ਅੱਤਵਾਦ ਨੂੰ ਚੀਨ ਦੀ ਸ਼ਹਿ, 'ਮੱਕੀ' ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕਰਨ ਦੀ ਤਜਵੀਜ਼ 'ਤੇ ਲਾਈ ਰੋਕ

06/19/2022 12:26:03 PM

ਇਧਰ ਬ੍ਰਿਕਸ ਦਾ ਸਿਖਰ ਸੰਮੇਲਨ ਹੋਣ ਵਾਲਾ ਹੈ, ਜਿਸ ’ਚ ਚੀਨ ਤੇ ਭਾਰਤ ਦੇ ਨੇਤਾ ਅੱਤਵਾਦ ਵਿਰੁੱਧ ਸਾਂਝੀ ਰਣਨੀਤੀ ਬਣਾਉਣਗੇ ਅਤੇ ਓਧਰ ਚੀਨ ਨੇ ਪਾਕਿਸਤਾਨ ਦੇ ਅੱਤਵਾਦੀ ਅਬਦੁਲ ਰਹਿਮਾਨ ਮੱਕੀ ਨੂੰ ਵੱਡੀ ਰਾਹਤ ਦਿਵਾ ਦਿੱਤੀ ਹੈ। ਅਮਰੀਕਾ ਅਤੇ ਭਾਰਤ ਨੇ ਮਿਲ ਕੇ ਮੱਕੀ ਦਾ ਨਾਂ ਅੱਤਵਾਦੀਆਂ ਦੀ ਵਿਸ਼ਵ ਪੱਧਰੀ ਸੂਚੀ ’ਚ ਪਵਾਉਣ ਦੀ ਤਜਵੀਜ਼ ਕੀਤੀ ਸੀ ਪਰ ਚੀਨ ਨੇ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਹੋਣ ਦੇ ਨਾਤੇ ਆਪਣਾ ਅੜਿੱਕਾ ਲਾ ਦਿੱਤਾ। ਹੁਣ ਇਹ ਕੰਮ ਅਗਲੇ 6 ਮਹੀਨਿਆਂ ਤੱਕ ਲਈ ਟਲ ਗਿਆ ਹੈ।

ਜੇਕਰ ਚੀਨ ਅੜਿੱਕਾ ਨਾ ਲਾਉਂਦਾ ਤਾਂ ਮੱਕੀ ’ਤੇ ਵੀ ਉਹੋ-ਜਿਹੀ ਹੀ ਕੌਮਾਂਤਰੀ ਪਾਬੰਦੀ ਲੱਗ ਜਾਂਦੀ, ਜਿਹੋ-ਜਿਹੀ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ’ਤੇ ਲੱਗੀ ਹੈ। ਉਸ ਦੇ ਮਾਮਲੇ ’ਚ ਵੀ ਚੀਨ ਨੇ ਅੜਿੱਕਾ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਸਮਝ ’ਚ ਨਹੀਂ ਆਉਂਦਾ ਕਿ ਇਕ ਪਾਸੇ ਤਾਂ ਚੀਨ ਅੱਤਵਾਦ ਨੂੰ ਜੜ੍ਹੋਂ ਪੁੱਟਣ ਦਾ ਐਲਾਨ ਕਰਦਾ ਰਹਿੰਦਾ ਹੈ ਪਰ ਦੂਜੇ ਪਾਸੇ ਉਹ ਅੱਤਵਾਦੀਆਂ ਦੀ ਪਿੱਠ ਥਾਪੜਦਾ ਰਹਿੰਦਾ ਹੈ। ਜਿਹੜੇ ਅੱਤਵਾਦੀਆਂ ਵਿਰੁੱਧ ਪਾਕਿਸਤਾਨ ਸਰਕਾਰ ਨੇ ਕਾਫੀ ਸਖਤ ਕਦਮ ਚੁੱਕੇ ਹਨ ਉਨ੍ਹਾਂ ਦੀ ਹਮਾਇਤ ਚੀਨ ਕੌਮਾਂਤਰੀ ਮੰਚਾਂ ’ਤੇ ਕਿਉਂ ਕਰਨੀ ਚਾਹੁੰਦਾ ਹੈ। ਕੀ ਉਸ ਨੂੰ ਉਹ ਪਾਕਿਸਤਾਨ ਦੇ ਨਾਲ ਆਪਣੇ ‘ਇਸਪਾਤੀ ਦੋਸਤ’ ਦਾ ਪ੍ਰਮਾਣ ਮੰਨਦਾ ਹੈ?

