ਜੇਕਰ ਚੀਨ ਨਾਲ ਜੰਗ ਹੋਈ ਤਾਂ ਇਹ ਭਾਰਤ ਨੂੰ ਇਕੱਲਿਆਂ ਹੀ ਲੜਨੀ ਪਵੇਗੀ

Wednesday, Mar 09, 2022 - 08:26 PM (IST)

ਜੇਕਰ ਚੀਨ ਨਾਲ ਜੰਗ ਹੋਈ ਤਾਂ ਇਹ ਭਾਰਤ ਨੂੰ ਇਕੱਲਿਆਂ ਹੀ ਲੜਨੀ ਪਵੇਗੀ

ਯਸ਼ਵੰਤ ਸਿਨ੍ਹਾ ਦੀ ਚਿਤਾਵਨੀ

13 ਦਿਨਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਅਤੇ ਯੂਕ੍ਰੇਨ ’ਚ ਭਾਰੀ ਤਬਾਹੀ ਮਚਾਉਣ ਦੇ ਬਾਵਜੂਦ ਰੂਸ ਦੇ ਰਾਸ਼ਟਰਪਤੀ ਪੁਤਿਨ ਦੀਆਂ ਫੌਜਾਂ ਕੀਵ ’ਤੇ ਕਬਜ਼ਾ ਕਰਨ ’ਚ ਅਸਫਲ ਰਹੀਆਂ ਹਨ। ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿੱਥੇ ਯੂਕ੍ਰੇਨ ’ਚ ਫਸੇ ਭਾਰਤੀਆਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ, ਓਥੇ ਹੀ ਉਨ੍ਹਾਂ ਨੇ ਪੁਤਿਨ ਅਤੇ ਯੂਕ੍ਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨਾਲ ਫੋਨ ’ਤੇ ਗੱਲ ਕੀਤੀ ਹੈ ਅਤੇ ਪੁਤਿਨ ਨੂੰ ਜੇਲੇਂਸਕੀ ਨਾਲ ਸਿੱਧੇ ਗੱਲ ਕਰ ਕੇ ਦੁਨੀਆ ’ਤੇ ਮੰਡਰਾ ਰਹੇ ਇਕ ਹੋਰ ਵਿਸ਼ਵ ਜੰਗ ਦਾ ਖਤਰਾ ਟਾਲਣ ਦੀ ਸਲਾਹ ਦਿੱਤੀ ਹੈ।ਇਸ ਦੇ ਜਵਾਬ ’ਚ ਪੁਤਿਨ ਵੱਲੋਂ ਯੂਕ੍ਰੇਨ ਨਾਲ ਗੱਲਬਾਤ ਤੇ ਜੰਗ ਬੰਦ ਕਰਨ ਲਈ ਸਖਤ ਸ਼ਰਤਾਂ ਲਾ ਦੇਣ ਨਾਲ ਮਾਮਲਾ ਸੁਲਝਦਾ ਦਿਖਾਈ ਨਹੀਂ ਦੇ ਰਿਹਾ। ਜਿੱਥੇ ਰੂਸ ਨੇ ਯੂਕ੍ਰੇਨ ’ਚ ਲੜਨ ਅਤੇ ਕੀਵ ’ਤੇ ਕਬਜ਼ਾ ਕਰਨ ਲਈ ਸੀਰੀਆਈ ਲੜਾਕਿਆਂ ਨੂੰ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਹੈ, ਉਥੇ ਰੂਸੀ ਫੌਜੀਆਂ ਨੇ ਹਸਪਤਾਲਾਂ, ਰਿਹਾਇਸ਼ੀ ਇਲਾਕਿਆਂ ਅਤੇ ਇੱਥੋਂ ਤੱਕ ਕਿ ਸਕੂਲਾਂ ’ਤੇ ਵੀ ਹਮਲੇ ਕਰਨੇ ਸ਼ੁਰੂ ਕਰ ਰੱਖੇ ਹਨ।

