ਬੇਹੂਦਾ ਬਿਆਨਬਾਜ਼ੀ : ਚੋਣ ਪ੍ਰਚਾਰ ਦਾ ਡਿੱਗਦਾ ਮਿਆਰ

Sunday, Apr 28, 2019 - 04:32 AM (IST)

ਜੂਨ 2015 'ਚ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ 'ਚ ਇਕ ਉਮੀਦਵਾਰ ਨੇ ਕਿਹਾ, ''ਜਦੋਂ ਮੈਕਸੀਕੋ ਆਪਣੇ ਲੋਕ ਭੇਜਦਾ ਹੈ ਤਾਂ ਉਹ ਆਪਣੇ ਬਿਹਤਰੀਨ ਲੋਕਾਂ ਨੂੰ ਨਹੀਂ ਭੇਜਦਾ, ਸਗੋਂ ਉਨ੍ਹਾਂ ਲੋਕਾਂ ਨੂੰ ਭੇਜਦਾ ਹੈ, ਜਿਨ੍ਹਾਂ ਨਾਲ ਕਾਫੀ ਸਮੱਸਿਆ ਹੁੰਦੀ ਹੈ। ਉਹ ਨਸ਼ੇ ਲੈ ਕੇ ਆਉਂਦੇ ਹਨ, ਅਪਰਾਧ ਲਿਆਉਂਦੇ ਹਨ, ਉਹ ਮਾੜੇ ਕੰਮ ਕਰਨ ਵਾਲੇ ਹੁੰਦੇ ਹਨ।''
ਲੋਕਾਂ 'ਚ ਅਜਿਹੀ ਭਾਸ਼ਾ 'ਤੇ ਕਾਫੀ ਗੁੱਸਾ ਸੀ, ਇਸ ਦੇ ਬਾਵਜੂਦ ਨਵੰਬਰ 2016 'ਚ 62,984,825 ਲੋਕਾਂ ਨੇ ਉਸ ਆਦਮੀ ਨੂੰ ਵੋਟ ਦਿੱਤੀ। ਜਨਵਰੀ 2017 'ਚ ਉਹ ਆਦਮੀ ਦੁਨੀਆ ਦੇ ਸਭ ਤੋਂ ਤਾਕਤਵਰ ਤੇ ਅਮੀਰ ਦੇਸ਼ ਦਾ 45ਵਾਂ ਰਾਸ਼ਟਰਪਤੀ ਬਣਿਆ, ਜਿਸ ਦਾ ਨਾਂ ਹੈ ਡੋਨਾਲਡ ਟਰੰਪ।
ਮੈਨੂੰ ਸ਼ੱਕ ਹੈ ਕਿ ਭਾਰਤ 'ਚ ਵੀ ਅਜਿਹੇ ਬਹੁਤ ਸਾਰੇ ਉਮੀਦਵਾਰ ਹਨ, ਜੋ ਟਰੰਪ ਵਾਂਗ ਬਿਆਨਬਾਜ਼ੀ ਕਰਨਾ ਚਾਹੁਣਗੇ ਅਤੇ ਲੋਕ ਸਭਾ ਚੋਣਾਂ 'ਚ ਉਸ ਵਾਂਗ ਜਿੱਤ ਵੀ ਜਾਣਗੇ। ਮਾਰਚ ਤੇ ਅਪ੍ਰੈਲ 'ਚ ਇਸ ਤਰ੍ਹਾਂ ਦੇ ਕਾਫੀ ਬਿਆਨ ਦਿੱਤੇ ਗਏ ਤੇ ਹੁਣ ਮਈ 'ਚ ਹੋਰ ਵੀ ਬਿਆਨ ਦਿੱਤੇ ਜਾਣਗੇ। 17 ਮਈ ਨੂੰ ਚੋਣ ਪ੍ਰਚਾਰ ਖਤਮ ਹੋਣ ਨਾਲ ਨਫਰਤ ਤੇ ਕੱਟੜਵਾਦ ਦੀਆਂ ਨਵੀਆਂ ਉਚਾਈਆਂ ਛੂਹੀਆਂ ਜਾਣਗੀਆਂ। ਇਸ ਲਈ ਖ਼ੁਦ ਨੂੰ ਜ਼ਹਿਰੀਲੀਆਂ ਆਵਾਜ਼ਾਂ ਅਤੇ ਵਿਅੰਗ ਸੁਣਨ ਲਈ ਤਿਆਰ ਕਰ ਲਓ। ਗੱਲ ਸਾਕਸ਼ੀ ਮਹਾਰਾਜ (ਸੰਸਦ ਮੈਂਬਰ) ਦੇ ਬਿਆਨ ਤੋਂ ਸ਼ੁਰੂ ਕਰਦੇ ਹਾਂ, ਜਿਸ ਨੇ ਆਪਣਾ ਚੋਣ ਪ੍ਰਚਾਰ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਕੀਤਾ, ''2024 'ਚ ਕੋਈ ਚੋਣ ਨਹੀਂ ਹੋਵੇਗੀ। ਮੈਂ ਇਕ ਸੰਨਿਆਸੀ ਹਾਂ ਅਤੇ ਭਵਿੱਖ ਨੂੰ ਦੇਖ ਸਕਦਾ ਹਾਂ। ਇਹ ਦੇਸ਼ ਦੀਆਂ ਆਖਰੀ ਚੋਣਾਂ ਹਨ।'' ਇਹ 2019 ਦੀਆਂ ਲੋਕ ਸਭਾ ਚੋਣਾਂ ਦੀ 'ਸ਼ੁੱਭ' ਸ਼ੁਰੂਆਤ ਸੀ।

