ਭਾਰਤ ਦਾ ਵੀ ਆਪਣਾ ''ਗਲੋਬਲ ਮਲਟੀਮੀਡੀਆ ਨੈੱਟਵਰਕ'' ਹੋਣਾ ਚਾਹੀਦੈ
Thursday, Dec 22, 2016 - 07:51 AM (IST)
ਕਿਉਂਕਿ ਮੈਂ ਕੁਝ ਹੀ ਸਮਾਂ ਪਹਿਲਾਂ ਪੱਛਮੀ ਏਸ਼ੀਆ ਦੇ ਰਣ ਖੇਤਰਾਂ ਦੀ ਯਾਤਰਾ ਕਰ ਕੇ ਆਇਆ ਸੀ, ਇਸ ਲਈ ਮੈਨੂੰ ਇਕ ਸਕੂਲ ਨੇ ਸੀਰੀਆ ਤੇ ਖਾਸ ਕਰਕੇ ਅਲੈਪੋ ਸ਼ਹਿਰ ਬਾਰੇ ਭਾਸ਼ਣ ਦੇਣ ਤੇ ਇਹ ਦੱਸਣ ਲਈ ਸੱਦਿਆ ਕਿ ਸੀਰੀਆਈ ਰਾਸ਼ਟਰਪਤੀ ਅਸਦ ਉਥੇ ਆਪਣੇ ਹੀ ਲੋਕਾਂ ਦੀਆਂ ਹੱਤਿਆਵਾਂ ਕਿਉਂ ਕਰ ਰਹੇ ਹਨ? ਆਪਣਾ ਭਾਸ਼ਣ ਸ਼ੁਰੂ ਕਰਦਿਆਂ ਹੀ ਮੈਂ ਵਿਦਿਆਰਥੀਆਂ ਨੂੰ ਦੱਸਿਆ ਕਿ ''''ਇਹ ਗੱਲ ਸੱਚ ਨਹੀਂ, ਪਤਾ ਨਹੀਂ ਤੁਸੀਂ ਲੋਕ ਅਜਿਹੀਆਂ ਧਾਰਨਾਵਾਂ ਕਿਉਂ ਬਣਾ ਲੈਂਦੇ ਹੋ?'''' ਇਕ ਵਿਦਿਆਰਥੀ ਨੇ ਕਿਹਾ, ''''ਕਿਉਂਕਿ ਅਖਬਾਰਾਂ ''ਚ ਅਸੀਂ ਇਹੋ ਪੜ੍ਹਦੇ ਹਾਂ।'''' ਇਕ ਹੋਰ ਵਿਦਿਆਰਥੀ ਨੇ ਵੀ ਇਸੇ ਨਜ਼ਰੀਏ ਦੀ ਪੁਸ਼ਟੀ ਕਰਦਿਆਂ ਕਿਹਾ, ''''ਮੇਰੇ ਦਾਦਾ ਜੀ ਹਿੰਦੀ ਅਖਬਾਰਾਂ ਪੜ੍ਹਦੇ ਹਨ ਤੇ ਉਨ੍ਹਾਂ ''ਚ ਵੀ ਇਹੋ ਗੱਲਾਂ ਲਿਖੀਆਂ ਹੁੰਦੀਆਂ ਹਨ।''''
ਅਧਿਆਪਕਾਂ ਦਾ ਹਾਲ ਤਾਂ ਵਿਦਿਆਰਥੀਆਂ ਨਾਲੋਂ ਵੀ ਮਾੜਾ ਸੀ, ਜਿਨ੍ਹਾਂ ਦੇ ਦਿਮਾਗ ਜਿਵੇਂ ਸੌਂ ਗਏ ਹੋਣ। ਵਿਦਿਆਰਥੀਆਂ ਦੇ ਵਿਚਾਰ ਤਾਂ ਕਿਸੇ ਹੱਦ ਤਕ ਨਵੀਂ ਜਾਣਕਾਰੀ ਮਿਲਣ ''ਤੇ ਬਦਲ ਸਕਦੇ ਸਨ ਪਰ ਅਧਿਆਪਕਾਂ ਨੂੰ ਲੱਗਦਾ ਸੀ ਕਿ ਜੋ ਜਾਣਕਾਰੀ ਉਨ੍ਹਾਂ ਕੋਲ ਹੈ, ਉਹੀ ਸਹੀ ਹੈ। ਉਨ੍ਹਾਂ ਨੇ ਇਹ ਸਾਰੀਆਂ ਗੱਲਾਂ ਰਾਤ ਨੂੰ ਟੀ. ਵੀ. ''ਤੇ ਦੇਖੀਆਂ ਸਨ ਤੇ ਅਗਲੇ ਦਿਨ ਅਖਬਾਰਾਂ ''ਚ ਜੋ ਪੜ੍ਹਿਆ, ਉਸ ਨਾਲ ਇਸ ਜਾਣਕਾਰੀ ਦੀ ਇਕ ਵਾਰ ਫਿਰ ਪੁਸ਼ਟੀ ਹੋ ਗਈ।
ਸਵਾਲ ਪੈਦਾ ਹੁੰਦਾ ਹੈ ਕਿ ਅਜਿਹੀ ਚੁਣੌਤੀ ਨਾਲ ਕਿਵੇਂ ਨਜਿੱਠਿਆ ਜਾਵੇ? ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਭਾਰਤ ਦੇ ਹਜ਼ਾਰਾਂ ਹਾਇਰ ਸੈਕੰਡਰੀ ਸਕੂਲਾਂ ''ਚ ਸੰਸਾਰਕ ਮਾਮਲੇ ਸਿੱਖਿਆ ਦਾ ਸਥਾਈ ਅੰਗ ਨਹੀਂ ਹਨ, ਫਿਰ ਵੀ ਅਫਗਾਨਿਸਤਾਨ, ਇਰਾਕ, ਸੀਰੀਆਈ ਜੰਗ, ਗਾਜ਼ਾ ਪੱਟੀ ''ਤੇ ਬੰਬਾਰੀ, ਗੱਦਾਫੀ ਤੋਂ ਬਾਅਦ ਲੀਬੀਆ ''ਚ ਫੈਲੀ ਹਫੜਾ-ਦਫੜੀ, ਯੂਕ੍ਰੇਨ, ਟਰੰਪ ਦੀ ਸਨਸਨੀਖੇਜ਼ ਜਿੱਤ, ਯੂਰਪ ਦਾ ਉਦਾਰਤਾਵਾਦ ਦੀਆਂ ਰਵਾਇਤਾਂ ਤੋਂ ਦੂਰ ਭੱਜਣਾ ਆਦਿ ਸਭ ਅਜਿਹੀਆਂ ਘਟਨਾਵਾਂ ਹਨ, ਜੋ ਸਾਡੇ ਚਾਹੁਣ ਜਾਂ ਨਾ ਚਾਹੁਣ ਦੇ ਬਾਵਜੂਦ ਹਰ ਰੋਜ਼ ਸਾਡੀ ਚਰਚਾ ਦਾ ਕੇਂਦਰ ਬਿੰਦੂ ਬਣੀਆਂ ਰਹਿੰਦੀਆਂ ਹਨ।
ਇਥੋਂ ਤਕ ਕਿ ਸਕੂਲਾਂ ''ਚ ਅਜਿਹਾ ਹੀ ਹੁੰਦਾ ਹੈ। ਵਧੀਆ ਸਕੂਲਾਂ ''ਚ ਤਾਂ ਯਕੀਨੀ ਤੌਰ ''ਤੇ ਇਨ੍ਹਾਂ ਗੱਲਾਂ ''ਤੇ ਹੀ ਜ਼ਿਆਦਾ ਚਰਚਾ ਹੁੰਦੀ ਹੈ। ਇਨ੍ਹਾਂ ਸਾਰੇ ਮੁੱਦਿਆਂ ''ਤੇ ਪੱਛਮੀ ਮੀਡੀਆ ਦਾ ਇਕ ਵੱਡਾ ਵਰਗ ਦੁਖਦਾਈ ਹੱਦ ਤਕ ਗੁੰਮਰਾਹਕੁੰਨ ਖਬਰਾਂ ਮੁਹੱਈਆ ਕਰਵਾਉਂਦਾ ਹੈ। ਮੈਂ ਕਦੇ ਵੀ ਇਸ ਗੱਲ ਨੂੰ ਵਾਰ-ਵਾਰ ਦੁਹਰਾਉਣ ਤੋਂ ਨਹੀਂ ਥੱਕਾਂਗਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਦਾ ਵੀ ਆਪਣਾ ਗਲੋਬਲ ਮਲਟੀਮੀਡੀਆ ਨੈੱਟਵਰਕ ਹੋਣਾ ਚਾਹੀਦਾ ਹੈ।
17-18 ਸਾਲ ਦੀ ਉਮਰ ਦੇ ਜਿਹੜੇ ਵਿਦਿਆਰਥੀਆਂ ਨੂੰ ਮੈਂ ਸੰਬੋਧਨ ਕੀਤਾ ਸੀ, ਉਨ੍ਹਾਂ ਦਾ ਵਿਸ਼ਵਵਿਆਪੀ ਨਜ਼ਰੀਆ ਉਨ੍ਹਾਂ ਹੀ ਗੱਲਾਂ ਤੋਂ ਤੈਅ ਹੋ ਰਿਹਾ ਸੀ, ਜੋ ਉਹ ਟੀ. ਵੀ. ''ਤੇ ਦੇਖਦੇ ਜਾਂ ਅਖਬਾਰਾਂ ''ਚ ਪੜ੍ਹਦੇ ਸਨ। ਜਿਵੇਂ ਕਿ ਤੁਸੀਂ ਜਾਣਦੇ ਹੋ, ਉਕਤ ਜਿੰਨੇ ਵੀ ਦੇਸ਼ਾਂ ਅਤੇ ਥਾਵਾਂ ਦਾ ਜ਼ਿਕਰ ਕੀਤਾ ਗਿਆ ਹੈ, ਉਥੇ ਕਦੇ ਵੀ ਕਿਸੇ ਭਾਰਤੀ ਪੱਤਰਕਾਰ ਨੂੰ ਸਥਾਈ ਤੌਰ ''ਤੇ ਤਾਇਨਾਤ ਨਹੀਂ ਕੀਤਾ ਗਿਆ, ਭਾਰਤੀ ਨਿਊਜ਼ ਬਿਊਰੋ ਦੀ ਤਾਂ ਗੱਲ ਬਹੁਤ ਦੂਰ ਹੈ। ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਇਕ ਪੂਰੀ ਦੀ ਪੂਰੀ ਪੀੜ੍ਹੀ ਸੰਸਾਰਕ ਘਟਨਾਵਾਂ ''ਤੇ ਜਾਣਕਾਰੀ ਹਾਸਿਲ ਕਰਨ ਲਈ ਸਿਰਫ ਪੱਛਮੀ ਮੀਡੀਆ ਦੇ ਸੋਮਿਆਂ ਦੀ ਹੀ ਗੁਲਾਮ ਬਣੀ ਹੋਈ ਹੈ।
