ਮਾਸਕ ਦੀ ਵਾਪਸੀ! ਫਿਰ ਆ ਗਿਆ ਕਰੋਨਾ, ਲਾਪਰਵਾਹੀ ਪਵੇਗੀ ਭਾਰੀ
Monday, May 26, 2025 - 05:17 PM (IST)

ਨੈਸ਼ਨਲ ਡੈਸਕ : ਮਾਸਕ ਦੀ ਵਾਪਸੀ ਹੋ ਰਹੀ ਹੈ। ਦੇਸ਼ ਵਿੱਚ ਕੋਵਿਡ ਵਾਇਰਸ ਦੀ ਵਾਪਸੀ ਨੇ ਫਿਰ ਤੋਂ ਲੋਕਾਂ ਵਿੱਚ ਚਿੰਤਾ ਵਧਾ ਦਿੱਤੀ ਹੈ। ਦਿੱਲੀ, ਕੇਰਲਾ ਅਤੇ ਮਹਾਰਾਸ਼ਟਰ ਵਰਗੇ ਰਾਜਾਂ 'ਚ ਕੋਰੋਨਾ ਦੇ ਮਾਮਲਿਆਂ 'ਚ ਅਚਾਨਕ ਵਾਧਾ ਹੋਇਆ ਹੈ, ਜਿਸ ਕਾਰਨ ਹਸਪਤਾਲਾਂ ਤੋਂ ਲੈ ਕੇ ਦਫ਼ਤਰਾਂ ਤੱਕ ਕੋਵਿਡ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ। ਕਈ ਨਿੱਜੀ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਦਫ਼ਤਰ ਵਿੱਚ ਮਾਸਕ ਪਾਉਣ ਅਤੇ ਸੋਸ਼ਲ ਡਿਸਟੈਂਸਿੰਗ ਦੀ ਸਲਾਹ ਦੇਣੀ ਸ਼ੁਰੂ ਕਰ ਦਿੱਤੀ ਹੈ।
ਮਾਹਿਰ ਦੱਸਦੇ ਹਨ ਕਿ ਮੌਸਮ ਬਦਲਣ ਕਾਰਨ ਜਿਥੇ ਫਲੂ ਦੇ ਕੇਸ ਆਉਂਦੇ ਹਨ, ਉੱਥੇ ਕੋਵਿਡ ਦੀ ਜਾਂਚ ਦੌਰਾਨ ਨਵੇਂ ਰੂਪ ਵੀ ਸਾਹਮਣੇ ਆ ਰਹੇ ਹਨ। JN.1 ਅਤੇ NB.1.8.1 ਵੈਰੀਐਂਟ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਹਾਲਾਂਕਿ ਇਹ ਪਹਿਲੇ ਵੈਰੀਐਂਟਾਂ ਦੀ ਤੁਲਨਾ ਵਿੱਚ ਘੱਟ ਖਤਰਨਾਕ ਹਨ, ਪਰ ਇਨ੍ਹਾਂ ਦੇ ਲੱਛਣ ਖਾਂਸੀ, ਜ਼ੁਕਾਮ ਵਰਗੇ ਆਮ ਹਨ। ਲਾਪਰਵਾਹੀ ਤੋਂ ਬੱਚਣਾ ਚਾਹੀਦਾ ਹੈ। ਫਿਲਹਾਲ ਲੋੜ ਹੈ ਕਿ ਭੀੜ-ਭਾੜ ਵਾਲੇ ਇਲਾਕਿਆਂ ਅੰਦਰ ਮਾਸਕ ਲਗਾਓ ਅਤੇ ਲੱਛਣ ਨਜ਼ਰ ਆਉਣ ਉੱਤੇ ਆਪਣਾ ਟੈਸਟ ਜ਼ਰੂਰ ਕਰਵਾਓ। ਜੇਕਰ ਘਰ ਵਿੱਚ ਕੋਈ ਬੱਚਾ ਜਾਂ ਬਜ਼ੁਰਗ ਹੈ ਤਾਂ ਉਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖੋ।
ਕਿੰਨੇ ਮਾਮਲੇ ਅਤੇ ਕਿੰਨੀ ਚਿੰਤਾ?
