ਬਿਹਾਰ ਦੀਆਂ ਚੋਣਾਂ ’ਚ ਹਰਿਆਣਵੀ ਨੇਤਾਵਾਂ ਦੀ ਮਹੱਤਵਪੂਰਨ ਭੂਮਿਕਾ

11/09/2020 2:28:15 AM

ਰਾਹਿਲ ਨੌਰਾ ਚੋਪੜਾ

ਇਸ ਵਾਰ ਬਿਹਾਰ ਦੀਆਂ ਚੋਣਾਂ ’ਚ ਹਰਿਆਣਵੀ ਨੇਤਾਵਾਂ ਨੇ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ। ਤੇਜਸਵੀ ਯਾਦਵ ਦੀ ਕੈਂਪੇਨ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸੰਜੇ ਯਾਦਵ ’ਤੇ ਸੀ, ਜੋ ਕਿ ਉਨ੍ਹਾਂ ਦੇ ਉਪ ਮੁੱਖ ਮੰਤਰੀ ਰਹਿਣ ਦੌਰਾਨ ਓ. ਐੱਸ. ਡੀ. ਸਨ। ਹਰਿਆਣਾ ਨਾਲ ਸਬੰਧਤ ਐੱਮ. ਬੀ. ਏ. ਸੰਜੇ ਤੇਜਸਵੀ ਨੂੰ ਉਨ੍ਹਾਂ ਦਿਨਾਂ ਤੋਂ ਜਾਣਦੇ ਹਨ, ਜਦੋਂ ਉਹ ਦਿੱਲੀ ’ਚ ਕ੍ਰਿਕਟ ਖੇਡਿਆ ਕਰਦੇ ਸਨ। ਇਕ ਹੋਰ ਹਰਿਆਣਾ ਦਾ ਲਿੰਕ ਲਾਲੂ ਦੇ ਪਰਿਵਾਰ ਨਾਲ ਜੁੜਿਆ ਹੈ। ਤੇਜਸਵੀ ਦੀ ਭੈਣ ਅਨੁਸ਼ਕਾ ਦੇ ਸਹੁਰੇ ਅਤੇ ਸਾਬਕਾ ਮੰਤਰੀ ਅਜੈ ਸਿੰਘ ਯਾਦਵ ਨੇ ਤੇਜਸਵੀ ਲਈ ਪ੍ਰਚਾਰ ਕੀਤਾ। ਜਦੋਂ ਲਾਲੂ ਪ੍ਰਸਾਦ ਯਾਦਵ ਦਾ ਚਿੱਤਰ ਰਾਜਦ ਦੇ ਪੋਸਟਰ ਤੋਂ ਬਾਹਰ ਸੀ ਅਤੇ ਕੋਈ ਵੀ ਪਰਿਵਾਰਕ ਮੈਂਬਰ ਚੋਣ ਮੁਹਿੰਮ ’ਚ ਸ਼ਾਮਲ ਨਹੀਂ ਸੀ। ਓਧਰ ਹਰਿਆਣਾ ਨਾਲ ਸਬੰਧ ਰੱਖਣ ਵਾਲੇ ਕਾਂਗਰਸੀ ਨੇਤਾ ਰਣਦੀਪ ਸੂਰਜੇਵਾਲਾ ਨੇ ਪਟਨਾ ’ਚ ਪਾਰਟੀ ਹੈੱਡਕੁਆਰਟਰ ਤੋਂ ਕਾਂਗਰਸ ਦੇ ਪ੍ਰਚਾਰ ਦੀ ਕਮਾਨ ਸੰਭਾਲੀ ਸੀ।

ਕਾਂਗਰਸ ’ਚ ਨੌਜਵਾਨ ਟੀਮ

ਪੁਰਾਣੇ ਮਹਾਰਥੀਆਂ ਨੂੰ ਪਿੱਛੇ ਧੱਕ ਕੇ ਇਕ ਨਵੀਂ ਟੀਮ ਸਾਹਮਣੇ ਉੱਭਰ ਕੇ ਆਈ ਹੈ, ਜਦਕਿ ਰਾਹੁਲ ਗਾਂਧੀ ਸਿਰਫ ਇਕ ਸੰਸਦ ਮੈਂਬਰ ਹਨ ਪਰ ਉਨ੍ਹਾਂ ਨੂੰ ਅਜੇ ਵੀ ਪਾਰਟੀ ਪ੍ਰਧਾਨ ਦੇ ਤੌਰ ’ਤੇ ਦੇਖਿਆ ਜਾਂਦਾ ਹੈ। ਸੋਨੀਆ ਗਾਂਧੀ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ’ਚ ਸ਼ਾਮਲ ਨਹੀਂ ਹੋਈ। ਸਾਰੇ ਚੋਣ ਪ੍ਰਬੰਧਾਂ ਨੂੰ ਰਾਹੁਲ ਦੇ ਦਫਤਰ ਵਲੋਂ ਨਿਪਟਾਇਆ ਗਿਆ। ਰਣਦੀਪ ਸੂਰਜੇਵਾਲਾ ਨੇ ਚੋਣ ਮੁਹਿੰਮ ਨੂੰ ਸੰਭਾਲਿਆ ਅਤੇ ਮੀਡੀਆ ਨੂੰ ਨੌਜਵਾਨ ਬੁਲਾਰੇ ਪਵਨ ਖੇੜਾ, ਸੁਪ੍ਰਿਆ ਸ਼੍ਰੀਨਾਤੇ ਅਤੇ ਗੌਰਵ ਵੱਲਭ ਨੇ ਸੰਭਾਲਿਆ। ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ ਅਤੇ ਕਪਿਲ ਸਿੱਬਲ ਗਾਇਬ ਰਹੇ।

