ਕਾਂਗਰਸ ਨੇ ਬੈਠੇ-ਬਿਠਾਏ ਭਾਜਪਾ ਨੂੰ ''ਵਾਪਸੀ'' ਦਾ ਮੌਕਾ ਦੇ ਦਿੱਤਾ
Tuesday, Jul 17, 2018 - 06:32 AM (IST)

ਵਿਸ਼ਵ ਕੱਪ ਫੁੱਟਬਾਲ ਦਾ ਆਯੋਜਨ ਪੂਰਾ ਹੋ ਗਿਆ ਹੈ। ਲੱਗਦਾ ਹੈ ਕਿ ਕਾਂਗਰਸ ਨੇ 'ਫ਼ੀਫ਼ਾ' ਵਰਲਡ ਕੱਪ ਬਹੁਤ ਧਿਆਨ ਨਾਲ ਦੇਖਿਆ ਹੈ ਅਤੇ ਸੈਲਫ ਗੋਲ ਕਰ ਬੈਠੀ ਹੈ। ਇਹ ਸੈਲਫ ਗੋਲ ਸ਼ਸ਼ੀ ਥਰੂਰ ਅਤੇ ਰਾਹੁਲ ਗਾਂਧੀ ਨੇ ਕੀਤਾ ਹੈ। ਸਿਆਸਤ ਵਿਚ ਚੰਗੇ ਅਕਸ ਦੀ ਕਾਫੀ ਮਹੱਤਤਾ ਹੈ, ਇਹ ਗੱਲ ਰਾਹੁਲ ਗਾਂਧੀ ਨੇ ਬੜੀ ਮੁਸ਼ਕਿਲ ਨਾਲ ਸਿੱਖੀ ਸੀ ਅਤੇ ਗੁਜਰਾਤ, ਕਰਨਾਟਕ ਦੀਆਂ ਚੋਣਾਂ ਵਿਚ ਇਸ 'ਤੇ ਅਮਲ ਵੀ ਕੀਤਾ ਸੀ। ਕਾਂਗਰਸ ਨੂੰ ਇਸ ਦਾ ਫਲ ਵੀ ਮਿਲਣ ਲੱਗਾ ਸੀ, ਜਿਵੇਂ ਗੁਜਰਾਤ ਵਿਚ ਭਾਜਪਾ ਨੂੰ ਸਖਤ ਟੱਕਰ ਅਤੇ ਕਰਨਾਟਕ ਵਿਚ ਭਾਜਪਾ ਨੂੰ ਸੱਤਾ ਤੋਂ ਦੂਰ ਕਰਨਾ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਦੇਸ਼ ਭਰ ਵਿਚ ਰਾਹੁਲ ਗਾਂਧੀ ਦਾ ਅਕਸ ਬਦਲਣ ਲੱਗਾ ਸੀ, ਲੋਕ ਉਨ੍ਹਾਂ ਨੂੰ ਇਕ ਗੰਭੀਰ ਨੇਤਾ ਵਜੋਂ ਲੈਣ ਲੱਗੇ ਸਨ, ਉਨ੍ਹਾਂ ਦਾ ਹਿੰਦੂਵਾਦੀ ਅਕਸ ਕਬੂਲਣ ਲੱਗ ਪਏ ਸਨ। ਭਾਜਪਾ ਨੂੰ ਇਸ ਅਕਸ ਤੋਂ ਇੰਨਾ ਡਰ ਲੱਗਣ ਲੱਗਾ ਸੀ ਕਿ ਉਸ ਦੇ ਨੇਤਾਵਾਂ ਨੇ ਰਾਹੁਲ ਗਾਂਧੀ ਦੇ ਜਨੇਊਧਾਰੀ ਰੂਪ 'ਤੇ ਇੰਨੇ ਵਿਅੰਗ ਕੀਤੇ ਕਿ ਰਾਹੁਲ ਗਾਂਧੀ ਦਾ ਹਿੰਦੂਵਾਦੀ ਅਕਸ ਹੋਰ ਨਿੱਖਰ ਗਿਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਰਾਹੁਲ ਗਾਂਧੀ ਦੇ ਮੰਦਿਰਾਂ ਵਿਚ ਜਾਣ 'ਤੇ ਕਿਸੇ ਮੁਸਲਮਾਨ ਨੂੰ ਕੋਈ ਇਤਰਾਜ਼ ਨਹੀਂ ਸੀ।
ਇਸ ਦਰਮਿਆਨ ਸੋਨੀਆ ਗਾਂਧੀ ਨੇ ਵੀ ਇਕ ਮੀਡੀਆ ਸੰਸਥਾ ਦੇ ਸਮਾਗਮ ਵਿਚ ਬੋਲਦਿਆਂ ਕਿਹਾ ਸੀ ਕਿ ਭਾਜਪਾ ਕਾਂਗਰਸ ਨੂੰ ਕਿਉਂਕਿ ਮੁਸਲਿਮ ਪਾਰਟੀ ਬਣਾਉਣ 'ਤੇ ਉਤਾਰੂ ਹੈ, ਇਸ ਲਈ ਰਾਹੁਲ ਗਾਂਧੀ ਨੂੰ ਆਪਣੇ ਮੰਦਿਰ ਜਾਣ ਵਾਲੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਵਾਇਰਲ ਕਰਨਾ ਪੈ ਰਿਹਾ ਹੈ। ਇਹ ਆਪਣੇ ਆਪ ਵਿਚ ਇਕ ਅਜਿਹੀ ਈਮਾਨਦਾਰੀ ਨਾਲ ਕਬੂਲੀ ਗੱਲ ਸੀ, ਜਿਸ ਦਾ ਭਾਜਪਾ ਨੂੰ ਕੋਈ ਤੋੜ ਨਹੀਂ ਮਿਲ ਰਿਹਾ ਸੀ। ਦੂਜੇ ਪਾਸੇ ਭਾਜਪਾ ਜਾਂ ਇੰਝ ਕਹੋ ਕਿ ਮੋਦੀ ਸਰਕਾਰ ਸਾਧੂਆਂ-ਸੰਤਾਂ ਦੇ ਨਿਸ਼ਾਨੇ 'ਤੇ ਆ ਰਹੀ ਸੀ। ਭਗਤ ਪੁੱਛਣ ਲੱਗ ਪਏ ਸਨ ਕਿ ਰਾਮ ਮੰਦਿਰ ਦਾ ਕੀ ਹੋਇਆ, ਧਾਰਾ 370 ਦਾ ਕੀ ਹੋਇਆ, ਇਕਸਾਰ ਸਿਵਲ ਕੋਡ ਦਾ ਕੀ ਹੋਇਆ? ਇਕ ਪਾਸੇ ਬੇਰੋਜ਼ਗਾਰੀ ਦੇ ਅੰਕੜੇ, ਦੂਜੇ ਪਾਸੇ ਕਿਸਾਨਾਂ ਦਾ ਗੁੱਸਾ, ਤੀਜੇ ਪਾਸੇ ਹਿੰਦੂਵਾਦ ਦੇ ਮੁੱਦੇ 'ਤੇ ਆਪਣਿਆਂ ਵਲੋਂ ਹੀ ਭਾਜਪਾ ਨੂੰ ਘੇਰਨਾ—ਇਸ ਤਿਕੋਣ 'ਚੋਂ ਨਿਕਲਣ ਦਾ ਰਾਹ ਭਾਜਪਾ ਨੂੰ ਸੁੱਝ ਨਹੀਂ ਰਿਹਾ ਸੀ। ਅਖ਼ਬਾਰਾਂ ਵਿਚ ਵੀ ਮੋਦੀ ਸਮਰਥਕ ਕਈ ਲੇਖਕ ਹੁਣ ਮੋਦੀ ਸਰਕਾਰ ਨੂੰ ਸਿੱਖਿਆ ਦੇਣ ਲੱਗ ਪਏ ਸਨ ਕਿ ਉਸ ਨੇ ਗਾਂ ਦੇ ਨਾਂ 'ਤੇ ਗੁੰਡਾਗਰਦੀ ਕਰਨ ਵਾਲਿਆਂ ਦਾ ਹੌਸਲਾ ਵਧਾ ਕੇ ਦਲਿਤਾਂ ਦੇ ਨਾਲ-ਨਾਲ ਉਦਾਰਵਾਦੀ ਹਿੰਦੂਆਂ ਨੂੰ ਵੀ ਪਾਰਟੀ ਤੋਂ ਦੂਰ ਕਰ ਦਿੱਤਾ ਹੈ। ਗੁਜਰਾਤ ਵਿਚ ਮੁਸ਼ਕਿਲ ਨਾਲ ਜਿੱਤਣਾ ਅਤੇ ਕਰਨਾਟਕ ਦਾ ਹੱਥੋਂ ਜਾਣਾ, ਟੀ. ਡੀ. ਪੀ. ਦਾ ਆਂਧਰਾ ਪ੍ਰਦੇਸ਼ ਵਿਚ ਰਾਜਗ ਨਾਲੋਂ ਵੱਖ ਹੋਣਾ, ਯੂ. ਪੀ. ਵਿਚ ਫੂਲਪੁਰ ਅਤੇ ਗੋਰਖਪੁਰ ਤੋਂ ਬਾਅਦ ਕੈਰਾਨਾ ਵਿਚ ਹਾਰ, ਰਾਜਸਥਾਨ 'ਚ ਅਲਵਰ ਅਤੇ ਅਜਮੇਰ ਦੀਆਂ ਲੋਕ ਸਭਾ ਉਪ-ਚੋਣਾਂ 'ਚ ਕਰਾਰੀ ਹਾਰ, ਬਿਹਾਰ ਦੀਆਂ ਉਪ-ਚੋਣਾਂ ਵਿਚ ਹਾਰ ਦਰਮਿਆਨ ਨਿਤੀਸ਼ ਕੁਮਾਰ ਦਾ ਅੱਖਾਂ ਦਿਖਾਉਣਾ ਅਤੇ ਕਸ਼ਮੀਰ ਵਿਚ ਪੀ. ਡੀ. ਪੀ. ਨਾਲੋਂ ਅੱਡ ਹੋਣ ਦੀ ਮਜਬੂਰੀ ਨੂੰ ਕੈਸ਼ ਕਰਨ ਦੀ ਕੋਸ਼ਿਸ਼—ਭਾਜਪਾ ਸੱਚਮੁਚ ਦੋਰਾਹੇ 'ਤੇ ਖੜ੍ਹੀ ਸੀ।
ਭਾਜਪਾ ਨੇ ਕਾਂਗਰਸ ਦੇ ਪੁਰਾਣੇ ਪਾਪਾਂ ਨੂੰ ਕੇਂਦਰ 'ਚ ਰੱਖ ਕੇ ਸਿਆਸੀ ਹਮਲੇ ਤੇਜ਼ ਕਰ ਦਿੱਤੇ। ਐਮਰਜੈਂਸੀ ਨੂੰ ਫਿਰ ਭਾਰਤੀ ਲੋਕਤੰਤਰ ਦੀ ਹੱਤਿਆ ਦੱਸਿਆ ਗਿਆ। ਪੰ. ਨਹਿਰੂ ਤੋਂ ਲੈ ਕੇ ਰਾਜੀਵ ਗਾਂਧੀ ਤਕ ਇਸ ਖਾਨਦਾਨ ਨੂੰ ਦੇਸ਼ ਦੀ ਹਰ ਸਮੱਸਿਆ ਲਈ ਜ਼ਿੰਮੇਵਾਰ ਠਹਿਰਾਇਆ ਗਿਆ। 'ਤਿੰਨ ਤਲਾਕ' ਬਿੱਲ ਨੂੰ ਅਟਕਾਉਣ ਦੇ ਵੀ ਇਸ 'ਤੇ ਦੋਸ਼ ਲੱਗੇ। ਮੋਦੀ ਸਰਕਾਰ ਦੇ ਕੰਮਕਾਜ ਅਤੇ ਯੋਜਨਾਵਾਂ ਨੂੰ ਇਸ ਨਾਲ ਜੋੜ ਕੇ ਦੇਖਿਆ ਗਿਆ ਪਰ ਇਸ ਨਾਲ ਵੀ ਗੱਲ ਨਹੀਂ ਬਣ ਰਹੀ ਸੀ।
ਭਾਜਪਾ ਸਾਹਮਣੇ ਯੂ. ਪੀ. ਸੀ, ਜਿਥੇ ਭੂਆ-ਭਤੀਜੇ (ਮਾਇਆ-ਅਖਿਲੇਸ਼) ਦਾ ਮੇਲ ਕਹਿਰ ਢਾਹ ਸਕਦਾ ਹੈ। ਏ. ਬੀ. ਪੀ. ਨਿਊਜ਼ ਅਤੇ ਸੀ. ਐੱਸ. ਡੀ. ਐੱਸ. ਦਾ ਸਰਵੇਖਣ ਦੱਸਦਾ ਹੈ ਕਿ ਜੇਕਰ ਯੂ. ਪੀ. ਵਿਚ ਸਪਾ, ਬਸਪਾ, ਕਾਂਗਰਸ ਅਤੇ ਰਾਲੋਦ ਇਕ ਹੋ ਗਏ ਤਾਂ ਭਾਜਪਾ ਦੀਆਂ ਸੀਟਾਂ ਦੀ ਗਿਣਤੀ ਇਕਾਈ ਵਿਚ ਰਹਿ ਸਕਦੀ ਹੈ, ਜਦਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ 73 ਸੀਟਾਂ ਜਿੱਤੀਆਂ ਸਨ। ਜਾਤ ਦਾ ਤੋੜ ਧਰਮ ਹੁੰਦਾ ਹੈ ਪਰ ਕਾਂਗਰਸ ਕੋਈ ਮੌਕਾ ਹੱਥੋਂ ਜਾਣ ਨਹੀਂ ਦੇ ਰਹੀ ਸੀ। ਗੁਜਰਾਤ ਵਿਚ ਕਾਂਗਰਸ ਨੇ ਦੰਗਿਆਂ ਦਾ ਜ਼ਿਕਰ ਤਕ ਨਹੀਂ ਕੀਤਾ ਸੀ ਤੇ ਨਾਮਾਤਰ ਮੁਸਲਿਮ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਸਨ। ਕਰਨਾਟਕ ਵਿਚ ਕਾਂਗਰਸ ਨੇ ਲਿੰਗਾਇਤਾਂ ਨੂੰ ਖੁਸ਼ ਕਰਨ ਲਈ ਵੱਖਰੇ ਧਰਮ ਦਾ ਦਰਜਾ ਦੇ ਦਿੱਤਾ ਸੀ। ਇਹ ਸਾਰੇ ਉਹ ਕੰਮ ਸਨ, ਜੋ ਭਾਜਪਾ ਕਰਦੀ ਰਹੀ ਸੀ। ਭਾਜਪਾ ਨਿਰਾਸ਼ ਸੀ, ਅਮਿਤ ਸ਼ਾਹ ਦੁਖੀ ਸਨ ਅਤੇ ਮੋਦੀ ਚਿੰਤਤ ਸਨ ਪਰ ਭਲਾ ਹੋਵੇ ਸ਼ਸ਼ੀ ਥਰੂਰ ਤੇ ਰਾਹੁਲ ਗਾਂਧੀ ਦਾ, ਜਿਨ੍ਹਾਂ ਨੇ ਘਰ ਬੈਠਿਆਂ ਭਾਜਪਾ ਨੂੰ ਵਾਪਸੀ ਕਰਨ ਦਾ ਮੌਕਾ ਦੇ ਦਿੱਤਾ। ਦੇਸ਼ ਵਿਚ ਪਿਛਲੇ ਕੁਝ ਸਾਲਾਂ ਦੌਰਾਨ ਸਿਆਸਤ ਦਾ ਤੇਜ਼ੀ ਨਾਲ ਧਰੁਵੀਕਰਨ ਹੋਇਆ ਹੈ, ਜਿਸ ਦਾ ਸਭ ਤੋਂ ਜ਼ਿਆਦਾ ਫਾਇਦਾ ਭਾਜਪਾ ਨੂੰ ਮਿਲਿਆ ਹੈ। ਭਾਜਪਾ ਦੇ ਨੇਤਾ ਤਾਂ ਸਾਫ ਕਹਿ ਚੁੱਕੇ ਹਨ ਕਿ ਉਹ ਮੁਸਲਿਮ ਵੋਟਾਂ ਤੋਂ ਬਿਨਾਂ ਵੀ ਚੋਣਾਂ ਜਿੱਤਦੇ ਰਹੇ ਹਨ ਤੇ ਅਗਾਂਹ ਵੀ ਉਨ੍ਹਾਂ ਨੂੰ ਇਸ ਵੋਟ ਬੈਂਕ ਦੀ ਲੋੜ ਨਹੀਂ ਹੈ।
ਇਸ ਪਿਛੋਕੜ 'ਚ ਕਾਂਗਰਸ ਪ੍ਰਧਾਨ ਨੇ ਮੁਸਲਿਮ ਬੁੱਧੀਜੀਵੀਆਂ ਨਾਲ ਮੀਟਿੰਗ ਕਰ ਕੇ ਭਾਜਪਾ ਨੂੰ ਇਕ ਮੌਕਾ ਦੇ ਦਿੱਤਾ ਅਤੇ ਬਾਕੀ ਦਾ ਕੰਮ ਉਸ ਬਿਆਨ ਨੇ ਕਰ ਦਿੱਤਾ, ਜੋ ਕਥਿਤ ਤੌਰ 'ਤੇ ਰਾਹੁਲ ਗਾਂਧੀ ਨੇ ਦਿੱਤਾ ਹੀ ਨਹੀਂ ਸੀ ਜਾਂ ਇੰਝ ਕਹੋ ਕਿ ਤੋੜਿਆ-ਮਰੋੜਿਆ ਗਿਆ ਪਰ ਭਾਜਪਾ ਬਿਆਨ ਨੂੰ ਲੈ ਉੱਡੀ। ਖ਼ੁਦ ਮੋਦੀ ਨੇ ਕਾਂਸ਼ੀ ਵਾਲੀ ਰੈਲੀ ਵਿਚ ਕਹਿ ਦਿੱਤਾ ਕਿ ਕਾਂਗਰਸ ਦੱਸੇ ਕਿ ਕੀ ਉਹ ਮੁਸਲਮਾਨਾਂ ਦੀ ਪਾਰਟੀ ਹੈ?