ਹਾਲੀਆ ਅੰਕੜਿਆਂ ਮੁਤਾਬਕ, ਕੋਵਿਡ ਦੇ ਸਰਗਰਮ (ਐਕਟੀਵ) ਮਰੀਜ਼ਾਂ ਦੀ ਗਿਣਤੀ 1000 ਤੋਂ ਪਾਰ ਹੋ ਗਈ ਹੈ। ਹਾਲਾਂਕਿ ਕੋਵਿਡ ਕਾਰਨ ਮੌਤਾਂ ਦੀ ਗਿਣਤੀ ਵਿਚ ਵਾਧਾ ਨਹੀਂ ਹੋਇਆ, ਪਰ ਜਿਨ੍ਹਾਂ ਮਰੀਜ਼ਾਂ ਨੂੰ ਪਹਿਲਾਂ ਤੋਂ ਹੀ ਕੋਈ ਗੰਭੀਰ ਬੀਮਾਰੀ ਹੈ, ਉਨ੍ਹਾਂ ਲਈ ਇਹ ਵਾਇਰਸ ਜ਼ਿਆਦਾ ਹਾਨੀਕਾਰਕ ਹੋ ਸਕਦਾ ਹੈ।
ਕੀ ਮੌਤਾਂ ਹੁਣ ਵੀ ਕੋਵਿਡ ਕਰਕੇ ਹੋ ਰਹੀਆਂ ਹਨ?
ਮਾਹਿਰਾਂ ਨੇ ਸਪਸ਼ਟ ਕੀਤਾ ਕਿ ਕਈ ਵਾਰ ਜਿਨ੍ਹਾਂ ਮਰੀਜ਼ਾਂ ਦੀ ਮੌਤ ਹੋਈ, ਉਹ ਪਹਿਲਾਂ ਹੀ ਕਿਸੇ ਹੋਰ ਬੀਮਾਰੀ ਕਾਰਨ ਗੰਭੀਰ ਹਾਲਤ ਵਿੱਚ ਹੁੰਦੇ ਹਨ। ਜੇ ਉਹ ਕੋਵਿਡ ਪਾਜ਼ਿਟਿਵ ਮਿਲਦੇ ਹਨ ਤਾਂ ਉਨ੍ਹਾਂ ਦੀ ਮੌਤ ਨੂੰ ਵੀ ਕੋਵਿਡ ਮੌਤ ਦਰਜ ਕਰ ਲਿਆ ਜਾਂਦਾ ਹੈ, ਪਰ ਦਰਅਸਲ ਮੌਤ ਦਾ ਕਾਰਨ ਹੋਰ ਹੁੰਦਾ ਹੈ। ਘਬਰਾਉਣ ਦੀ ਲੋੜ ਨਹੀਂ ਹੈ। ਜ਼ਰੂਰੀ ਹੈ ਕਿ ਨਵੇਂ ਵਾਇਰਸ 'ਤੇ ਨਜ਼ਰ ਰੱਖੀ ਜਾਵੇ ਅਤੇ ਇਸ ਦੇ ਲੱਛਣਾ ਉੱਤੇ ਵੀ। ਲੱਛਣ ਜੇਕਰ ਹਲਕੇ ਹਨ ਤਾਂ ਕਰੋਨਾ ਤੋਂ ਕੋਈ ਖ਼ਤਰਾ ਨਹੀਂ ਹੋਵੇਗਾ, ਅਜਿਹੀ ਸੰਭਾਵਨਾ ਹੈ।
ਬਚਾਅ ਦੀਆਂ ਸਲਾਹਾਂ
- ਮਾਸਕ ਲਗਾ ਕੇ ਬਾਹਰ ਜਾਣਾ।
-
ਭੀੜ ਵਾਲੀਆਂ ਥਾਵਾਂ ਤੋਂ ਬਚਣਾ।
-
ਫਲੂ ਜਾਂ ਕੋਵਿਡ ਦੇ ਲੱਛਣ ਹੋਣ 'ਤੇ ਤੁਰੰਤ ਟੈਸਟ ਕਰਵਾਉਣਾ।
-
ਘਰ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਦੀ ਸੰਭਾਲ ਕਰੋ।