ਗਾਲ੍ਹਾਂ ਤੇ ਮਜ਼ਾਕ
ਚੋਣ ਪ੍ਰਚਾਰ 'ਚ ਗਾਲ੍ਹ ਪਹਿਲਾ ਹਥਿਆਰ ਸੀ, ਜਿਸ ਦੀਆਂ ਕੁਝ ਮਿਸਾਲਾਂ ਇਥੇ ਪੇਸ਼ ਹਨ :
–18 ਮਾਰਚ ਨੂੰ ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਨੇ ਕਿਹਾ, ''ਪੱਪੂ ਕਹਿੰਦਾ ਹੈ ਕਿ ਉਹ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹੈ। ਮਾਇਆਵਤੀ ਤੇ ਅਖਿਲੇਸ਼ ਯਾਦਵ ਵੀ ਇਹੋ ਚਾਹੁੰਦੇ ਹਨ ਤੇ ਹੁਣ ਪੱਪੂ ਦੀ ਪੱਪੀ ਵੀ ਮੈਦਾਨ 'ਚ ਆ ਗਈ ਹੈ।''
–ਬਲੀਆ ਤੋਂ ਭਾਜਪਾ ਦੇ ਵਿਧਾਇਕ ਨੇ 24 ਮਾਰਚ ਨੂੰ ਕਿਹਾ, ''ਰਾਹੁਲ ਦੀ ਮਾਂ (ਸੋਨੀਆ ਗਾਂਧੀ) ਵੀ ਇਟਲੀ 'ਚ ਉਸੇ ਪੇਸ਼ੇ 'ਚ ਸੀ ਤੇ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਆਪਣੀ ਬਣਾ ਲਿਆ। ਉਨ੍ਹਾਂ ਨੂੰ (ਰਾਹੁਲ ਗਾਂਧੀ) ਵੀ ਪਰਿਵਾਰ ਦੀ ਰਵਾਇਤ ਨੂੰ ਅੱਗੇ ਵਧਾਉਂਦਿਆਂ ਸਪਨਾ ਨੂੰ ਆਪਣੀ ਬਣਾ ਲੈਣਾ ਚਾਹੀਦਾ ਹੈ।''
ਅਗਲੀ ਵਾਰੀ ਮਜ਼ਾਕ ਦੀ ਸੀ :
–20 ਮਾਰਚ ਨੂੰ ਮਹੇਸ਼ ਸ਼ਰਮਾ ਨੇ ਮਾਇਆਵਤੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ''ਮਾਇਆਵਤੀ ਰੋਜ਼ ਆਪਣਾ ਫੇਸ਼ੀਅਲ ਕਰਵਾਉਂਦੀ ਹੈ। ਉਹ ਜਵਾਨ ਦਿਸਣ ਲਈ ਆਪਣੇ ਵਾਲਾਂ ਨੂੰ ਰੰਗ ਕਰਵਾਉਂਦੀ ਹੈ।''