ਮੁਸਲਿਮ ਚੋਣਾਵੀ ਇਲਾਕੇ ਤੋਂ ਚੋਣ ਮੁਹਿੰਮ ਦੀ ਕਮਾਨ ਉੱਤਰ ਪ੍ਰਦੇਸ਼ ਦੇ ਨੌਜਵਾਨ ਕਵੀ ਇਮਰਾਨ ਪ੍ਰਤਾਪ ਗੜ੍ਹੀ ਨੇ ਸੰਭਾਲੀ। ਨੌਜਵਾਨ ਨੇਤਾਵਾਂ ’ਚ ਵਿਸਥਾਰਿਤ ਤੌਰ ’ਤੇ ਚੋਣਾਵੀ ਮੁਹਿੰਮ ਨੂੰ ਸਚਿਨ ਪਾਇਲਟ ਨੇ ਦੇਖਿਆ। ਉਹ ਮੱਧ ਪ੍ਰਦੇਸ਼ ’ਚ ਚੋਣ ਪ੍ਰਚਾਰ ਤੋਂ ਇਲਾਵਾ ਜਿਓਤਿਰਾਦਿਤਿਆ ਸਿੰਧੀਆ ਵਿਰੁੱਧ ਵੀ ਖੜ੍ਹੇ ਰਹੇ, ਜੋ ਕਿ ਹੁਣ ਭਾਜਪਾ ’ਚ ਕਸ਼ਮਕਸ਼ ਕਰ ਰਹੇ ਹਨ।

ਭਾਜਪਾ ਬਨਾਮ ਟੀ. ਐੱਮ. ਸੀ.

ਪੱਛਮੀ ਬੰਗਾਲ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 2 ਦਿਨਾ ਦੌਰੇ ਦੇ ਬਾਅਦ ਤੋਂ ਅਗਲੇ ਸਾਲ ਅਪ੍ਰੈਲ ’ਚ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਅਤੇ ਟੀ. ਐੱਮ. ਸੀ. ’ਚ ਜ਼ੁਬਾਨੀ ਜੰਗ ਸ਼ੁਰੂ ਹੋ ਚੁੱਕੀ ਹੈ। ਅਮਿਤ ਸ਼ਾਹ ਨੇ 100 ਤੋਂ ਵੱਧ ਬੰਗਾਲੀ ਭਾਜਪਾ ਵਰਕਰਾਂ ਦੀ ਹੱਤਿਆ ਦਾ ਮਮਤਾ ਬੈਨਰਜੀ ’ਤੇ ਦੋਸ਼ ਲਗਾਇਆ ਅਤੇ ਉਨ੍ਹਾਂ ਕੋਲੋਂ ਪੁੱਛਿਆ ਹੈ ਕਿ ਕੀ ਉਨ੍ਹਾਂ ਦੀ ਸਰਕਾਰ ਇਨ੍ਹਾਂ ਮੌਤਾਂ ਨਾਲ ਸਬੰਧਤ ਕੋਈ ਵ੍ਹਾਈਟ ਪੇਪਰ ਜਾਰੀ ਕਰੇਗੀ?

ਸ਼ਾਹ ਨੇ ਮਮਤਾ ਬੈਨਰਜੀ ’ਤੇ ਪੱਛਮੀ ਬੰਗਾਲ ’ਚ ਕਾਨੂੰਨ ਦੇ 3 ਸੈੱਟਾਂ ਦੀ ਰਚਨਾ ਲਈ ਵੀ ਦੋਸ਼ ਲਾਇਆ। 3 ਦੋਸ਼ਾਂ ’ਚ ਪਹਿਲਾ ਅਭਿਸ਼ੇਕ ਬੈਨਰਜੀ ਲੋਕ ਸਭਾ ਮੈਂਬਰ ਨੂੰ ਲੈ ਕੇ ਹੈ, ਜੋ ਸੀ. ਐੱਮ. ਦੇ ਭਤੀਜੇ ਹਨ। ਦੂਸਰਾ ਮਮਤਾ ਦੀ ਵੋਟ ਬੈਂਕ ਦੀ ਸਿਆਸਤ ਅਤੇ ਤੀਸਰਾ ਆਮ ਬੰਗਾਲੀਆਂ ਨੂੰ ਲੈ ਕੇ ਹੈ।

