ਟਰੰਪ ਦੇ ਦੁਬਾਰਾ ਜਿੱਤਣ ਦੀ ਸੰਭਾਵਨਾ ਕਿੰਨੀ?

03/20/2019 7:31:47 AM

ਜੇ ਤੁਸੀਂ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲੜ ਰਹੇ ਹੋਵੋ ਤਾਂ ਕਿਹੜੇ ਮੁੱਦਿਆਂ ਦੇ ਸਹਾਰੇ ਜਿੱਤ ਦੀ ਉਮੀਦ ਕਰੋਗੇ : ਪਹਿਲਾ ਸੱਤਾ ਦੀ ਤਾਕਤ, ਇਕ ਚੰਗੀ ਅਰਥ ਵਿਵਸਥਾ, ਘੱਟ ਬੇਰੋਜ਼ਗਾਰੀ ਦਰ, ਵਧਦੀ ਤਨਖਾਹ, ਪਾਰਟੀ ਦੀ ਮਜ਼ਬੂਤੀ ਅਤੇ ਆਪਣੀ ਪਾਰਟੀ ਵਲੋਂ ਜ਼ਬਰਦਸਤ ਸਮਰਥਨ? ਜਾਂ ਪਾਰਟੀ 'ਚ ਅੰਤਰ-ਵਿਰੋਧ ਅਤੇ  ਪਛਾਣ ਦਾ ਸੰਕਟ ਅਤੇ ਵੋਟਰਾਂ ਨੂੰ ਇਹ ਸਮਝਾਉਣ ਦਾ ਕੰਮ ਕਿ ਚੰਗੀ ਅਰਥ ਵਿਵਸਥਾ ਦੇ ਬਾਵਜੂਦ ਵਿਰੋਧੀ 4 ਸਾਲ ਪਹਿਲਾਂ ਦੇ ਮੁਕਾਬਲੇ ਬਦਤਰ ਹਨ? 
ਉਕਤ 'ਚੋਂ ਪਹਿਲੀ ਸਥਿਤੀ ਰਾਸ਼ਟਰਪਤੀ ਟਰੰਪ ਦੀ ਲੱਗਦੀ ਹੈ, ਜਦੋਂ ਉਹ 2020 ਦੀਆਂ ਚੋਣਾਂ ਦੀ ਤਿਆਰੀ  ਕਰ ਰਹੇ ਹਨ ਅਤੇ ਦੂਜੀ ਸਥਿਤੀ ਡੈਮੋਕ੍ਰੇਟਸ ਦੀ ਲੱਗਦੀ ਹੈ, ਜਿਵੇਂ ਕਿ ਹੁਣ ਤਕ ਅਸੀਂ ਉਨ੍ਹਾਂ ਬਾਰੇ ਦੇਖਿਆ ਹੈ। 
ਇਹੋ ਉਹ ਕਾਰਨ ਹੈ, ਜਿਨ੍ਹਾਂ ਦੇ ਬਲਬੂਤੇ 'ਤੇ ਆਪਣੇ ਦਫਤਰ ਦਾ ਵੱਕਾਰ ਘਟਾਉਣ, ਨਸਲਵਾਦ ਨੂੰ ਸ਼ਹਿ ਦੇਣ, ਸੰਵਿਧਾਨ ਨੂੰ ਸਨਮਾਨ ਨਾ ਦੇਣ ਅਤੇ ਦੁਨੀਆ ਨੂੰ ਸਾਡੇ 'ਤੇ (ਅਮਰੀਕੀਆਂ ਉੱਤੇ) ਹੱਸਣ ਦਾ ਮੌਕਾ ਦੇਣ ਦੇ ਬਾਵਜੂਦ ਟਰੰਪ ਦੁਬਾਰਾ ਰਾਸ਼ਟਰਪਤੀ ਚੁਣੇ ਜਾਣ ਲਈ ਆਪਣੇ ਵਿਰੋਧੀਆਂ ਦੇ ਮੁਕਾਬਲੇ ਚੰਗੀ ਸਥਿਤੀ 'ਚ ਹਨ। 
ਟਰੰਪ ਇਕ ਕਮਜ਼ੋਰ ਸੱਤਾਧਾਰੀ ਹਨ। ਚੰਗੀ ਅਰਥ ਵਿਵਸਥਾ ਤੇ ਘੱਟ ਬੇਰੋਜ਼ਗਾਰੀ ਦਰ ਦੇ ਬਾਵਜੂਦ ਉਹ ਜ਼ਿਆਦਾਤਰ ਅਮਰੀਕੀਆਂ 'ਚ ਹਰਮਨਪਿਆਰੇ ਨਹੀਂ ਰਹੇ। ਦੂਜੇ ਪਾਸੇ ਟਰੰਪ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਕਰਵਾਈਆਂ ਗਈਆਂ 