ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਵਿਚਾਲੇ ਰਾਜਾ ਵੜਿੰਗ ਦਾ ਵੱਡਾ ਬਿਆਨ
Tuesday, Jun 03, 2025 - 11:42 AM (IST)

ਚੰਡੀਗੜ੍ਹ (ਅੰਕੁਰ ਤਾਂਗੜੀ) : ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਨੇ ਪੰਜਾਬ ਕਾਂਗਰਸ 'ਚ ਛੁਪੀਆਂ ਅੰਦਰੂਨੀ ਧੜੇਬੰਦੀਆਂ ਨੂੰ ਇਕ ਵਾਰ ਫਿਰ ਸਾਹਮਣੇ ਲਿਆ ਦਿੱਤਾ ਹੈ। ਪੰਜਾਬ ਇਚਾਰਜ ਭੁਪੇਸ਼ ਬਘੇਲ ਕਈ ਵਾਰ ਸੂਬੇ ਦੇ ਆਗੂਆਂ ਨੂੰ ਇਕਜੁੱਟ ਰਹਿਣ ਦੀ ਨਸੀਹਤ ਦੇ ਚੁੱਕੇ ਹਨ। ਪਿਛਲੇ ਦਿਨੀਂ ਉਮੀਦਵਾਰ ਭਾਰਤ ਭੂਸ਼ਣ ਆਗੂ ਦੀ ਨਾਮਜ਼ਦਗੀ ਮੌਕੇ ਸਾਰੇ ਆਗੂ ਇਕੱਠੇ ਨਜ਼ਰ ਆਏ ਸਨ ਤਾਂ ਪਾਰਟੀ ਅੰਦਰ 'ਸਭ ਕੁਝ ਠੀਕ-ਠਾਕ ਹੈ, ਹੋਣ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਹੋਈ ਪਰ ਅਗਲੇ ਦਿਨ ਹੀ ਇਹ 'ਏਕਤਾ' ਖਿੱਲਰਦੀ ਨਜ਼ਰ ਆਈ। ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ਚੋਣਾਂ ਦੌਰਾਨ ਲੁਧਆਣਾ ਤੋਂ ਉਮੀਦਵਾਰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੁਖ਼ਾਲਫ਼ਤ ਕਰਨ ਵਾਲੇ ਕਮਲਜੀਤ ਸਿੰਘ ਕੜਵਲ ਤੇ ਕਰਨ ਵੜਿੰਗ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ ਤਾਂ ਵੜਿੰਗ ਨੇ ਜਲੰਧਰ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਕਰਨ ਵਾਲੇ ਵਿਕਰਮਜੀਤ ਸਿੰਘ ਚੌਧਰੀ ਨੂੰ ਪਾਰਟੀ 'ਚ ਸ਼ਾਮਲ ਕਰ ਲਿਆ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ! 'ਆਪਰੇਸ਼ਨ ਸਿੰਦੂਰ' ਦੌਰਾਨ ਕਰਦਾ ਸੀ...(ਵੀਡੀਓ)
ਪਾਰਟੀ ਹਾਈਕਮਾਨ ਨੇ ਪਹਿਲਾਂ ਇਹ ਨਿਯਮ ਬਣਾਇਆ ਸੀ ਕਿ ਕਿਸੇ ਹੋਰ ਪਾਰਟੀ ਨੂੰ ਛੱਡ ਕੇ ਕਾਂਗਰਸ 'ਚ ਮੁੜ ਵਾਪਸੀ ਕਰਨ ਵਾਲੇ ਆਗੂਆਂ ਬਾਰੇ ਫ਼ੈਸਲਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਲਵੇਗੀ ਪਰ ਚਰਨਜੀਤ ਸਿੰਘ ਚੰਨੀ, ਭਾਰਤ ਭੂਸ਼ਣ ਆਗੂ ਤੇ ਰਾਣਾ ਗੁਰਜੀਤ ਸਿੰਘ ਦੇ ਧੜੇ ਵੱਲੋਂ ਖ਼ੁਦ ਇਹ ਫ਼ੈਸਲਾ ਲੈਣ 'ਤੇ ਪਾਰਟੀ ’ਚ ਭਸੂੜੀ ਪਈ ਹੋਈ ਹੈ, ਹਾਲਾਂਕਿ ਇਸ ਬਾਰੇ ਜਦੋਂ ਰਾਜਾ ਵੜਿੰਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਂਗਰਸ 'ਚ 'ਆਲ ਇਜ਼ ਵੈੱਲ' ਹੈ ਅਤੇ ਪਾਰਟੀ ਮਜ਼ਬੂਤ ਹੋ ਰਹੀ ਹੈ। ਹਾਲਾਂਕਿ ਪੰਜਾਬ ਇੰਚਾਰਜ ਭੁਪੇਸ਼ ਬਘੇਲ ਸਮੇਤ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਸੂਬਾ ਪ੍ਰਧਾਨ ਦੀ ਇਜਾਜ਼ਤ ਤੋਂ ਬਗ਼ੈਰ ਆਗੂਆਂ ਨੂੰ ਪਾਰਟੀ 'ਚ ਸ਼ਾਮਲ ਕਰਨ 'ਤੇ ਨਾਰਾਜ਼ ਹੈ। ਇਸ ਘਟਨਾਕ੍ਰਮ ਨੇ ਪਾਰਟੀ ਅੰਦਰ ਆਪਸੀ ਖਿੱਚੋਤਾਣ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਕਾਂਗਰਸੀ ਵਰਕਰਾਂ ਤੋਂ ਲੈ ਕੇ ਪਾਰਟੀ ਦੇ ਵੱਡੇ ਨੇਤਾ ਵੀ ਇਸ ਵਿਵਾਦ 'ਤੇ ਕੁਝ ਕਹਿਣ ਤੋਂ ਗੁਰੇਜ਼ ਕਰ ਰਹੇ ਹਨ। ਕਈ ਸਾਲਾਂ ਤੋਂ ਕਾਂਗਰਸ 'ਚ ਸੇਵਾਵਾਂ ਨਿਭਾ ਰਹੇ ਪਾਰਟੀ ਦੇ ਪੁਰਾਣੇ ਵਰਕਰ ਨਵੇਂ ਆਏ ਚਿਹਰਿਆਂ ਦੀ ਲਗਾਤਾਰ ਵਾਪਸੀ ਤੋਂ ਨਿਰਾਸ਼ ਹਨ। ਜਿੱਥੇ ਇਕ ਧਿਰ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਨੂੰ ਸਹਿਣ ਨਹੀਂ ਕਰਨਾ ਚਾਹੁੰਦੀ, ਉੱਥੇ ਦੂਜੀ ਧਿਰ ਨਤੀਜਿਆਂ ਦੀ ਆੜ ਲੈ ਕੇ ਆਪਣੀ ਪਸੰਦ ਦੇ ਲੋਕਾਂ ਨੂੰ ਮੁੜ ਪਾਰਟੀ 'ਚ ਲਿਆ ਰਹੀ ਹੈ। ਫ਼ੈਸਲੇ ਲੈਂਦੀ ਰਹੀ ਤਾਂ ਲੁਧਿਆਣੇ ਦੇ ਚੋਣ ਨਤੀਜੇ ਨਿਰਾਸ਼ਾਜਨਕ ਹੋ ਸਕਦੇ ਹਨ।
ਇਹ ਵੀ ਪੜ੍ਹੋ : ਕੋਰੋਨਾ ਨੂੰ ਲੈ ਕੇ ਪੰਜਾਬ 'ਚ ਖ਼ਤਰੇ ਦੀ ਘੰਟੀ! ਲੋਕਾਂ ਨੂੰ ਬੇਹੱਦ ਚੌਕਸ ਰਹਿਣ ਦੀ ਲੋੜ
ਇਕਜੁੱਟਤਾ ਦਿਖਾਵਾ, ਫੁੱਟ ਤੇ ਵਿਸ਼ਵਾਸਘਾਤ ਨਾਲ ਜੂਝ ਰਹੀ ਕਾਂਗਰਸ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਦੀ ਇਕਜੁੱਟਤਾ ਨੂੰ ਸਿਰਫ਼ ਦਿਖਾਵਾ' ਕਰਾਰ ਦਿੰਦਿਆਂ ਕਿਹਾ ਕਿ ਪਾਰਟੀ ਅੰਦਰੋਂ ਫੁੱਟ ਅਤੇ ਵਿਸ਼ਵਾਸਘਾਤ ਨਾਲ ਜੂਝ ਰਹੀ ਹੈ। ਉਨਾਂ ਕਿਹਾ ਕਿ ਜਿਹੜੇ ਲੋਕ ਕੱਲ੍ਹ ਤੱਕ ਇਕੱਠੇ ਚਾਹ ਪੀਣ ਤੋਂ ਇਨਕਾਰ ਕਰਦੇ ਸਨ, ਅੱਜ ਉਨ੍ਹਾਂ ਨੂੰ ਬਾਂਹ ਫੜ੍ਹ ਕੇ ਮੰਚ 'ਤੇ ਚੜ੍ਹਾਇਆ ਜਾ ਰਿਹਾ ਹੈ। ਇਹ ਕਾਂਗਰਸ ਦੀ ਨੀਤੀ ਰਹਿਤ ਸਿਆਸਤ ਦੀ ਸਭ ਤੋਂ ਵੱਡੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਆਸਤੀਨ ਦੇ ਸੱਪ ਤੋਂ ਬਚੋ। ਆਸੂ ਨਾਲ ਸਟੇਜ 'ਤੇ ਕਈ ਵੱਡੇ ਨੇਤਾ ਇਕੱਠੇ ਦਿਸ ਰਹੇ ਸਨ ਪਰ ਹਕੀਕਤ ਇਹ ਹੈ ਕਿ ਕਾਂਗਰਸ ਅੰਦਰੋਂ ਫੁਰੇਬਾਜ਼ੀ ਨਾਲ ਭਰੀ ਹੋਈ ਹੈ। ਹਰੇਕ ਵਿਅਕਤੀ ਦੂਜੇ 'ਤੇ ਸ਼ੱਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਅੰਦਰੂਨੀ ਹਾਲਾਤ ਇੰਨੇ ਖ਼ਰਾਬ ਹਨ ਕਿ ਜਿਹੜੇ ਨੇਤਾ ਕਦੇ ਕਿਸੇ ਹੋਰ ਨੂੰ ਆਪਣੇ ਨਾਲ ਮੰਚ 'ਤੇ ਖੜ੍ਹਾ ਨਹੀਂ ਸਨ ਹੋਣਦਿੰਦੇ, ਅੱਜ ਇਕੱਠੇ ਚੋਣ ਲੜਣ ਦਾ ਨਾਟਕ ਕਰ ਰਹੇ ਹਨ। ਇਹ ਸਿਰਫ਼ ਲੋਕਾਂ ਨੂੰ ਭਲਾਵਾ ਦੇਣ ਦੀ ਕੋਸ਼ਿਸ਼ ਹੈ। ਉਨ੍ਹਾਂ ਨੇ ਕਾਂਗਰਸ ਦੀ ਅੰਦਰੂਨੀ ਲੀਡਰਸ਼ਿਪ ਤੇ ਵੀ ਤੰਜ ਕਸਦਿਆਂ ਕਿਹਾ ਕਿ ਜਿਹੜੇ ਲੋਕ ਕਦੇ ਵਿਧਾਨ ਸਭਾ 'ਚ ਮੁੱਖ ਮੰਤਰੀ ਦੀ ਅੱਖ 'ਚ ਅੱਖ ਪਾ ਕੇ ਗੱਲ ਨਹੀਂ ਕਰ ਸਕਦੇ, ਉਹ ਹੁਣ ਲੋਕਾਂ ਨੂੰ ਗੱਲਾਂ ਦੇ ਜਾਲ 'ਚ ਫਸਾ ਰਹੇ ਹਨ। ਇਹ ਸਿਰਫ਼ ਦਿਖਾਵੇ ਦੀ ਸਿਆਸਤ ਹੈ।
ਜਿੱਥੇ ਵੀ ਪਾਰਟੀ ਹੁਕਮ ਕਰੇਗੀ, ਉੱਥੇ ਖੜ੍ਹਾਂਗੇ : ਕਮਲਜੀਤ ਸਿੰਘ ਕੜਵਲ
ਪਾਰਟੀ 'ਚ ਮੁੜ ਸ਼ਾਮਲ ਹੋਏ ਕਮਲਜੀਤ ਸਿੰਘ ਕੜਵਲ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਭਾਰਤ ਭੂਸ਼ਣ ਆਸ਼ੂ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਜਿੱਤਣ। ਅਸੀਂ ਪੂਰੀ ਤਾਕਤ ਨਾਲ ਉਨ੍ਹਾਂ ਦੇ ਹੱਕ 'ਚ ਕੰਮ ਕਰਾਂਗੇ। ਜਦੋਂ ਉਨ੍ਹਾਂ ਕੋਲ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੀ ਸਿਮਰਨਜੀਤ ਸਿੰਘ ਬੈਂਸ ਨਾਲ ਕੋਈ ਗੱਲਬਾਤ ਹੋਈ ਹੈ ਤਾਂ ਉਨ੍ਹਾਂ ਸਾਫ਼ ਕਿਹਾ ਕਿ ਫਿਲਹਾਲ ਕੋਈ ਗੱਲਬਾਤ ਨਹੀਂ ਹੋਈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪੂਰੀ ਵਫ਼ਾਦਾਰੀ ਨਾਲ ਪਾਰਟੀ ਦੇ ਹੁਕਮਾਂ ਦੀ ਪਾਲਣਾ ਕਰਨਗੇ। ਸਾਨੂੰ ਜਿੱਥੇ ਵੀ ਪਾਰਟੀ ਹੁਕਮ ਕਰੇਗੀ, ਅਸੀਂ ਉੱਥੇ ਪਾਰਟੀ ਲਈ ਖੜ੍ਹਾਂਗੇ। ਪਾਰਟੀ ਦੀ ਸੂਝ-ਬੂਝ ਤੇ ਫੈਸਲੇ ਉੱਤੇ ਸਾਨੂੰ ਪੂਰਾ ਭਰੋਸਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8