‘ਆਰਟੀਫੀਸ਼ੀਅਲ ਇੰਟੈਲੀਜੈਂਸ’ ’ਚ ਵੀ ਨਹੀਂ ‘ਸਕਿੱਲ’ ਦਾ ਕੋਈ ਤੋੜ
Monday, Apr 03, 2023 - 09:06 PM (IST)
ਬਤੌਰ ਸਕਿੱਲ ਟ੍ਰੇਨਰ ਮੈਂ ਕਈ ਵਾਰ ਸਕੂਲਾਂ ਅਤੇ ਕਾਲਜਾਂ ’ਚ ਨੌਜਵਾਨਾਂ ਨੂੰ ਹੁਨਰ (ਸਕਿੱਲ) ਦੀ ਅਹਿਮੀਅਤ ਬਾਰੇ ਜਾਗਰੂਕ ਕਰਨ ਲਈ ਜਾਂਦਾ ਹਾਂ ਤਾਂ ਉਨ੍ਹਾਂ ਕੋਲ ਇਕ ਹੀ ਗੱਲ ਵਾਰ-ਵਾਰ ਦੁਹਰਾਉਂਦਾ ਹਾਂ ਕਿ ਜਦੋਂ ਤੱਕ ਉਹ ਗ੍ਰੈਜੂਏਟ ਹੋਣਗੇ, ਉਦੋਂ ਤੱਕ ਉਨ੍ਹਾਂ ਦੀ ਅੱਜ ਦੀ ਪੜ੍ਹਾਈ ਬੇਤੁਕੀ ਹੋ ਚੁੱਕੀ ਹੋਵੇਗੀ। ਦੇਸ਼ ’ਚ ਬੇਰੁਜ਼ਗਾਰੀ ਦੀ ਵਧਦੀ ਸਮੱਸਿਆ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਜੋ ਸਕੂਲਾਂ-ਕਾਲਜਾਂ ’ਚ ਅੱਜ-ਕੱਲ੍ਹ ਪੜ੍ਹਾਇਆ ਜਾ ਰਿਹਾ ਹੈ, ਨੌਕਰੀ ਹਾਸਲ ਕਰਨ ਸਮੇਂ ਉਹ ਕੰਮ ਨਹੀਂ ਆਏਗਾ। ਬੇਸ਼ੱਕ ਨੌਜਵਾਨਾਂ ਨੂੰ ਮੇਰੀ ਇਹ ਗੱਲ ਹੈਰਾਨ ਕਰਨ ਵਾਲੀ ਅਤੇ ਭਵਿੱਖ ਨੂੰ ਲੈ ਕੇ ਬੇਚੈਨ ਕਰਨ ਵਾਲੀ ਲੱਗੇਗੀ ਪਰ ਮੇਰਾ ਮਕਸਦ ਉਨ੍ਹਾਂ ਨੂੰ ਡਰਾਉਣਾ ਨਹੀਂ ਸਗੋਂ ਪੜ੍ਹਾਈ, ਕਮਾਈ ਅਤੇ ਹੁਨਰ ਨੂੰ ਲੈ ਕੇ ਉਨ੍ਹਾਂ ਦੇ ਨਜ਼ਰੀਏ ਨੂੰ ਸਹੀ ਦਿਸ਼ਾ ਦੇਣੀ ਹੈ।
ਕਈ ਸਰਵੇਖਣ ਦੱਸਦੇ ਹਨ ਕਿ ਦੇਸ਼-ਵਿਦੇਸ਼ ’ਚ 2030 ਤੱਕ ਜੋ ਨੌਕਰੀਆਂ ਹੋਣਗੀਆਂ, ਉਨ੍ਹਾਂ ’ਚੋਂ 80 ਫ਼ੀਸਦੀ ਦਾ ਫਿਲਹਾਲ ਵਜੂਦ ਨਹੀਂ ਹੈ। ਸੰਕੇਤ ਸਾਫ਼ ਹੈ ਕਿ ਅਗਲੇ 7 ਸਾਲਾਂ ’ਚ ਨੌਕਰੀਆਂ ਦੇ ਬਾਜ਼ਾਰ ’ਚ ਤਬਦੀਲੀ ਹੋਣ ਵਾਲੀ ਹੈ। ਟੀ. ਵੀ. ਚੈਨਲਾਂ ਦੀ ਦੁਨੀਆ ’ਚ ਵਰਚੁਅਲ ਨਿਊਜ਼ ਐਂਕਰ ਦੇ ਅਵਤਾਰ ਨਾਲ ਕਿੰਨੇ ਹੀ ਤਜਰਬੇਕਾਰ ਨਿਊਜ਼ ਐਂਕਰਾਂ ਦੀ ਰੋਜ਼ੀ-ਰੋਟੀ ਖਤਰੇ ’ਚ ਪੈ ਸਕਦੀ ਹੈ।
ਬਿਨਾਂ ਡਰਾਈਵਰ ਤੋਂ ਕੈਬ, ਪਾਇਲਟ ਰਹਿਤ ਹਵਾਈ ਜਹਾਜ਼ ਦੀ ਦਿਸ਼ਾ ’ਚ ਖੋਜ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ‘ਚੈਟ ਜੀਪੀਟੀ’ ਵਰਗੀ ਐਪ ਨੂੰ ਲਿਖਣ-ਪੜ੍ਹਨ ਦੀ ਸਮਝ ਨੂੰ ਚੁਣੌਤੀ ਦੇਣ ਲਈ ਤਿਆਰ ਕੀਤਾ ਗਿਆ ਹੈ, ਭਵਿੱਖ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਦਿਸ਼ਾ ’ਚ ਤੇਜ਼ੀ ਨਾਲ ਵਧਦੀ ਖੋਜ ਹੈ, ਜੋ ਲੱਖਾਂ ਨੌਕਰੀਆਂ ਲਈ ਖਤਰਾ ਹੈ। ਇਸ ਦੇ ਬਾਵਜੂਦ ਅਜੇ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇਕੋ-ਇਕ ਤੋੜ ਹੁਨਰ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਭਿੜਨ ’ਚ ਹੁਨਰ ਹੀ ਕੰਮ ਆਏਗਾ।
ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਧਦੀ ਰਫ਼ਤਾਰ ’ਚ ਉਹ ਤਕਨੀਕੀ ਹੁਨਰ ਸਿੱਖਣੇ ਹੋਣਗੇ, ਜਿੱਥੇ ਇਹ ਇੰਟੈਲੀਜੈਂਸ ਕੰਮ ਨਹੀਂ ਆ ਸਕਦੀ। ‘ਚੈਟ ਜੀਪੀਟੀ’ ਵਰਗੀ ਐਪਲੀਕੇਸ਼ਨ ਦੇ ਜਵਾਬ ’ਚ ਬਹੁਤ ਸਾਰੇ ਅਦਾਰਿਆਂ ਨੇ ਇਸ ਐਪ ’ਤੇ ਪਾਬੰਦੀ ਲਾਈ ਹੈ। ਇਸ ਦੇ ਬਦਲੇ ’ਚ ਅਦਾਰਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਇਸ ਐਪਲੀਕੇਸ਼ਨ ਨਾਲ ਜੁੜਨ ਅਤੇ ਇਸ ਤੋਂ ਅੱਗੇ ਆਪਣੇ ਹੁਨਰ ਨੂੰ ਵਧੀਆ ਬਣਾਉਣ ’ਤੇ ਧਿਆਨ ਦੇਣ। ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਜੇ ਹੁਸ਼ਿਆਰੀ ਨਾਲ ਵਰਤਿਆ ਜਾਏ ਤਾਂ ਇਸ ’ਚ ਯੋਗਤਾ ਨੂੰ ਵਧਾਉਣ ਦੀ ਬਹੁਤ ਸਮਰੱਥਾ ਹੈ। ਨਵੀਂ ਚੀਜ਼ ਸਿੱਖਣ ਅਤੇ ਆਪਣੇ ਅੰਦਰ ਨਵਾਂਪਨ ਲਿਆਉਣ ਲਈ ਜ਼ਰੂਰੀ ਹੈ ਕਿ ਕਿਸੇ ਨਵੀਂ ਖੋਜ ਨੂੰ ਨਕਾਰਨ ਦੀ ਬਜਾਏ ਉਸ ਬਾਰੇ ਸੋਚਿਆ ਜਾਏ।
ਵਿੱਦਿਅਕ ਅਦਾਰਿਆਂ ਲਈ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇਣ ਤੋਂ ਵੱਧ ਉਨ੍ਹਾਂ ਅੰਦਰ ਹੁਨਰ ਨੂੰ ਲੈ ਕੇ ਸਹੀ ਸੋਚ ਬਿਠਾਉਣੀ ਵਧੇਰੇ ਸਾਰਥਕ ਯੋਗਦਾਨ ਹੋ ਸਕਦੀ ਹੈ। ਉਦਾਹਰਣ ਵਜੋਂ ਸਾਡੇ ਦੇਸ਼ ’ਚ ਮੈਡੀਕਲ ਅਤੇ ਟੈਕਨੀਕਲ ਉੱਚ ਸਿੱਖਿਆ ’ਤੇ ਖਰਚ ਇਕ ਔਸਤ ਤਨਖਾਹ ਦੇ ਮੁਕਾਬਲੇ ਤਿੰਨ ਤੋਂ ਚਾਰ ਗੁਣਾ ਵੱਧ ਹੈ। ਇਸ ਕਾਰਨ ਅਜਿਹੀ ਪੜ੍ਹਾਈ ਕਰਨੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਇਸ ਲਈ ਉੱਚ ਕਮਾਈ ਲਈ ਉੱਚ ਪੜ੍ਹਾਈ ਦੇ ਮਾਡਲ ਦੀ ਬਜਾਏ ਸਕੂਲੀ ਸਿੱਖਿਆ ਰਾਹੀਂ ਹੀ ਹੁਨਰ ਦੀ ਪੜ੍ਹਾਈ ਸਹੀ ਸਮੇਂ ’ਤੇ ਕਮਾਈ ਦਾ ਅਸਲ ਤਰੀਕਾ ਹੈ। ਕਰਜ਼ਾ ਲੈ ਕੇ ਉੱਚ ਸਿੱਖਿਆ ਦੀ ਬਜਾਏ ਜਿਹੜੇ ਵਿਦਿਆਰਥੀ ਅਤੇ ਵਿਦਿਆਰਥਣਾਂ ਬਿਨਾਂ ਕਰਜ਼ਾ ਲਏ ਖੁਦ ਨੂੰ ਹੁਨਰਮੰਦ ਬਣਾਉਂਦੇ ਹਨ, ਆਪਣੇ ਅਧਿਆਪਕਾਂ ਅਤੇ ਸਾਥੀ ਵਿਦਿਆਰਥੀਆਂ ਦੇ ਮਜ਼ਬੂਤ ਨੈੱਟਵਰਕ ਨਾਲ ਅੱਗੇ ਵਧਦੇ ਹਨ, ਉਹ ਹੀ ਹੁਨਰ ਹਾਸਲ ਕਰਦੇ ਹਨ ਅਤੇ ਇਹੀ ਅਮਲੀ ਪੜ੍ਹਾਈ ਹੈ।
