ਚੀਨ ਦੀ ‘ਓ. ਬੀ. ਓ. ਆਰ.’ ਯੋਜਨਾ ਦੀ ਕਾਟ ਲਈ ਟਰੰਪ ਨੇ ਦਿੱਤੀ 60 ਅਰਬ ਡਾਲਰ ਦੀ ਯੋਜਨਾ ਨੂੰ ਹਰੀ ਝੰਡੀ

Thursday, Oct 18, 2018 - 06:35 AM (IST)

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਨੂੰ ਕੌਮਾਂਤਰੀ ਪੱਧਰ ’ਤੇ ਘੇਰਨ ਲਈ ਹਰ ਤਰ੍ਹਾਂ ਦੇ ਦਾਅ ਖੇਡ ਰਹੇ ਹਨ। ਟਰੰਪ ਨੇ ਹੁਣ ਚੀਨ ਦੀ  ਖਾਹਿਸ਼ੀ ਯੋਜਨਾ ‘ਵਨ ਬੈਲਟ ਵਨ ਰੋਡ’ (ਓ. ਬੀ. ਓ. ਆਰ.) ਦੀ ਕਾਟ ਅਤੇ ਪੇਈਚਿੰਗ ਦੇ ਭੂ-ਸਿਆਸੀ ਪ੍ਰਭਾਵ ਨੂੰ ਨਰਮ ਕਰਨ ਲਈ ਇਕ ਅਹਿਮ ਬਿੱਲ ’ਤੇ ਦਸਤਖਤ ਕੀਤੇ ਹਨ। ਇਸ ਦੇ ਤਹਿਤ ਹੁਣ ਇਕ ਨਵੀਂ ਵਿਦੇਸ਼ੀ ਸਹਾਇਤਾ ਏਜੰਸੀ ਬਣੇਗੀ, ਜੋ ਅਫਰੀਕਾ, ਏਸ਼ੀਆ ਤੇ ਅਮਰੀਕੀ ਦੇਸ਼ਾਂ ’ਚ ਬੁਨਿਆਦੀ ਯੋਜਨਾਵਾਂ ਲਈ ਆਰਥਿਕ ਮਦਦ ਦੇਵੇਗੀ।
‘ਯੂ. ਐੱਸ. ਇੰਟਰਨੈਸ਼ਨਲ ਡਿਵੈੱਲਪਮੈਂਟ ਫਾਈਨਾਂਸ ਕਾਰਪ’ ਨਾਂ ਦੀ ਇਹ ਕੰਪਨੀ ਅਫਰੀਕਾ, ਏਸ਼ੀਆ ਅਤੇ ਅਮਰੀਕੀ ਦੇਸ਼ਾਂ ਨੂੰ 60 ਅਰਬ ਡਾਲਰ ਦੇ ਕਰਜ਼ੇ ਅਤੇ ਕਰਜ਼ਾ ਗਾਰੰਟੀ ਦੇ ਸਕਦੀ ਹੈ। ਇਸ ਤੋਂ ਇਲਾਵਾ ਜੋ ਕੰਪਨੀਆਂ ਇਨ੍ਹਾਂ ਵਿਕਾਸਸ਼ੀਲ ਦੇਸ਼ਾਂ ’ਚ ਬਿਜ਼ਨੈੱਸ ਕਰਨ ਦੀਆਂ ਚਾਹਵਾਨ ਹੋਣਗੀਆਂ, ਉਨ੍ਹਾਂ ਨੂੰ ‘ਇੰਸ਼ੋਰੈਂਸ’ ਦੇ ਸਕਦੀ ਹੈ। 