ਚੋਣ ਪ੍ਰਚਾਰ 'ਚ ਧਮਕੀਆਂ
ਇਟਾਵਾ ਤੋਂ ਭਾਜਪਾ ਦੇ ਉਮੀਦਵਾਰ ਰਾਮਸ਼ੰਕਰ ਕਠੇਰੀਆ ਨੇ 23 ਮਾਰਚ ਨੂੰ ਕਿਹਾ, ''ਅਸੀਂ ਕੇਂਦਰ ਅਤੇ ਸੂਬੇ 'ਚ ਸੱਤਾ ਵਿਚ ਹਾਂ। ਅਸੀਂ ਆਪਣੇ ਵੱਲ ਉੱਠਣ ਵਾਲੀ ਕਿਸੇ ਵੀ ਉਂਗਲ ਨੂੰ ਤੋੜ ਸਕਦੇ ਹਾਂ।''
–ਮੇਨਕਾ ਗਾਂਧੀ ਵੀ ਧਮਕੀ ਦੇਣ ਤੋਂ ਪਿੱਛੇ ਨਹੀਂ ਰਹੀ। ਉਨ੍ਹਾਂ ਨੇ 12 ਅਪ੍ਰੈਲ ਨੂੰ ਮੁਸਲਮਾਨਾਂ ਦੀ ਇਕ ਰੈਲੀ 'ਚ ਕਿਹਾ, ''ਮੈਂ ਇਹ ਲੋਕ ਸਭਾ ਚੋਣ ਕਿਸੇ ਵੀ ਤਰ੍ਹਾਂ ਜਿੱਤ ਜਾਵਾਂਗੀ ਪਰ ਜੇ ਮੈਂ ਮੁਸਲਮਾਨਾਂ ਦੇ ਸਮਰਥਨ ਤੋਂ ਬਿਨਾਂ ਜਿੱਤਾਂਗੀ ਤਾਂ ਮੈਨੂੰ ਚੰਗਾ ਨਹੀਂ ਲੱਗੇਗਾ। ਬਾਅਦ 'ਚ ਕੁੜੱਤਣ ਆ ਜਾਂਦੀ ਹੈ ਅਤੇ ਜਦੋਂ ਕੋਈ ਮੁਸਲਮਾਨ ਕਿਸੇ ਕੰਮ ਲਈ ਆਉਂਦਾ ਹੈ ਤਾਂ ਸੋਚਦੀ ਹਾਂ ਕਿ ਕਰ ਦੇਵਾਂ, ਇਸ ਨਾਲ ਕੋਈ ਫਰਕ ਪੈਂਦਾ ਹੈ? ਮੈਂ ਮੁਸਲਮਾਨਾਂ ਦੇ ਸਮਰਥਨ ਨਾਲ ਜਾਂ ਬਿਨਾਂ ਸਮਰਥਨ ਦੇ ਜਿੱਤ ਰਹੀ ਹਾਂ।''
–19 ਅਪ੍ਰੈਲ ਨੂੰ ਭਾਜਪਾ ਨੇਤਾ ਰਣਜੀਤ ਬਹਾਦੁਰ ਸ਼੍ਰੀਵਾਸਤਵ ਨੇ ਕਿਹਾ, ''ਪਿਛਲੇ 5 ਸਾਲਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਸਲਮਾਨਾਂ ਦਾ ਹੌਸਲਾ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਜੇ ਤੁਸੀਂ ਮੁਸਲਮਾਨਾਂ ਦੀ ਨਸਲ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਪੀ. ਐੱਮ. ਮੋਦੀ ਨੂੰ ਵੋਟ ਦਿਓ।''