ਰੂਸੀ ਫੌਜਾਂ ਨੇ 8 ਮਾਰਚ ਨੂੰ ਯੂਕ੍ਰੇਨ ਦੇ ਸੂਮੀ ’ਤੇ ਬੰਬ ਸੁੱਟ ਦਿੱਤਾ ਜਿਸ ਨਾਲ 2 ਮਾਸੂਮ ਬੱਚਿਆਂ ਸਮੇਤ 21 ਵਿਅਕਤੀ ਮਾਰੇ ਗਏ।ਜਿੱਥੇ ਦੋਵਾਂ ਜੰਗ ਵਾਲੇ ਦੇਸ਼ਾਂ ਦੇ ਸਮਰਥਨ ਅਤੇ ਵਿਰੋਧ ਨੂੰ ਲੈ ਕੇ ਵਿਸ਼ਵ ਦੇ ਦੇਸ਼ ਦੋ ਧੜਿਆਂ ’ਚ ਵੰਡੇ ਦਿਖਾਈ ਦੇ ਰਹੇ ਹਨ ਉਥੇ ਇਸ ਜੰਗ ’ਚ ਰੂਸ ਦੇ ਸਭ ਤੋਂ ਭਰੋਸੇਮੰਦ ਸਾਥੀ ਚੀਨ ਦੀ ਭੂਮਿਕਾ ਅਸਪੱਸ਼ਟ ਜਿਹੀ ਹੀ ਦਿਖਾਈ ਦੇ ਰਹੀ ਹੈ। ਰੂਸ ਦੇ ਪੱਖ ’ਚ ਹੋਣ ਦੇ ਬਾਵਜੂਦ ਅਜੇ ਤੱਕ ਚੀਨ ਵੱਲੋਂ ਕੋਈ ਵੱਡੀ ਪਹਿਲ ਕਰਨ ਦੀ ਸੂਚਨਾ ਨਹੀਂ ਹੈ।ਜਿੱਥੇ ਚੀਨ ਦੀ ਸਰਕਾਰ ਰੂਸ ਨੂੰ ਆਪਣਾ ਸਭ ਤੋਂ ਵੱਡਾ ਸਾਥੀ ਮੰਨਦੀ ਹੈ, ਉਥੇ ਹੀ ਭਾਰਤ ਨਾਲ ਚੀਨ ਦੇ ਸਬੰਧਾਂ ਨੂੰ ਲੈ ਕੇ ਲਗਾਤਾਰ ਤਣਾਅ ਬਣਿਆ ਹੋਇਆ ਹੈ। ਭਾਰਤ ਅਤੇ ਚੀਨ ’ਚ ਅਰੁਣਾਚਲ ਪ੍ਰਦੇਸ਼ ਅਤੇ ਲੱਦਾਖ ਸਰਹੱਦ ਦਾ ਵਿਵਾਦ ਬੜਾ ਪੁਰਾਣਾ ਹੈ।ਜੂਨ, 2020 ’ਚ ਲੱਦਾਖ ਦੀ ਗਲਵਾਨ ਘਾਟੀ ’ਚ ਅਸਲ ਕੰਟ੍ਰੋਲ ਰੇਖਾ (ਐੱਲ. ਏ. ਸੀ.) ’ਤੇ ਦੋਵਾਂ ਦੇਸ਼ਾਂ ਦੇ ਫੌਜੀਆਂ ’ਚ ਹਿੰਸਕ ਝੜਪ ਹੋਈ ਸੀ ਜਿਸ ਨਾਲ ਪੈਦਾ ਅੜਿੱਕਾ ਦੂਰ ਕਰਨ ਲਈ ਫੌਜ ਪੱਧਰੀ ਵਾਰਤਾਵਾਂ ਅਜੇ ਬਿਨਾਂ ਕਿਸੇ ਨਤੀਜੇ ਦੇ ਜਾਰੀ ਹਨ।

