ਅਪਰਾਧ ਦਾ ਅਹਿਸਾਸ ਹੈ ਤਾਂ ਮੁਆਫੀ ਵੀ ਖੁਦ ਕੋਲੋਂ ਮੰਗਣੀ ਪਵੇਗੀ
Saturday, Sep 23, 2023 - 08:13 PM (IST)

ਭਗਵਾਨ ਮਹਾਵੀਰ ਨੇ ਕਿਹਾ ਸੀ ਕਿ ਸਭ ਤੋਂ ਪਹਿਲਾਂ ਸਾਨੂੰ ਆਪਣੀ ਆਤਮਾ ਨੂੰ ਮੁਆਫ ਕਰਨਾ ਪਵੇਗਾ, ਦੂਜਿਆਂ ਨੂੰ ਮੁਆਫ ਕਰਨਾ ਹੈ ਤਾਂ ਪਹਿਲਾਂ ਖੁਦ ਤੋਂ ਸ਼ੁਰੂਆਤ ਕਰਨੀ ਪਵੇਗੀ। ਜਿਸ ਨੂੰ ਤੁਸੀਂ ਦੁੱਖ ਦਿੱਤਾ ਜਾਂ ਉਸ ਦੀ ਹੱਤਿਆ ਕੀਤੀ ਤਾਂ ਉਹ ਹੋਰ ਕੋਈ ਨਹੀਂ ਸਗੋਂ ਖੁਦ ਹੋ ਕਿਉਂਕਿ ਸਾਰੇ ਜੀਵਾਂ ਦੀ ਆਤਮਾ ਇਕੋ ਜਿਹੀ ਹੀ ਹੈ। ਅਹਿੰਸਾ ਪਰਮੋ ਧਰਮ ਇਸੇ ਦਾ ਵਿਸਥਾਰ ਹੈ। ਗੁੱਸੇ ਨਾਲ ਸਿਰਫ ਗੁੱਸਾ ਪੈਦਾ ਹੁੰਦਾ ਹੈ। ਮੁਆਫੀ ਅਤੇ ਪ੍ਰੇਮ ਦਾ ਨਤੀਜਾ ਮੁਆਫੀ ਮੰਗਣ ਅਤੇ ਮੁਆਫ ਕਰਨ ਵਾਲੇ ਦੋਵਾਂ ਦੇ ਹੀ ਫਾਇਦੇ ਦਾ ਹੈ। ਅਹਿੰਸਾ ਦਾ ਜਨਮ ਇੱਥੋਂ ਹੀ ਹੁੰਦਾ ਹੈ ਜਿਸ ਦਾ ਅਗਲਾ ਪੜਾਅ ਸਹਿਣਸ਼ੀਲਤਾ ਹੈ, ਆਪਣੇ-ਪਰਾਏ ਦਾ ਭੇਦ ਮਿਟ ਜਾਣਾ ਹੈ ਜਿਸ ਨਾਲ ਦੁਰਭਾਵਨਾ ਦਾ ਅੰਤ ਯਕੀਨਨ ਹੈ।
ਮੁਆਫੀ ਆਪਣੇ ਤੋਂ ਹੀ ਕਿਉਂ?