ਮੋਦੀ ਨੇ ਬੜੀ ਚਲਾਕੀ ਨਾਲ ਇਸ ਨੂੰ ਵੀ 'ਤਿੰਨ ਤਲਾਕ' ਦੇ ਮੁੱਦੇ ਨਾਲ ਜੋੜ ਦਿੱਤਾ ਅਤੇ ਕਹਿ ਦਿੱਤਾ ਕਿ ਰਾਹੁਲ ਗਾਂਧੀ ਦੱਸਣ ਕਿ ਕੀ ਕਾਂਗਰਸ ਸਿਰਫ ਮੁਸਲਿਮ ਮਰਦਾਂ ਦੀ ਪਾਰਟੀ ਹੈ। ਇਹ ਇਕ ਅਜਿਹਾ ਬਿਆਨ ਹੈ, ਜੋ ਗੇਮਚੇਂਜਰ ਸਿੱਧ ਹੋ ਸਕਦਾ ਹੈ। ਇਥੋਂ ਤਕ ਕਿ ਇਹ ਸ਼ਸ਼ੀ ਥਰੂਰ ਦੇ 'ਹਿੰਦੂ ਪਾਕਿਸਤਾਨ' ਵਾਲੇ ਬਿਆਨ 'ਤੇ ਵੀ ਭਾਰੀ ਪੈ ਗਿਆ ਹੈ।
ਕਾਂਗਰਸੀ ਬੁਲਾਰਿਆਂ ਨੇ ਆਪਣੇ ਵਲੋਂ ਸੰਭਾਵੀ ਸਿਆਸੀ ਨੁਕਸਾਨ ਨੂੰ ਤਾੜਦਿਆਂ ਰਾਹੁਲ ਗਾਂਧੀ ਦੇ ਬਿਆਨ ਦਾ ਮਤਲਬ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਜਦੋਂ ਤਕ ਰਾਹੁਲ ਗਾਂਧੀ ਖ਼ੁਦ ਅੱਗੇ ਆ ਕੇ ਗੱਲ ਸਪੱਸ਼ਟ ਨਹੀਂ ਕਰਦੇ, ਉਦੋਂ ਤਕ ਨੁਕਸਾਨ ਦੀ ਪੂਰਤੀ ਨਹੀਂ ਹੋ ਸਕਦੀ ਪਰ ਵੱਡਾ ਸਵਾਲ ਤਾਂ ਇਹ ਹੈ ਕਿ ਆਖਿਰ ਅਜਿਹੇ ਬਿਆਨਾਂ ਦੀ ਲੋੜ ਹੀ ਕਿਉਂ ਪਈ?
