇਤੂ ਉਮੀਦਵਾਰ ਨਾਲੋਂ 9034 ਘੱਟ। ਜੇਕਰ ਇਹ ਦੋਵੇਂ ਪਾਰਟੀਆਂ ਮਿਲ ਕੇ ਜਲੰਧਰ ਦੀ ਉਪ ਚੋਣ ਲੜਦੀਆਂ ਤਾਂ ਇਕ ਸੰਗਠਿਤ ਸ਼ਕਤੀ ਬਣ ਕੇ ਸਭ ਨੂੰ ਚੋਣਾਂ ’ਚ ਰੋਲਿਆ ਜਾ ਸਕਦਾ ਸੀ। 2024 ਦੀਆਂ ਲੋਕ ਸਭਾ ਚੋਣਾਂ ਜੇਕਰ ਦੋਵੇਂ ਪਾਰਟੀਆਂ ਮਿਲ ਕੇ ਲੜਨ ਤਾਂ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਜਿੱਤੀਆਂ ਜਾ ਸਕਦੀਆਂ ਹਨ। ਇਸ ਉਪ ਚੋਣ ਨੇ ਸਿੱਧ ਕਰ ਦਿੱਤਾ ਕਿ ਸ਼ਹਿਰਾਂ ’ਚ ਭਾਰਤੀ ਜਨਤਾ ਪਾਰਟੀ ਅਤੇ ਦਿਹਾਤ ’ਚ ਸ਼੍ਰੋਮਣੀ ਅਕਾਲੀ ਦਲ ਦਾ ਗਲਬਾ ਹੈ। ਇਹ ਦੋਵਾਂ ਪਾਰਟੀਆਂ ਨੇ ਵਿਚਾਰਨਾ ਹੈ।

ਚੌਥਾ ਸੰਕੇਤ ਇਹ ਹੈ ਕਿ ਕਾਂਗਰਸ ਜੇਕਰ ਸੰਗਠਿਤ ਹੋ ਕੇ ਕਿਸੇ ਚੋਣ ਨੂੰ ਲੜੇ ਤਾਂ ਹਵਾ ਦਾ ਰੁਖ ਬਦਲ ਸਕਦੀ ਹੈ। ਅਸਲ ’ਚ ਦੇਖਿਆ ਜਾਵੇ ਤਾਂ ਪਤਾ ਲੱਗਾ ਹੈ ਕਿ ਕਾਂਗਰਸ ਉਪਰੋਂ ਹੇਠਾਂ ਤੱਕ ਧੜਿਆਂ ’ਚ ਵੰਡੀ ਹੋਈ ਹੈ। ਚੋਣਾਂ ’ਚ ਇਹ ਧੜੇ ਉਂਝ ਹੀ ਖੜ੍ਹੇ ਰਹਿੰਦੇ ਹਨ। ਵਰਕਰ ਧੜੇ ਦੇ ਲੀਡਰ ਦਾ ਕਹਿਣਾ ਮੰਨਦਾ ਹੈ, ਸੰਗਠਨ ਦਾ ਨਹੀਂ। ਕਾਂਗਰਸ ਧੜਿਆਂ ’ਚ ਵੰਡੀ ਹੋਣ ਕਾਰਨ ਚੋਣਾਂ ਹਾਰ ਜਾਂਦੀ ਹੈ। ਇਸ ਦੇ ਉਲਟ ਭਾਰਤੀ ਜਨਤਾ ਪਾਰਟੀ ਇਕਜੁੱਟ ਹੋ ਕੇ ਚੋਣਾਂ ਲੜਦੀ ਹੈ। ਉਪਰੋਂ ਜੋ ਹੁਕਮ ਆਵੇ, ਉਸ ਦਾ ਉਂਝ ਹੀ ਪਾਲਣ ਕਰਦੀ ਹੈ।

ਕਰਨਾਟਕ ’ਚ ਡੀ. ਕੇ. ਸ਼ਿਵਕੁਮਾਰ ਅਤੇ ਸਿੱਧਰਮਈਆ ਦੋ ਧੜੇ ਪ੍ਰਤੱਖ ਕਾਰਜਸ਼ੀਲ ਸਨ। ਇਨ੍ਹਾਂ ਚੋਣਾਂ ’ਚ ਦੋਵੇਂ ਧੜੇ ਮਿਲ ਕੇ ਚੋਣ ਲੜੇ। ਨਤੀਜੇ ਕਰਨਾਟਕ ’ਚ ਉਮੀਦ ਮੁਤਾਬਕ ਆਏ। ਦੂਜੇ ਪਾਸੇ ਸੰਭਵ ਹੈ ਏਕਤਾ ਨਾ ਹੋਵੇ। ਅਸਲ ’ਚ ਮੌਜੂਦਾ ਸਮਾਂ ਹੀ ਕੁਝ ਅਜਿਹਾ ਹੈ ਕਿ ਧੜਿਆਂ ਤੋਂ ਬਿਨਾਂ ਚੱਲਿਆ ਹੀ ਨਹੀਂ ਜਾ ਸਕਦਾ। ਕਾਂਗਰਸ ਦੀ ਮੁਸੀਬਤ ਇਹ ਹੈ ਕਿ ਇਹ ਠੇਕੇਦਾਰਾਂ, ਰੇਤਾ-ਮਾਫੀਆ, ਸ਼ਰਾਬ ਦੇ ਵਿਕ੍ਰੇਤਾਵਾਂ ਦੀ ਪਾਰਟੀ ਰਹੀ ਹੈ। ਇਸ ’ਚ ਚੌਧਰੀ ਪ੍ਰਧਾਨ ਹੁੰਦੇ ਹਨ। ਹੁਣ ਹੋਰਨਾਂ ਪਾਰਟੀਆਂ ’ਚ ਵੀ ਵਰਕਰ ਠੇਕੇਦਾਰ ਬਣਨ ਲੱਗੇ ਹਨ। ਕੱਲ ਤੱਕ ਜੋ ਠੇਕੇਦਾਰ ਆਪਣੇ ਨੇਤਾ ਨੂੰ ਪੈਸੇ ਦਿੰਦਾ ਸੀ, ਅੱਜ ਉਹ ਖੁਦ ਚੋਣਾਂ ’ਚ ਖੜ੍ਹਾ ਹੋ ਰਿਹਾ ਹੈ। ਇਹ ਇਕ ਨਵੀਂ ਤਬਦੀਲੀ ਸਿਆਸਤ ’ਚ ਆਈ ਹੈ।

ਪੰਜਵਾਂ ਸੰਕੇਤ ‘ਬੂਥ ਮੈਨੇਜਮੈਂਟ’ ਦਾ ਮਿਥਕ ਟੁੱਟਦਾ ਦਿਸਿਆ। ਜਲੰਧਰ ਲੋਕ ਸਭਾ ਦੀ ਉਪ ਚੋਣ ’ਚ ‘ਬੂਥ ਮੈਨੇਜਮੈਂਟ’ ਦਾ ਤਾਣਾ-ਬਾਣਾ ਜਿਸ ਨੂੰ ਭਾਰਤੀ ਜਨਤਾ ਪਾਰਟੀ ‘ਰਾਮਬਾਣ’ ਕਹਿੰਦੀ ਹੈ, ਟੁੱਟਦਾ ਨਜ਼ਰ ਆਇਆ। ‘ਆਪ’ ਜਿਸ ਨੂੰ ਜਲੰਧਰ ਲੋਕ ਸਭਾ ਚੋਣਾਂ ’ਚ 58000 ਤੋਂ ਵੱਧ ਦੀ ਲੀਡ ਮਿਲੀ, ਉਸ ਦੀਆਂ ਅਨੇਕਾਂ ਥਾਵਾਂ ’ਤੇ ਬੂਥ ਹੀ ਨਹੀਂ ਲੱਗੇ। ਕਈ ਬੂਥਾਂ ’ਤੇ ਪੋਲਿੰਗ ਏਜੰਟ ਹੀ ਨਹੀਂ ਸਨ, ਉੱਥੇ ਵੀ ‘ਆਪ’ ਜਿੱਤਦੀ ਨਜ਼ਰ ਆਈ। ਇਸ ਦਾ ਮਤਲਬ ਇਹ ਹੋਇਆ ਕਿ ਵੋਟਰ ਬੂਥ-ਬਾਥ, ਪੋਲਿੰਗ ਏਜੰਟ ਦੀ ਪ੍ਰਵਾਹ ਨਹੀਂ ਕਰਦੇ। ਵੋਟਰ ਪੋਲਿੰਗ ਸਟੇਸ਼ਨ ’ਤੇ ਜਾਵੇਗਾ, ਆਪਣਾ ਨਿਸ਼ਾਨ ਲੱਭ ਕੇ ਬਟਨ ਦਬਾ ਦੇਵੇਗਾ। ਬਾਹਰ ਆ ਕੇ ਲੱਖ ਪੁੱਛਦੇ ਰਹੋ ਕਿ ਕਿਸ ਨੂੰ ਵੋਟ ਪਾਈ, ਕਦੀ ਨਹੀਂ ਦੱਸੇਗਾ।

ਇਸ ਗੱਲ ’ਤੇ ਮਤਭੇਦ ਨਹੀਂ ਕਿ ਪੋਲਿੰਗ ਬੂਥ ਲੱਗਣੇ ਚਾਹੀਦੇ ਹਨ, ਪੋਲਿੰਗ ਏਜੰਟ ਹੋਣੇ ਚਾਹੀਦੇ ਹਨ ਪਰ ਜਲੰਧਰ ਦੀ ਉਪ ਚੋਣ ’ਚ ਵੋਟਰਾਂ ਨੇ ਚੁੱਪਚਾਪ ਵੋਟ ਪਾਈ ਅਤੇ ਘਰ ਚਲੇ ਗਏ। ਉਨ੍ਹਾਂ ਨੇ ਬੂਥ ਮੈਨੇਜਮੈਂਟ ਦੇ ਮਿਥਕ ਨੂੰ ਤੋੜ ਦਿੱਤਾ। ਇਹੀ ਹਾਲ ਪਿਛਲੇ ਸਾਲ ਵਿਧਾਨ ਸਭਾ ਦੀਆਂ ਚੋਣਾਂ ’ਚ ਬੂਥ ਨੂੰ ਦੇਖੇ ਬਿਨਾਂ ਵੋਟਰਾਂ ਨੇ ‘ਆਪ’ ਨੂੰ 117 ’ਚੋਂ 92 ’ਤੇ ਜਿੱਤ ਦਿਵਾ ਦਿੱਤੀ। ਵੋਟ ਪਾਉਣ ਦੀ 2 ਦਿਨ ਹਨੇਰੀ ਚੱਲਦੀ ਹੈ।

ਸਭ ਤੋਂ ਵੱਡਾ ਸੰਕੇਤ ਕਰਨਾਟਕ ਵਿਧਾਨ ਸਭਾ ’ਚ ਇਹ ਮਿਲਿਆ ਕਿ ਜਲਸੇ-ਜਲੂਸਾਂ, ਰੋਡ ਸ਼ੋਅਜ਼ ’ਚ ਅਣਗਿਣਤ ਭੀੜ ਇਕੱਠੀ ਹੋਈ। ਲੱਗਦਾ ਸੀ ਭਾਰਤੀ ਜਨਤਾ ਪਾਰਟੀ ਦੀ ਹਨੇਰੀ ਆਈ ਹੋਈ ਹੈ। ਸਾਰਿਆਂ ਦੀਆਂ ਜ਼ਮਾਨਤਾਂ ਇਸ ਭੀੜ ’ਚ ਜ਼ਬਤ ਹੋ ਜਾਣਗੀਆਂ ਪਰ ਜਦੋਂ ਚੋਣ ਮਸ਼ੀਨਾਂ ਖੁੱਲ੍ਹੀਆਂ ਤਾਂ ਸਭ ਦੇ ਹੋਸ਼ ਉੱਡ ਗਏ। ਇਹ ਲੋਕਤੰਤਰ ਹੈ, ਇਸ ’ਚ ਕੋਈ ਵੀ ਕਦੀ ਇਹ ਨਹੀਂ ਕਹਿ ਸਕਦਾ ਕਿ ਅਮੁਕ ਪਾਰਟੀ ਹੀ ਜਿੱਤੇਗੀ।

ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ’ਚ ਐਗਜ਼ਿਟ ਪੋਲਾਂ ਦੀਆਂ ਭਵਿੱਖਬਾਣੀਆਂ ਗਲਤ ਸਿੱਧ ਹੋਈਆਂ। ਕਈ ਚੋਣ ਮਾਹਿਰ ਭਾਜਪਾ ਦੀ ਜਿੱਤ ਦਾ ਦਾਅਵਾ ਠੋਕ ਰਹੇ ਸਨ ਪਰ ਉਨ੍ਹਾਂ ਦੇ ਸਾਰੇ ਗਣਿਤ ਗਲਤ ਸਾਬਤ ਹੋਏ। ਜਿੱਤ ਨਾ ਕਾਂਗਰਸ ਦੀ, ਨਾ ਭਾਜਪਾ ਦੀ ਹਾਰ। ਕਰਨਾਟਕ ’ਚ ਜਿੱਤ ਜਨਤਾ ਦੀ ਹੋਈ। ਵੋਟਰ ਜਿੱਤ ਗਿਆ, ਸਿਆਸੀ ਪਾਰਟੀਆਂ ਹਾਰ ਗਈਆਂ। ਲੋਕਤੰਤਰ ’ਚ ਜੇਤੂ ਪਾਰਟੀ ਇਹ ਭਰਮ ਨਾ ਪਾਲੇ ਕਿ ਜਿੱਤ ਹਮੇਸ਼ਾ ਉਸ ਦੀ ਹੋਵੇਗੀ। ਕੱਲ ਜਨਤਾ ਦਾ ਫੈਸਲਾ ਉਸ ਦੇ ਵਿਰੋਧ ’ਚ ਵੀ ਜਾ ਸਕਦਾ ਹੈ। ਜਨਤਾ ਕਿਸੇ ਵੀ ਪਾਰਟੀ ਦੇ ਨਾਲ ਬੱਝੀ ਹੋਈ ਨਹੀਂ। ਲੋਕਤੰਤਰ ਦਾ ਇਹੀ ਸ਼ਿੰਗਾਰ ਹੈ, ਅੱਜ ਜੋ ਸੱਤਾ ਸੁੱਖ ਭੋਗ ਰਹੇ ਹਨ, ਉਹ ਕੱਲ ਸੱਤਾਹੀਣ ਹੋ ਜਾਣਗੇ। ਜਨਤਾ-ਜਨਾਰਦਨ ਜਿੱਤਦੀ ਰਹੇਗੀ। ਜਲੰਧਰ ’ਚ ਲੋਕ ਸਭਾ ਉਪ ਚੋਣ ਅਤੇ ਕਰਨਾਟਕ ਦੀ ਚੋਣ ਲੋਕਤੰਤਰ ’ਚ ਜਨਤਾ ਦੀ ਜਿੱਤ ਦਾ ਪ੍ਰਤੀਕ ਹੈ। ਇਸ ਲੋਕਤੰਤਰ ਨੂੰ ਨਮਸਕਾਰ।

ਮਹੱਤਵ ਇਸ ਗੱਲ ’ਚ ਰਹੇਗਾ ਕਿ ਜੇਤੂ ਉਮੀਦਵਾਰ ਜਿੱਤ ਦਾ ਹੰਕਾਰ ਨਾ ਕਰੇ। ਹਾਰਨ ਵਾਲੇ ਉਮੀਦਵਾਰ ਦਿਲ ਛੋਟਾ ਨਾ ਕਰਨ। ਲੋਕਤੰਤਰ ’ਚ ਹਾਰ-ਜਿੱਤ ਚੱਲਦੀ ਰਹਿੰਦੀ ਹੈ। ਹਾਰ-ਜਿੱਤ ਨੂੰ ਛੱਡ ਕੇ ਸਾਰੇ ਲੋਕ-ਸੇਵਕ ਬਣਨ। ਲੋਕਤੰਤਰ ’ਚ ਜੇਤੂ ਇਹ ਨਾ ਸਮਝੇ ਕਿ ਉਹ ਰਾਜਾ ਹੈ ਅਤੇ ਜਨਤਾ ਉਸ ਦੀ ਸੇਵਾਦਾਰ। ਉਦੋਂ ਤਾਂ ਲੋਕਤੰਤਰ ਹਾਰ ਜਾਵੇਗਾ। ਅਸੀਂ ਤਾਂ ਜਿੱਤ ਕੇ ਸੰਵਿਧਾਨ ਦੀ ਰੱਖਿਆ ਕਰਨੀ ਹੈ। ਰੱਖਿਆ ਕਰਨੀ ਹੈ ਤਾਂ ਲੋਕਤੰਤਰ ਨੂੰ ਜਨਤਾ ਦਾ ਸੇਵਕ ਬਣਨਾ ਹੀ ਸ਼ੋਭਾ ਿਦੰਦਾ ਹੈ।

ਮਾਸਟਰ ਮੋਹਨ ਲਾਲ


author

Rakesh

Content Editor

Related News