90 ਦੇ ਦਹਾਕੇ ਤਕ ਸਾਡੀਆਂ ਸੰਸਾਰਕ ਜਾਣਕਾਰੀਆਂ ਦਾ ਸਥਾਈ ਸੋਮਾ ਬੀ. ਬੀ. ਸੀ. ਵਰਲਡ ਸਰਵਿਸ ਨਿਊਜ਼ ਅਤੇ ਨਿਊਜ਼ ਏਜੰਸੀ ''ਰਾਇਟਰ'' ਹੀ ਸੀ। ਗਲੋਬਲ ਮੀਡੀਆ ਦਾ ਚੌਧਰਪੁਣਾ 1991 ''ਚ ਉਦੋਂ ਸ਼ੁਰੂ ਹੋਇਆ, ਜਦੋਂ ਸੀ. ਐੱਨ. ਐੱਨ. ਦੇ ਪੀਟਰ ਆਰਨੈਟ ਨੇ ਗਲੋਬਲ ਟੀ. ਵੀ. ਦੇ ਯੁੱਗ ਦੀ ਸ਼ੁਰੂਆਤ ਕੀਤੀ।
ਉਨ੍ਹਾਂ ਨੇ ਉਸ ਸਾਲ ਫਰਵਰੀ ''ਚ ਅਮਰੀਕਾ ਵਲੋਂ ਇਰਾਕ ''ਤੇ ਕੀਤੇ ਹਮਲੇ ਦੀ ਟੀ. ਵੀ. ਫੁਟੇਜ ਪ੍ਰਸਾਰਿਤ ਕੀਤੀ ਸੀ ਅਤੇ ਉਹ ਪਹਿਲਾ ਮੌਕਾ ਸੀ, ਜਦੋਂ ਜੰਗ ਸਾਡੇ ਡ੍ਰਾਇੰਗ ਰੂਮ ਦੇ ਅੰਦਰ ਤਕ ਪਹੁੰਚ ਗਈ ਸੀ। ਇਹੋ ਉਹ ਮੌਕਾ ਸੀ, ਜਦੋਂ ਬੀ. ਬੀ. ਸੀ. ਨੇ ਪਹਿਲੀ ਵਾਰ ਅੰਧ ਮਹਾਸਾਗਰ ਦੇ ਪਾਰ ਰਹਿਣ ਵਾਲੇ ਭੈਣਾਂ-ਭਰਾਵਾਂ ਹੱਥੋਂ ਮੁਕਾਬਲੇਬਾਜ਼ੀ ''ਚ ਮਾਤ ਖਾਧੀ ਸੀ।
ਮੈਨੂੰ ਅਜੇ ਤਕ ਯਾਦ ਹੈ ਕਿ ਉਨ੍ਹੀਂ ਦਿਨੀਂ ਬੀ. ਬੀ. ਸੀ. ਵਰਲਡ ਰੇਡੀਓ ਦੇ ਪੱਤਰਕਾਰ ਜੌਨ ਸਿੰਪਸਨ ਆਪਣਾ ਸੈਟੇਲਾਈਟ ਫੋਨ ਚੁੱਕੀ ਬਗਦਾਦ ਦੀਆਂ ਸੜਕਾਂ ''ਤੇ ਕਾਰ ''ਚ ਦੌੜ-ਭੱਜ ਕਰਦੇ ਹੁੰਦੇ ਸਨ। ਉਦੋਂ ਅਜੇ ਬੀ. ਬੀ. ਸੀ. ਵਰਲਡ ਸਰਵਿਸ ਟੀ. ਵੀ. ਦਾ ਜਨਮ ਨਹੀਂ ਹੋਇਆ ਸੀ। ਇਰਾਕ ''ਚ ਪੱਛਮੀ ਦੇਸ਼ਾਂ ਦੀ ਫੌਜੀ ਮੁਹਿੰਮ ਨੂੰ ਜਿਸ ਤਰ੍ਹਾਂ ਟੀ. ਵੀ. ਚੈਨਲਾਂ ''ਤੇ ਦਿਖਾਇਆ ਗਿਆ, ਉਸ ਨਾਲ ਦੁਨੀਆ ਭਰ ਦੇ ਸਰੋਤੇ ਦੋ ਵਿਰੋਧੀ ਧੜਿਆਂ ''ਚ ਵੰਡੇ ਗਏ, ਜਿਨ੍ਹਾਂ ''ਚੋਂ ਇਕ ਧੜਾ ਸੀ ਪੱਛਮੀ ਜੇਤੂਆਂ ਦਾ ਤੇ ਦੂਜਾ ਸੀ ਹਾਰੇ ਹੋਏ ਤੇ ਅਪਮਾਨਿਤ ਮੁਸਲਿਮ ਜਗਤ ਦਾ।
ਇਹੋ ਉਹ ਆਧਾਰ ਸੀ, ਜਿਸ ''ਤੇ ਇਨ੍ਹਾਂ ਦੋਹਾਂ ਧੜਿਆਂ ਦੀ ਆਪਸੀ ਦੁਸ਼ਮਣੀ ਸੁਲਗਦੀ ਰਹੀ ਅਤੇ ਆਖਿਰ 9/11 ਵਾਲੇ ਵਿਸ਼ਵ ਵਪਾਰ ਕੇਂਦਰ ''ਤੇ ਭਿਆਨਕ ਹਮਲੇ ਦੇ ਰੂਪ ''ਚ ਇਸ ਦਾ ਨਤੀਜਾ ਨਿਕਲਿਆ। ਇਸ ਘਟਨਾ ਨਾਲ ਹੀ ਅੱਤਵਾਦ ਵਿਰੁੱਧ ਸੰਸਾਰਕ ਲੜਾਈ ਦੀ ਸ਼ੁਰੂਆਤ ਹੋਈ ਪਰ ਦੋਹਾਂ ਧੜਿਆਂ ਦੀ ਅੱਤਵਾਦ ਬਾਰੇ ਸੋਚ ਵੱਖ-ਵੱਖ ਹੋਣ ਕਾਰਨ ਪੱਛਮੀ ਜਗਤ ਅਤੇ ਕਈ ਮੁਸਲਿਮ ਸਮਾਜਾਂ ''ਚ ਟਕਰਾਅ ਸ਼ੁਰੂ ਹੋ ਗਿਆ।
ਸਕੂਲ ''ਚ ਮੈਂ ਜਿਹੜੇ ਬੱਚਿਆਂ ਨੂੰ ਸੰਬੋਧਨ ਕਰਨ ਲਈ ਕਿਹਾ ਸੀ, ਉਨ੍ਹਾਂ ਦੇ ਮਾਪਿਆਂ ਨੂੰ ਸੰਸਾਰਕ ਮਾਮਲਿਆਂ ਦੀ ਇਹੋ ਗੁੜ੍ਹਤੀ ਪਿਲਾਈ ਗਈ ਸੀ ਪਰ ਇਕ ਅਹਿਮ ਤੱਥ ਨੂੰ ਅਣਡਿੱਠ ਕਰ ਦਿੱਤਾ ਜਾਂਦਾ ਹੈ। ਇਰਾਕ ''ਤੇ ਹਮਲੇ ਦੇ ਸਿੱਟੇ ਵਜੋਂ ਦੁਨੀਆ ਨੂੰ ਮੁਹੱਈਆ ਕਰਵਾਈਆਂ ਗਈਆਂ ਜਾਣਕਾਰੀਆਂ ਐਨ ਉਦੋਂ ਸਾਹਮਣੇ ਆਈਆਂ, ਜਦੋਂ ਭਾਰਤ ਨੂੰ ਬਹੁਤ ਤੇਜ਼ੀ ਨਾਲ ਸੰਸਾਰੀਕਰਨ ਦੀ ਕਤਾਰ ''ਚ ਖੜ੍ਹਾ ਕਰਨ ਵਾਲੀਆਂ ਨਵੀਆਂ ਆਰਥਿਕ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਸਨ।
