ਚੀਨ ਆਪਣੀਆਂ ਤਕਨੀਕੀ ਕੰਪਨੀਆਂ ਕੋਲੋਂ ਕਰਾ ਰਿਹਾ ਸੀ ਅਮਰੀਕੀ ਫੌਜੀ ਬੇਸ ਦੀ ਜਾਸੂਸੀ

08/04/2022 12:38:33 AM

ਚੀਨ ਦੁਨੀਆ ਭਰ ਦੇ ਉਨ੍ਹਾਂ ਦੇਸ਼ਾਂ ਦੀ ਜਾਸੂਸੀ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਉਂਦਾ ਹੈ ਜਿਨ੍ਹਾਂ ਦੀ ਜਾਸੂਸੀ ਕਰਨ ਨਾਲ ਉਹ ਆਪਣੇ ਬਾਰੇ ’ਚ ਉਨ੍ਹਾਂ ਦੇ ਭੇਤ ਜਾਣ ਸਕੇ ਅਤੇ ਉਨ੍ਹਾਂ ਦੀਆਂ ਤਕਨੀਕਾਂ ਨੂੰ ਚੋਰੀ ਕਰ ਸਕੇ। ਚੀਨ ਦੇ ਵਪਾਰੀ, ਵਿਦਿਆਰਥੀ, ਤਕਨੀਸ਼ੀਅਨ, ਸੈਲਾਨੀ ਹਰ ਵਰਗ ਦੇ ਚੀਨੀ ਆਪਣੇ ਦੇਸ਼ ਲਈ ਦੂਜੇ ਦੇਸ਼ਾਂ ’ਚ ਜਾਸੂਸੀ ਕਰਦੇ ਹਨ। ਹਾਲ ਦੇ ਸਾਲਾਂ ’ਚ ਚੀਨ ਨੇ ਆਪਣੀ ਤਕਨੀਕ ਦੀ ਵਰਤੋਂ ਵੀ ਜਾਸੂਸੀ ਲਈ ਕਰਨੀ ਸ਼ੁਰੂ ਕਰ ਦਿੱਤੀ। ਇਨ੍ਹਾਂ ’ਚ ਚੀਨ ’ਚ ਬਰਾਮਦ ਲਈ ਬਣਾਏ ਗਏ ਚੀਨੀ ਮੋਬਾਇਲ ਫੋਨ ਦੀ ਵਰਤੋਂ ਵੀ ਕੀਤੀ ਜਾਂਦੀ ਰਹੀ ਹੈ ਜਿਸ ’ਚ ਇਕ ਲੁਕਿਆ ਹੋਇਆ ਕੈਮਰਾ ਲੱਗਾ ਰਹਿੰਦਾ ਹੈ। ਕਿਉਂਕਿ ਚੀਨੀ ਮੋਬਾਇਲ ਫੋਨ ਕੰਪਨੀਆਂ ਦਾ ਸਰਵਰ ਚੀਨ ’ਚ ਹੁੰਦਾ ਹੈ ਤਾਂ ਚੀਨ ਕਦੀ ਵੀ ਉਸ ਕੈਮਰੇ ਰਾਹੀਂ ਰਿਕਾਰਡ ਕੀਤੀ ਗਈ ਤਸਵੀਰ, ਵੀਡੀਓ ਦੇਖ ਸਕਦਾ ਹੈ। ਫੋਨ ’ਚ ਲੱਗੇ ਜੀ. ਪੀ. ਐੱਸ. ਤੋਂ ਉਹ ਉਨ੍ਹਾਂ ਤਸਵੀਰਾਂ ਦੀ ਨਕਸ਼ੇ ਉਤੇ ਲੋਕੇਸ਼ਨ ਵੀ ਪਤਾ ਲਗਾ ਲੈਂਦਾ ਹੈ।

