ਬੇਰੋਜ਼ਗਾਰੀ ਨਾਲ ਲੜਨ ਲਈ ਹਰ ਹੱਥ ਹੁਨਰ ਦਾ ਹਥਿਆਰ ਜ਼ਰੂਰੀ

06/16/2022 6:40:52 PM

ਜਦੋਂ ਅਸੀਂ ਹੁਨਰ ਦੀ ਗੱਲ ਕਰਦੇ ਹਾਂ ਸਾਡਾ ਮਤਲਬ ਯਕੀਨੀ ਤੌਰ ’ਤੇ ਕਿਸੇ ਨੂੰ ਵੀ ਰੋਜ਼ਗਾਰ ਲਾਇਕ ਬਣਾ ਕੇ ਉਨ੍ਹਾਂ ਨੂੰ ਅਾਸਾਨੀ ਅਤੇ ਸ਼ਿਸ਼ਟਾਚਾਰ ਨਾਲ ਰੋਜ਼ੀ-ਰੋਟੀ ਕਮਾਉਣ ’ਚ ਮਦਦ ਕਰਨਾ ਹੈ। ‘ਨੈਸ਼ਨਲ ਪਾਲਿਸੀ ਆਫ ਸਕਿਲ ਡਿਵੈਲਪਮੈਂਟ ਐਂਡ ਐਂਟਰਪ੍ਰਨਿਓਰਸ਼ਿਪ-2015’ ਦੇ ਮੁਤਾਬਕ ‘2022 ਦੇ ਅਖੀਰ ਤੱਕ 40 ਕਰੋੜ ਲੋਕਾਂ ਨੂੰ ਹੁਨਰਮੰਦ ਬਣਾਉਣ ਦਾ ਕੇਂਦਰ ਸਰਕਾਰ ਦਾ ਟੀਚਾ ਹੈ ਪਰ ਅਜੇ ਤੱਕ ਲਗਭਗ 4 ਕਰੋੜ ਲੋਕ ਵੱਖ-ਵੱਖ ਹੁਨਰਾਂ ’ਚ ਟ੍ਰੇਂਡ ਹੋ ਸਕੇ ਹਨ। ਸਕਿਲਿੰਗ, ਰੀ-ਸਕੀਲਿੰਗ ਅਤੇ ਅਪ-ਸਕਿਲਿੰਗ ਦੇ ਇਲਾਵਾ, ਰੋਜ਼ਗਾਰ ਯੋਗ ਹੁਨਰ ਦੀ ਕਮੀ ਅਜੇ ਵੀ ਇਕ ਗੰਭੀਰ ਚੁਣੌਤੀ ਬਣੀ ਹੋਈ ਹੈ, ਇਸ ਲਈ ਦੇਸ਼ ਦੇ ਸਾਹਮਣੇ ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਰੋਜ਼ਗਾਰ ਵੱਡੀ ਸਮੱਸਿਆ ਹੈ। ਇਸ ਲਈ ਸਰਕਾਰ ਅਤੇ ਸਾਰੇ ਹਿੱਤਧਾਰਕਾਂ ਲਈ ਅੱਗੇ ਵਧ ਕੇ ਸਾਡੀਆਂ ਮੁਟਿਆਰਾਂ ਅਤੇ ਗੱਬਰੂਆਂ ਲਈ ਰੋਜ਼ਗਾਰ ਯੋਗ ਹੁਨਰਮੰਦ ਕਰਨ ਦਾ ਇਕ ਮੌਕਾ ਹੈ ਜਿਸ ਨਾਲ ਰੋਜ਼ਗਾਰਦਾਤਿਆਂ ਦੇ ਲਈ ਹੁਨਰਮੰਦ ਮੁਲਾਜ਼ਮਾਂ ਦੀ ਲੋੜ ਪੂਰੀ ਕੀਤੀ ਜਾ ਸਕੇ।