ਇਸੇ ਪਿਛੋਕੜ ’ਚ ਚੀਨ ਦੇ ਵਿਦੇਸ਼ ਮੰਤਰੀ ਵਾਂਗ-ਯੀ ਨੇ 7 ਮਾਰਚ ਨੂੰ ਕਿਹਾ ਕਿ ‘‘ਪਿਛਲੇ ਕੁਝ ਸਾਲਾਂ ਤੋਂ ਭਾਰਤ ਅਤੇ ਚੀਨ ਨੂੰ ਥੋੜ੍ਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਅਾ ਜੋ ਦੋਵਾਂ ਹੀ ਦੇਸ਼ਾਂ ਦੇ ਹਿੱਤ ’ਚ ਨਹੀਂ ਹੈ।’’ਇਸੇ ਤਰ੍ਹਾਂ ਦੇ ਹਾਲਾਤ ’ਚ ਜਿੱਥੇ ਯੂਕ੍ਰੇਨ ਵਾਰ-ਵਾਰ ਵਿਸ਼ਵ ਤੋਂ ਮਦਦ ਦੀ ਅਪੀਲ ਕਰਦੇ ਹੋਏ ਲਗਭਗ ਆਪਣੇ ਦਮ ’ਤੇ ਹੀ ਰੂਸੀ ਫੌਜਾਂ ਦਾ ਮੁਕਾਬਲਾ ਕਰ ਰਿਹਾ ਹੈ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ’ਚ ਵਿੱਤ ਅਤੇ ਵਿਦੇਸ਼ ਮੰਤਰੀ ਰਹੇ ਸਾਬਕਾ ਭਾਜਪਾ ਨੇਤਾ ਯਸ਼ਵੰਤ ਸਿਨ੍ਹਾ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਤੁਲਨਾ ਉਸ ਡਰਾਈਵਰ ਨਾਲ ਕੀਤੀ ਹੈ ਜੋ ਕਿਸੇ ਹਾਦਸੇ ਦੀ ਚਿੰਤਾ ਕੀਤੇ ਬਿਨਾਂ ਫਰਾਟੇ ਨਾਲ ਆਪਣੀ ਕਾਰ ਕਿਸੇ ਚੌਰਾਹੇ ’ਤੇ ਵੀ ਦੌੜਾ ਦੇਵੇ।ਸ਼੍ਰੀ ਸਿਨ੍ਹਾ ਨੇ ਕਿਹਾ, ‘‘ਕੱਲ ਨੂੰ ਜੇਕਰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਇਸੇ ਤਰ੍ਹਾਂ ਦਾ ਵਤੀਰਾ ਕਰਨ ਤਾਂ ਮੈਨੂੰ ਕੋਈ ਹੈਰਾਨੀ ਨਹੀਂ ਹੋਵੇਗੀ। ਭਾਰਤ ਨੂੰ ਇਸ ਗੱਲ ਲਈ ਤਿਆਰ ਰਹਿਣਾ ਚਾਹੀਦਾ ਕਿ ਜੇਕਰ ਪਾਕਿਸਤਾਨ ਜਾਂ ਚੀਨ ਦੇ ਨਾਲ ਉਸ ਦਾ ਸੰਘਰਸ਼ ਹੁੰਦਾ ਹੈ ਤਾਂ ਉਹ ਇਕੱਲਾ ਹੈ ਅਤੇ ਉਸ ਨੂੰ ਖੁਦ ਹੀ ਆਪਣੀ ਸੁਰੱਖਿਆ ਕਰਨੀ ਹੋਵੇਗੀ।’’

‘‘ਜਿਸ ਤਰ੍ਹਾਂ ਯੂਕ੍ਰੇਨ ਅਤੇ ਰੂਸ ਦੇ ਮਾਮਲੇ ’ਚ ਪੂਰੀ ਦੁਨੀਆ ਨਿਰਪੱਖ ਰਹਿ ਗਈ, ਠੀਕ ਉਸੇ ਤਰ੍ਹਾਂ ਦੀ ਹਾਲਤ ਭਾਰਤ ਅਤੇ ਚੀਨ ਦੌਰਾਨ ਸੰਘਰਸ਼ ਹੋਣ ’ਤੇ ਹੋ ਸਕਦੀ ਹੈ। ਜੇਕਰ ਕੁਝ ਹੁੰਦਾ ਹੈ ਤਾਂ ਸਾਡੇ ਇੱਥੇ ਕੀ ਹੋਵੇਗਾ? ਭਾਰਤ ਨੂੰ ਕਿਸੇ ਗਫਲਤ ’ਚ ਨਹੀਂ ਰਹਿਣਾ ਚਾਹੀਦਾ, ਉਸ ਨੂੰ ਚੀਨ ਨੂੰ ਲੈ ਕੇ ਜ਼ਰੂਰ ਚਿੰਤਾ ਕਰਨੀ ਚਾਹੀਦੀ ਹੈ ਅਤੇ ਪੂਰੇ ਬੰਦੋਬਸਤ ਕਰਨੇ ਚਾਹੀਦੇ ਹਨ।’’ਸ਼੍ਰੀ ਸਿਨ੍ਹਾ ਨੇ ਕਿਹਾ ਕਿ ‘‘ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਅਤੇ ਹੋਰਨਾਂ ਮੰਚਾਂ ’ਤੇ ਵੋਟ ਪਾਉਣ ਤੋਂ ਦੂਰ ਰਹਿਣ ਦੇ ਭਾਰਤ ਦੇ ਫੈਸਲੇ ਤੋਂ ਇਕ ਸੰਦੇਸ਼ ਇਹ ਵੀ ਗਿਆ ਹੈ ਕਿ ਉਹ ‘ਗਲਤ ਕੰਮਾਂ ’ਚ’ ਰੂਸ ਦਾ ਸਾਥ ਦੇ ਰਿਹਾ ਹੈ। ਆਪਣੀ ਸੁਰੱਖਿਆ ਬਾਰੇ ਰੂਸ ਦੀ ਚਿੰਤਾ ਸਹੀ ਸੀ ਪਰ ਜੰਗ ਦਾ ਉਸ ਦਾ ਢੰਗ ਗਲਤ ਤੇ ਕੌਮਾਂਤਰੀ ਕਾਨੂੰਨਾਂ ਦੇ ਉਲਟ ਹੈ।’’