ਕੁਝ ਹੋਰ ਕਿਸਮ ਦੀਆਂ ਧਮਕੀਆਂ ਵੀ ਸਨ। ਮਿਸਾਲ ਵਜੋਂ :
–21 ਅਪ੍ਰੈਲ ਨੂੰ ਮਹਾਰਾਸ਼ਟਰ ਦੀ ਮੰਤਰੀ ਪੰਕਜਾ ਮੁੰਡੇ ਨੇ ਕਿਹਾ, ''ਵਿਰੋਧੀ ਧਿਰ ਕਹਿੰਦੀ ਹੈ ਕਿ ਇਹ ਸਰਜੀਕਲ ਸਟ੍ਰਾਈਕ ਕੀ ਹੈ ਅਤੇ ਕਿਸ ਨੇ ਕੀਤੀ? ਰਾਹੁਲ ਗਾਂਧੀ ਨਾਲ ਇਕ ਬੰਬ ਬੰਨ੍ਹ ਦੇਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਦੂਜੇ ਦੇਸ਼ 'ਚ ਭੇਜ ਦੇਣਾ ਚਾਹੀਦਾ ਹੈ, ਫਿਰ ਉਹ ਸਮਝਣਗੇ।''
ਉਸੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਹੀ ਗੈਰ-ਜ਼ਿੰਮੇਵਾਰਾਨਾ ਬਿਆਨ ਦਿੱਤਾ। ਪਾਕਿਸਤਾਨ ਵਲੋਂ ਕਥਿਤ ਤੌਰ 'ਤੇ ਪ੍ਰਮਾਣੂ ਹਥਿਆਰਾਂ ਦੀ ਧਮਕੀ ਦੇਣ 'ਤੇ ਮੋਦੀ ਨੇ ਕਿਹਾ, ''ਤਾਂ ਅਸੀਂ ਉਨ੍ਹਾਂ ਨੂੰ ਕਿਸ ਲਈ ਰੱਖਿਆ ਹੋਇਆ ਹੈ? ਕੀ ਅਸੀਂ ਆਪਣਾ ਪ੍ਰਮਾਣੂ ਬੰਬ ਦੀਵਾਲੀ ਲਈ ਰੱਖਿਆ ਹੈ?''
1945 ਤੋਂ ਲੈ ਕੇ ਹੁਣ ਤਕ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਤੇ ਦੁਨੀਆ ਦੇ ਕਿਸੇ ਵੀ ਨੇਤਾ (ਉੱਤਰੀ ਕੋਰੀਆ ਦੇ ਕਿਮ ਨੂੰ ਛੱਡ ਕੇ) ਨੇ ਪ੍ਰਮਾਣੂ ਹਥਿਆਰਾਂ ਬਾਰੇ ਇੰਨੀ ਹਲਕੀ ਗੱਲ ਨਹੀਂ ਕਹੀ।

