ਹੋਲਾਂਦੇ ਨੂੰ ਫਰਾਂਸ ਦੇ ਅਖਬਾਰ ‘ਭੋਂਦੂ’ ਅਤੇ ਲੋਕ ‘ਮਸਖਰਾ’ ਸਮਝਦੇ ਹਨ

Wednesday, Sep 26, 2018 - 06:43 AM (IST)

ਅੱਜਕਲ ਭਾਰਤ ’ਚ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫ੍ਰੈਂਕੋਇਸ ਹੋਲਾਂਦੇ ਦੇ ਨਾਂ ਦੀ ਬਹੁਤ ਚਰਚਾ ਹੋ ਰਹੀ ਹੈ। ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਤਾਂ ਖਾਸ ਕਰਕੇ ਉਨ੍ਹਾਂ ਦੇ ਨਾਂ ਦੀ ਮਾਲਾ ਦਿਨ-ਰਾਤ ਜਪ ਰਹੇ ਹਨ। ਭਾਰਤ ਵਲੋਂ ਫਰਾਂਸ ਤੋਂ ਖਰੀਦੇ ਗਏ ‘ਰਾਫੇਲ’ ਲੜਾਕੂ ਜਹਾਜ਼ਾਂ ਦੀ ਸੌਦੇਬਾਜ਼ੀ ਦੇ ਸਿਲਸਿਲੇ ’ਚ ਹੋਲਾਂਦੇ ਦੇ ਇਕ ਕਥਿਤ ਬਿਆਨ ਨੂੰ ਆਧਾਰ ਬਣਾ ਕੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਤਿੱਖੀ ਆਲੋਚਨਾ ਦਾ ਨਿਸ਼ਾਨਾ ਬਣਾਉਂਦਿਅਾਂ ਉਨ੍ਹਾਂ ਨੂੰ ‘ਚੋਰ’ ਕਿਹਾ ਹੈ। 
ਜ਼ਿਕਰਯੋਗ ਹੈ ਕਿ ਹੋਲਾਂਦੇ 2012 ਤੋਂ 2017 ਤਕ ਫਰਾਂਸ ਦੇ ਰਾਸ਼ਟਰਪਤੀ ਸਨ ਤੇ ਇਨ੍ਹਾਂ ਲੜਾਕੂ ਜਹਾਜ਼ਾਂ ਦੀ ਵਿਕਰੀ ਦਾ ਸੌਦਾ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਤੈਅ ਹੋਇਆ ਸੀ। ਇਨ੍ਹਾਂ ਜਹਾਜ਼ਾਂ ਨੂੰ ਖਰੀਦਣ ਦਾ ਠੇਕਾ ਭਾਰਤ ਦੇ ਧਨਾਢ ਵਪਾਰੀ ਅੰਬਾਨੀ ਨੂੰ ਮਿਲਿਆ ਸੀ। ਫਰਾਂਸ ਦੀ ਇਕ ਨਿਊਜ਼ ਏਜੰਸੀ ਮੁਤਾਬਿਕ ਹੋਲਾਂਦੇ ਨੇ ਇਕ ਇੰਟਰਵਿਊ ’ਚ ਕਿਹਾ ਕਿ ਠੇਕਾ ਦੇਣ ਲਈ ਅੰਬਾਨੀ ਦਾ ਨਾਂ ਨਰਿੰਦਰ ਮੋਦੀ ਨੇ ਸੁਝਾਇਆ ਸੀ। ਰਾਹੁਲ ਗਾਂਧੀ ਦਾ ਇਲਜ਼ਾਮ ਹੈ ਕਿ ਇਸ ਸੌਦੇ ’ਚ ਧਾਂਦਲੀ ਹੋਈ ਹੈ, ਜਿਸ ’ਚ ਮੋਦੀ ਭਾਈਵਾਲ ਹਨ। 
ਹੋਲਾਂਦੇ ਦੇ ਉਕਤ ਕਥਿਤ ਬਿਆਨ ਨੇ ਭਾਰਤ ’ਚ ਜੋ ਤੂਫਾਨ ਖੜ੍ਹਾ ਕਰ ਦਿੱਤਾ ਹੈ, ਉਸ ਤੋਂ ਸਾਰੇ ਚੰਗੀ ਤਰ੍ਹਾਂ ਜਾਣੂ ਹਨ ਤੇ ਇਸ ਵਿਸ਼ੇ ਨੂੰ ਲੈ ਕੇ ਜੋ ਲੈ-ਦੇ ਹੋ ਰਹੀ ਹੈ, ਉਸ ਨੂੰ ਵੀ ਪਾਠਕ ਬਹੁਤ ਦਿਲਚਸਪੀ ਨਾਲ ਪੜ੍ਹ ਰਹੇ ਹੋਣਗੇ। ਹੋਲਾਂਦੇ ਦੇ ਬਿਆਨ ਦੇ ਕਈ ਅਰਥ ਕੱਢੇ ਜਾ ਰਹੇ ਹਨ। 