ਟਰੰਪ ਨੇ ਪਿਛਲੇ ਹਫਤੇ ਇਸ ਬਿੱਲ ’ਤੇ ਦਸਤਖਤ ਕੀਤੇ ਹਨ, ਹਾਲਾਂਕਿ ਟਰੰਪ ਦਾ ਇਹ ਕਦਮ ਉਨ੍ਹਾਂ ਵਲੋਂ 2015 ’ਚ ਚੋਣ ਪ੍ਰਚਾਰ ਦੌਰਾਨ ਦਿੱਤੇ ਗਏ ਬਿਆਨ ਦੇ ਇਕਦਮ ਉਲਟ ਹੈ। ਉਸ ਦੌਰਾਨ ਟਰੰਪ ਆਪਣੇ ਭਾਸ਼ਣਾਂ ’ਚ ਵਿਦੇਸ਼ੀ ਸਹਾਇਤਾ ਦੀ ਆਲੋਚਨਾ ਕਰਦੇ ਸਨ। 
ਅਸਲ ’ਚ ਟਰੰਪ ਦੇ ਸਟੈਂਡ ’ਚ ਤਬਦੀਲੀ ਪਿੱਛੇ ਉਨ੍ਹਾਂ ਦੀ ਕੋਸ਼ਿਸ਼ ਚੀਨ ਨੂੰ ਆਰਥਿਕ, ਤਕਨੀਕੀ ਅਤੇ ਸਿਆਸੀ ਤੌਰ ’ਤੇ ਅਲੱਗ-ਥਲੱਗ ਕਰਨ ਦੀ ਹੈ। ਚੀਨ ਏਸ਼ੀਆ, ਪੂਰਬੀ ਯੂਰਪ ਅਤੇ ਅਫਰੀਕਾ ’ਚ ਵੱਡੀ ਪ੍ਰਭੂਸੱਤਾ ਹਾਸਲ ਕਰਨ ਲਈ ਉਥੇ ਵੱਡੇ ਪੱਧਰ ’ਤੇ ਨਿਵੇਸ਼ ਕਰ ਰਿਹਾ ਹੈ। 
ਰਿਪਬਲਿਕਨ ਨੁਮਾਇੰਦੇ ਟੇਡ ਯੋਹੋ ਨੇ ਕਿਹਾ, ‘‘ਹੁਣ ਟਰੰਪ ਅੱਗ ਹੱਥ ’ਚ ਲੈ ਕੇ ਅੱਗ ਨਾਲ ਹੀ ਖੇਡਣਾ ਚਾਹੁੰਦੇ ਹਨ। ਮੈਂ ਵੀ ਬਦਲ ਚੁੱਕਾ ਹਾਂ ਤੇ ਮੈਨੂੰ ਲੱਗਦਾ ਹੈ ਕਿ ਹੁਣ ਟਰੰਪ ਵੀ ਬਦਲ ਚੁੱਕੇ ਹਨ। ਇਹ ਸਭ ਕੁਝ ਚੀਨ ਲਈ ਹੋ ਰਿਹਾ ਹੈ’’
ਟਰੰਪ ਦੀ ਇਸ ਕੋਸ਼ਿਸ਼ ਨੂੰ ਚੀਨ ਦੇ ਦੁਨੀਆ ’ਚ ਵਧਦੇ ਆਰਥਿਕ ਤੇ ਸਿਆਸੀ ਪ੍ਰਭਾਵ ਨੂੰ ਘੱਟ ਕਰਨ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਟਰੰਪ ਵਪਾਰ ਜੰਗ ਸ਼ੁਰੂ ਕਰਦਿਆਂ ਚੀਨ ’ਤੇ ਇਸ ਸਾਲ ਹੁਣ ਤਕ 250 ਅਰਬ ਡਾਲਰ ਦੇ ਟੈਕਸ ਲਾ ਚੁੱਕੇ ਹਨ। ਪਿਛਲੇ ਹਫਤੇ ਅਮਰੀਕਾ ਨੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਉਹ ਚੀਨ ਨੂੰ ਬਰਾਮਦ ਕੀਤੀ ਜਾਣ ਵਾਲੀ ਸਿਵਲ ਪ੍ਰਮਾਣੂ ਤਕਨੀਕ ’ਚ ਵੀ ਕਮੀ ਕਰੇਗਾ। 