ਹੁਨਰ ਦੀ ਪੜ੍ਹਾਈ ਦਾ ਦ੍ਰਿਸ਼ਟੀਕੋਣ ਵਿਦਿਆਰਥੀਆਂ ਨੂੰ ਇਕ ਨਵੇਂ ਉਦਯੋਗ ’ਚ ਅਮਲੀ ਦਿਸ਼ਾ ਦਿੰਦਾ ਹੈ। ਉਹ ਜੋ ਵੀ ਸਿੱਖਦੇ ਹਨ, ਉਸ ਦੀ ਵਰਤੋਂ ਅਸਲ ਸਮੱਸਿਆਵਾਂ ਨੂੰ ਦੂਰ ਕਰਨ ਦੇ ਕੰਮ ਆਉਂਦੀ ਹੈ। ਯੋਗਤਾ ਹੋਣ ’ਤੇ ਰੁਜ਼ਗਾਰ ਮਿਲਣ ਦੀ ਸੰਭਾਵਨਾ ਕਈ ਗੁਣਾ ਵਧ ਜਾਂਦੀ ਹੈ। ਦੁਨੀਆ ’ਚ 1 ਫ਼ੀਸਦੀ ਤੋਂ ਵੀ ਘੱਟ ਲੋਕ ਬਲਾਕਚੇਨ ਤਕਨੀਕ ਬਾਰੇ ਕੁਝ ਜਾਣਦੇ ਹਨ, ਜਦੋਂ ਕਿ ਆਉਣ ਵਾਲੇ ਸਾਲਾਂ ’ਚ ਇਹ ਰੁਜ਼ਗਾਰ ਲਈ ਬੇਹੱਦ ਜ਼ਰੂਰੀ ਹੋਵੇਗੀ। ਕ੍ਰਿਪਟੋਕਰੰਸੀ ਦੇ ਤੋੜ ’ਚ ਆਰ. ਬੀ. ਆਈ. ਨੇ ਡਿਜੀਟਲ ਕਰੰਸੀ ਦੀ ਪਹਿਲ ਕੀਤੀ, ਜਿਸ ਨੂੰ ਅੱਗੇ ਵਧਾਉਣ ਲਈ ਸਾਡੇ ਕੋਲ ਬਲਾਕਚੇਨ ਤਕਨੀਕ ਜਾਣਨ ਵਾਲੇ ਲੋਕ ਨਾਂਹ ਦੇ ਬਰਾਬਰ ਹਨ।
ਇਸੇ ਕਾਰਨ ਨੀਤੀ ਆਯੋਗ ਨੇ ਕੁਝ ਸਮਾਂ ਪਹਿਲਾਂ ਸਕੂਲਾਂ ਅਤੇ ਹੋਰਨਾਂ ਥਾਵਾਂ ’ਤੇ ਇਸ ਤਕਨੀਕ ਬਾਰੇ ਜਾਗਰੂਕਤਾ ਫੈਲਾਉਣ ਦੀ ਤਿਆਰੀ ਕੀਤੀ। ਇਸ ਐਪਲੀਕੇਸ਼ਨ ਦੀ ਮਦਦ ਨਾਲ ਸਾਡੀ ਨੌਜਵਾਨ ਪੀੜ੍ਹੀ ਗੁੰਝਲਦਾਰ ਸਮਾਜਿਕ ਅਤੇ ਆਰਥਿਕ ਚੁਣੌਤੀਆਂ ਦਾ ਹੱਲ ਹਾਸਲ ਕਰਨ ’ਚ ਸਮਰੱਥ ਹੋਵੇਗੀ।
