ਰਾਜਸਥਾਨ ’ਚ ਗਹਿਲੋਤ ਅਤੇ ਸਚਿਨ ਪਾਇਲਟ ਵਿਚਾਲੇ ਅਟਕੀ ਚੋਣ

12/01/2018 7:48:57 AM

ਜੋਧਪੁਰ ਤੋਂ ਜੈਸਲਮੇਰ ਜਾਂਦੇ ਸਮੇਂ ਰਸਤੇ ’ਚ ਇਕ ਕਸਬਾ ਆਉਂਦਾ ਹੈ ਫਲੌਦੀ, ਜਿੱਥੋਂ ਦੇ 80 ਫੀਸਦੀ ਲੋਕ ਸੱਟਾ ਖੇਡਦੇ ਹਨ ਅਤੇ ਉਹ ਸੱਟਾ ਬਹੁਤ ਸਟੀਕ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਚੋਣਾਂ ਦੇ ਭਾਅ ਇਥੋਂ ਹੀ ਖੁੱਲ੍ਹਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਜੋ ਚੰਗਾ ਸੱਟਾ ਖੇਡਦਾ ਹੈ, ਉਸ ਦਾ ਅਮੀਰ ਘਰ ’ਚ ਵਿਆਹ ਹੋ ਜਾਂਦਾ ਹੈ। 
ਅਸੀਂ ਗਾਂਧੀ ਚੌਕ ਪਹੁੰਚੇ ਤਾਂ ਉਥੇ ਬਹੁਤ ਭੀੜ ਸੀ। ਉਸ ਦਿਨ ਦਾ ਭਾਅ ਖੁੱਲ੍ਹਿਆ ਸੀ–ਕਾਂਗਰਸ ਦੀਅਾਂ 125-127 ਸੀਟਾਂ ਤੇ ਭਾਜਪਾ ਦੀਅਾਂ 56-58 ਸੀਟਾਂ। ਚੋਣਾਂ ਦੇ ਸਮੇਂ ਇਸ ਨੂੰ ‘ਸੈਸ਼ਨ’ ਕਹਿੰਦੇ ਹਨ, ਜੋ 24 ਘੰਟਿਅਾਂ ਤਕ ਰਹਿੰਦਾ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਅਸੀਂ ਫਲੌਦੀ ਉਦੋਂ ਗਏ, ਜਦੋਂ ਕਾਂਗਰਸ ਦੀਅਾਂ ਟਿਕਟਾਂ ਵੰਡ ਹੋ ਚੁੱਕੀਅਾਂ ਸਨ। ਸਟੋਰੀਅਾਂ ਦਾ ਕਹਿਣਾ ਸੀ ਕਿ ਬਾਗੀਅਾਂ ਕਾਰਨ ਕਾਂਗਰਸ ਨੂੰ ਨੁਕਸਾਨ ਹੋ ਸਕਦਾ ਹੈ ਤੇ ਇਸ ਦੀਅਾਂ ਸੀਟਾਂ ਘਟ ਕੇ 115 ਤਕ ਰਹਿ ਸਕਦੀਅਾਂ ਹਨ ਤੇ ਦੂਜੇ ਪਾਸੇ ਭਾਜਪਾ 65 ਸੀਟਾਂ ਤੋਂ ਉਪਰ ਜਾ ਸਕਦੀ ਹੈ। 
ਫਲੌਦੀ ਦਾ ਸੱਟਾ ਬਾਜ਼ਾਰ 