ਨਫਰਤ ਭਰੇ ਭਾਸ਼ਣ
ਕਈ ਲੋਕਾਂ ਵਲੋਂ ਸਰਾਪ ਦਿੱਤੇ ਗਏ, ਜਿਵੇਂ ਪ੍ਰੱਗਿਆ ਸਿੰਘ ਠਾਕੁਰ ਨੇ 19 ਅਪ੍ਰੈਲ ਨੂੰ ਸ਼ੁਰੂਆਤ ਕਰਦਿਆਂ ਕਿਹਾ, ''ਮੈਂ ਕਿਹਾ ਸੀ ਕਿ ਤੇਰਾ ਸਰਵਨਾਸ਼ ਹੋ ਜਾਵੇ ਤੇ ਦੇਖੋ ਕਰਕਰੇ (ਪੁਲਸ ਅਧਿਕਾਰੀਆਂ ਦਾ ਹੀਰੋ) ਅੱਤਵਾਦੀਆਂ ਨਾਲ ਲੜਦਾ ਹੋਇਆ ਮਾਰਿਆ ਗਿਆ।'' ਭਾਜਪਾ ਨੇ ਮੁਸਲਿਮ ਭਾਈਚਾਰੇ ਵਿਰੁੱਧ ਨਫਰਤ ਨੂੰ ਹਥਿਆਰ ਵਜੋਂ ਇਸਤੇਮਾਲ ਕੀਤਾ ਤਾਂ ਕਿ ਦੋ ਭਾਈਚਾਰਿਆਂ ਵਿਚਾਲੇ ਧਰੁਵੀਕਰਨ ਕੀਤਾ ਜਾ ਸਕੇ। ਹੇਠਾਂ ਦਿੱਤੇ ਗਏ ਬਿਆਨ ਉਸ ਦੇ ਇਸ ਇਰਾਦੇ ਦਾ ਸਬੂਤ ਹਨ :
–ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ 9 ਅਪ੍ਰੈਲ ਨੂੰ ਕਿਹਾ ਕਿ ਜੇ ਕਾਂਗਰਸ, ਸਪਾ ਤੇ ਬਸਪਾ ਨੂੰ ਅਲੀ 'ਚ ਭਰੋਸਾ ਹੈ ਤਾਂ ਸਾਨੂੰ ਵੀ ਬਜਰੰਗ ਬਲੀ 'ਚ ਭਰੋਸਾ ਹੈ।
–ਕਰਨਾਟਕ ਦੇ ਸਾਬਕਾ ਉਪ-ਮੁੱਖ ਮੰਤਰੀ ਕੇ. ਐੱਸ. ਈਸ਼ਵਰੱਪਾ ਨੇ ਪਹਿਲੀ ਅਪ੍ਰੈਲ ਨੂੰ ਕਿਹਾ ਕਿ ''ਅਸੀਂ ਕਰਨਾਟਕ 'ਚ ਮੁਸਲਮਾਨਾਂ ਨੂੰ ਟਿਕਟ ਨਹੀਂ ਦਿਆਂਗੇ ਕਿਉਂਕਿ ਤੁਸੀਂ ਸਾਡੇ 'ਤੇ ਭਰੋਸਾ ਨਹੀਂ ਕੀਤਾ।''
–11 ਅਪ੍ਰੈਲ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ, ''ਬੋਧੀਆਂ, ਹਿੰਦੂਆਂ ਤੇ ਸਿੱਖਾਂ ਨੂੰ ਛੱਡ ਕੇ ਹਰੇਕ ਘੁਸਪੈਠੀਏ ਨੂੰ ਬਾਹਰ ਕਰਾਂਗੇ।'' ਵਿਰੋਧੀ ਧਿਰ ਦੇ ਨੇਤਾਵਾਂ ਨੇ ਵੀ ਕੁਝ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਪਰ ਉਨ੍ਹਾਂ 'ਚ ਗਾਲ੍ਹਾਂ ਤੇ ਧਮਕੀਆਂ ਸ਼ਾਮਿਲ ਨਹੀਂ ਸਨ। ਅਜੇ ਚੋਣਾਂ ਦੇ 4 ਪੜਾਅ ਤੇ 20 ਦਿਨ ਬਾਕੀ ਹਨ। ਅਜੇ ਉਮੀਦਵਾਰਾਂ ਤੇ ਪ੍ਰਚਾਰਕਾਂ ਵਲੋਂ ਹੋਰ ਵੀ 'ਰਤਨ' ਸੁੱਟੇ ਜਾਣਗੇ। ਹਰੇਕ ਗੈਰ-ਜ਼ਿੰਮੇਵਾਰੀ ਵਾਲੇ ਬਿਆਨ ਨਾਲ ਭਾਰਤੀ ਲੋਕਤੰਤਰ 'ਚ ਜਨਤਕ ਸੰਵਾਦ ਦਾ ਮਿਆਰ ਡਿੱਗਦਾ ਜਾਵੇਗਾ। ਕੁਲ ਮਿਲਾ ਕੇ ਸੰਵਾਦ ਹੀ ਨਹੀਂ, ਸਗੋਂ ਖ਼ੁਦ ਲੋਕਤੰਤਰ ਹੀ ਖਤਰੇ 'ਚ ਹੈ।

                                                                                                                —ਪੀ. ਚਿਦਾਂਬਰਮ


KamalJeet Singh

Content Editor

Related News