ਸ਼ਾਹ ਨੇ ਇਹ ਵੀ ਸੰਕੇਤ ਦਿੱਤਾ ਕਿ ਭਾਜਪਾ ਬਿਨਾਂ ਕਿਸੇ ਮੁੱਖ ਮੰਤਰੀ ਚਿਹਰੇ ਦੇ ਚੋਣਾਂ ਲੜੇਗੀ ਅਤੇ ਐਲਾਨ ਕੀਤਾ ਕਿ ਪੱਛਮੀ ਬੰਗਾਲ ’ਚ ਰਾਸ਼ਟਰਪਤੀ ਰਾਜ ਦੀ ਕੋਈ ਲੋੜ ਨਹੀਂ ਕਿਉਂਕਿ ਅਪ੍ਰੈਲ ਤੋਂ ਬਾਅਦ ਸੂਬੇ ’ਚ ਸਰਕਾਰ ਹੀ ਬਦਲ ਜਾਵੇਗੀ। ਟੀ. ਐੱਮ. ਸੀ. ਨੇ ਅਮਿਤ ਸ਼ਾਹ ’ਤੇ ਮੋੜਵਾਂ ਵਾਰ ਕਰਦੇ ਹੋਏ ਦਾਅਵਾ ਕੀਤਾ ਕਿ ਘੱਟ ਗਿਣਤੀਆਂ ਨਾਲ ਚੰਗਾ ਸਲੂਕ ਨਹੀਂ ਕੀਤਾ ਜਾ ਰਿਹਾ।

ਸੀਨੀਅਰ ਟੀ. ਐੱਮ. ਸੀ. ਨੇਤਾ ਅਤੇ ਸੰਸਦ ਮੈਂਬਰ ਸੌਗਾਤ ਰਾਏ ਨੇ ਕਿਹਾ ਕਿ ਅਮਿਤ ਸ਼ਾਹ ਕੀ ਭਾਜਪਾ ਵਰਕਰ ਦੇ ਤੌਰ ’ਤੇ ਬੋਲ ਰਹੇ ਹਨ ਜਾਂ ਫਿਰ ਇਕ ਗ੍ਰਹਿ ਮੰਤਰੀ ਦੇ ਤੌਰ ’ਤੇ। ਸਰਕਾਰ ਨੂੰ ਸਾਰੇ ਭਾਈਚਾਰਿਆਂ ਨੂੰ ਇਕੋ ਜਿਹਾ ਦੇਖਣਾ ਚਾਹੀਦਾ ਹੈ।

ਰੇਲਵੇ ਨੂੰ ਲੈ ਕੇ ਕੇਂਦਰ ਬਨਾਮ ਪੰਜਾਬ

ਕੇਂਦਰ ਸਰਕਾਰ ਵਲੋਂ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਬਣਾਉਣ ਦੇ ਬਾਅਦ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਹੁਣ ਦੂਸਰੇ ਪੜਾਅ ’ਚ ਪੰਜਾਬ ਅਤੇ ਕੇਂਦਰ ਰੇਲਵੇ ਨੂੰ ਲੈ ਕੇ ਭਿੜੇ ਹੋਏ ਹਨ। ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਸ਼ਨੀਵਾਰ ਨੂੰ ਰੇਲਵੇ ਮੰਤਰੀ ਪਿਊਸ਼ ਗੋਇਲ ਦੀ ਹਾਜ਼ਰੀ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਰੇਲ ਆਵਾਜਾਈ ਨੂੰ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ। ਸੰਸਦ ਮੈਂਬਰ ਜਸਵੀਰ ਸਿੰਘ ਗਿੱਲ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸੂਬੇ ਦੀਆਂ ਸਾਰੀਆਂ ਗੱਲਾਂ ਨੂੰ ਧਿਆਨਪੂਰਵਕ ਪਹਿਲ ਦਿੱਤੀ ਜਾਵੇਗੀ।