ਹਾਲ ਹੀ ’ਚ ਅਮਰੀਕਾ ਨੇ ਚੀਨ ’ਤੇ ਆਪਣੀ ਜਾਸੂਸੀ ਕਰਨ ਦਾ ਖੁਲਾਸਾ ਕਰ ਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਇਸ ਜਾਸੂਸੀ ’ਚ ਚੀਨ ਨੇ ਆਪਣੇ ਆਦਮੀ ਨਹੀਂ ਸਗੋਂ ਤਕਨੀਕ ਲਗਾਈ ਸੀ। ਜਿਸ ਤਕਨੀਕ ਨੂੰ ਦੁਨੀਆ ਦੇ ਦੇਸ਼ਾਂ ਨੇ ਜਾਸੂਸੀ ਦੇ ਨਾਂ ’ਤੇ ਨਕਾਰ ਦਿੱਤਾ, ਉਸੇ ਤਕਨੀਕੀ ਕੰਪਨੀ ਹੁਆਵੇ ’ਤੇ ਅਮਰੀਕਾ ਦੀ ਜਾਸੂਸੀ ’ਚ ਸ਼ਾਮਲ ਹੋਣ ਦਾ ਦੋਸ਼ ਲੱਗਾ ਹੈ। ਦਰਅਸਲ ਇਕ ਅਮਰੀਕੀ ਫੌਜੀ ਬੇਸ ਦੇ ਨੇੜੇ ਚੀਨ ਨੇ ਧੋਖੇ ਨਾਲ ਇਕ ਟਾਵਰ ਲਾ ਰੱਖਿਆ ਸੀ ਜਿਸ ’ਚ ਹੁਆਵੇ 5-ਜੀ ਦਾ ਮੋਬਾਇਲ ਨੈੱਟਵਰਕ ਯੰਤਰ ਲੱਗਾ ਹੋਇਆ ਸੀ, ਹਾਲਾਂਕਿ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦੇ ਕੇ ਅਮਰੀਕਾ ਨੇ ਇਸ ਦੇ ਬਾਰੇ ’ਚ ਜ਼ਿਅਾਦਾ ਖੁਲਾਸਾ ਨਹੀਂ ਕੀਤਾ।

ਇਸ ਟਾਵਰ ’ਤੇ ਕਿਸੇ ਦਾ ਧਿਆਨ ਨਹੀਂ ਸੀ ਅਤੇ ਜਿਸ ਅਮਰੀਕੀ ਫੌਜੀ ਬੇਸ ਦੇ ਨੇੜੇ ਇਹ ਲੱਗਾ ਸੀ ਉੱਥੇ ਅਮਰੀਕਾ ਚੀਨ ਦੇ ਵਿਰੁੱਧ ਜੰਗ ਦੀ ਮੌਕਡ੍ਰਿਲ ਕਰਦਾ ਹੁੰਦਾ ਸੀ ਭਾਵ ਨਕਲੀ ਜੰਗ ਹਾਲਤਾਂ ਦੀ ਸਿਖਲਾਈ ਆਪਣੇ ਫੌਜੀਆਂ ਨੂੰ ਦਿੰਦਾ ਸੀ। ਇਸ ਫੌਜੀ ਬੇਸ ’ਤੇ ਬੜੇ ਮਹੱਤਵਪੂਰਨ ਅਤੇ ਸਰਵਉੱਚ ਸ਼੍ਰੇਣੀ ਦੇ ਹਥਿਆਰ ਵੀ ਰੱਖੇ ਗਏ ਹਨ। ਇਸ ਗੱਲ ਤੋਂ ਅਮਰੀਕਾ ਚੀਨ ਨੂੰ ਲੈ ਕੇ ਬੜਾ ਚੌਕਸ ਹੋ ਗਿਆ ਹੈ। ਇਕ ਦਿਨ ਜਦੋਂ ਅਮਰੀਕੀ ਅਧਿਕਾਰੀਆਂ ਦਾ ਧਿਆਨ ਇਸ ਟਾਵਰ ’ਤੇ ਗਿਆ ਤਾਂ ਇਸ ਦੇ ਯੰਤਰ ਦੀ ਜਾਂਚ ਕੀਤੀ ਗਈ, ਉਦੋਂ ਪਤਾ ਲੱਗਾ ਕਿ ਇਸ ’ਚ ਹੁਆਵੇ ਕੰਪਨੀ ਦੇ 5ਜੀ ਮੋਬਾਇਲ ਨੈੱਟਵਰਕ ਦੇ ਯੰਤਰ ਲੱਗੇ ਹਨ। ਹੁਆਵੇ ਕੰਪਨੀ ਦਾ ਕੰਪਿਊਟਰ ਸਰਵਰ ਚੀਨ ’ਚ ਹੈ ਅਤੇ ਇਸ ਯੰਤਰ ਰਾਹੀਂ ਹੁਆਵੇ ਸਾਰੀ ਜਾਣਕਾਰੀ ਚੀਨ ਭੇਜ ਰਿਹਾ ਸੀ।