ਆਪਣੀ ''ਬੈਸਟ ਸੈਲਿੰਗ'' ਕਿਤਾਬ ''ਚ ਟਾਮਜ਼ ਫ੍ਰੀਡਮੈਨ ਨੇ ਲਿਖਿਆ ਸੀ ਕਿ ''ਦੁਨੀਆ ਚਪਟੀ ਹੈ'' ਤਾਂ ਬੈਂਗਲੁਰੂ ''ਚ ਬੈਠੇ ਸੂਚਨਾ ਟੈਕਨਾਲੋਜੀ ਦੇ ਉਨ੍ਹਾਂ ਧੁਨੰਤਰਾਂ ਨੇ ਇਸ ਦੀ ਇੰਝ ਤਾਰੀਫ ਕੀਤੀ ਸੀ, ਜਿਵੇਂ ਉਹ ਕੋਈ ਸਥਾਨਕ ਹੀਰੋ ਹੋਵੇ। ਮਾਰੂਤੀ ਕਾਰ ਤੋਂ ਸ਼ੁਰੂਆਤ ਕਰ ਕੇ ਮਹਿੰਗੀਆਂ ਕਾਰਾਂ ਦੀ ਮਾਲਕੀ ਵੱਲ ਵਧਦੇ ਮੱਧਵਰਗ ਦੀ ਗਿਣਤੀ ਨਵ-ਉਦਾਰਵਾਦ ਦੀਆਂ ਨੀਤੀਆਂ ਕਾਰਨ ਬਹੁਤ ਤੇਜ਼ੀ ਨਾਲ ਵਧ ਗਈ ਸੀ। ਇਸ ਵਰਗ ਨੇ ਖਪਤਕਾਰਵਾਦ ਨੂੰ ਇੰਨੀ ਪ੍ਰਚੰਡ ਤਾਕਤ ਦਿੱਤੀ ਕਿ ਦੇਸ਼ ਭਰ ''ਚ ਇਲੈਕਟ੍ਰਾਨਿਕ ਮੀਡੀਆ ਦਾ ਕਾਫੀ ਪਸਾਰ ਹੋ ਗਿਆ।
ਪਰ ਮੀਡੀਆ ਅਤੇ ਨਵੇਂ ਉੱਭਰੇ ਮੱਧਵਰਗ ਨੇ ਖੁਦ ਨੂੰ ਇਕ ਹੋਰ ਅਸਲੀਅਤ ਨਾਲ ਬਿਲਕੁਲ ਬੇਮੇਲ ਦੇਖਿਆ। 6 ਦਸੰਬਰ 1992 ਨੂੰ ਭਾਜਪਾ ਦੇ ਸਵੈਮ ਸੇਵਕਾਂ ਵਲੋਂ ਬਾਬਰੀ ਢਾਂਚਾ ਡੇਗੇ ਜਾਣ ਤੋਂ ਬਾਅਦ ਦੇਸ਼ ਸਮਾਜਿਕ ਨਾਰਾਜ਼ਗੀ ਦੀ ਮਜ਼ਬੂਤ ਜਕੜ ''ਚ ਫਸਿਆ ਹੋਇਆ ਸੀ ਤਾਂ ਇਹੋ ਉਹ ਦੌਰ ਸੀ, ਜਦੋਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਦੇ ਵਿੱਤ ਮੰਤਰੀ ਵਜੋਂ ਡਾ. ਮਨਮੋਹਨ ਸਿੰਘ ਨਵੀਆਂ ਆਰਥਿਕ ਨੀਤੀਆਂ ਨੂੰ ਹੱਲਾਸ਼ੇਰੀ ਦੇ ਰਹੇ ਸਨ। ਮੱਧਵਰਗ ਦੀਆਂ ਨਜ਼ਰਾਂ ''ਚ ਤਾਂ ਸਿਤਾਰਿਆਂ ਦੀ ਚਮਕ ਆ ਗਈ ਸੀ ਤੇ ਜਿੱਧਰ ਵੀ ਨਜ਼ਰਾਂ ਜਾਂਦੀਆਂ ਸਨ, ਉਨ੍ਹਾਂ ਨੂੰ ਮੋਟੀ ਕਮਾਈ ਤੇ ਮੁਨਾਫਾ ਹੀ ਨਜ਼ਰ ਆ ਰਿਹਾ ਸੀ।