ਰੋਜ਼ਗਾਰਦਾਤਿਆ ਦੀ ਲੋੜ ਅਤੇ ਨੌਕਰੀ ਚਾਹੁਣ ਵਾਲਿਆਂ ਦੇ ਹੁਨਰ ਦਰਮਿਆਨ ਮੇਲ ਨਾ ਹੋਣ ਨਾਲ ਉਦਯੋਗਿਕ ਸਰਗਰਮੀਆਂ ’ਚ ਰੁਕਾਵਟ ਆ ਰਹੀ ਹੈ। ਹੁਨਰਮੰਦ ਮੁਲਾਜ਼ਮਾਂ ਦੀ ਮੰਗ ਅਤੇ ਬਾਜ਼ਾਰ ’ਚ ਉਨ੍ਹਾਂ ਦੀ ਮੁਹਾਰਤ ਦਰਮਿਆਨ ਵੱਡਾ ਫਰਕ ਹੈ। ਪੂਰਾ ਗੈਰ-ਸੰਗਠਿਤ ਖੇਤਰ ਅਰਧ-ਹੁਨਰਮੰਦ ਜਾਂ ਗੈਰ-ਹੁਨਰਮੰਦ ਕਿਰਤੀਆਂ ’ਤੇ ਨਿਰਭਰ ਹੈ। ਪੂਰੀ ਤਰ੍ਹਾਂ ਨਾਲ ਵਰਕਰਾਂ ਦੀ ਘਾਟ ਕਾਰਨ ਬਾਜ਼ਾਰ ’ਚ ਇਨ੍ਹਾਂ ਦੀ ਮੰਗ ਹਮੇਸ਼ਾ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਤਨਖਾਹ ਵੀ ਚੰਗੀ ਮਿਲਦੀ ਹੈ। ਵਿਕਾਸਸ਼ੀਲ ਦੇਸ਼ਾਂ ’ਚ 15 ਕਰੋੜ ਤੋਂ ਵੱਧ ਸਕਿਲਡ ਨੌਜਵਾਨ ਹਨ ਪਰ ਬੇਰੋਜ਼ਗਾਰ ਹਨ। ਦਸੰਬਰ 2021 ’ਚ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੋਨੋਮੀ ‘ਸੀ. ਐੱਮ. ਆਈ. ਈ.’ ਦੀ ਇਕ ਰਿਪੋਰਟ ਅਨੁਸਾਰ,‘ਨੌਜਵਾਨਾਂ ਦੀ ਬੇਰੋਜ਼ਗਾਰੀ ਦਰ ਵੱਡਿਆਂ ਦੀ ਤੁਲਨਾ ’ਚ 4 ਗੁਣਾ ਤੱਕ ਵੱਧ ਹੈ। ਲਗਭਗ 33 ਫੀਸਦੀ ਟ੍ਰੇਂਡ ਨੌਜਵਾਨ ਬੇਰੋਜ਼ਗਾਰ ਹਨ ਕਿਉਂਕਿ ਉਨ੍ਹਾਂ ਦੀ ਰੋਜ਼ਗਾਰ ਸਮਰੱਥਾ ਬਿਹਤਰ ਨਹੀਂ ਹੈ।’