'ਪੋਲਜ਼' ਦਾ ਕੋਈ ਮਤਲਬ ਨਹੀਂ ਹੈ ਕਿਉਂਕਿ 26 ਮਹੀਨੇ ਸੱਤਾ 'ਚ ਰਹਿਣ ਤੋਂ ਬਾਅਦ ਪਿਛਲੇ ਕਈ ਰਾਸ਼ਟਰਪਤੀ ਉਨ੍ਹਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਗੈਰ-ਹਰਮਨਪਿਆਰੇ ਰਹੇ ਹਨ। ਮਿਸਾਲ ਵਜੋਂ ਜਿੰਮੀ ਕਾਰਟਰ ਦੇ ਮੁਕਾਬਲੇ ਟਰੰਪ 3 ਫੀਸਦੀ ਅੰਕ ਜ਼ਿਆਦਾ ਹਰਮਨਪਿਆਰੇ ਹਨ ਤੇ ਇਕ ਹੋਰ ਰਾਸ਼ਟਰਪਤੀ ਜੋ 'ਪੋਲਜ਼' ਵਿਚ ਟਰੰਪ ਤੋਂ ਹੇਠਾਂ ਸਨ, ਉਹ ਹਨ ਰੋਨਾਲਡ ਰੀਗਨ ਪਰ ਇਥੇ ਇਸ ਗੱਲ ਦਾ ਵੀ ਧਿਆਨ ਰੱਖਣਾ ਪਵੇਗਾ ਕਿ ਉਦੋਂ ਦੇਸ਼ 'ਚ ਬੇਰੋਜ਼ਗਾਰੀ ਦੀ ਦਰ 10.3 ਫੀਸਦੀ ਸੀ, ਜੋ ਅੱਜ 3.8 ਫੀਸਦੀ ਹੈ। ਇਸ ਲਈ ਦੋਹਾਂ ਦੀ ਤੁਲਨਾ ਕਰਨਾ ਜਾਇਜ਼ ਨਹੀਂ ਹੈ। 
ਮੇਰਾ ਮੰਨਣਾ ਹੈ ਕਿ ਜੇ ਟਰੰਪ ਸਪੱਸ਼ਟ ਹੁੰਦੇ, ਇਸ ਅਹੁਦੇ ਲਈ ਜ਼ਿਆਦਾ ਢੁੱਕਵੇਂ ਹੁੰਦੇ ਤਾਂ ਉਨ੍ਹਾਂ ਦੀ ਮਾਨਤਾ ਦਰ ਜ਼ਿਆਦਾ ਹੁੰਦੀ ਪਰ ਅਸੀਂ ਜਾਣਦੇ ਹਾਂ ਕਿ ਟਰੰਪ ਨਾ ਤਾਂ ਅਜਿਹੇ ਹਨ ਅਤੇ ਨਾ ਹੀ ਕਦੇ ਹੋਣਗੇ। ਟਰੰਪ, ਉਨ੍ਹਾਂ ਦਾ ਸਟਾਫ ਤੇ ਉਨ੍ਹਾਂ ਦਾ ਪਰਿਵਾਰ ਕਈ ਸਕੈਂਡਲਾਂ 'ਚ ਘਿਰਿਆ ਹੋਇਆ ਹੈ। ਉਹ ਇਕ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੇ ਆਪਣੀ ਤੀਜੀ ਪਤਨੀ ਨੂੰ ਧੋਖਾ ਦਿੱਤਾ ਤੇ ਫਿਰ ਉਸ ਨੂੰ ਪੈਸੇ ਦਾ ਭੁਗਤਾਨ ਕੀਤਾ। ਉਹ ਇਕ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੇ ਪਤਨੀ ਨੂੰ ਕੁੱਟਣ ਲਈ ਬਾਹਰੋਂ ਬੰਦੇ 'ਹਾਇਰ' ਕੀਤੇ। 