ਰਾਹੁਲ ਦੇ ਇਲਜ਼ਾਮ ’ਚ ਕਿੰਨੀ ਸੱਚਾਈ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਜਿਸ ਵਿਅਕਤੀ (ਹੋਲਾਂਦੇ) ਨੇ ਇਹ ਗੱਲ ਕਹੀ ਹੈ, ਉਸ ਦੇ ਕਥਨ, ਚਰਿੱਤਰ ਅਤੇ ਰਵੱਈਏ ’ਤੇ ਕਿੰਨਾ ਭਰੋਸਾ ਕੀਤਾ ਜਾ ਸਕਦਾ ਹੈ, ਇਹ ਇਕ ਬਹੁਤ ਗੰਭੀਰ ਸਵਾਲ ਹੈ, ਜਿਸ ’ਤੇ ਇਸ ਸਾਰੇ ਸੰਦਰਭ ’ਚ ਡੂੰਘਾਈ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ। 
ਫਰਾਂਸ ਦੀਅਾਂ ਅਖ਼ਬਾਰਾਂ ਦੀ ਨਜ਼ਰ ’ਚ ਹੋਲਾਂਦੇ ‘ਭੋਂਦੂ’ ਹੈ, ਤਾਂ ਲੋਕ ਉਸ ਨੂੰ ‘ਮਸਖਰਾ’ ਸਮਝਦੇ ਹਨ। ਉਸ ਦੀ ਆਪਣੀ ਮਸ਼ੂਕਾ ਉਸ ਨੂੰ ‘ਲਾਲਚੀ ਚਟਖੋਰਾ’ ਕਹਿੰਦੀ ਹੈ। ਕਿਸੇ ਨਾਲ ਵਿਆਹ ਕਰਵਾਏ ਬਿਨਾਂ ਇਕੱਠੀਅਾਂ ਤਿੰਨ-ਤਿੰਨ ਔਰਤਾਂ ਨਾਲ ਰਾਸ਼ਟਰਪਤੀ ਭਵਨ ’ਚ ਰੰਗਰਲੀਅਾਂ ਮਨਾਉਣ ਵਾਲੇ ਹੋਲਾਂਦੇ ਦੀ ਗਿਣਤੀ ਫਰਾਂਸ ਦੇ ਇਕ ਅਜਿਹੇ ਸ਼ਾਸਕ ਵਜੋਂ ਹੁੰਦੀ ਹੈ, ਜਿਸ ਦੀ ਹਰਮਨਪਿਆਰਤਾ ਦੇਸ਼ ਦੇ ਬਾਕੀ ਸਾਰੇ ਰਾਸ਼ਟਰਪਤੀਅਾਂ ਦੇ ਮੁਕਾਬਲੇ ਸਭ ਤੋਂ ਘੱਟ ਹੋਣ ਕਰਕੇ ਲੋਕਾਂ ਨੇ ਉਸ ਨੂੰ ਦੁਬਾਰਾ ਰਾਸ਼ਟਰਪਤੀ ਚੁਣਨ ਦੇ ਕਾਬਿਲ ਨਹੀਂ ਸਮਝਿਆ, ਹਾਲਾਂਕਿ ਦੇਸ਼ ਦੀ ਪ੍ਰਥਾ ਅਨੁਸਾਰ ਮਿਆਦ ਪੂਰੀ ਹੋਣ ’ਤੇ ਮੌਜੂਦਾ ਰਾਸ਼ਟਰਪਤੀ ਨੂੰ ਦੁਬਾਰਾ ਚੁਣੇ ਜਾਣ ਦਾ ਮੌਕਾ ਦਿੱਤਾ ਜਾਂਦਾ ਹੈ। 
ਪ੍ਰੇਮੀਅਾਂ-ਪ੍ਰੇਮਿਕਾਵਾਂ ਦੇ ਆਪਸ ’ਚ ਰਾਤ ਨੂੰ ਲੁਕ-ਲੁਕ ਕੇ ਮਿਲਣ ਦੇ ਕਈ ਕਿੱਸੇ ਤਾਂ ਤੁਸੀਂ ਨਾਵਲਾਂ, ਕਹਾਣੀਅਾਂ, ਫਿਲਮਾਂ ’ਚ ਪੜ੍ਹੇ, ਸੁਣੇ ਅਤੇ ਦੇਖੇ ਹੋਣਗੇ ਪਰ ਕੋਈ 64 ਸਾਲਾ ਵਿਅਕਤੀ, ਜੋ ਦੁਨੀਆ ਦੇ ਇਕ ਮਹਾਨ ਦੇਸ਼ ਦਾ ਰਾਸ਼ਟਰਪਤੀ ਹੋਵੇ, ਰਾਤ ਦੇ ਹਨੇਰੇ ’ਚ ਚੌਕੀਦਾਰ ਦਾ ਸਕੂਟਰ ਚੋਰੀ ਕਰ ਕੇ ਫਰਾਂਸ ਦੇ ਪ੍ਰਸਿੱਧ ਏਲਸਤਰੀ ਸ਼ਾਹੀ ਮਹੱਲ ਦੇ ਪਿਛਲੇ ਦਰਵਾਜ਼ਿਓਂ ਭੇਸ ਬਦਲ ਕੇ ਆਪਣੀ ਮਾਸ਼ੂਕਾ ਨਾਲ ਰੰਗਰਲੀਅਾਂ ਮਨਾਉਣ ਲਈ ਮੀਲਾਂ ਦੂਰ ਉਸ ਦੇ ਫਲੈਟ ’ਤੇ ਜਾਂਦਾ ਹੋਵੇ, ਅਜਿਹੇ ਰੋਮਾਂਚਕ ਰਾਸ਼ਟਰਪਤੀ ਦੀ ਪ੍ਰੇਮ-ਲੀਲਾ ਦੀਅਾਂ ਕਹਾਣੀਅਾਂ ਤੇ ਉਸ ਦੀਅਾਂ ਬੇਵਫ਼ਾਈਅਾਂ ਦੇ ਦਿਲਚਸਪ ਕਿੱਸੇ ਪੜ੍ਹੋ ਮੇਰੇ ਅਗਲੇ ਲੇਖ ’ਚ। 
 
 


Related News