ਰਾਜਨੀਤੀ ਦੇ ''ਫੀਫਾ'' ਦਾ ਫਾਈਨਲ ਹੁਣ 2024 ''ਚ ਖੇਡਿਆ ਜਾਵੇਗਾ
Friday, Dec 09, 2022 - 06:08 PM (IST)

ਕੀ ਇਹੀ ਲੋਕਤੰਤਰ ਹੈ। ਦੋ ਦਿਨ ’ਚ ਦੋ ਸੂਬਿਆਂ, ਇਕ ਛੋਟਾ ਅਤੇ ਇਕ ਵੱਡਾ ਦੇ ਇਲਾਵਾ ਦਿੱਲੀ ਦੀਆਂ ਐੱਮ.ਸੀ.ਡੀ. ਦੀਆਂ ਚੋਣਾਂ ਦੇ ਨਤੀਜੇ ਆਏ ਅਤੇ ਲੋਕਤੰਤਰ ਦੇ ਪਹਿਰੇਦਾਰ ਭਾਵ ਜਨਤਾ ਨੇ ਸਾਰਿਆਂ ਨੂੰ ਕੁਝ ਨਾ ਕੁਝ ਦਿੱਤਾ। ਕਿਸ ਤਰ੍ਹਾਂ ਅਤੇ ਕਿੰਨਾ ਦਿੱਤਾ, ਕੌਣ ਕਿੰਨਾ ਸੰਤੁਸ਼ਟ ਹੋਵੇਗਾ, ਇਸ ’ਤੇ ਬਹਿਸ ਹੋ ਸਕਦੀ ਹੈ ਪਰ ਜੋ ਉਸ ਨੇ ਫੈਸਲਾ ਸੁਣਾ ਦਿੱਤਾ ਹੈ, ਉਹ ਐਨ ਮੌਕੇ ਤਾਂ ਅੰਤਿਮ ਹੈ। ਵੱਡੇ ਸੂਬੇ ਗੁਜਰਾਤ ਨੂੰ ਭਾਜਪਾ ਨੂੰ, ਕਾਂਗਰਸ ਨੂੰ ਸਿਰਫ 68 ਸੀਟਾਂ ਵਾਲੇ ਹਿਮਾਚਲ ਅਤੇ ਆਮ ਆਦਮੀ ਪਾਰਟੀ ਨੂੰ ਦਿੱਲੀ ਨਗਰ ਨਿਗਮ ਦੀ ਮਹੱਤਵਪੂਰਨ ਸੱਤਾ ਸੌਂਪ ਦਿੱਤੀ ਹੈ। ਇਹੀ ਨਹੀਂ ਉੱਪ-ਚੋਣਾਂ ’ਚ ਵੀ ਵੰਡ ਠੀਕ-ਠਾਕ ਹੋਈ ਹੈ। ਮੈਨਪੁਰੀ ਤੋਂ ਸਪਾ ਦੀ ਡਿੰਪਲ ਯਾਦਵ ਭਾਰੀ ਫਰਕ ਨਾਲ ਜਿੱਤ ਗਈ ਹੈ ਤਾਂ ਵਿਧਾਨ ਸਭਾ ਦੀਆਂ ਉਪ-ਚੋਣਾਂ ਵਿਚ ਬਿਹਾਰ ’ਚ ਭਾਜਪਾ ਨੂੰ ਇਕ ਸੀਟ, ਓਡੀਸ਼ਾ ਤੋਂ ਬੀਜੂ ਜਨਤਾ ਦਲ ਨੂੰ ਇਕ, ਛੱਤੀਸਗੜ੍ਹ ਅਤੇ ਰਾਜਸਥਾਨ ਤੋਂ ਇਕ-ਇਕ ਸੀਟ ਕਾਂਗਰਸ ਨੂੰ ਅਤੇ ਯੂ.ਪੀ. ਤੋਂ ਭਾਜਪਾ ਅਤੇ ਆਰ.ਐੱਲ.ਡੀ. ਨੂੰ ਇਕ-ਇਕ ਸੀਟ ਮਿਲ ਗਈ ਹੈ, ਭਾਵ ਸਾਰਿਆਂ ਨੂੰ ਕੁਝ-ਕੁਝ, ਉਂਝ ਹੀ ਜਿਵੇਂ ਪਰਿਵਾਰ ਦਾ ਮੁਖੀ ਆਪਣੇ ਘਰ ਵਿਚ ਹਰ ਵੱਡੇ ਮੌਕੇ ’ਤੇ ਮਿਹਨਤ ਅਤੇ ਭਵਿੱਖ ਦੀ ਸੰਭਾਵਨਾ ਦੇ ਹਿਸਾਬ ਨਾਲ ਕੁਝ ਨਾ ਕੁਝ ਦੇ ਹੀ ਦਿੰਦਾ ਹੈ। ਲੋਕਤੰਤਰ ਦੀ ਖੇਡ ਵੀ ਅਜਿਹੀ ਹੀ ਹੈ।