ਚੋਣ ਮੰਡਲ 'ਤੇ ਇਕ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਟਰੰਪ ਬਹੁਤ ਚੰਗੀ ਸਥਿਤੀ 'ਚ ਨਹੀਂ ਹਨ। ਇਹ ਗੱਲ ਵਰਜੀਨੀਆ ਯੂਨੀਵਰਸਿਟੀ ਦੇ ਸੈਂਟਰ ਫਾਰ ਪਾਲੀਟਿਕਸ ਵਲੋਂ ਕ੍ਰਿਸਟਲ ਬਾਲ ਦੇ ਹਵਾਲੇ ਨਾਲ ਸਾਹਮਣੇ ਆ ਰਹੀ ਹੈ। ਇਸ ਦੇ ਮੁਤਾਬਿਕ ਜੇ ਟਰੰਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਬਣਦੇ ਹਨ ਤਾਂ ਉਨ੍ਹਾਂ ਨੂੰ ਜਿੱਤਣ ਲਈ ਜ਼ਰੂਰੀ 270 ਦੀ ਬਜਾਏ 248 ਵੋਟਾਂ ਮਿਲ ਸਕਦੀਆਂ ਹਨ, ਜਦਕਿ ਡੈਮੋਕ੍ਰੇਟਿਕ ਉਮੀਦਵਾਰ ਨੂੰ 244 ਵੋਟਾਂ ਮਿਲਣ ਦੀ ਸੰਭਾਵਨਾ ਹੈ। ਇਹ 4 ਵੋਟਾਂ ਦਾ ਫਰਕ ਹੀ ਜਿੱਤ-ਹਾਰ ਦਾ ਫੈਸਲਾ ਕਰੇਗਾ। 
ਦੂਜੇ ਪਾਸੇ ਡੈਮੋਕ੍ਰੇਟਸ ਇਸ ਗੱਲ 'ਤੇ ਉਲਝੇ ਹੋਏ ਹਨ ਕਿ ਉਹ ਕਿੰਨੇ ਖੱਬੇਪੱਖੀ ਹੋ ਸਕਦੇ ਹਨ। ਉਨ੍ਹਾਂ ਦਾ ਝੁਕਾਅ ਪੂੰਜੀਵਾਦ ਦੀ ਬਜਾਏ ਸਮਾਜਵਾਦ ਵੱਲ ਜ਼ਿਆਦਾ ਹੈ ਅਤੇ ਉਹ ਜਾਇਦਾਦ ਦੀ ਦੁਬਾਰਾ ਵੰਡ ਕਰਨ ਦੀ ਗੱਲ ਕਰਦੇ ਹਨ। ਇਹ ਵੱਡੇ ਮਾਮਲੇ ਹਨ ਅਤੇ ਇਨ੍ਹਾਂ 'ਚ ਜੋ ਵੀ ਗੁਣ ਹੋਣ ਪਰ ਇਸ ਵੱਡੀ ਚਰਚਾ ਦੇ ਮੁਕਾਬਲੇ ਟਰੰਪ ਆਪਣੇ ਵਿਰੋਧੀਆਂ ਦੇ ਵਿਰੁੱਧ ਝੂਠਾ ਪ੍ਰਚਾਰ ਕਰਨ 'ਚ ਮਾਹਿਰ ਹਨ। ਉਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ ਖਤਰਨਾਕ ਸੰਵਿਧਾਨ ਵਿਰੋਧੀ ਕੱਟੜਪੰਥੀ ਵਜੋਂ ਪਰਿਭਾਸ਼ਿਤ ਕੀਤਾ ਹੈ, ਜੋ ਦੇਸ਼ ਨੂੰ ਤਬਾਹ ਕਰ ਦੇਣਗੇ। 
ਰਾਸ਼ਟਰਪਤੀ ਚੋਣਾਂ ਲਈ ਆਪਣਾ ਉਮੀਦਵਾਰ ਤੈਅ ਕਰਨ ਤੋਂ ਬਾਅਦ ਡੈਮੋਕ੍ਰੇਟਸ ਟਰੰਪ ਵਿਰੋਧੀ ਗੱਠਜੋੜ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੇ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ 2016 'ਚ ਜਿਹੜੇ ਲੋਕਾਂ ਨੇ ਸੈਂਡਰਸ ਦਾ ਸਮਰਥਨ ਕੀਤਾ ਸੀ, ਉਨ੍ਹਾਂ ਨੇ ਵੀ ਆਖਿਰ 'ਚ ਟਰੰਪ ਨੂੰ ਵੋਟ ਪਾਈ ਸੀ।   -ਪਾਲ ਬੀ.


Bharat Thapa

Content Editor

Related News