2019 ਦੀਆਂ ਚੋਣਾਂ ''ਚ ਕਾਂਗਰਸ ਜਿੱਤ ਦਰਜ ਕਰੇਗੀ : ਰਾਹੁਲ

Monday, Jun 11, 2018 - 05:36 AM (IST)

2019 ਦੀਆਂ ਚੋਣਾਂ ''ਚ ਕਾਂਗਰਸ ਜਿੱਤ ਦਰਜ ਕਰੇਗੀ : ਰਾਹੁਲ

ਅਨੁਸੂਚਿਤ ਜਾਤੀ-ਅਨੁਸੂਚਿਤ ਜਨਜਾਤੀ ਸੰਮੇਲਨ ਤੋਂ ਬਾਅਦ ਕਾਂਗਰਸ ਦਾ ਓ. ਬੀ. ਸੀ. ਵਿਭਾਗ ਹੁਣ 11 ਜੂਨ ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ ਰਾਸ਼ਟਰੀ ਸੰਮੇਲਨ ਦਾ ਆਯੋਜਨ ਕਰ ਰਿਹਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਸ ਸੰਮੇਲਨ ਨੂੰ ਸੰਬੋਧਨ ਕਰਨਗੇ। ਕਾਂਗਰਸੀ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਨੇ ਕਾਂਗਰਸ ਦੇ ਸਾਰੇ ਵਿੰਗਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਖ਼ੁਦ ਨੂੰ ਸੰਗਠਿਤ ਅਤੇ ਸਰਗਰਮ ਕਰਨ ਕਿਉਂਕਿ ਭਾਜਪਾ ਨੂੰ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਸਿਰਫ 31 ਫੀਸਦੀ ਵੋਟਾਂ ਮਿਲੀਆਂ ਸਨ ਅਤੇ ਬਾਕੀ 69 ਫੀਸਦੀ ਇਸ ਦੇ ਵਿਰੁੱਧ ਗਈਆਂ ਸਨ ਤੇ ਜੇਕਰ ਕਾਂਗਰਸ ਦੇ ਸਾਰੇ ਵਿੰਗ ਸਰਗਰਮ ਹੋ ਜਾਣਗੇ ਤਾਂ ਅਗਲੀਆਂ ਵਿਧਾਨ ਸਭਾ ਅਤੇ 2019 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਯਕੀਨਨ ਹੀ ਜਿੱਤ ਦਰਜ ਕਰੇਗੀ।
ਜਦ (ਯੂ) ਮੁਸ਼ਕਿਲ 'ਚ 
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ 2019 ਦੀਆਂ ਅਗਲੀਆਂ ਲੋਕ ਸਭਾ ਚੋਣਾਂ 'ਚ ਜਦ (ਯੂ) ਦੇ ਭਵਿੱਖ ਬਾਰੇ ਚਿੰਤਤ ਹਨ। ਉਹ ਨਹੀਂ ਜਾਣਦੇ ਕਿ ਭਾਜਪਾ ਉਨ੍ਹਾਂ ਦੀ ਪਾਰਟੀ ਨੂੰ ਕਿੰਨੀਆਂ ਸੀਟਾਂ ਦੇਵੇਗੀ। ਦੂਜੇ ਪਾਸੇ ਲਾਲੂ ਪ੍ਰਸਾਦ ਯਾਦਵ ਦੀ ਰਾਜਦ ਅਤੇ ਕਾਂਗਰਸ ਹੋਰਨਾਂ ਹਮਖਿਆਲੀ ਪਾਰਟੀਆਂ ਨਾਲ ਮਿਲ ਕੇ ਲੋਕ ਸਭਾ ਚੋਣਾਂ ਲੜਨਗੇ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਬਿਹਾਰ ਦੀਆਂ 40 ਲੋਕ ਸਭਾ ਸੀਟਾਂ 'ਚੋਂ ਭਾਜਪਾ ਨੇ 29 'ਤੇ ਉਮੀਦਵਾਰ ਖੜ੍ਹੇ ਕੀਤੇ ਸਨ, ਜਦਕਿ ਰਾਮਵਿਲਾਸ ਪਾਸਵਾਨ ਦੀ ਲੋਜਪਾ ਨੇ 7 ਸੀਟਾਂ 'ਤੇ ਅਤੇ ਉਪੇਂਦਰ ਕੁਸ਼ਵਾਹਾ ਦੀ ਪਾਰਟੀ ਆਰ. ਐੱਲ. ਐੱਸ. ਪੀ. ਨੇ 4 ਸੀਟਾਂ 'ਤੇ ਚੋਣ ਲੜੀ ਸੀ।   
ਇਨ੍ਹਾਂ 29 ਸੀਟਾਂ 'ਚੋਂ ਭਾਜਪਾ ਨੇ 22 'ਤੇ, ਲੋਜਪਾ ਨੇ 6 'ਤੇ ਅਤੇ ਆਰ. ਐੱਲ. ਐੱਸ. ਪੀ. ਨੇ 3 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਨਿਤੀਸ਼ ਬਾਬੂ ਜਦ (ਯੂ) ਲਈ 25 ਸੀਟਾਂ ਚਾਹੁੰਦੇ ਹਨ, ਜਦਕਿ ਬਾਕੀ 15 ਸੀਟਾਂ ਹੋਰਨਾਂ ਗੱਠਜੋੜ ਸਹਿਯੋਗੀਆਂ ਨੂੰ ਮਿਲਣਗੀਆਂ। 
ਰਾਮਵਿਲਾਸ ਪਾਸਵਾਨ ਅਤੇ ਉਪੇਂਦਰ ਕੁਸ਼ਵਾਹਾ ਦੀ ਹਾਜ਼ਰੀ ਵਿਚ ਜਦ (ਯੂ) ਨੂੰ 25 ਸੀਟਾਂ ਨਹੀਂ ਮਿਲ ਸਕਦੀਆਂ। ਸਿਆਸੀ ਸੂਤਰਾਂ ਅਨੁਸਾਰ ਭਾਜਪਾ-ਲੋਜਪਾ-ਆਰ. ਐੱਲ. ਐੱਸ. ਪੀ. ਦੇ ਕੋਲ ਮੌਜੂਦਾ ਸਮੇਂ ਲੋਕ ਸਭਾ 'ਚ ਕੁਲ ਮਿਲਾ ਕੇ 31 ਸੀਟਾਂ ਹਨ। ਅਜਿਹੀ ਹਾਲਤ 'ਚ ਉਹ ਸਿਰਫ ਬਾਕੀ 9 ਸੀਟਾਂ ਹੀ ਜਦ (ਯੂ) ਦੀ ਝੋਲੀ 'ਚ ਪਾ ਸਕਦੇ ਹਨ। 
ਜਦ (ਯੂ) ਨੇ ਪਟਨਾ ਵਿਚ ਪਾਰਟੀ ਦੀ ਮੀਟਿੰਗ ਬੁਲਾਈ ਹੈ ਅਤੇ ਐਲਾਨ ਕੀਤਾ ਹੈ ਕਿ ਅਗਲੀਆਂ ਲੋਕ ਸਭਾ ਚੋਣਾਂ 'ਚ ਜਦ (ਯੂ) 25 ਸੀਟਾਂ ਚਾਹੁੰਦਾ ਹੈ। ਦੂਜੇ ਨੰਬਰ 'ਤੇ ਉਹ ਚਾਹੁੰਦਾ ਹੈ ਕਿ ਬਿਹਾਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਜਾਏ ਨਿਤੀਸ਼ ਬਾਬੂ ਨੂੰ ਚੋਣਾਂ ਦਾ ਚਿਹਰਾ ਬਣਾ ਕੇ ਪੇਸ਼ ਕੀਤਾ ਜਾਵੇ। ਭਾਜਪਾ ਵਲੋਂ ਇਨ੍ਹਾਂ ਸ਼ਰਤਾਂ 'ਤੇ ਸਹਿਮਤ ਹੋਣਾ ਮੁਸ਼ਕਿਲ ਹੈ, ਇਸ ਲਈ ਉਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਜਦ (ਯੂ) ਨਾਲੋਂ ਗੱਠਜੋੜ ਤੋੜ ਸਕਦੀ ਹੈ। ਇਸ ਦੇ ਨਾਲ ਹੀ ਨਿਤੀਸ਼ ਬਾਬੂ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਜੇਕਰ ਉਹ ਭਾਜਪਾ ਦੇ ਨਾਲ ਅਗਲੀਆਂ ਲੋਕ ਸਭਾ ਚੋਣਾਂ ਲੜਦੇ ਹਨ ਤਾਂ ਘੱਟਗਿਣਤੀ ਵੋਟਾਂ ਉਨ੍ਹਾਂ ਦੀ ਪਾਰਟੀ ਨਾਲੋਂ ਟੁੱਟ ਜਾਣਗੀਆਂ। ਅਜਿਹੀਆਂ ਖ਼ਬਰਾਂ ਗਰਮ ਹਨ ਕਿ ਨਿਤੀਸ਼ ਬਾਬੂ 2019 ਦੀਆਂ ਲੋਕ ਸਭਾ ਚੋਣਾਂ ਵਿਚ ਆਪਣੀ ਪਾਰਟੀ ਦਾ ਵਜੂਦ ਬਚਾਉਣ ਦਾ ਯਤਨ ਕਰ ਰਹੇ ਹਨ। 
ਮਮਤਾ ਬੈਨਰਜੀ ਵੀ ਪ੍ਰੇਸ਼ਾਨ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਹੁਣ ਚਿੰਤਤ ਹੈ ਅਤੇ 2019 ਦੀਆਂ ਲੋਕ ਸਭਾ ਚੋਣਾਂ ਲਈ ਦਿਨ-ਰਾਤ ਇਕ ਕਰ ਰਹੀ ਹੈ। ਪੰਚਾਇਤੀ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਉਨ੍ਹਾਂ ਨੇ ਪਹਾੜੀ ਖੇਤਰਾਂ ਦੀ ਚਿੰਤਾ ਕਰਨੀ ਸ਼ੁਰੂ ਕੀਤੀ ਅਤੇ ਇਕ ਨਵੇਂ ਜ਼ਿਲੇ ਦੀ ਸਿਰਜਣਾ ਕੀਤੀ ਤੇ ਪਹਾੜੀ ਖੇਤਰ ਨੂੰ ਕਈ ਨਵੇਂ ਪ੍ਰਾਜੈਕਟਾਂ ਦਾ ਤੋਹਫਾ ਦਿੱਤਾ। ਬੇਸ਼ੱਕ ਤਮਕਾਂ ਨੇ ਭਾਰੀ ਫਰਕ ਨਾਲ ਪੰਚਾਇਤੀ ਚੋਣਾਂ ਜਿੱਤੀਆਂ ਹਨ, ਤਾਂ ਵੀ ਜੰਗਲਮਹਿਲ ਇਲਾਕੇ ਨੂੰ ਲੈ ਕੇ ਮਮਤਾ ਚਿੰਤਤ ਹੈ। ਇਹੀ ਕਾਰਨ ਹੈ ਕਿ ਉਹ ਹੁਣ ਇਸੇ ਖੇਤਰ 'ਚ ਧਿਆਨ ਇਕਾਗਰ ਕਰ ਰਹੀ ਹੈ। 
ਕਿਸੇ ਜ਼ਮਾਨੇ ਵਿਚ ਜੰਗਲਮਹਿਲ ਦਾ ਇਲਾਕਾ ਮਾਓਵਾਦੀਆਂ ਦਾ ਗੜ੍ਹ ਹੁੰਦਾ ਸੀ ਪਰ ਪਿਛਲੀਆਂ ਚੋਣਾਂ ਵਿਚ ਇਥੇ ਤਮਕਾਂ ਨੂੰ ਭਾਰੀ ਸਮਰਥਨ ਮਿਲਿਆ ਸੀ। ਤਾਜ਼ਾ ਪੰਚਾਇਤੀ ਚੋਣਾਂ ਵਿਚ ਇਸ ਇਲਾਕੇ 'ਚ ਭਾਜਪਾ ਦਾ ਮਜ਼ਬੂਤ ਗੜ੍ਹ ਦੇਖਣ ਨੂੰ ਮਿਲਿਆ ਹੈ। ਇਹੀ ਕਾਰਨ ਹੈ ਕਿ ਪੰਚਾਇਤੀ ਚੋਣਾਂ ਤੋਂ ਬਾਅਦ ਮਮਤਾ ਬੈਨਰਜੀ ਨੇ ਤੁਰੰਤ ਆਪਣੇ 3 ਮੰਤਰੀਆਂ ਦੀ ਛੁੱਟੀ ਕਰ ਦਿੱਤੀ ਅਤੇ ਇਸ ਇਲਾਕੇ ਨਾਲ ਸਬੰਧ ਰੱਖਣ ਵਾਲੇ ਹੋਰ ਕਈ ਮੰਤਰੀਆਂ ਦੇ ਵਿਭਾਗ ਬਦਲ ਦਿੱਤੇ।