ਜੀਵਨ ’ਚ ਅਕਸਰ ਅਜਿਹੇ ਪਲ ਆਉਂਦੇ-ਜਾਂਦੇ ਰਹਿੰਦੇ ਹਨ ਜਦ ਸਾਡੇ ਕੋਲੋਂ ਜਾਣੇ-ਅਣਜਾਣੇ ’ਚ ਕੁਝ ਅਜਿਹਾ ਹੋ ਜਾਂਦਾ ਜਿਸ ਨਾਲ ਦੂਜੇ ਦੀ ਹਾਨੀ ਹੁੰਦੀ ਹੈ, ਸੱਟ ਪਹੁੰਚਦੀ ਹੈ ਅਤੇ ਕਦੀ-ਕਦੀ ਉਸ ਦੇ ਨਤੀਜੇ ਬਹੁਤ ਘਾਤਕ ਹੁੰਦੇ ਹਨ। ਜੇ ਜਾਣਬੁੱਝ ਕੇ ਕਿਸੇ ਨੂੰ ਦੁੱਖ ਪਹੁੰਚਾਇਆ ਤਾਂ ਇਹ ਗੰਭੀਰ ਅਪਰਾਧ ਦੀ ਸ਼੍ਰੇਣੀ ’ਚ ਆਉਂਦਾ ਹੈ ਪਰ ਅਣਜਾਣੇ ’ਚ ਅਤੇ ਬਿਨਾਂ ਕਿਸੇ ਮੰਤਵ ਦੇ ਅਚਾਨਕ ਹੋ ਗਿਆ ਤਾਂ ਇਸ ਦਾ ਅਹਿਸਾਸ ਪਿੱਛਾ ਨਹੀਂ ਛੱਡਦਾ। ਅਪਰਾਧ ਬੋਧ ਤਾਂ ਜਾਣਬੁੱਝ ਦੇ ਕੀਤੇ ਕੰਮ ਦਾ ਵੀ ਹੁੰਦਾ ਹੈ ਅਤੇ ਉਸ ਦੀ ਕੀ ਸਜ਼ਾ ਮਿਲ ਸਕਦੀ ਹੈ, ਇਸ ਦੀ ਵੀ ਜਾਣਕਾਰੀ ਹੁੰਦੀ ਹੈ ਅਤੇ ਆਪਣੇ ਬਚਾਅ ਲਈ ਦਲੀਲ ਅਤੇ ਵਕੀਲ ਵੀ ਤਿਆਰ ਕਰ ਲਏ ਜਾਂਦੇ ਹਨ। ਜੋ ਪੀੜਤ ਪੱਖ ਹੈ ਉਹ ਵੀ ਨਿਆਂ ਦਾ ਦਰਵਾਜ਼ਾ ਖੜਕਾਉਂਦਾ ਹੈ। ਇਹ ਅਜਿਹੀ ਸਥਿਤੀ ਹੈ ਜਿਸ ’ਚ ਕੁਝ ਯਕੀਨੀ ਨਹੀਂ ਹੈ ਕਿ ਕੀ ਨਤੀਜਾ ਹੋਵੇਗਾ, ਕਦ ਹੋਵੇਗਾ ਅਤੇ ਨਿਆਂ ਮਿਲੇਗਾ ਜਾਂ ਨਹੀਂ, ਕੁਝ ਵੀ ਹੋ ਸਕਦਾ ਹੈ ਪਰ ਅਪਰਾਧ ਕੀਤਾ ਹੈ ਇਸ ਦਾ ਅਹਿਸਾਸ ਹਮੇਸ਼ਾ ਰਹਿੰਦਾ ਹੈ। ਕਾਨੂੰਨ ਸਜ਼ਾ ਦੇਵੇ ਜਾਂ ਨਾ ਦੇਵੇ ਪਰ ਆਪਣੇ ਆਪ ਕੋਲੋਂ ਮੁਆਫੀ ਮੰਗਣੀ ਜ਼ਰੂਰੀ ਹੈ, ਤਦ ਹੀ ਮਨ ਸ਼ਾਂਤ ਹੁੰਦਾ ਹੈ।