‘‘ਬੇਸ਼ੱਕ ਰੂਸ ਨਾਲ ਸਾਡੀ ਬੜੀ ਪੁਰਾਣੀ ਦੋਸਤੀ ਹੈ ਅਤੇ ਉਹ ਹਰ ਮੌਕੇ ’ਤੇ ਭਾਰਤ ਦੇ ਕੰਮ ਆਇਆ ਹੈ ਪਰ ਬਹੁਤ ਨਜ਼ਦੀਕੀ ਦੋਸਤ ਵੀ ਜੇਕਰ ਗਲਤੀ ਕਰਦਾ ਹੈ ਤਾਂ ਦੋਸਤ ਦੇ ਨਾਤੇ ਸਾਡਾ ਅਧਿਕਾਰ ਹੈ ਕਿ ਅਸੀਂ ਉਸਨੂੰ ਕਹੀਏ ਕਿ ਭਾਈ ਇਹ ਗਲਤੀ ਨਾ ਕਰੋ।’’ਸ਼੍ਰੀ ਸਿਨ੍ਹਾ ਦੇ ਅਨੁਸਾਰ, ‘‘ਸਭ ਦੀ ਚਿੰਤਾ ਇਹੀ ਹੈ ਕਿ ਇਹ ਜੰਗ ਕਿਤੇ ਵਿਸ਼ਵ ਜੰਗ ’ਚ ਨਾ ਬਦਲ ਜਾਵੇ ਜਿਸ ਦਾ ਮਤਲਬ ਹੈ ਪ੍ਰਮਾਣੂ ਜੰਗ। ਜੇਕਰ ਅਜਿਹਾ ਹੁੰਦਾ ਹੈ ਤਾਂ ਹੋਰ ਕਿੰਨੇ ਲੋਕ ਮਾਰੇ ਜਾਣਗੇ, ਉਸ ਦੀ ਕੋਈ ਗਿਣਤੀ ਨਹੀਂ ਹੋਵੇਗੀ। ਇਸ ਲਈ ਪੱਛਮੀ ਦੇਸ਼, ਖਾਸ ਕਰ ਕੇ ਜਿਨ੍ਹਾਂ ਦਾ ਪ੍ਰਭਾਵ ਯੂਰਪ ’ਚ ਹੈ, ਉਹ ਨਹੀਂ ਚਾਹੁੰਦੇ ਕਿ ਸੰਘਰਸ਼ ਇੰਨਾ ਵੱਧ ਜਾਵੇ ਕਿ ਉਨ੍ਹਾਂ ਦੀ ਫੌਜ ਨੂੰ ਇਸ ’ਚ ਹਿੱਸਾ ਲੈਣਾ ਪਵੇ।’’ਸ਼੍ਰੀ ਸਿਨ੍ਹਾ ਨੇ ਜੋ ਗੱਲਾਂ ਰੂਸ ਅਤੇ ਯੂਕ੍ਰੇਨ ਵਿਵਾਦ ਦਰਮਿਆਨ ਵਿਸ਼ਵ ਦੇ ਦੇਸ਼ਾਂ ਦੇ ਸੰਦਰਭ ’ਚ ਕਹੀਆਂ ਹਨ, ਕੁਝ ਉਹੋ ਜਿਹੀ ਹੀ ਸਥਿਤੀ ਭਾਰਤ-ਪਾਕਿਸਤਾਨ ਦਰਮਿਆਨ ਸੰਭਾਵਿਤ ਜੰਗ ਦੀ ਸਥਿਤੀ ’ਚ ਪੈਦਾ ਹੋ ਸਕਦੀ ਹੈ। ਲਿਹਾਜ਼ਾ ਸਮਾਂ ਰਹਿੰਦੇ ਹੀ ਇਸ ਦਿਸ਼ਾ ’ਚ ਠੋਸ ਯਤਨ ਕਰਨਾ ਜ਼ਰੂਰੀ ਹੈ।

ਵਿਜੇ ਕੁਮਾਰ


author

Karan Kumar

Content Editor

Related News