ਪਰੂਲੀਆ, ਬਾਂਕੁਰਾ ਅਤੇ ਪੱਛਮੀ ਮੇਦਨੀਪੁਰ ਜ਼ਿਲੇ ਜੰਗਲਮਹਿਲ ਖੇਤਰ ਵਿਚ ਆਉਂਦੇ ਹਨ ਅਤੇ ਇਥੇ ਜ਼ਿਆਦਾਤਰ ਆਬਾਦੀ ਆਦੀਵਾਸੀਆਂ ਦੀ ਹੈ। ਮਮਤਾ ਨੇ ਆਦੀਵਾਸੀ ਵਿਕਾਸ ਮੰਤਰਾਲੇ ਦਾ ਵਿਭਾਗ ਖ਼ੁਦ ਸੰਭਾਲ ਲਿਆ ਹੈ ਅਤੇ ਇਹ ਵੀ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਨੇ ਚੂੜਾਮਣੀ ਮਹਿਤੋ, ਜੇਮਸ ਕੁਜੁਰ ਅਤੇ ਅਬਾਣੀ ਮੋਹਨ ਜ਼ੋਰਦਾਰ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ ਤੇ ਉਹ ਹੁਣ ਇਸ ਖੇਤਰ ਵਿਚ ਤ੍ਰਿਣਮੂਲ ਕਾਂਗਰਸ ਦੇ ਸੰਗਠਨ ਦੀ ਨਿਗਰਾਨੀ ਕਰਨਗੇ। ਉਹ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਚਿੰਤਤ ਹੈ, ਇਸ ਲਈ ਕੇਂਦਰ 'ਚੋਂ ਭਾਜਪਾ ਨੂੰ ਬਰਖਾਸਤ ਕਰਨ 'ਚ ਕੁੰਜੀਵਤ ਭੂਮਿਕਾ ਅਦਾ ਕਰਨਾ ਚਾਹੁੰਦੀ ਹੈ। 
PunjabKesari
ਕਾਂਗਰਸ ਵੱਲੋਂ ਇਫ਼ਤਾਰ ਪਾਰਟੀ ਦਾ ਆਯੋਜਨ ਕਰਨਗੇ ਰਾਹੁਲ ਗਾਂਧੀ 
2 ਸਾਲ ਦੇ ਵਕਫੇ ਤੋਂ ਬਾਅਦ ਕਾਂਗਰਸ ਪਾਰਟੀ 13 ਜੂਨ ਨੂੰ ਇਫ਼ਤਾਰ ਪਾਰਟੀ ਦਾ ਆਯੋਜਨ ਕਰੇਗੀ, ਜਿਸ ਦੇ ਜਜਮਾਨ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਹੋਣਗੇ। ਕਾਂਗਰਸੀ ਸੂਤਰ ਅਨੁਸਾਰ ਯੂ. ਪੀ. ਏ. ਦੀਆਂ ਸਾਰੀਆਂ ਭਾਈਵਾਲ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਹੈ। ਰਾਹੁਲ ਗਾਂਧੀ ਲਈ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਇਫ਼ਤਾਰ ਪਾਰਟੀ ਆਯੋਜਿਤ ਕਰਨ ਦਾ ਇਹ ਪਹਿਲਾ ਮੌਕਾ ਹੋਵੇਗਾ। 2015 'ਚ ਤੱਤਕਾਲੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਆਖਰੀ ਵਾਰ ਇਫ਼ਤਾਰ ਦੀ ਦਾਅਵਤ ਦਿੱਤੀ ਸੀ। ਰਸਮੀ ਤੌਰ 'ਤੇ ਪਾਰਟੀ ਇਸ ਆਯੋਜਨ 'ਚ ਸਾਰੇ ਧਰਮਾਂ ਦੇ ਨੇਤਾਵਾਂ ਨੂੰ ਸੱਦਾ ਦਿੰਦੀ ਹੈ। 


Related News