ਚੀਨ ਨੇ ਪਾਕਿਸਤਾਨ ਤੇ ਨਾਈਜੀਰੀਆ ’ਚ  ਸਭ ਤੋਂ ਵੱਧ ਨਿਵੇਸ਼ ਕੀਤਾ ਹੋਇਆ ਹੈ। ਚੀਨ ਦੀ ਖਾਹਿਸ਼ੀ ਯੋਜਨਾ ‘ਓ. ਬੀ. ਓ. ਆਰ.’ ਪਾਕਿਸਤਾਨ ’ਚੋਂ ਹੋ ਕੇ ਹੀ ਲੰਘਦੀ ਹੈ। ਅਸਲ ’ਚ ਚੀਨ ਦਾ ਇਰਾਦਾ ਆਪਣੇ ਨਿਵੇਸ਼ ਦੇ ਜ਼ਰੀਏ ਭੂ-ਸਿਆਸੀ ਪ੍ਰਭਾਵ, ਕੁਦਰਤੀ ਸੋਮੇ ਅਤੇ ਤੇਲ ’ਤੇ ਅਧਿਕਾਰ ਜਮਾਉਣ ਦਾ ਹੈ। ਇਸ ਤੋਂ ਇਲਾਵਾ ਚੀਨ ਇਨ੍ਹਾਂ ਦੇਸ਼ਾਂ ’ਚ ਕਈ ਪ੍ਰਾਜੈਕਟਾਂ ’ਤੇ ਮੋਟੀ ਰਕਮ ਖਰਚ ਕਰ ਰਿਹਾ ਹੈ, ਜਦਕਿ ਉਹ ਇਹ ਵੀ ਜਾਣਦਾ ਹੈ ਕਿ ਉਸ ਨੂੰ ਇਥੋਂ ਕੁਝ ਨਹੀਂ ਮਿਲਣ ਵਾਲਾ। 
ਪਿਛਲੇ ਮਹੀਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਸੀ ਕਿ ਉਹ ਅਫਰੀਕਾ ਨੂੰ 60 ਅਰਬ ਡਾਲਰ ਦੀ ਮਾਲੀ ਸਹਾਇਤਾ ਦੇਵੇਗਾ। ਸੀਨੇਟ ਫਾਰੇਨ ਰਿਲੇਸ਼ਨ ਕਮੇਟੀ ਦੇ ਚੇਅਰਮੈਨ ਬੌਬ ਕ੍ਰਾਕਰ (ਰਿਪਬਲਿਕਨ ਸੀਨੇਟਰ) ਨੇ ਕਿਹਾ ਕਿ ਇਹ ਕੋਸ਼ਿਸ਼ ਇਕ ਤਰ੍ਹਾਂ ਨਾਲ ਰਣਨੀਤਕ ਸ਼ਿਫਟ ਹੈ। 
ਟਰੰਪ ਸ਼ਾਇਦ ਸਿੱਖ ਰਹੇ ਹਨ ਕਿ ਫੌਜੀ ਤਾਕਤ ਹੀ ਇਕੱਲੀ ਤਾਕਤ ਨਹੀਂ ਹੁੰਦੀ ਤੇ ਚੀਨ ਨਾਲ ਮੁਕਾਬਲਾ ਕਰਨ ਲਈ ਇਹ ਇਕ ਇਕੱਲੀ ਤਾਕਤ ਕਾਫੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ‘‘ਅਸੀਂ ਦੇਖ ਰਹੇ ਹਾਂ ਕਿ ਚੀਨ ਪੂਰੇ ਅਫਰੀਕਾ ਅਤੇ ਦੱਖਣੀ ਅਫਰੀਕਾ ’ਚ ਨਿਵੇਸ਼ ਕਰ ਰਿਹਾ ਹੈ। ਹੁਣ ਅਸੀਂ ਵੀ ਜਾਗ ਗਏ ਹਾਂ ਤੇ ਸਾਨੂੰ ਵੀ ਇਨ੍ਹਾਂ ਦੇਸ਼ਾਂ ’ਚ ਨਿਵੇਸ਼ ਕਰਨਾ ਪਵੇਗਾ।’’