ਇਸ ਸਮੇਂ ਦੁਨੀਆ ’ਚ 5-ਜੀ ਮੋਬਾਇਲ ਨੈੱਟਵਰਕ ਦੀ ਦੁਨੀਆ ’ਚ ਹੁਆਵੇ ਪਹਿਲੀ ਥਾਂ ’ਤੇ ਹੈ ਪਰ ਦੁਨੀਆ ਦਾ ਕੋਈ ਵੀ ਦੇਸ਼ ਹੁਆਵੇ ਦੇ ਯੰਤਰਾਂ ਦੀ ਵਰਤੋਂ ਨਹੀਂ ਕਰਦਾ ਕਿਉਂਕਿ ਹੁਆਵੇ ਕੰਪਨੀ ਚੀਨ ਸਰਕਾਰ ਦੇ ਤਹਿਤ ਕੰਮ ਕਰਦੀ ਹੈ। ਉਸ ਦਾ ਦਾ ਮਾਲਕ ਰਨ ਛੇਂਗਫੇਈ ਬੜੇ ਸਾਲਾਂ ਤੱਕ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ’ਚ ਇੰਜੀਨੀਅਰ ਦੇ ਅਹੁਦੇ ’ਤੇ ਕੰਮ ਕਰਦਾ ਸੀ, ਬਾਅਦ ’ਚ ਉਹ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਗਿਆ ਅਤੇ ਸੱਤਾ ਦੇ ਅੰਦਰੂਨੀ ਗਲਿਆਰਿਆਂ ’ਚ ਸਰਗਰਮ ਹੋਣ ਲੱਗਾ। ਇਸ ਦੇ ਬਾਅਦ ਚੀਨ ਦੀ ਕਮਿਊਨਿਸਟ ਸਰਕਾਰ ਨੇ ਰਨ ਛੇਂਗਫੇਈ ਦੀ ਮਦਦ ਕੀਤੀ ਅਤੇ ਹੁਆਵੇ ਕੰਪਨੀ ਨੂੰ ਅੱਗੇ ਵਧਾਉਣ ਲਈ ਇਸ ’ਚ ਖੂਬ ਪੈਸਾ ਲਾਇਆ ਜਿਸ ਨਾਲ ਇਹ ਕੰਪਨੀ ਦੁਨੀਆ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਬਣ ਗਈ। ਬਾਕੀ ਦੇਸ਼ਾਂ ਲਈ ਚਿੰਤਾ ਦੀ ਗੱਲ ਇਹ ਹੈ ਕਿ ਚੀਨ ਦੇ ਕਾਨੂੰਨ ਅਨੁਸਾਰ ਚੀਨ ਦੀਆਂ ਜਿੰਨੀਆਂ ਵੀ ਨਿੱਜੀ ਕੰਪਨੀਆਂ ਹਨ, ਸਰਕਾਰ ਦੀ ਲੋੜ ਦੇ ਸਮੇਂ ਆਪਣੇ ਡਾਟੇ ਨੂੰ ਸਰਕਾਰ ਨਾਲ ਸਾਂਝਾ ਕਰਨਗੀਆਂ।

ਇਸੇ ਨੂੰ ਦੇਖਦੇ ਹੋਏ ਭਾਰਤ ਸਮੇਤ ਕੈਨੇਡਾ, ਬ੍ਰਿਟੇਨ, ਅਮਰੀਕਾ, ਵੀਅਤਨਾਮ ਅਤੇ ਯੂਰਪੀ ਸੰਘ ਦੇ ਕਈ ਦੇਸ਼ਾਂ ਨੇ ਹੁਆਵੇ ਕੰਪਨੀ ਉਪਰ ਪਾਬੰਦੀ ਵੀ ਲਾ ਦਿੱਤੀ ਹੈ। ਅਮਰੀਕਾ ’ਚ ਰਣਨੀਤਕ ਜਾਣਕਾਰਾਂ ਦਾ ਮੰਨਣਾ ਹੈ ਕਿ ਹੁਆਵੇ ਕੰਪਨੀ ਚੀਨ ਸਰਕਾਰ ਲਈ ਕੰਮ ਕਰਦੀ ਹੈ ਅਤੇ ਅਮਰੀਕਾ ਸਮੇਤ ਦੂਜੇ ਦੇਸ਼ਾਂ ਦਾ ਡਾਟਾ ਚੋਰੀ ਕਰ ਕੇ ਚੀਨ ਦੀ ਕਮਿਊਨਿਸਟ ਸਰਕਾਰ ਨੂੰ ਵੇਚਦੀ ਹੈ। ਹਾਲਾਂਕਿ ਇਸ ਬਾਰੇ ਅਮਰੀਕੀ ਸਰਕਾਰ ਨੇ ਕੁਝ ਵੱਧ ਗੱਲਾਂ ਨਹੀਂ ਦੱਸੀਆਂ ਹਨ ਅਤੇ ਇਸ ਗੱਲ ਦੀ ਜਾਂਚ ’ਚ ਲੱਗ ਗਈ ਹੈ ਕਿ ਅਜੇ ਤੱਕ ਕਿੰਨੀ ਜਾਣਕਾਰੀ ਚੀਨ ਚੋਰੀ ਕਰ ਸਕਦਾ ਹੈ ਅਤੇ ਅਮਰੀਕਾ ਦੇ ਇਸ ਫੌਜੀ ਬੇਸ ਦੇ ਬਾਰੇ ’ਚ ਚੀਨ ਨੂੰ ਕੀ ਕੁਝ ਪਤਾ ਲੱਗ ਚੁੱਕਾ ਹੈ।

ਓਧਰ ਚੀਨ ਦਾ ਭੇਤ ਖੁੁੱਲ੍ਹਣ ਦੇ ਬਾਅਦ ਚੀਨ ਵੀ ਡੈਮੇਜ ਕੰਟਰੋਲ ’ਚ ਲੱਗ ਗਿਆ ਹੈ ਅਤੇ ਅਮਰੀਕਾ ਦੇ ਬਾਰੇ ’ਚ ਬੋਲ ਰਿਹਾ ਹੈ ਕਿ ਅਜਿਹੀ ਕੋਈ ਗੱਲ ਨਹੀਂ ਹੈ, ਚੀਨ ਨੇ ਅਮਰੀਕਾ ਦੀ ਕੋਈ ਜਾਸੂਸੀ ਨਹੀਂ ਕੀਤੀ ਹੈ ਅਤੇ ਅਮਰੀਕਾ ਚੀਨੀ ਕੰਪਨੀਆਂ ਵਿਰੁੱਧ ਉਨ੍ਹਾਂ ਨੂੰ ਬਦਨਾਮ ਕਰਨ ਲਈ ਅਜਿਹੀ ਕਾਰਵਾਈ ਕਰ ਰਿਹਾ ਹੈ ਜਿਸ ਨਾਲ ਚੀਨੀ ਕੰਪਨੀਆਂ ਨੂੰ ਨੁਕਸਾਨ ਹੋਵੇ ਤੇ ਉਸ ਦੀਆਂ ਵਿਰੋਧੀ ਅਮਰੀਕੀ ਕੰਪਨੀਆਂ ਵਿਸ਼ਵ ਦੇ ਬਾਜ਼ਾਰ ’ਚ ਆਪਣਾ ਗਲਬਾ ਜਮਾ ਸਕਣ।

ਪਰ ਸਵਾਲ ਇਹ ਉੱਠਦਾ ਹੈ ਕਿ ਅਮਰੀਕਾ ’ਚ ਹੁਆਵੇ ਕੰਪਨੀ ’ਤੇ ਪਾਬੰਦੀ ਲੱਗਣ ਦੇ ਬਾਵਜੂਦ ਇੰਨੇ ਨਾਜ਼ੁਕ ਇਲਾਕੇ ’ਚ ਹੁਆਵੇ ਦਾ ਮੋਬਾਇਲ ਨੈੱਟਵਰਕ ਯੰਤਰ ਪੁੱਜਾ ਕਿਵੇਂ। ਇਸ ਨੂੰ ਦੇਖਦੇ ਹੋਏ ਚੀਨ ਦਾ ਇਸ ਮਾਮਲੇ ’ਚ ਸਫਾਈ ਦੇਣਾ ਖੋਖਲੀ ਗੱਲ ਲੱਗਦੀ ਹੈ ਅਤੇ ਜਾਣਕਾਰਾਂ ਦਾ ਮੰਨਣਾ ਹੈ ਕਿ ਚੀਨ ’ਤੇ ਭਰੋਸਾ ਕਰਨਾ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰਨਾ ਹੈ।


Mukesh

Content Editor

Related News