ਇਸ ਦੌਰਾਨ ਰੇਲਵੇ ਬੋਰਡ ਦੇ ਚੇਅਰਮੈਨ ਵੀ. ਕੇ. ਯਾਦਵ ਨੇ ਕਿਹਾ ਕਿ ਸਾਨੂੰ ਸੂਬਾ ਸਰਕਾਰ ਕੋਲੋਂ ਕਿਸੇ ਵੀ ਕਿਸਮ ਦਾ ਭਰੋਸਾ ਨਹੀਂ ਮਿਲ ਰਿਹਾ ਅਤੇ ਜੇਕਰ ਰੇਲਵੇ ਆਪਣਾ ਕੰਮ ਸੰਚਾਲਿਤ ਕਰਦਾ ਹੈ ਤਾਂ ਉਸਦੀ ਸੁਰੱਖਿਆ ਰਹੇਗੀ। ਰੇਲ ਮੰਤਰੀ ਪਿਊਸ਼ ਗੋਇਲ ਨੇ ਟਵੀਟਰ ਪੋਸਟ ’ਚ ਲਿਖਿਆ ਕਿ ਪੰਜਾਬ ਸਰਕਾਰ ਨੂੰ ਪੂਰੇ ਸਿਸਟਮ ’ਤੇ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ਅਤੇ ਸਾਰੀਆਂ ਰੇਲ ਗੱਡੀਆਂ ਨੂੰ ਚਲਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ, ਤਾਂ ਕਿ ਪੰਜਾਬ ਦੇ ਲੋਕਾਂ ਲਈ ਮਾਲ ਅਤੇ ਮੁਸਾਫਿਰ ਟਰੇਨਾਂ ਸ਼ੁਰੂ ਕੀਤੀਆਂ ਜਾ ਸਕਣ।

ਦਲਿਤਾਂ ਅਤੇ ਪੱਛੜੀਆਂ ਸ਼੍ਰੇਣੀਆਂ ਦੀ ਦੀਵਾਲੀ ਕੋਈ ਨਹੀਂ

ਬੇਜ਼ਮੀਨੇ ਸੰਘਰਸ਼ ਕਮੇਟੀ ਨੇ 20 ਦਲਿਤ ਅਤੇ ਪੱਛੜੀ ਸ਼੍ਰੇਣੀ ਸੰਗਠਨਾਂ ਦੀ ਇਕ ਬੈਠਕ ਆਯੋਜਿਤ ਕੀਤੀ। ਦੇਸ਼ ’ਚ ਦਲਿਤਾਂ ਅਤੇ ਪੱਛੜੀ ਸ਼੍ਰੇਣੀ ਦੇ ਲੋਕਾਂ ’ਤੇ ਤਸ਼ੱਦਦ ਦੇ ਮੁੱਦੇ ਨੂੰ ਲੈ ਕੇ ਚਰਚਾ ਕੀਤੀ ਗਈ। ਇਸ ਸੰਗਠਨ ਨੇ ਇਹ ਤੈਅ ਕੀਤਾ ਕਿ ਇਸ ਸਾਲ ਦੀਵਾਲੀ ਨਹੀਂ ਮਨਾਈ ਜਾਵੇਗੀ। ਬੇਜ਼ਮੀਨੇ ਸੰਘਰਸ਼ ਕਮੇਟੀ ਦੇ ਮੁੱਖ ਸਲਾਹਕਾਰ ਅਤੇ ਦਲਿਤ ਨੇਤਾ ਜੈਕਿਸ਼ਨ ਨੇ ਕਿਹਾ ਕਿ ਦਲਿਤਾਂ ਅਤੇ ਪੱਛੜੀ ਸ਼੍ਰੇਣੀ ਦੇ ਲੋਕਾਂ ਦੀ ਸਥਿਤੀ ਤਰਸਯੋਗ ਹੈ। ਮੋਦੀ ਅਤੇ ਕੇਜਰੀਵਾਲ ਸਰਕਾਰ ਨੇ ਅਜਿਹੇ ਲੋਕਾਂ ਦੇ ਹਿੱਤਾਂ ਦੀ ਅਣਦੇਖੀ ਕੀਤੀ ਹੈ। ਸੰਗਠਨ ਨੇ ਮਾਣਯੋਗ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਉਨ੍ਹਾਂ ਨਾਲ ਮੁਲਾਕਾਤ ਕਰਨ ਦੀ ਬੇਨਤੀ ਕੀਤੀ ਹੈ। ਦੋ ਵਾਰ ਲਿਖਣ ਅਤੇ ਮੇਲ ਕਰਨ ਦੇ ਬਾਵਜ਼ੂਦ ਰਾਸ਼ਟਰਪਤੀ ਭਵਨ ਤੋਂ ਇਸ ਬਾਰੇ ਕੋਈ ਵੀ ਪ੍ਰਤੀਕਿਰਿਆ ਨਹੀਂ ਆਈ। ਇਸੇ ਕਾਰਨ ਸੰਗਠਨ ਨੇ ਦੀਵਾਲੀ ਨੂੰ ਨਾਂਹ ਹੀ ਕਹੀ ਹੈ।


Bharat Thapa

Content Editor

Related News