ਜਦੋਂ ਮੱਧਵਰਗ ਇਸ ਗੱਲ ਲਈ ਉਤਾਵਲਾ ਸੀ ਕਿ ਅੱਤਵਾਦ ਵਿਰੁੱਧ ਸਫਲ ਲੜਾਈ ਛੇਤੀ ਤੋਂ ਛੇਤੀ ਲੜੀ ਜਾਵੇ, ਐਨ ਉਸੇ ਸਮੇਂ ਭਾਰਤ ''ਚ ਸਮਾਜਿਕ ਨਾਰਾਜ਼ਗੀ ਫੈਲ ਰਹੀ ਸੀ ਤੇ ਮੱਧਵਰਗ ਨੂੰ ਲੱਗ ਰਿਹਾ ਸੀ ਕਿ ਉਸ ਦੀ ਤਰੱਕੀ ਦੀ ਖੇਡ ਮੁਸਲਿਮ ਭਾਈਚਾਰਾ ਵਿਗਾੜ ਰਿਹਾ ਹੈ। ਸੰਸਾਰੀਕਰਨ ਦੇ ਸਿੱਟੇ ਵਜੋਂ ਹੋਂਦ ''ਚ ਆਏ ਨਵੇਂ ਟੀ. ਵੀ. ਚੈਨਲ ਬਹੁਤ ਬੇਸ਼ਰਮੀ ਨਾਲ ਪੱਛਮੀ ਮੀਡੀਆ ਵਲੋਂ ਕੀਤੀ ਜਾ ਰਹੀ ਉਸ ਕਵਰੇਜ ਦੀ ਨਕਲ ਕਰ ਰਹੇ ਸਨ, ਜਿਸ ਨੇ ਦੇਸ਼ਾਂ ਦਰਮਿਆਨ ਦੂਰੀਆਂ ਪੈਦਾ ਕਰ ਦਿੱਤੀਆਂ ਸਨ, ਪੱਛਮੀ ਜਗਤ ਤੇ ਮੁਸਲਮਾਨਾਂ ਨੂੰ ਇਕ ਦੂਜੇ ਤੋਂ ਦੂਰ ਕਰ ਦਿੱਤਾ ਸੀ।
ਭਾਰਤੀ ਮੀਡੀਆ ਨੇ ਇਰਾਕ ਜੰਗ ਦੀ ਜਿਸ ਤਰ੍ਹਾਂ ਕਵਰੇਜ ਕੀਤੀ, ਉਸ ਨੇ ਦੇਸ਼ ਦੇ 18 ਕਰੋੜ ਮੁਸਲਮਾਨਾਂ ਨੂੰ ਬਾਕੀ ਸਮਾਜ ਨਾਲੋਂ ਦੂਰ ਕਰ ਦਿੱਤਾ ਸੀ, ਜਿਸ ਦੇ ਸਿੱਟੇ ਵਜੋਂ ਬਹੁਗਿਣਤੀਵਾਦ ਮਜ਼ਬੂਤ ਹੋ ਗਿਆ। ਇਥੇ ਮੈਂ ਇਹ ਸੁਝਾਅ ਨਹੀਂ ਦੇ ਰਿਹਾ ਕਿ ਸਾਰਾ ਪੱਛਮੀ ਮੀਡੀਆ 100 ਫੀਸਦੀ ਗਲਤ ਹੈ। ਉਹ ਲੋਕ ਦੁਨੀਆ ਨੂੰ ਆਪਣੇ ਸੰਦਰਭ ''ਚ ਦੇਖਦੇ ਹਨ ਪਰ ਜੇ ਅਸੀਂ ਬਿਨਾਂ ਸੋਚੇ-ਸਮਝੇ ਪੱਛਮੀ ਮੀਡੀਆ ਤੋਂ ਆ ਰਹੀਆਂ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਨੂੰ ਅਪਣਾਉਂਦੇ ਜਾਵਾਂਗੇ ਤਾਂ ਅਸਲੀਅਤ ਨੂੰ ਸਹੀ ਰੂਪ ''ਚ ਨਹੀਂ ਸਮਝ ਸਕਾਂਗੇ।
(saeednaqvi@hotmail.com)