ਕੁਲ ਮਿਲਾ ਕੇ ਫਲੌਦੀ ਦਾ ਸੱਟਾ ਬਾਜ਼ਾਰ ਰਾਜਸਥਾਨ ’ਚ ਚੋਣਾਂ ਦੀ ਸਾਰੀ ਕਹਾਣੀ ਬਿਆਨ ਕਰਦਾ ਹੈ। ਤਿੰਨ ਮਹੀਨੇ ਪਹਿਲਾਂ ਇਥੋਂ ਦਾ ਹੀ ਸੱਟਾ ਬਾਜ਼ਾਰ ਕਾਂਗਰਸ ਨੂੰ 140 ਸੀਟਾਂ ਦੇ ਪਾਰ ਪਹੁੰਚਾ ਰਿਹਾ ਸੀ ਤੇ ਭਾਜਪਾ 50 ਸੀਟਾਂ ਵੀ ਪਾਰ ਕਰਨ ’ਚ ਹਫਦੀ ਨਜ਼ਰ ਆ ਰਹੀ ਸੀ ਪਰ 3 ਮਹੀਨਿਅਾਂ ’ਚ ਹੀ ਸਿਆਸੀ ਖੇਡ ਬਦਲ ਗਈ ਹੈ। ਵੋਟਿੰਗ ਵਾਲੇ ਦਿਨ, ਭਾਵ 7 ਦਸੰਬਰ ਆਉਂਦੇ-ਆਉਂਦੇ ਕੀ ਇਹ ਖੇਡ ਹੋਰ ਪਲਟ ਸਕਦੀ ਹੈ, ਇਸ ਸਵਾਲ ਦਾ ਜਵਾਬ ਦੇਣ ਤੋਂ ਇਥੋਂ ਦੇ ਲੋਕ ਝਿਜਕਦੇ ਹਨ।
ਫਲੌਦੀ ’ਚੋਂ ਨਿਕਲਦੇ ਸਮੇਂ ਦਿਮਾਗ ’ਚ ਇਹੋ ਸਵਾਲ ਘੁੰਮ ਰਿਹਾ ਸੀ ਕਿ ਕੀ ਆਖਰੀ ਓਵਰਾਂ ’ਚ ਭਾਜਪਾ ਦੇ ਵੱਡੇ ਨੇਤਾ ਸੰਭਾਵੀ ਹਾਰ ਦੇ ਜਬਾੜੇ ’ਚੋਂ ਜਿੱਤ ਖੋਹ ਕੇ ਲਿਆ ਸਕਦੇ ਹਨ?ਅਜਿਹਾ ਇਸ ਲਈ ਕਿ ਲੋਕਾਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਪਹਿਲਾਂ ਪੇਸ਼ ਨਾ ਕਰ ਕੇ ਗਲਤੀ ਕੀਤੀ ਹੈ ਤੇ ਟਿਕਟਾਂ ਦੀ ਵੰਡ ’ਚ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆਈ। 
ਇਥੇ ਧੜੇਬੰਦੀ ਦਾ ਮਤਲਬ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਵਿਚਾਲੇ ਸਿਆਸੀ ਜੰਗ ਤੋਂ ਹੈ। ਅਸ਼ੋਕ ਗਹਿਲੋਤ 2 ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ। ਇਸ ਸਮੇਂ ਉਹ ਕਾਂਗਰਸ ਦੇ ਜਨਰਲ ਸਕੱਤਰ ਹਨ ਤੇ ਰਾਹੁਲ ਗਾਂਧੀ ਦੇ ਨੇੜੇ ਮੰਨੇ ਜਾਂਦੇ ਹਨ। ਦੂਜੇ ਪਾਸੇ ਸਚਿਨ ਪਾਇਲਟ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾਅ ਰਹੇ ਹਨ। 