ਬਾਜ਼ਾਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਉਚਿਤ ਮਾਤਰਾ ’ਚ ਹੁਨਰਮੰਦ ਲੋਕ ਨਾ ਹੋਣ ਦੇ ਕਈ ਭੈੜੇ ਨਤੀਜੇ ਹਨ। ਵਿਸ਼ਵ ਪੱਧਰ ’ਤੇ ਮੁਕਾਬਲੇ ਕਾਰਨ, ਅਸੀਂ ਕਿਸੇ ਵੀ ਹਾਲਤ ’ਚ ‘ਕੁਆਲਿਟੀ’ ਨਾਲ ਸਮਝੌਤਾ ਨਹੀਂ ਕਰ ਸਕਦੇ। ਅਜਿਹਾ ਕਰਨ ਨਾਲ ਉਤਪਾਦਨ ਲਾਗਤ ਘਟਦੀ ਹੈ ਕਿਉਂਕਿ ਕਾਰਖਾਨਿਆਂ ’ਚ ਕੰਮ ਕਰਨ ਵਾਲੇ ਅਰਧ ਹੁਨਰਮੰਦ ਕਿਰਤੀ ਉਤਪਾਦਨ ’ਚ ਸਮਾਂ ਵੀ ਵੱਧ ਖਪਾਉਂਦੇ ਹਨ ਅਤੇ ਤਿਆਰ ਹੋਏ ਮਾਲ ਦੀ ਕੁਆਲਿਟੀ ਵੀ ਚੰਗੀ ਨਹੀਂ ਹੁੰਦੀ। ਇੱਥੋਂ ਤੱਕ ਕਿ ਉਨ੍ਹਾਂ ਨੂੰ ਮਸ਼ੀਨਾਂ ਚਲਾਉਣ ਲਈ ਸਹੀ ਟ੍ਰੇਨਿੰਗ ਅਤੇ ਮਦਦ ਦੀ ਵੀ ਲੋੜ ਹੁੰਦੀ ਹੈ। ਨੌਕਰੀ ਚਾਹੁਣ ਵਾਲਿਆਂ ’ਚ ਜ਼ਰੂਰੀ ਹੁਨਰ ਦੀ ਕਮੀ ਉਦਯੋਗਾਂ ’ਤੇ ਦੋਹਰੀ ਮਾਰ ਹੈ। ਕਾਰੋਬਾਰ ’ਚ ਕੀਤੇ ਗਏ ਨਿਵੇਸ਼ ’ਤੇ ਕਾਰੋਬਾਰੀਆਂ ਨੂੰ ਸਹੀ ਰਿਟਰਨ ਨਹੀਂ ਮਿਲਦੀ ਜਿਸ ਨਾਲ ਬਾਜ਼ਾਰ ’ਚ ਮੁਹੱਈਆ ‘ਵਰਕਫੋਰਸ’ ਭਾਵ ਕਾਮਿਆਂ ਦੇ ਭਵਿੱਖ ’ਚ ਬਿਹਤਰੀ ਦੀਆਂ ਸੰਭਾਵਨਾਵਾਂ ਘੱਟ ਹੋ ਜਾਂਦੀਆਂ ਹਨ।

ਵਿਚਾਰ ਕਰਨ ਦੀ ਲੋੜ
ਹੁਨਰਮੰਦ ਲੋਕਾਂ ਦੀ ਕਮੀ ਸਿੱਧੀ ਸਾਡੀ ਸਿੱਖਿਆ ਪ੍ਰਣਾਲੀ ਨਾਲ ਜੁੜੀ ਹੈ। ਸਕੂਲੀ ਪੱਧਰ ਤੋਂ ਹੀ ਬੱਚਿਆਂ ਨੂੰ ਕਿਸੇ ਹੁਨਰ ਵੱਲ ਮੋੜਣ ਦੀ ਲੋੜ ਹੈ ਤਾਂਕਿ ਉਚ ਸਿੱਖਿਆ ਵੱਲ ਅੱਗੇ ਨਾ ਵਧਣ ਵਾਲੇ ਬੱਚਿਆਂ ਨੂੰ ਸਕੂਲੀ ਸਿੱਖਿਆ ਦੇ ਬਾਅਦ ਰੋਜ਼ਗਾਰ ਹਾਸਲ ਕਰਨ ’ਚ ਕੋਈ ਮੁਸ਼ਕਲ ਨਾ ਹੋਵੇ। ਜੇਕਰ ਕੋਈ ਲੁਹਾਰ, ਪਲੰਬਰ ਜਾਂ ਇਲੈਕਟ੍ਰੀਸ਼ੀਅਨ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਘੱਟ ਤੋਂ ਘੱਟ ਵਿਸ਼ਵ ਪੱਧਰ ਦਾ ਪ੍ਰਮਾਣਿਤ ਹੁਰਨਮੰਦ ਬਣਾਉਣਾ ਹੋਵੇਗਾ। ਇਸ ਦੇ ਲਈ ਹਰੇਕ ਸਕੂਲ ’ਚ ਸੈਕੰਡਰੀ ਸਿੱਖਿਆ ਦੇ ਨਾਲ ਇਕ ਹੁਨਰ ਸਿਖਲਾਈ ਕੇਂਦਰ ਦੀ ਲੋੜ ਹੈ।

