ਪਰਿਵਾਰਕ ਫਰਜ਼ ਨਿਭਾਉਣ ਲਈ ਸਾਧੂ ਨੇ ਛੱਡਿਆ ਅਧਿਆਤਮਕ ਜੀਵਨ

Thursday, Sep 27, 2018 - 06:42 AM (IST)

ਅਹਿਮਦਾਬਾਦ ਦੇ ਲੀਲਾਭਾਈ ਤੇ ਭੀਖੀਬੇਨ ਗੋਲ ਲਈ ਐਤਵਾਰ ਦਾ ਦਿਨ ਬਹੁਤ ਭਾਵੁਕਤਾ ਵਾਲਾ ਸੀ, ਜਦੋਂ ਉਨ੍ਹਾਂ ਦਾ ਵੱਡਾ 28 ਸਾਲਾ ਬੇਟਾ ਸਾਧੂ ਧਰਮਪੁੱਤਰਦਾਸ ਘਰ ਵਾਪਸ ਆ ਗਿਆ। ਇਹ ਅਪਾਹਜ ਜੋੜਾ ਪਿਛਲੇ ਮਹੀਨੇ ਗੁਜਰਾਤ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਕੋਲ ਇਹ ਕਹਿੰਦਿਆਂ ਗਿਆ ਸੀ ਕਿ ਅਧਿਆਤਮਕ ਜੀਵਨ ਅਪਣਾਉਣ ਤੋਂ ਬਾਅਦ ਉਨ੍ਹਾਂ ਦੇ ਬੇਟੇ ਨੇ ਆਪਣੇ ਮਾਂ-ਪਿਓ ਪ੍ਰਤੀ ਆਪਣੇ ਫਰਜ਼ਾਂ ਨੂੰ ਛੱਡ ਦਿੱਤਾ ਸੀ।
ਉਨ੍ਹਾਂ ਨੇ ਉਸ ਤੋਂ ਗੁਜ਼ਾਰੇ ਭੱਤੇ ਵਜੋਂ 20 ਲੱਖ ਰੁਪਏ ਤੋਂ ਜ਼ਿਆਦਾ ਦੀ ਮੰਗ ਵੀ ਕੀਤੀ, ਜੋ ਉਸ ਦੀ ਪੜ੍ਹਾਈ-ਲਿਖਾਈ ਅਤੇ ਹੋਰ ਖਰਚਿਆਂ ’ਤੇ ਉਨ੍ਹਾਂ ਦੀ ਉਮਰ ਭਰ ਦੀ ਕਮਾਈ ਦੇ ਬਦਲੇ ’ਚ ਸੀ। 10 ਸਤੰਬਰ ਨੂੰ ਪਹਿਲੀ ਕੌਂਸਲਿੰਗ ਤੋਂ ਬਾਅਦ ਜੋੜੇ ਨੇ ਦੋਸ਼ ਲਾਇਆ ਕਿ ਅਧਿਆਤਮਕ ਮਾਰਗ ਅਪਣਾਉਣ ਲਈ ਉਨ੍ਹਾਂ ਦੇ ਬੇਟੇ ਦਾ ‘ਬ੍ਰੇਨਵਾਸ਼’ ਕੀਤਾ ਗਿਆ, ਹਾਲਾਂਕਿ ਉਨ੍ਹਾਂ ਦੇ ਬੇਟੇ ਨੇ ਦੱਸਿਆ ਕਿ ਉਸ ਨੇ ਆਪਣੀ ਇੱਛਾ ਨਾਲ ਅਧਿਆਤਮ ਦਾ ਮਾਰਗ ਅਪਣਾਇਆ ਸੀ ਅਤੇ ਉਹ ਆਪਣੇ ਮਾਂ-ਪਿਓ ਦੀ ਸੇਵਾ ਕਰਨ ਦੀ ਸਥਿਤੀ ’ਚ ਨਹੀਂ ਸੀ ਕਿਉਂਕਿ ਉਸ ਦੀ ਆਮਦਨ ਦਾ ਕੋਈ ਜ਼ਰੀਆ ਨਹੀਂ ਸੀ।
ਇਸ ਤੋਂ ਪਹਿਲਾਂ ਕਿ ਅਗਲੀ ਕੌਂਸਲਿੰਗ ਹੁੰਦੀ, ਅਧਿਆਤਮ ਦਾ ਰਾਹ ਅਪਣਾਉਣ ਤੋਂ ਤਿੰਨ ਸਾਲ ਬਾਅਦ ਸਾਧੂ ਧਰਮਪੁੱਤਰਦਾਸ ਨੇ  ਅਧਿਆਤਮਕ ਜੀਵਨ ਛੱਡ ਕੇ ਧਰਮੇਸ਼ ਗੋਲ ਵਜੋਂ ਆਪਣੇ ਪਰਿਵਾਰ ਕੋਲ ਪਰਤਣ ਦਾ ਫੈਸਲਾ ਕੀਤਾ। ਧਰਮੇਸ਼ ਨੇ ਦੱਸਿਆ ਕਿ ਉਸ ਦੀ ਇੱਛਾ ਹੈ ਕਿ ਉਹ  ਤਸੱਲੀਬਖਸ਼ ਢੰਗ ਨਾਲ ਆਪਣੇ ਮਾਂ-ਪਿਓ ਦੀ ਸੇਵਾ ਕਰੇ ਤੇ ਇਸ ਦੇ ਨਾਲ ਹੀ ਉਹ ਆਪਣੇ ਪਹਿਲਾਂ ਵਾਲੇ ਅਧਿਆਤਮਕ ਮਾਰਗ ’ਤੇ ਵੀ ਚਲਦਾ ਰਹੇਗਾ। 
ਲੀਲਾਭਾਈ ਗੋਲ ਨੇ ਦੱਸਿਆ ਕਿ ਇਕੋ-ਇਕ ਚੀਜ਼ ਜੋ ਉਹ ਚਾਹੁੰਦੇ ਸਨ, ਉਹ ਸੀ ਉਨ੍ਹਾਂ ਦੇ ਬੇਟੇ ਦੀ ਖੁਸ਼ੀ। ਉਨ੍ਹਾਂ ਦੱਸਿਆ ਕਿ ਉਹ ਕਦੇ ਵੀ ਆਪਣੇ ਬੇਟੇ ਦੇ ਰਾਹ ’ਚ ਨਹੀਂ ਆਉਣਾ ਚਾਹੁੰਦੇ ਸਨ, ਹਾਲਾਂਕਿ ਉਨ੍ਹਾਂ ਅਧਿਕਾਰੀਆਂ ਨਾਲ ਸੰਪਰਕ ਕਰਨ ਬਾਰੇ ਆਪਣੇ ਫੈਸਲੇ ਨੂੰ ਸਹੀ ਦੱਸਿਆ।
ਧਰਮੇਸ਼ ਨੇ ਦੱਸਿਆ ਕਿ ਉਹ ਆਪਣੇ ਮਾਂ-ਪਿਓ ਨੂੰ ਮੁੜ ਮਿਲਣ ਲਈ ਤਿਆਰ ਸੀ। ਉਸ ਨੇ ਤਾਂ ਪਹਿਲਾ ਕਦਮ ਚੁੱਕ ਲਿਆ, ਹੁਣ ਇਹ ਉਸ ਦੇ ਪਰਿਵਾਰ ’ਤੇ ਨਿਰਭਰ ਕਰਦਾ ਹੈ ਕਿ ਉਹ ਇਸ ਸਿਲਸਿਲੇ ਨੂੰ ਬਣਾਈ ਰੱਖਣ।                            


Related News