ਦੂਜੇ ਪਾਸੇ ਇਹ ਲੋਕਤੰਤਰ ’ਚ ਸਿਆਸਤ ਦੀ ਉਸ ਫੀਫਾ ਦੀ ਸ਼ੁਰੂਆਤ ਹੈ, ਜਿਸ ਦਾ ਫਾਈਨਲ 2024 ਵਿਚ ਖੇਡਿਆ ਜਾਵੇਗਾ। ਇਸ ਫੀਫਾ ਦੇ ਪਹਿਲੇ ਲੀਗ ਮੈਚ ਵਿਚ ਭਗਵਾ ਜਰਸੀ ਨੇ ਗੁਜਰਾਤ ਵਿਚ ਗਜ਼ਬ ਧਮਾਕਾ ਕੀਤਾ ਹੈ। ਟੀਮ ਨਰਿੰਦਰ ਮੋਦੀ ਦੇ ਇਸ ਪ੍ਰਦਰਸ਼ਨ ਦੇ ਅੱਗੇ ਤਾਂ ਵੱਡੇ-ਵੱਡੇ ਮੈਚ ਫਿੱਕੇ ਹੋਏ ਹਨ। 182 ਸੀਟਾਂ ਵਾਲੀ ਗੁਜਰਾਤ ਵਿਧਾਨ ਸਭਾ ਵਿਚ 156 ਸੀਟਾਂ ਹਾਸਲ ਕਰਨਾ ਵੀ ਪਾਰਟੀ ਲਈ ਸ਼ਾਨਦਾਰ ਹੈ। ਇੰਨੀ ਵੱਡੀ ਜਿੱਤ ਦੇ ਪਿੱਛੇ ਜ਼ਰੂਰ ਹੀ ਨਪੀ-ਤੁਲੀ ਰਣਨੀਤੀ ਹੈ। ਅਜਿਹੀ ਰਣਨੀਤੀ ਜਿਸ ਵਿਚ ਗੋਲਕੀਪਰ ਤੋਂ ਲੈ ਕੇ ਸੈਂਟਰ ਫਾਰਵਰਡ ਤੱਕ ਸਭ ਦੀ ਖੇਡ ਲੈਅਬਧ ਹੈ। ਟੀਮ ਮੈਨੇਜਮੈਂਟ ਵੀ ਗਜ਼ਬ ਹੈ। ਜੋ ਸਾਲ ਭਰ ਪਹਿਲਾਂ ਹੀ ਫੈਸਲਾ ਕਰ ਲੈਂਦੀ ਹੈ ਕਿ ਕੈਪਟਨ ਅਤੇ ਕਿੰਨੇ ਖਿਡਾਰੀ ਬਦਲ ਦੇਣੇ ਚਾਹੀਦੇ ਹਨ। ਸਤੰਬਰ 2021 ’ਚ ਜਦੋਂ ਭਾਜਪਾ ਨੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੂੰ ਬਦਲ ਕੇ ਭੁਪੇਂਦਰ ਪਟੇਲ ਨੂੰ ਸਹੁੰ ਚੁਕਾਈ ਅਤੇ ਉਸ ਦੇ ਬਾਅਦ ਮੰਤਰੀ ਮੰਡਲ ਨੂੰ ਜਿਸ ਤਰ੍ਹਾਂ ਬਦਲਿਆ ਗਿਆ, ਉਹ ਇਸੇ ਦਿਨ ਦੀ ਤਿਆਰੀ ਸੀ। ਨਤੀਜਾ ਸਾਰਿਆਂ ਦੇ ਸਾਹਮਣੇ ਹੈ। ਭਾਜਪਾ ਨੇ ਇੰਨੀਆਂ ਸੀਟਾਂ ਹਾਸਲ ਕਰ ਲਈਆਂ ਜਿੰਨੀਆਂ ਕਦੇ ਖੁਦ ਨਰਿੰਦਰ ਮੋਦੀ ਦੇ ਮੁੱਖ ਮੰਤਰੀ ਰਹਿੰਦੇ ਹੋਏ ਵੀ ਪਾਰਟੀ ਨਹੀਂ ਮਿਲੀਆਂ। ਪਰ ਇਹ ਵੀ ਸੱਚ ਹੈ ਕਿ ਗੁਜਰਾਤ ਚੋਣਾਂ ਪੂਰੀ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਪ੍ਰਸਤੀ ’ਚ ਲੜੀਆਂ ਗਈਆਂ।
ਇੰਨਾ ਹੀ ਨਹੀਂ ਭਾਜਪਾ ਦੇ ਪ੍ਰਚਾਰ ਦਾ ਤਰੀਕਾ ਵੀ ਦੱਸਦਾ ਹੈ ਕਿ ਚੋਣਾਂ ਕਿਵੇਂ ਜਿੱਤੀਆਂ ਜਾਂਦੀਆਂ ਹਨ। ਦੂਜੇ ਪਾਸੇ ਵਿਰੋਧੀ ਧਿਰ ਦੇ ਕੋਲ ਭਾਜਪਾ ਦੀ ਰਣਨੀਤੀ ਦਾ ਕੋਈ ਤੋੜ ਨਹੀਂ ਦਿੱਸਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਭਾਜਪਾ ਲਈ ਸੈਂਟਰ ਫਾਰਵਰਡ ਦੇ ਵਾਂਗ ਸਨ। ਉਨ੍ਹਾਂ ਨੇ ਜਿਵੇਂ ਪ੍ਰਚਾਰ ’ਚ ਮੂਵ ਬਣਾਏ, ਵਿਰੋਧੀ ਧਿਰ ਦੇ ਗੋਲ ਕੀਪਰ ਹੈਰਾਨ ਰਹਿ ਗਏ। ਦੂਜੇ ਪਾਸੇ ਰੱਖਿਆ ਪੰਕਤੀ ਨੂੰ ਸੰਭਾਲਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿਚ ਭਗਵਾ ਟੀਮ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਹਰ ਹਮਲੇ ਨੂੰ ਨਾ ਸਿਰਫ ਅਸਫਲ ਕੀਤਾ ਸਗੋਂ ਮੂੰਹ ਤੋੜ ਜਵਾਬ ਦੀ ਰਣਨੀਤੀ ਬਣਾਈ। ਅਜਿਹੀ ਖਲਬਲੀ ਪੈਦਾ ਹੋਈ ਕਿ ਸੂਰਤ ਪੂਰਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਆਪਣਾ ਨਾਂ ਹੀ ਵਾਪਸ ਲੈ ਲਿਆ। ਕੁੱਲ ਮਿਲਾ ਕੇ ਇਸ ਸਿਆਸਤ ਦੇ ਫੀਫਾ ਵਿਚ ਟੀਮ ਭਗਵਾ ਅਰਜਨਟੀਨਾ ਦੀ ਟੀਮ ਵਾਂਗ ਤਾਂ ਬਿਲਕੁਲ ਨਹੀਂ ਹੈ, ਜੋ ਸਿਰਫ ਮੈਸੀ ਦੇ ਭਰੋਸੇ ਰਹਿੰਦੀ ਹੈ ਅਤੇ ਸਾਊਦੀ ਅਰਬ ਵਰਗੀ ਕਮਜ਼ੋਰ ਅਤੇ ਘੱਟ ਤਜਰਬੇਕਾਰ ਟੀਮ ਦੇ ਅੱਗੇ ਵੀ ਖਿਲਰ ਜਾਵੇ।
ਦਿੱਕਤ ਉਦੋਂ ਹੋਰ ਵੱਧ ਜਾਂਦੀ ਹੈ ਜਦੋਂ ਮੈਸੀ ਵੀ ਸਿੱਧਾ ਗੋਲ ਵੱਲ ਵੱਧਣ ਦੀ ਥਾਂ, ਕਾਰਨਰ ਵੱਲ ਕੱਟ ਲੈਣ। ਤੁਸੀਂ ਸਿਰਫ ਆਪਣੀ ਪੁਰਾਣੀ ਪ੍ਰਤਿਸ਼ਠਾ ਤੋਂ ਨਤੀਜਾ ਨਹੀਂ ਦੇਖ ਸਕਦੇ। ਕਾਂਗਰਸ ਦੇ ਇਕਲੌਤੇ ਸਟਾਰ ਰਾਹੁਲ ਗਾਂਧੀ ਨੇ ਗੁਜਰਾਤ ਚੋਣਾਂ ਤੋਂ ਸਿੱਧੀ ਰੂਚੀ ਦਿਖਾਉਣ ਦੀ ਥਾਂ ਜਿਸ ਤਰ੍ਹਾਂ ਭਾਰਤ ਜੋੜੋ ਯਾਤਰਾ ’ਤੇ ਖੁਦ ਨੂੰ ਫੋਕਸ ਕੀਤਾ, ਉਹ ਉਨ੍ਹਾਂ ਦੇ ਗੋਲ ’ਤੇ ਫੋਕਸ ਹੋਣ ਦੀ ਥਾਂ ਕਾਰਨਰ ਲੈਣ ਦੇ ਜੁਗਾੜ ’ਚ ਰਹਿਣ ਦੀ ਕੋਸ਼ਿਸ਼ ਵੱਧ ਜਾਪਦੀ ਹੈ। ਇਸ ਦੇ ਇਲਾਵਾ ਮੈਦਾਨ ਵਿਚ ਉਤਰੀਆਂ ਨਵੀਆਂ ਟੀਮਾਂ ਨੇ ਵੀ ਕਾਂਗਰਸ ਦੀ ਮਿੱਟੀ ਪਲੀਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਕਾਂਗਰਸੀ ਵੋਟਾਂ ਦੀ ਲਾਵਾਰਿਸ ਫਸਲ ਦਾ ਵੱਡਾ ਹਿੱਸਾ ਕੱਟ ਕੇ ਉਹ ਆਪਣੇ ਖੇਤ ਵਿਚ ਲੈ ਗਈ। ਆਮ ਆਦਮੀ ਪਾਰਟੀ ਨੇ ਪਟੇਲ ਪੱਟੀ ’ਚ ਇਹੀ ਖੇਡ ਖੇਡੀ ਤਾਂ ਅਸਦੁਦੀਨ ਓਵੈਸੀ ਨੇ ਘੱਟ ਗਿਣਤੀ ਵੋਟਾਂ ਵਿਚ ਕਾਫੀ ਸੰਨ੍ਹ ਲਗਾਈ। ਉਂਝ ਆਮ ਆਦਮੀ ਪਾਰਟੀ ਦੀ ਖਾਸੀਅਤ ਇਹ ਹੈ ਕਿ ਉਹ ਵੀ ਜਲਦ ਹੀ ਹਾਰ ਨਹੀਂ ਮੰਨਦੀ। ਹੁਣ ਰਾਸ਼ਟਰੀ ਪਾਰਟੀ ਬਣਨ ਤੋਂ ਬਾਅਦ ਤਾਂ ਉਸ ਦੇ ਰਸਤੇ ਹੋਰ ਖੁੱਲ੍ਹਣਗੇ। 2024 ਦੇ ਲਈ ਉਹ ਏਕਲਾ ਚੱਲੋ ਦੀ ਰਣਨੀਤੀ ਵਿਚ ਰਹੇਗੀ ਜਾਂ ਫਿਰ ਵਿਰੋਧੀ ਧਿਰ ਦੇ ਨਾਲ ਇਹ ਦੇਖਣਾ ਹੋਵੇਗਾ। ਉਸ ਨੇ ਕੁਝ ਖਾਸ ਖੁਲਾਸਾ ਨਹੀਂ ਕੀਤਾ ਪਰ ਸੰਭਾਵਨਾਵਾਂ ਇਹੀ ਹਨ ਕਿ ਉਹ ਏਕਲਾ ਚੱਲੋ ਦੀ ਰਣਨੀਤੀ ’ਤੇ ਚਲਦੀ ਰਹੇਗੀ ਤਾਂ ਕਿ ਆਪਣਾ ਆਧਾਰ ਹੋਰ ਮਜ਼ਬੂਤ ਕਰੇ। ਬਾਕੀ ਵਿਰੋਧੀ ਧਿਰ ਦੇ ਕੋਲ ਹੁਣ ਅਗਲੇ ਸਾਲ ਮੱਧ ਪ੍ਰਦੇਸ਼, ਰਾਜਸਥਾਨ ਵਰਗੇ ਹਿੰਦੀ ਪੱਟੀ ਦੇ ਅਹਿਮ ਸੂਬਿਆਂ ਸਮੇਤ 10 ਸੂਬੇ ਚੋਣਾਂ ਲਈ ਹਨ ਪਰ ਬਿਨਾਂ ਕਿਸੇ ਵੱਡੀ ਤਿਆਰੀ ਦੇ ਉਸ ਦੇ ਕੋਲ ਵੱਡੀਆਂ ਚੁਣੌਤੀਆਂ ਮੂੰਹ ਅੱਡੀ ਖੜ੍ਹੀਆਂ ਰਹਿਣਗੀਆਂ।
ਲੇਖਕ- ਅਕੁ ਸ਼੍ਰੀਵਾਸਤਵ