ਦੇਸ਼ ’ਚ ਭਿਆਨਕ ਬੇਰੋਜ਼ਗਾਰੀ ਦਾ ਵੱਡਾ ਕਾਰਨ ਰੋਜ਼ਗਾਰ ਯੋਗ ਹੁਰਨਮੰਦ ਗ੍ਰੈਜੂਏਟਸ ਦੇਣ ’ਚ ਸਾਡੀ ਸਿੱਖਿਆ ਪ੍ਰਣਾਲੀ ਪਛੜੀ ਹੋਈ ਹੈ। ਭਾਰਤ ਦੀ 65 ਫੀਸਦੀ ਤੋਂ ਵੱਧ ਕੰਮਕਾਜੀ ਆਬਾਦੀ 15 ਤੋਂ 30 ਉਮਰ ਵਰਗ ਦੀ ਹੈ ਜਦਕਿ ਦੇਸ਼ ’ਚ 90 ਫੀਸਦੀ ਨੌਕਰੀਆਂ ਸਕਿਲ ਆਧਾਰਿਤ ਹਨ, ਉੱਥੇ ਹੀ ਸਿਰਫ 6 ਫੀਸਦੀ ਵਰਕਫੋਰਸ ਟ੍ਰੇਂਡ ਹੈ। ਸਕਿਲ ਮੁਹੱਈਆ ਕਰਨ ਵਾਲਿਆਂ ਅਤੇ ਉਦਯੋਗਾਂ ਦਰਮਿਆਨ ਸਹੀ ਤਾਲਮੇਲ ਲਈ ਸਕੂਲੀ ਪੱਧਰ ’ਤੇ ਸਾਰੇ ਹੁਨਰ ਸਿਲੇਬਸਾਂ ਨੂੰ ਰੋਜ਼ਗਾਰ ਦੇ ਨਾਲ ਜੋੜਿਆ ਜਾਣਾ ਚਾਹੀਦਾ ਹੈ ਅਤੇ ਇਹ ਸਭ ਤੋਂ ਵੱਡੀ ਪਹਿਲਕਦਮੀ ਹੋਵੇ।

ਨਵੀਂ ਰਾਸ਼ਟਰੀ ਸਿੱਖਿਆ ਨੀਤੀ-2020 ‘ਐੱਨ. ਈ. ਪੀ.2020’ ਦਾ ਇਰਾਦਾ ਉੱਚ ਸਿੱਖਿਆ ਸੰਸਥਾਵਾਂ ’ਚ ਸਾਲ 2035 ਤੱਕ 3.50 ਕਰੋੜ ਨਵੀਆਂ ਸੀਟਾਂ ਨਾਲ ਕਾਰੋਬਾਰੀ ਸਿੱਖਿਆ ਦਾ ਅਨੁਪਾਤ 50 ਫੀਸਦੀ ਤੱਕ ਵਧਾਉਣਾ ਦਾ ਟੀਚਾ ਹੈ। ਐੱਨ. ਈ. ਪੀ. 2020 ਕਾਰੋਬਾਰੀ ਸਿੱਖਿਆ ਨੂੰ ਮੁੱਖ ਧਾਰਾ ਦੀ ਸਿੱਖਿਆ ਨਾਲ ਜੋੜਣ ਅਤੇ ਸਹੀ ਸਰਟੀਫਿਕੇਸ਼ਨ ਦੇ ਨਾਲ ਉਨ੍ਹਾਂ ਨੂੰ ਰੋਜ਼ਗਾਰ ਲਾਇਕ ਬਣਾਉਣ ’ਤੇ ਜ਼ੋਰ ਦਿੰਦੀ ਹੈ। ਇਸ ਦੇ ਲਈ ਆਈ. ਆਈ. ਟੀ. ਅਤੇ ਆਈ. ਆਈ. ਐੱਮ. ਦੇ ਬਰਾਬਰ ਕਈ ਵਿਸ਼ਿਆਂ ਦੀ ਸਿੱਖਿਆ ਅਤੇ ਖੋਜ ਯੂਨੀਵਰਸਿਟੀ ‘ਐੱਮ. ਈ. ਆਰ. ਯੂ.’ ਸਥਾਪਤ ਕੀਤੇ ਜਾਣਗੇ। ਐੱਨ. ਈ. ਪੀ. 2020 ਦੇ ਅਨੁਸਾਰ, ਸਾਲ 2050 ਤੱਕ ਘੱਟ ਤੋਂ ਘੱਟ 50 ਫੀਸਦੀ ਵਿਦਿਆਰਥੀਆਂ ਦੇ ਕੋਲ ਸਕੂਲ ਅਤੇ ਉੱਚ ਸਿੱਖਿਆ ਰਾਹੀਂ ਕਿੱਤਾਮੁਖੀ ਅਨੁਭਵ ਵੀ ਹੋਵੇਗਾ। ਟੀਚਾ ਇਹੀ ਹੈ ਕਿ ਹਰੇਕ ਬੱਚੇ ਨੂੰ ਘੱਟ ਤੋਂ ਘੱਟ ਇਕ ਕਿੱਤਾ ਸਿੱਖਣਾ ਚਾਹੀਦਾ ਹੈ।