ਨਵੀਂ ਪੀੜ੍ਹੀ ਸਾਰੀ ਉਮਰ ਇਕ ਨੌਕਰੀ ਕਰਨ ’ਚ ਦਿਲਚਸਪੀ ਨਹੀਂ ਰੱਖਦੀ। ਨਵੀਂ ਪੀੜ੍ਹੀ ਦੇ ਨੌਜਵਾਨ ਤਜਰਬੇ ਕਰਕੇ ਅੱਗੇ ਵਧਦੇ ਹਨ ਅਤੇ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਨੂੰ ਅਜ਼ਮਾਉਣ ’ਚ ਉਹ ਮਕਸਦ ਭਾਲਦੇ ਹਨ। ਨੌਜਵਾਨਾਂ ’ਚ ਪਾਇਆ ਜਾਂਦਾ ਇਹ ਰੁਝਾਨ ਆਉਣ ਵਾਲੇ ਸਮੇਂ ’ਚ ਹੋਰ ਵੀ ਤੇਜ਼ ਹੋਵੇਗਾ। ਅੱਜ ਦੇ ਸਮੇਂ ’ਚ ਨਵਾਂ ਹੁਨਰ ਸਿੱਖਣ ਅਤੇ ਤਜਰਬਾ ਕਰਨ ਨੂੰ ਰੋਜ਼ਾਨਾ ਦੀ ਜ਼ਿੰਦਗੀ ਦਾ ਇਕ ਹਿੱਸਾ ਬਣਾਉਣ ਦੀ ਲੋੜ ਹੈ। ਸਾਨੂੰ ਉਨ੍ਹਾਂ ਸਮੱਸਿਆਵਾਂ ਨੂੰ ਲੱਭਣਾ ਹੋਵੇਗਾ, ਜਿਨ੍ਹਾਂ ਨੂੰ ਸਾਡੀ ਸਭ ਤੋਂ ਵੱਧ ਲੋੜ ਹੈ ਅਤੇ ਉਨ੍ਹਾਂ ਦੇ ਹੱਲ ਲਈ ਸਾਨੂੰ ਆਪਣੇ ਗਿਆਨ ਦੀ ਵਰਤੋਂ ਕਰਨੀ ਹੋਵੇਗੀ। ਪੜ੍ਹਾਈ ਦੇ ਨਾਲ ਖੁਦ ਦੇ ਅੰਦਰ ਨਵਾਂਪਨ ਲਿਆਉਣ ਨਾਲ ਨੌਜਵਾਨ ਨੌਕਰੀਆਂ ਦੇ ਬਾਜ਼ਾਰ ’ਚ ਆ ਰਹੇ ਉਤਰਾਅ-ਚੜ੍ਹਾਅ ਤੋਂ ਭਵਿੱਖ ’ਚ ਖੁਦ ਨੂੰ ਸੁਰੱਖਿਅਤ ਰੱਖ ਸਕਣਗੇ।
ਮੈਂ ਜਿਨ੍ਹਾਂ ਸਫਲ ਲੋਕਾਂ ਨੂੰ ਹੁਣ ਤੱਕ ਮਿਲਿਆ ਹਾਂ, ਉਹ ਅਜਿਹੇ ਲੋਕ ਨਹੀਂ ਹਨ ਜਿਨ੍ਹਾਂ ਨੇ ਚਾਰਟ, ਗ੍ਰਾਫ ਜਾਂ ਭਵਿੱਖ ਦੇ ਰੁਝਾਨਾਂ ਨੂੰ ਵੇਖ ਕੇ ਆਪਣੇ ਕਰੀਅਰ ਦੀ ਰਣਨੀਤੀ ਤੈਅ ਕੀਤੀ ਸੀ। ਉਹ ਅਜਿਹੇ ਲੋਕ ਹਨ ਜੋ ਆਪਣੀ ਸਹਿਜ ਜਿਗਿਆਸਾ ਨਾਲ ਅੱਗੇ ਨਵਾਂਪਨ ਵੱਲ ਝੁਕ ਗਏ। ਉਨ੍ਹਾਂ ਆਪਣੇ ਦ੍ਰਿਸ਼ਟੀਕੋਣ ਨੂੰ ਬਦਲਿਆ, ਨਵੇਂ ਹੁਨਰ ਸਿੱਖੇ ਅਤੇ ਅੱਗੇ ਵਧਦੇ ਚਲੇ ਗਏ। ਹਰ ਕਿਸੇ ਨੂੰ ਬਲਾਕਚੇਨ ਡਿਵੈਲਪਰ ਜਾਂ ਆਰਟੀਫੀਸ਼ੀਅਲ ਇੰਜੀਨੀਅਰ ਬਣਨ ਦੀ ਲੋੜ ਨਹੀਂ ਹੈ।
-ਦਿਨੇਸ਼ ਸੂਦ