ਕਾਂਗਰਸ ਲਈ ਇਹ ਮੌਕਾ ਸੀ ਮੋਦੀ ਸਰਕਾਰ ਨੂੰ ਉਸ ਦੀਆਂ ਯੋਜਨਾਵਾਂ ਨੂੰ ਲੈ ਕੇ ਘੇਰਨ ਦਾ, ਦਲਿਤਾਂ ਤੇ ਪੱਛੜਿਆਂ ਨੂੰ ਮੁੜ ਆਪਣੇ ਵੱਲ ਖਿੱਚਣ ਦਾ। ਸਿਆਸੀ ਰਣਨੀਤੀ ਇਸ ਦੇ ਆਸ-ਪਾਸ ਬਣਾਈ ਜਾਣੀ ਚਾਹੀਦੀ ਸੀ, ਖਾਸ ਤੌਰ 'ਤੇ ਪੱਛੜਿਆ ਵੋਟ ਬੈਂਕ। ਪਿਛਲੀਆਂ ਲੋਕ ਸਭਾ ਚੋਣਾਂ ਵਿਚ 34 ਫੀਸਦੀ ਓ. ਬੀ. ਸੀ. ਨੇ ਭਾਜਪਾ ਨੂੰ ਵੋਟਾਂ ਦਿੱਤੀਆਂ ਸਨ, ਜਦਕਿ ਕਾਂਗਰਸ ਨੂੰ ਇਸ ਵਰਗ ਦੀਆਂ ਸਿਰਫ 15 ਫੀਸਦੀ ਵੋਟਾਂ ਮਿਲੀਆਂ ਸਨ।
ਇਸੇ ਤਰ੍ਹਾਂ 2009 ਵਿਚ ਕਾਂਗਰਸ ਨੂੰ ਓ. ਬੀ. ਸੀ. ਦੀਆਂ 24 ਫੀਸਦੀ ਵੋਟਾਂ ਮਿਲੀਆਂ ਸਨ। ਕਾਂਗਰਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਉਸ ਨੇ ਭਾਜਪਾ ਨੂੰ ਸੱਚਮੁਚ ਟੱਕਰ ਦੇਣੀ ਹੈ ਤਾਂ ਮੁਸਲਮਾਨਾਂ ਦੀ ਥਾਂ ਦਲਿਤ ਅਤੇ ਓ. ਬੀ. ਸੀ. ਵੋਟ ਬੈਂਕ ਵਿਚ ਸੰਨ੍ਹ ਲਾਵੇ। ਰਾਹੁਲ ਗਾਂਧੀ ਦੇ ਮੰਦਿਰਾਂ ਵਿਚ ਜਾਣ ਦੇ ਬਾਵਜੂਦ ਮੁਸਲਮਾਨ ਕਾਂਗਰਸ ਨੂੰ ਵੋਟਾਂ ਪਾਉਣਗੇ। ਕਾਂਗਰਸ ਫਿਰ ਉਹੀ ਭੁੱਲ ਕਰਦੀ ਆ ਰਹੀ ਹੈ, ਜਿਸ ਵੱਲ ਐਂਟੋਨੀ ਕਮੇਟੀ ਨੇ ਇਸ਼ਾਰਾ ਕੀਤਾ ਸੀ। ਇਸ ਕਮੇਟੀ ਦਾ ਮੰਨਣਾ ਸੀ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਹਾਰ ਇਸ ਕਰਕੇ ਵੀ ਹੋਈ ਸੀ ਕਿ ਲੋਕ ਉਸ ਨੂੰ 'ਮੁਸਲਿਮ ਪਾਰਟੀ' ਮੰਨਣ ਲੱਗ ਪਏ ਸਨ।
ਅੱਜ ਵੀ ਇਕ ਵੱਡਾ ਵਰਗ ਮੋਦੀ ਸਰਕਾਰ ਤੋਂ ਨਾਰਾਜ਼ ਹੈ ਪਰ ਉਹ ਕਾਂਗਰਸ ਨੂੰ ਵੀ ਵੋਟ ਨਹੀਂ ਦੇਣਾ ਚਾਹੁੰਦਾ। ਉਸ ਦੀ ਨਜ਼ਰ ਵਿਚ ਕਾਂਗਰਸ ਮੁਸਲਿਮ ਪਾਰਟੀ ਹੈ। ਰਾਹੁਲ ਗਾਂਧੀ ਦੇ ਰਣਨੀਤੀਕਾਰਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਇਸ ਦਾਗ਼ ਨੂੰ ਮਿਟਾਇਆ ਜਾਵੇ ਪਰ ਤਾਜ਼ਾ ਬਿਆਨਾਂ ਤੋਂ ਬਾਅਦ ਇਹ ਦਾਗ਼ ਮਿਟਦਾ ਨਜ਼ਰ ਨਹੀਂ ਆ ਰਿਹਾ। vijayv@abpnews.in