ਧਿਆਨ ਰੱਖਣਾ ਜ਼ਰੂਰੀ ਹੈ ਕਿ ਐੱਨ. ਈ. ਪੀ. 2020 ਕਿੱਤਾਮੁਖੀ ਅਤੇ ਅਕਾਦਮਿਕ ਸਿੱਖਿਆ ਨੂੰ ਵੱਖ-ਵੱਖ ਕਰ ਕੇ ਨਹੀਂ ਦੇਖਦੀ। ਦੇਸ਼ ’ਚ ਸਾਰੇ ਬੱਚਿਆਂ ਲਈ ਗੁਣਵੱਤਾਪੂਰਨ ਉੱਚ ਸਿੱਖਿਆ, ਜਿਸ ’ਚ ਪਹਿਲੀ ਤੋਂ 12ਵੀਂ ਜਮਾਤ ਤੱਕ ਦੀ ਕਿੱਤਾਮੁਖੀ ਸਿੱਖਿਆ ਸ਼ਾਮਲ ਹੈ, ਦੀ ਪਹੁੰਚ ਸਾਰਿਆਂ ਤੱਕ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਅਤੇ ਇਸ ਦੇ ਲਈ ਬੱਚਿਆਂ ’ਤੇ ਕੁਝ ਵੀ ਥੋਪਣ ਦੀ ਬਜਾਏ ਉਨ੍ਹਾਂ ਨੂੰ ਉਨ੍ਹਾਂ ਦੀ ਪਸੰਦ ਦੇ ਵਿਸ਼ੇ ਚੁਣਨ ਦੀ ਇਜਾਜ਼ਤ ਹੋਵੇ। ਗੈਰ-ਸੰਗਠਿਤ ਖੇਤਰ ਦੇ ਉਦਯੋਗਾਂ ’ਚ ਪਿੰਡਾਂ ਅਤੇ ਕਸਬਿਆਂ ਦੇ ਗੈਰ-ਹੁਨਰਮੰਦ ਕਿਰਤੀ ਵੱਧ ਹਨ। ਇਹ ਯਕੀਨੀ ਬਣਾਉਣ ਦੀ ਸਖਤ ਲੋੜ ਹੈ ਕਿ ਇਨ੍ਹਾਂ ਕਿਰਤੀਆਂ ਨੂੰ ਕਿਸੇ ਵੀ ਕੀਮਤ ’ਤੇ ਰੋਜ਼ਗਾਰ ’ਤੇ ਹੁਨਰਮੰਦ ਬਣਾਇਆ ਜਾਵੇ। ਇਹ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਰੋਜ਼ਗਾਰ ਦੇਣ ਵਾਲਿਆਂ ਲਈ ਵੀ ਚੰਗਾ ਹੋਵੇਗਾ। ਹੁਰਨਮੰਦ ਹੋਣ ’ਤੇ ਵੱਧ ਕਮਾਉਣਗੇ ਅਤੇ ਬਿਹਤਰ ਜ਼ਿੰਦਗੀ ਬਤੀਤ ਕਰਦੇ ਹੋਏ ਆਪਣੇ ਰੋਜ਼ਗਾਰਦਾਤਿਆਂ ਦੇ ਵਿਕਾਸ ’ਚ ਅਹਿਮ ਯੋਗਦਾਨ ਦੇਣਗੇ।