ਇਸ ਦੇ ਉਲਟ ਉਸ ਵਿਅਕਤੀ ਦੀ ਮਾਨਸਿਕ ਸਥਿਤੀ ਬਿਲਕੁਲ ਵੱਖਰੀ ਹੁੰਦੀ ਹੈ ਜਿਸ ਕੋਲੋਂ ਕੁਝ ਅਜਿਹਾ ਅਣਜਾਣਪੁਣੇ ’ਚ ਹੋ ਗਿਆ ਹੈ ਜਿਸ ਨੂੰ ਉਹ ਅਪਰਾਧ ਸਮਝਦਾ ਹੈ ਜਿਵੇਂ ਕਿ ਬਚਪਨ ਜਾਂ ਨੌਜਵਾਨ ਅਵਸਥਾ ’ਚ ਸਹੀ ਜਾਂ ਗਲਤ ਸੰਗਤ ’ਚ ਪੈ ਕੇ ਕੁਝ ਕਰ ਬੈਠਣਾ ਜਾਂ ਅਜਿਹਾ ਕਰਨਾ ਜੋ ਪਰਿਵਾਰ ਜਾਂ ਸਮਾਜ ਦੀ ਨਜ਼ਰ ’ਚ ਤਾਂ ਅਪਰਾਧ ਹੋਵੇ ਪਰ ਉਹ ਉਸ ਨੂੰ ਠੀਕ ਸਮਝਦਾ ਹੋਵੇ। ਇਸ ’ਚ ਆਮ ਤੋਂ ਲੈ ਕੇ ਸੈਕਸ ਵਿਹਾਰ ਤਕ ਆ ਜਾਂਦਾ ਹੈ। ਉਹ ਆਪਣੀ ਗਲਤੀ ਦੀ ਸਜ਼ਾ ਵੀ ਭੁਗਤਣ ਲਈ ਤਿਆਰ ਰਹਿੰਦਾ ਹੈ। ਉਸ ਨੂੰ ਚੈਨ ਨਹੀਂ ਮਿਲਦਾ। ਉਹ ਹਰ ਸਮੇਂ ਚਿੰਤਾ ਨਾਲ ਗ੍ਰਸਤ ਰਹਿੰਦਾ ਹੈ ਕਿ ਉਸ ਕੋਲੋਂ ਕਸੂਰ ਤਾਂ ਹੋਇਆ ਹੈ, ਚਾਹੇ ਕਿਸੇ ਨੇ ਉਸ ਨੂੰ ਇਹ ਕਰਦੇ ਹੋਏ ਦੇਖਿਆ ਹੋਵੇ ਜਾਂ ਨਾ ਦੇਖਿਆ ਹੋਵੇ, ਉਸ ’ਤੇ ਕਿਸੇ ਨੇ ਦੋਸ਼ ਲਾਇਆ ਹੋਵੇ ਜਾਂ ਨਾ ਲਾਇਆ ਹੋਵੇ, ਆਪਣੀ ਸੋਚ ’ਚ ਤਾਂ ਉਹ ਅਪਰਾਧੀ ਬਣ ਹੀ ਜਾਂਦਾ ਹੈ। ਹੋ ਸਕਦਾ ਹੈ ਕਿ ਉਸ ਦੇ ਕੀਤੇ ਕੰਮ ਦਾ ਕਿਸੇ ਨੂੰ ਪਤਾ ਨਾ ਹੋਵੇ ਅਤੇ ਜਦ ਕੋਈ ਗਵਾਹੀ ਦਾ ਸਬੂਤ ਹੀ ਨਹੀਂ ਤਾਂ ਉਸ ’ਤੇ ਕੋਈ ਦੋਸ਼ ਵੀ ਨਹੀਂ ਲਾ ਸਕਦਾ। ਹੁਣ ਇਹ ਉਸ ਵਿਅਕਤੀ ’ਤੇ ਹੀ ਹੁੰਦਾ ਹੈ ਕਿ ਉਸ ਕੋਲੋਂ ਜੋ ਵੀ ਭੁੱਲ ਹੋਈ ਹੈ, ਉਸ ਨੂੰ ਸੁਧਾਰ ਲਵੇ ਅਤੇ ਅੱਗੇ ਕਦੀ ਭੁੱਲ ਨਾ ਹੋਣ ਪ੍ਰਤੀ ਹੁਸ਼ਿਆਰ ਰਹੇ। ਜਿਸ ਨਾਲ ਉਸ ਨੇ ਇਹ ਕੀਤਾ, ਉਸ ਨੂੰ ਜਦ ਇਹ ਗਿਆਨ ਹੀ ਨਹੀਂ ਕਿ ਕਿਸ ਨੇ ਕੀਤਾ ਤਾਂ ਉਹ ਕਿਸ ਨੂੰ ਦੋਸ਼ ਦੇਵੇ? ਪੀੜਤ ਕੋਲ ਇਸ ਤੋਂ ਇਲਾਵਾ ਕੋਈ ਬਦਲ ਹੀ ਨਹੀਂ ਹੁੰਦਾ ਕਿ ਉਹ ਆਪਣੇ ਨਾਲ ਕੀਤੇ ਗਏ ਅਨਿਆਂ ਦਾ ਬਦਲਾ ਕਿਸਮਤ ਜਾਂ ਰੱਬ ’ਤੇ ਛੱਡ ਦੇਵੇ।
ਅਪਰਾਧ ਬੋਧ ਤੋਂ ਮੁਕਤੀ
ਇਹ ਅਸਲੀਅਤ ਹੈ ਕਿ ਅਪਰਾਧ ਦਾ ਅਹਿਸਾਸ ਜੀਵਨ ਭਰ ਰਹਿੰਦਾ ਹੈ ਚਾਹੇ ਉਸ ਦੀ ਸਜ਼ਾ ਮਿਲੇ ਜਾਂ ਨਾ ਮਿਲੇ। ਬਹੁਤ ਸਾਰੇ ਲੋਕਾਂ ਕੋਲੋਂ ਕੋਈ ਭੁੱਲ ਹੋ ਜਾਂਦੀ ਹੈ ਤਾਂ ਉਹ ਇਸ ਹੀਣਭਾਵਨਾ ਨਾਲ ਗ੍ਰਸਤ ਹੋ ਜਾਂਦੇ ਹਨ ਕਿ ਉਹ ਕੁਝ ਠੀਕ ਹੀ ਨਹੀਂ ਕਰ ਸਕਦੇ। ਉਨ੍ਹਾਂ ਕੋਲੋਂ ਜੋ ਹੋਵੇਗਾ, ਗਲਤ ਹੀ ਹੋਵੇਗਾ। ਇਸ ਲਈ ਉਹ ਆਪਣੀ ਕਿਸਮਤ ਨੂੰ ਜ਼ਿੰਮੇਵਾਰ ਮੰਨ ਲੈਂਦੇ ਹਨ ਕਿ ਕੁਝ ਵੀ ਸਹੀ ਨਾ ਕਰ ਸਕਣਾ ਉਨ੍ਹਾਂ ਦੀ ਕਿਸਮਤ ਰੇਖਾ ’ਚ ਲਿਖਿਆ ਹੈ। ਉਹ ਇਕ ਤਰ੍ਹਾਂ ਦੀ ਉਦਾਸੀ, ਨਿਰਾਸ਼ਾ ਜਾਂ ਡਿਪ੍ਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਹਨ। ਕਈ ਵਾਰ ਤਾਂ ਅਜਿਹੇ ਲੋਕਾਂ ਨੂੰ ਮਾਨਸਿਕ ਅਤੇ ਮਨੋਵਿਗਿਆਨਕ ਮਾਹਿਰਾਂ ਦੀ ਮਦਦ ਲੈਣ ਦੀ ਲੋੜ ਪੈ ਜਾਂਦੀ ਹੈ। ਸਹੀ ਇਲਾਜ ਨਾ ਹੋਣ ਨਾਲ ਕਈ ਸਰੀਰਕ ਦੋਸ਼ ਹੋਣ ਦੀ ਸੰਭਾਵਨਾ ਹੋ ਜਾਂਦੀ ਹੈ, ਆਮ ਤੌਰ ’ਤੇ ਨੀਂਦ ਨਾ ਆਉਣ ਨਾਲ ਇਸ ਦੀ ਸ਼ੁਰੂਆਤ ਹੁੰਦੀ ਹੈ। ਕਈ ਵਾਰ ਤਾਂ ਸਗੋਂ ਵਧੇਰੇ ਮਾਮਲਿਆਂ ’ਚ ਇਹੀ ਪਾਇਆ ਜਾਂਦਾ ਹੈ ਕਿ ਉਹ ਸਿਰਫ ਕਿਸੇ ਅਪਰਾਧ ਦੀ ਕਲਪਨਾ ਕਰ ਲੈਂਦੇ ਹਨ ਕਿ ਜ਼ਰੂਰ ਹੀ ਉਨ੍ਹਾਂ ਕੋਲੋਂ ਇਹ ਗਲਤੀ ਹੋਈ ਹੈ ਜਦਕਿ ਅਸਲ ’ਚ ਅਜਿਹਾ ਕੁਝ ਨਹੀਂ ਹੁੰਦਾ। ਅਜਿਹੇ ਵਿਅਕਤੀ ਦੀ ਹਾਲਤ ਉਦੋਂ ਹੋਰ ਖਰਾਬ ਹੋ ਜਾਂਦੀ ਹੈ ਜਦੋਂ ਘਰ, ਪਰਿਵਾਰ ਜਾਂ ਰਿਸ਼ਤੇਦਾਰਾਂ ਦਰਮਿਆਨ ਉਹ ਆਪਣੇ ਕਾਲਪਨਿਕ ਅਪਰਾਧ ਬੋਧ ਕਾਰਨ ਮਿਹਣਿਆਂ ਅਤੇ ਅਣਦੇਖੀ ਦੇ ਸ਼ਿਕਾਰ ਹੁੰਦੇ ਹਨ। ਅਕਸਰ ਅਜਿਹੇ ਲੋਕ ਇਕਾਂਤ ’ਚ ਰਹਿਣਾ ਪਸੰਦ ਕਰਨ ਲੱਗਦੇ ਹਨ ਅਤੇ ਕਈ ਮਾਮਲਿਆਂ ’ਚ ਬਿਨਾਂ ਦੱਸੇ ਘਰ ਤੋਂ ਦੂਰ ਚਲੇ ਜਾਂਦੇ ਹਨ ਅਤੇ ਕਦੀ ਪਰਤ ਕੇ ਨਹੀਂ ਆਉਂਦੇ।
ਗੰਭੀਰ ਸਥਿਤੀ ’ਚੋਂ ਬਾਹਰ ਨਿਕਲਣਾ
ਅਪਰਾਧ ਬੋਧ ਜਾਂ ਕਸੂਰ ਦਾ ਅਹਿਸਾਸ ਹੈ ਤਾਂ ਉਸ ਤੋਂ ਉਭਰਨ ਜਾਂ ਮੁਕਤ ਹੋਣ ਦਾ ਇਕ ਹੀ ਉਪਾਅ ਹੈ ਤੇ ਉਹ ਇਹ ਕਿ ਵਿਅਕਤੀ ਉਸ ਕੋਲੋਂ ਨਹੀਂ ਜਿਸ ਨਾਲ ਉਸ ਨੇ ਗਲਤ ਹਰਕਤ ਕੀਤੀ ਹੈ ਸਗੋਂ ਖੁਦ ਆਪਣੇ ਕੋਲੋਂ ਹੀ ਮੁਆਫੀ ਮੰਗੇ। ਬਹੁਤ ਸਾਰੇ ਲੋਕ, ਜ਼ਿਆਦਾਤਰ ਆਪਣੇ ਅਪਰਾਧਾਂ ਦੀ ਮੁਆਫੀ ਲਈ ਧਾਰਮਿਕ ਅਸਥਾਨਾਂ ’ਚ ਜਾ ਕੇ ਪ੍ਰਾਰਥਨਾ ਕਰਦੇ ਹਨ ਜਾਂ ਜਿਸ ਪ੍ਰਤੀ ਗਲਤ ਕੀਤਾ ਹੈ, ਉਸ ਨੂੰ ਮੁਆਫ ਕਰਨ ਲਈ ਕਹਿੰਦੇ ਹਨ।