ਗੱਲ ਪੋਖਰਣ ਦੀ
ਹੁਣ ਗੱਲ ਕਰਦੇ ਹਾਂ ਪੋਖਰਣ ਦੀ। ਇਸ ਕਸਬੇ ਨੂੰ 1974 ਅਤੇ 1998 ਦੇ ਪ੍ਰਮਾਣੂ ਪ੍ਰੀਖਣ ਨਾਲ ਪਛਾਣ ਮਿਲੀ। ਇਥੇ ਸ਼੍ਰੀ ਵਾਜਪਾਈ ਤੋਂ ਲੈ ਕੇ ਡਾ. ਕਲਾਮ ਤਕ ਨੂੰ  ਮਠਿਆਈ (ਚਮਚਮ) ਖੁਆਉਣ ਦਾ ਦਾਅਵਾ ਕਰਨ ਵਾਲੇ ਦੁਕਾਨਦਾਰ ਨੇ ਕਿਹਾ ਕਿ ਭਾਜਪਾ ਮੁੜ ਲੜਾਈ ’ਚ ਆ ਗਈ ਹੈ।  ਹਾਲਾਂਕਿ ਉਨ੍ਹਾਂ ਦੇ  ਹਿਸਾਬ ਨਾਲ ਕਾਂਗਰਸ ਨੂੰ ਜਿੱਤਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਮਾਰਵਾੜ ਦਾ ਹੋਣ ਦੇ ਨਾਤੇ ਗਹਿਲੋਤ ਨੂੰ ਹੀ ਮੁੱਖ ਮੰਤਰੀ ਬਣਨਾ ਚਾਹੀਦਾ ਹੈ। 
ਪੋਖਰਣ ’ਚ ਇਸ ਵਾਰ 2 ਘਾਗਾਂ ਵਿਚਾਲੇ ਦਿਲਚਸਪ ਮੁਕਾਬਲਾ ਹੋ ਰਿਹਾ ਹੈ। ਕਾਂਗਰਸ ਵਲੋਂ ਪੀਰ ਪਗਾਰਾਂ ਗੱਦੀ ਦੇ ਸਾਲੇਰ ਮੁਹੰਮਦ ਹਨ, ਜਿਨ੍ਹਾਂ ਦੇ ਪਿਤਾ ਗਾਜ਼ੀ ਫਕੀਰ ਦੀ ਕਿਸੇ ਸਮੇਂ ਇਥੇ ਤੂਤੀ ਬੋਲਦੀ  ਸੀ। ਭਾਜਪਾ ਨੇ ਤਾਰਾਤਰ ਮੱਠ ਦੇ ਮਹੰਤ ਪ੍ਰਤਾਪ ਪੁਰੀ ਨੂੰ ਮੈਦਾਨ ’ਚ ਉਤਾਰਿਆ ਹੈ। 
ਯੋਗੀ ਇਥੇ ਭਾਸ਼ਣ ਦੇ ਚੁੱਕੇ ਹਨ ਅਤੇ ‘ਸਾਡੇ ਕੋਲ ਬਜਰੰਗ ਬਲੀ, ਉਨ੍ਹਾਂ ਕੋਲ ਅਲੀ’ ਵਰਗਾ ਬਿਆਨ ਦਿੱਤਾ ਜਾ ਚੁੱਕਾ ਹੈ। ਕੁਲ ਮਿਲਾ ਕੇ ਹਿੰਦੂ-ਮੁਸਲਿਮ ਦੀ ਖੇਡ ਬਣਾਉਣ ਦੀ ਕੋਸ਼ਿਸ਼ ਉਸ ਪੋਖਰਣ ’ਚ ਹੋ ਰਹੀ ਹੈ, ਜਿਥੇ ਰਾਮਦੇਵਰਾ ਮੰਦਰ ਹੈ। ਉਥੋਂ ਦੇ ਬਾਬਾ ਰਾਮਦੇਵ ‘ਪੀਰ’ ਵੀ ਕਹੇ ਜਾਂਦੇ ਰਹੇ ਹਨ। 
ਕਿਹਾ ਜਾਂਦਾ ਹੈ ਕਿ ਮੱਕਾ-ਮਦੀਨਾ ਤੋਂ ਆਏ ਪੰਜ ਪੀਰਾਂ ਨੇ ਬਾਬਾ ਰਾਮਦੇਵ ਦਾ ਧਾਰਮਿਕ ਇਮਤਿਹਾਨ ਲਿਆ ਸੀ ਤੇ ਕਿਹਾ ਸੀ ਕਿ ‘‘ਅਸੀਂ ਤਾਂ ਪੀਰ ਹਾਂ।’’ ਪਰ ਬਾਬਾ ਰਾਮਦੇਵ ਨੇ ਪੰਜਾਂ ਪੀਰਾਂ ਨੂੰ ਪਛਾੜ ਦਿੱਤਾ, ਲਿਹਾਜ਼ਾ ਉਹ ਤਾਂ ਪੀਰਾਂ ਦੇ ਪੀਰ ਨਿਕਲੇ। ਰਾਮਦੇਵਰਾ ਮੰਦਰ ਹਿੰਦੂ-ਮੁਸਲਿਮ ਏਕਤਾ ਦੀ ਮਿਸਾਲ ਹੈ। 
ਪੋਖਰਣ ਵਿਚ ਹੀ ਖੇਤੋਲਾਈ ਪਿੰਡ ਆਉਂਦਾ ਹੈ। ਇਹ ਆਖਰੀ ਪਿੰਡ ਹੈ, ਜਿੱਥੋਂ ਤਕ ਨਾਗਰਿਕ ਜਾ ਸਕਦੇ ਹਨ, ਉਸ ਤੋਂ ਬਾਅਦ ਫੌਜ ਦਾ ਇਲਾਕਾ ਸ਼ੁਰੂ ਹੋ ਜਾਂਦਾ ਹੈ, ਜਿੱਥੇ 2 ਪ੍ਰਮਾਣੂ ਪ੍ਰੀਖਣ ਹੋਏ। ਦੋਵੇਂ ਵਾਰ ਇਥੋਂ ਦੇ ਲੋਕਾਂ ਨੂੰ ਪਿੰਡ ਖਾਲੀ ਕਰਨਾ ਪਿਆ, ਰੇਡੀਏਸ਼ਨ ਝੱਲਣੀ ਪਈ, ਪਸ਼ੂਅਾਂ ਤਕ ਨੂੰ ਇਸ ਦੀ ਮਾਰ ਪਈ। ਪਿੰਡ ਵਾਲੇ ਕਹਿੰਦੇ ਹਨ ਕਿ ਉਦੋਂ ਇਥੇ ਕੈਂਸਰ ਕੇਂਦਰ  ਖੋਲ੍ਹਣ ਵਰਗੇ ਵਾਅਦੇ  ਹੋਏ ਸਨ ਪਰ ਸਮੇਂ ਦੇ ਨਾਲ ਹਰ ਕੋਈ ਉਨ੍ਹਾਂ ਨੂੰ ਭੁੱਲ ਗਿਆ।
ਇਸ ਪਿੰਡ ਦੇ ਲੋਕ ਗਊਅਾਂ ਪਾਲਦੇ ਹਨ ਤੇ ਛੋਟੇ ਜਿਹੇ ਇਸ ਪਿੰਡ  ’ਚ 6000 ਤੋਂ ਜ਼ਿਆਦਾ ਗਊਅਾਂ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਦੇਸ਼ ’ਚ ਵਸੁੰਧਰਾ ਰਾਜੇ ਦੀ ਸਰਕਾਰ ਹੀ ਇਕੋ-ਇਕ ਅਜਿਹੀ ਸਰਕਾਰ ਨੇ ਜਿਸ ਨੇ ਵੱਖਰੇ ਤੌਰ ’ਤੇ ਗਊ ਮੰਤਰਾਲਾ ਖੋਲ੍ਹਿਆ ਪਰ ਇਥੇ ਗਊਅਾਂ ਪਾਣੀ ਤੇ ਚਾਰੇ (ਪੱਠਿਅਾਂ) ਦੀ ਘਾਟ ਕਾਰਨ ਤੜਫ ਰਹੀਅਾਂ ਹਨ। ਹਾਲਾਂਕਿ ਜੋਧਪੁਰ ਤੋਂ ਜੈਸਲਮੇਰ ਦੇ ਦਰਮਿਆਨ ਬਹੁਤ ਸਾਰੀਅਾਂ ਗਊਸ਼ਾਲਾਵਾਂ ਨਜ਼ਰ ਆਉਂਦੀਅਾਂ ਹਨ, ਜਿੱਥੇ ਲੋਕ ਗਊ ਭਗਤਾਂ ਨੂੰ ਹਰਾ ਚਾਰਾ (ਪੱਠੇ) ਵੇਚਦੇ ਹਨ, ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਚੱਲ ਜਾਂਦਾ ਹੈ ਤੇ ਗਊ ਭਗਤ ਵੀ ਦੁਨਿਆਵੀ ਬੇੜੀ ਬੰਨੇ ਲੱਗਣ ਦੇ ਅਹਿਸਾਸ ’ਚੋਂ ਲੰਘਦੇ ਹਨ। 
ਰਾਜਸਥਾਨ ’ਚ ਗਊ ਇਕ ਵੱਡਾ ਮੁੱਦਾ ਹੈ ਕਿਉਂਕਿ ਲੋਕਾਂ ਦੀ ਆਰਥਿਕਤਾ ਖੇਤੀਬਾੜੀ ਅਤੇ ਗਊ ਦੇ ਦੁੱਧ ’ਤੇ ਨਿਰਭਰ ਹੈ। ਪਿੰਡ ਵਾਲਿਅਾਂ ਦਾ ਕਹਿਣਾ ਹੈ ਕਿ ਗਊ ਰੱਖਿਅਕਾਂ ਦੇ ਨਾਂ ’ਤੇ ਹੋ ਰਹੀ ਵਧੀਕੀ ਕਾਰਨ ਉਨ੍ਹਾਂ ਨੂੰ ਬੁਰੇ ਦਿਨ ਦੇਖਣੇ ਪੈ ਰਹੇ ਹਨ। ਪਹਿਲਾਂ ਦੁੱਧ ਦੇਣਾ ਬੰਦ ਕਰਨ ਵਾਲੀ ਗਊ ਵੇਚ ਦਿੱਤੀ ਜਾਂਦੀ ਸੀ ਤੇ ਕੁਝ ਪੈਸੇ ਹੋਰ ਪਾ ਕੇ ਚੰਗੀ ਨਸਲ ਦੀ ਨਵੀਂ ਗਊ ਖਰੀਦ ਲਈ ਜਾਂਦੀ ਸੀ। ਜਿਸ ਸਾਲ ਅਕਾਲ ਪੈਂਦਾ, ਉਸ ਸਾਲ ਗਊ ਦਾ ਦੁੱਧ ਵੇਚ ਕੇ ਗੁਜ਼ਾਰਾ ਹੋ ਜਾਂਦਾ ਸੀ ਪਰ ਹੁਣ ਫੰਡਰ  (ਦੁੱਧ   ਨਾ  ਦੇਣ  ਵਾਲੀ)  ਗਊ ਵੇਚਣ ’ਚ ਦਿੱਕਤਾਂ ਆਉਂਦੀਅਾਂ ਹਨ ਤੇ ਨਵੀਂ ਗਊ ਖਰੀਦਣਾ ਵੀ ਮੁਸ਼ਕਿਲ ਹੋ ਰਿਹਾ ਹੈ। 