ਏਸ਼ੀਆ, ਅਫਰੀਕਾ ਤੇ ਯੂਰਪ ’ਚ ਚੀਨ ਦੇ ਵਧਦੇ ਪ੍ਰਭਾਵ ਤੋਂ ਅਮਰੀਕਾ ਚਿੰਤਤ ਹੈ। ਪਿਛਲੇ 5 ਸਾਲਾਂ ਤੋਂ ਚੀਨ ਇਨ੍ਹਾਂ ਥਾਵਾਂ ’ਤੇ ਵੱਡੇ ਪ੍ਰਾਜੈਕਟਾਂ ’ਚ ਆਪਣਾ ਪੈਸਾ ਲਾ ਰਿਹਾ ਹੈ। ਇਸ ਤੋਂ ਇਲਾਵਾ ਚੀਨ ਅਜਿਹੇ ਦੇਸ਼ਾਂ ’ਤੇ ਵੀ ਜਾਲ ਸੁੱਟਦਾ ਹੈ, ਜਿਥੋਂ ਉਸ ਨੂੰ ਆਉਣ ਵਾਲੇ ਸਮੇਂ ’ਚ ਸਿਆਸੀ ਫਾਇਦਾ ਹੋ ਸਕਦਾ ਹੈ। ਕਰਜ਼ੇ, ਗ੍ਰਾਂਟ ਅਤੇ ਨਿਵੇਸ਼ ਲਈ ਪੈਸੇ ਦੇ ਕੇ ਚੀਨ ਅਫਰੀਕਾ ਆਦਿ ਦੇਸ਼ਾਂ ਨੂੰ ਆਪਣੇ ਵੱਲ ਕਰਨ ’ਚ ਜੁਟਿਆ ਹੋਇਆ ਹੈ। ਜਿਬੂਤੀ ਅਤੇ ਸ਼੍ਰੀਲੰਕਾ ਨੂੰ ਫਸਾਉਣ ਦੇ ਪਲਾਨ ’ਤੇ ਉਹ ਪਹਿਲਾਂ ਹੀ ਕੰਮ ਕਰ ਰਿਹਾ ਹੈ। ਚੀਨ ਦੀ ਚਾਲ ਪਾਕਿਸਤਾਨ, ਸ਼੍ਰੀਲੰਕਾ, ਮਾਲਦੀਵ, ਜਿਬੂਤੀ, ਮਿਆਂਮਾਰ ਵਰਗੇ ਦੇਸ਼ਾਂ ਨੂੰ ਸਮਝ ਤਾਂ ਆ ਰਹੀ ਹੈ ਪਰ ਉਹ ਕੁਝ ਕਰਨ ’ਚ ਸਫਲ ਨਹੀਂ ਹੋ ਰਹੇ।
ਜ਼ਿਕਰਯੋਗ ਹੈ ਕਿ ਓ. ਬੀ. ਓ. ਆਰ. ਯੋਜਨਾ ਦਾ ਨਿਰਮਾਣ ‘ਸਿਲਕ ਰੋਡ’ ਦੀ ਤਰਜ਼ ’ਤੇ ਕੀਤਾ ਜਾ ਰਿਹਾ ਹੈ। ਜੇਕਰ ਫੰਡ ਨਾਲ ਮੁਕਾਬਲੇ ਦੀ ਗੱਲ ਕਰੀਏ ਤਾਂ ਟਰੰਪ ਦੀ ਯੋਜਨਾ ਇਕ ਖਰਬ ਡਾਲਰ ਤੋਂ ਜ਼ਿਆਦਾ ਦੀ ‘ਓ. ਬੀ. ਓ. ਆਰ.’ ਯੋਜਨਾ ਦੇ ਸਾਹਮਣੇ ਕਿਤੇ ਨਹੀਂ ਟਿਕਦੀ ਪਰ ਜਿਹੜੇ ਦੇਸ਼ਾਂ ਦਾ ਭਰੋਸਾ ਚੀਨ ਗੁਆ ਚੁੱਕਾ ਹੈ, ਉਨ੍ਹਾਂ ਨੂੰ ਹੁਣ ਅਮਰੀਕਾ ਤੋਂ ਮਦਦ ਮਿਲ ਸਕੇਗੀ। 
                              


Related News