ਜੇ ਦਿਲ ’ਚ ਰੱਬ ਜਾਂ ਪੀੜਤ ਲਈ ਕੋਈ ਪੀੜਾ ਹੀ ਨਹੀਂ ਹੈ ਤਾਂ ਇਹ ਮੁਆਫੀ ਮੰਗਣੀ ਸਿਰਫ ਦਿਖਾਵਟ ਹੈ। ਵਿਅਕਤੀ ਉੱਥੋਂ ਹਟਦਾ ਹੀ ਭੁੱਲ ਜਾਂਦਾ ਹੈ ਕਿ ਉਸ ਨੇ ਕੋਈ ਗਲਤੀ ਕੀਤੀ ਹੈ। ਉਸ ’ਚ ਇਹ ਹੰਕਾਰ ਆ ਜਾਂਦਾ ਹੈ ਕਿ ਠੀਕ ਹੈ ਮੁਆਫੀ ਤਾਂ ਮੰਗ ਲਈ, ਹੁਣ ਕੀ ਉਸ ਲਈ ਮਰ ਜਾਵੇ। ਇਸ ਤਰ੍ਹਾਂ ਦੇ ਲੋਕਾਂ ਨੂੰ ਅਣਜਾਣੇ ’ਚ ਜਾਂ ਜਾਣਬੁੱਝ ਕੇ ਫਿਰ ਤੋਂ ਉਹੀ ਅਪਰਾਧ ਜਾਂ ਗਲਤੀ ਦੁਹਰਾਉਣ ’ਚ ਸਮਾਂ ਨਹੀਂ ਲੱਗਦਾ। ਪਛਤਾਵਾ ਕਰਨਾ ਸਿਰਫ ਇਕ ਕਰਮਕਾਂਡ ਬਣ ਜਾਂਦਾ ਹੈ ਅਤੇ ਪਛਤਾਵਾ ਜ਼ਿਆਦਾ ਸਮੇਂ ਤੱਕ ਨਹੀਂ ਰਹਿੰਦਾ।
ਜੇ ਖੁਦ ਨੂੰ ਅਪਰਾਧ ਦੇ ਅਹਿਸਾਸ ਤੋਂ ਮੁਕਤ ਰੱਖਣਾ ਹੈ, ਖੁਦ ਨੂੰ ਦੂਸਰੇ ਕੀ ਸੋਚਦੇ ਹਨ, ਇਸ ਸੋਚ ਤੋਂ ਮੁਕਤ ਰੱਖਣਾ ਹੈ ਤਾਂ ਇਕ ਹੀ ਉਪਾਅ ਹੈ ਕਿ ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੋ ਕੇ ਆਪਣੇ ਅਕਸ ਨੂੰ ਇਹ ਕਹੋ ਕਿ ਮੈਂ ਮੁਆਫੀ ਮੰਗ ਰਿਹਾ ਹਾਂ ਅਤੇ ਖੁਦ ਨੂੰ ਮੁਆਫ ਕਰਨ ਦਾ ਇੱਛੁਕ ਹਾਂ। ਇਸ ਦੇ ਨਾਲ ਹੀ ਜਿਸ ਵਿਅਕਤੀ ਨਾਲ ਗਲਤ ਕੀਤਾ ਹੈ, ਉਸ ਦੀ ਤਸਵੀਰ ਦੀ ਕਲਪਨਾ ਕਰੋ ਕਿ ਸ਼ੀਸ਼ੇ ’ਚ ਉਹ ਮੌਜੂਦ ਹੈ। ਤਦ ਹੀ ਮੁਆਫੀਨਾਮਾ ਕਬੂਲ ਹੋਵੇਗਾ, ਨਹੀਂ ਤਾਂ ਇਹ ਢੋਂਗ ਹੋਵੇਗਾ। ਇਹ ਸਮਝ ’ਚ ਆ ਜਾਵੇ ਕਿ ਗਲਤੀ ਤਾਂ ਕੀਤੀ ਹੈ ਤਾਂ ਫਿਰ ਦੁਬਾਰਾ ਉਸ ਨੂੰ ਦੁਹਰਾਉਣ ਤੋਂ ਬਚਿਆ ਜਾ ਸਕਦਾ ਹੈ।