ਅਜਿਹੀ ਸਥਿਤੀ ’ਚ ਜਾਂ ਤਾਂ ਗਊ ਨੂੰ ਮੁਫਤ ’ਚ ਪੱਠੇ ਖੁਆਓ ਜਾਂ ਫਿਰ ਆਵਾਰਾ ਛੱਡ ਦਿਓ। ਅਜਿਹੀਅਾਂ ਆਵਾਰਾ ਗਊਅਾਂ ਫਸਲਾਂ ਖਰਾਬ ਕਰਦੀਅਾਂ ਹਨ, ਸੜਕਾਂ ’ਤੇ ਪਾਲੀਥੀਨ ਖਾਂਦੀਅਾਂ ਹਨ, ਸੜਕਾਂ ’ਤੇ ਤੇਜ਼ ਰਫਤਾਰ ਗੱਡੀਅਾਂ  ਨਾਲ ਟਕਰਾਉਂਦੀਅਾਂ ਹਨ। ਪਿੰਡ ਵਾਲਿਅਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਖਾਂ ਰੁਪਏ ਖਰਚ ਕਰ ਕੇ ਖੇਤਾਂ ਦੀ ਫੈਂਸਿੰਗ (ਵਾੜ) ਕਰਵਾਉਣੀ ਪੈ ਰਹੀ ਹੈ। ਇਹ ਸਭ ਉਦੋਂ ਹੋ ਰਿਹਾ ਹੈ, ਜਦੋਂ ਪਿਆਜ਼ 2 ਤੋਂ 4 ਰੁਪਏ ਕਿਲੋ ਦੇ ਭਾਅ ਵਿਕ ਰਿਹਾ ਹੈ। 
ਲੋਕ ਵਸੁੰਧਰਾ ਸਰਕਾਰ ਤੋਂ ਨਾਰਾਜ਼ 
ਆਮ ਤੌਰ ’ਤੇ ਲੋਕ ਵਸੁੰਧਰਾ ਸਰਕਾਰ ਤੋਂ ਨਾਰਾਜ਼ ਵੀ ਹਨ। ਅਜਿਹਾ ਨਹੀਂ ਹੈ ਕਿ ਵਸੁੰਧਰਾ ਸਰਕਾਰ ਨੇ ਮਾੜਾ ਕੰਮ ਕੀਤਾ ਹੈ ਪਰ ਇਕ ਅਕਸ ਅਜਿਹਾ ਬਣ ਗਿਆ ਹੈ ਕਿ ਲੋਕ ਰਾਸ਼ਨ ਤੋਂ ਲੈ ਕੇ ਪੈਨਸ਼ਨ ਤਕ ਖਾ ਜਾਣ ਦਾ ਦੋਸ਼ ਲਾਉਂਦੇ ਹਨ। ਰਾਸ਼ਨ ਲਈ ਪੀ. ਓ. ਐੱਸ. ਮਸ਼ੀਨਾਂ ਲਾਈਅਾਂ ਗਈਅਾਂ ਤੇ ਦੇਖਿਆ ਗਿਆ ਕਿ ਉਂਗਲਾਂ ਦੀ ਛਾਪ ਦੀ ਪਛਾਣ ਮਸ਼ੀਨ ਨਹੀਂ ਕਰ ਪਾਉਂਦੀ ਜਾਂ ਇੰਟਰਨੈੱਟ ਕੁਨੈਕਸ਼ਨ ’ਚ ਗੜਬੜ ਹੋਣ ’ਤੇ ਰਾਸ਼ਨ ਨਹੀਂ ਮਿਲਦਾ ਤਾਂ ਲੋਕ ਸਰਕਾਰ ਨੂੰ ਬੁਰੀ-ਭਲੀ ਕਹਿੰਦੇ ਹਨ। 
ਇਕ ਸਰਵੇ ਦੱਸਦਾ ਹੈ ਕਿ ਪਿਛਲੇ ਸਾਲ ਤਕ ਲੱਗਭਗ 20 ਲੱਖ ਅਜਿਹੇ ਲੋਕਾਂ ਨੂੰ ਹਰ ਮਹੀਨੇ ਰਾਸ਼ਨ ਤੋਂ ਵਾਂਝੇ ਰਹਿਣਾ ਪੈਂਦਾ ਸੀ, ਜਿਨ੍ਹਾਂ ਦੀਅਾਂ ਉਂਗਲਾਂ ਦੀ ਛਾਪ (ਫਿੰਗਰਪ੍ਰਿੰਟ) ਕਿਸੇ ਵੀ ਕਾਰਨ ਕਰਕੇ ਮਸ਼ੀਨ ਨਾਲ ਮੇਲ ਨਹੀਂ ਖਾਂਦੀ ਸੀ। ਹਾਲਾਂਕਿ ਇਕ ਸਾਲ ’ਚ ਕਾਫੀ ਤਬਦੀਲੀ ਆਈ ਹੈ ਪਰ ਅਕਸ ਪੁਰਾਣਾ ਹੀ ਬਣਿਆ ਹੋਇਆ ਹੈ। ਇਸ ਦਾ ਖਮਿਆਜ਼ਾ ਭਾਜਪਾ ਨੂੰ ਉਸ ਸੂਬੇ ’ਚ ਉਠਾਉਣਾ ਪੈ ਸਕਦਾ ਹੈ, ਜਿੱਥੇ ਉਂਝ ਵੀ ਹਰ 5 ਸਾਲਾਂ ਬਾਅਦ ਸਰਕਾਰ ਬਦਲਣ ਦੀ ਰਵਾਇਤ ਪਿਛਲੇ 20 ਸਾਲਾਂ ਤੋਂ ਰਹੀ ਹੈ। 
ਦੂਜੇ ਪਾਸੇ ਕਾਂਗਰਸ ’ਚ ‘ਕੌਣ ਬਣੇਗਾ ਮੁੱਖ ਮੰਤਰੀ’ ਦੀ ਖੇਡ ਚੱਲ ਰਹੀ ਹੈ। ਕਾਂਗਰਸ ਆਪਣੀ ਜਿੱਤ ਪ੍ਰਤੀ ਇੰਨੀ ਆਸਵੰਦ ਹੈ ਕਿ ਹੁਣ ਤੋਂ ਹੀ ਮੰਤਰੀ ਮੰਡਲ ਤਕ ਬਣ ਗਿਆ ਹੈ, ਬਸ ਸਹੁੰ ਚੁੱਕਣੀ ਬਾਕੀ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਜੇ ਕਾਂਗਰਸ 105-110 ਸੀਟਾਂ ਤਕ ਸਿਮਟ ਗਈ ਤਾਂ ਅਸ਼ੋਕ ਗਹਿਲੋਤ ਅਤੇ ਜੇ 125 ਸੀਟਾਂ ਨੂੰ ਪਾਰ ਕਰ ਗਈ ਤਾਂ ਸਚਿਨ ਪਾਇਲਟ ਮੁੱਖ ਮੰਤਰੀ  ਹੋਣਗੇ। ਕੁਝ ਲੋਕ ਕਹਿ ਰਹੇ ਹਨ ਕਿ ਮੁੱਖ ਮੰਤਰੀ ਤਾਂ ਗਹਿਲੋਤ ਹੀ ਬਣਨਗੇ, ਜੋ ਲੋਕ ਸਭਾ ਚੋਣਾਂ ਆਉਣ ’ਤੇ ਸਚਿਨ ਪਾਇਲਟ ਨੂੰ ਕਮਾਨ ਸੌਂਪ ਕੇ ਖ਼ੁਦ ਦਿੱਲੀ ਚਲੇ ਜਾਣਗੇ।
ਇਹ ਸਭ ਤਾਂ ਉਦੋਂ ਹੋਵੇਗਾ, ਜਦੋਂ ਜਿੱਤ ਪ੍ਰਾਪਤ ਹੋਵੇਗੀ। ਫਲੌਦੀ ਦੇ ਸਟੋਰੀਏ ਵੀ ਆਖਰੀ ਦੌਰ ਨੂੰ ਲੈ ਕੇ ਚੁੱਪ ਹਨ, ਹਾਲਾਂਕਿ ਲੱਗਭਗ 4000 ਕਿਲੋਮੀਟਰ ਖੇਤਰ ’ਚ ਘੁੰਮਣ ਤੋਂ ਬਾਅਦ ਤਬਦੀਲੀ ਦੇ ਸੰਕੇਤ ਸਾਫ ਨਜ਼ਰ ਆਉਂਦੇ ਹਨ। 
 


Related News