ਗੱਲ ਪਤੇ ਦੀ
*ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਸਮੇਂ ਦੀ ਮੰਗ ਅਨੁਸਾਰ ਜ਼ਰੂਰੀ ਹੁਨਰ ਨਾਲ ਲੈਸ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਦੀ ਰੋਜ਼ਗਾਰ ਸਮਰਥਾ ਨੂੰ ਵਧਾਵੇ।

*ਕਿਤਾਬੀ ਸਿੱਖਿਆ ਦੇ ਨਾਲ ਰੋਜ਼ਗਾਰ ਯੋਗ ਇਕ ਪ੍ਰੈਕਟੀਕਲ ਟ੍ਰੇਨਿੰਗ ਵੀ ਹੋਵੇ ਤਾਂ ਕਿ ਹਰੇਕ ਵਿਦਿਆਰਥੀ ਦੇ ਹੱਥ ’ਚ ਕੋਈ ਹੁਨਰ ਹੋਵੇ।

*ਪੰਜਾਬ ਸਮੇਤ ਕਈ ਸੂਬਿਆ ਦੇ ਨੌਜਵਾਨ ਆਈਲੈਟਸ ਬੈਂਡ ਦੇ ਆਧਾਰ ’ਤੇ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਯੂ. ਕੇ. ਅਤੇ ਹੋਰ ਦੇਸ਼ਾਂ ’ਚ ਜਾਂਦੇ ਹਨ ਜੋ ਕਿ ਇਕ ਭਾਸ਼ਾ ਪ੍ਰੀਖਣ ਤੋਂ ਵੱਧ ਨਹੀਂ ਹੈ ਅਤੇ ਇਹ ਉਨ੍ਹਾਂ ਦੀ ਰੋਜ਼ਗਾਰ ਸਮਰੱਥਾ ਨੂੰ ਤੈਅ ਨਹੀਂ ਕਰਦੀ।

*ਬਾਜ਼ਾਰ ’ਚ ਹੁਰਨਮੰਦ ਕਾਮਿਆਂ ਦੀ ਪਛਾਣ ਕਰਨ ਲਈ ਸੂਬਾ ਸਰਕਾਰ ਦੇ ਰੋਜ਼ਗਾਰ ਦਫਤਰਾਂ ਨੂੰ ਬਲਾਕ ਪੱਧਰ ਜਾਂ ਪ੍ਰਾਈਵੇਟ ਸੈਕਟਰ ਨਾਲ ਭਾਈਵਾਲੀ ਕਰਨੀ ਚਾਹੀਦੀ ਹੈ। ‘ਹਰੇਕ ਹੱਥ ਨੂੰ ਕੰਮ’ ਦੇ ਲਈ ਹੁਰਨਮੰਦ ਕਰਨਾ ਜ਼ਰੂਰੀ ਹੈ। (ਲੇਖਕ ਓਰੇਨ ਇੰਟਰਨੈਸ਼ਨਲ ਦੇ ਸਹਿ-ਸੰਸਥਾਪਕ ਅਤੇ ਐੱਮ. ਡੀ., ਨੈਸ਼ਨਲ ਸਕਿਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਟ੍ਰੇਨਿੰਗ ਪਾਰਟਨਰ ਹਨ)


Manoj

Content Editor

Related News