ਖੁਦ ਪਾਕਿਸਤਾਨ ਦੀਆਂ ਸਰਕਾਰਾਂ ਇਨ੍ਹਾਂ ਅੱਤਵਾਦੀਆਂ ਤੋਂ ਤੰਗ ਆ ਚੁੱਕੀਆਂ ਹਨ। ਇਨ੍ਹਾਂ ਨੇ ਪਾਕਿਸਤਾਨ ਦੇ ਆਮ ਨਾਗਰਿਕਾਂ ਦੀ ਜ਼ਿੰਦਗੀ ਤਬਾਹ ਕੀਤੀ ਹੋਈ ਹੈ। ਇਹ ਡੰਡੇ ਦੇ ਜ਼ੋਰ ’ਤੇ ਪੈਸੇ ਉਗਰਾਹੁੰਦੇ ਹਨ। ਇਹ ਕਾਨੂੰਨ ਕਾਇਦਿਆਂ ਦੀ ਪ੍ਰਵਾਹ ਨਹੀਂ ਕਰਦੇ। ਪਾਕਿਸਤਾਨ ਦੀਆਂ ਸਰਕਾਰਾਂ ਇਨ੍ਹਾਂ ਨੂੰ ਸੀਖਾਂ ਦੇ ਪਿੱਛੇ ਵੀ ਸੁੱਟ ਦਿੰਦੀਆਂ ਹਨ ਪਰ ਫਿਰ ਵੀ ਚੀਨ ਇਨ੍ਹਾਂ ਦੀ ਤਰਫਦਾਰੀ ਕਿਉਂ ਕਰਦਾ ਹੈ? ਇਸ ਨਾਲ ਚੀਨ ਨੂੰ ਕੀ ਫਾਇਦਾ ਹੈ? ਚੀਨ ਨੂੰ ਬਸ ਇਹੀ ਫਾਇਦਾ ਹੈ ਕਿ ਇਹ ਅੱਤਵਾਦੀ ਭਾਰਤ ਨੂੰ ਨੁਕਸਾਨ ਪਹੁੰਚਾਉਂਦੇ ਹਨ ਭਾਵ ਭਾਰਤ ਦਾ ਨੁਕਸਾਨ ਹੀ ਚੀਨ ਦਾ ਫਾਇਦਾ ਹੈ।

ਚੀਨ ਦੀ ਇਹ ਸੋਚ ਕਿਸੇ ਦਿਨ ਉਸ ਦੇ ਲਈ ਬੜੀ ਖਤਰਨਾਕ ਸਿੱਧ ਹੋ ਸਕਦੀ ਹੈ। ਉਸ ਨੂੰ ਇਸ ਗੱਲ ਦਾ ਸ਼ਾਇਦ ਅੰਦਾਜ਼ਾ ਨਹੀਂ ਹੈ ਕਿ ਇਹ ਅੱਤਵਾਦੀ ਕਿਸੇ ਦੇ ਸਕੇ ਨਹੀਂ ਹੁੰਦੇ। ਇਹ ਕਦੀ ਚੀਨ ਦੇ ਉਈਗਰ ਮੁਸਲਮਾਨਾਂ ਦੀ ਪਿੱਠ ਠੋਕ ਕੇ ਚੀਨ ਦੀ ਹਿੱਕ ’ਤੇ ਸਵਾਰ ਹੋ ਸਕਦੇ ਹਨ। ਜੇਕਰ ਚੀਨ ਪਾਕਿਸਤਾਨ ਦੇ ਅੱਤਵਾਦੀਆਂ ਦੀ ਤਰਫਦਾਰੀ ਇਸ ਲਈ ਕਰਦਾ ਹੈ ਕਿ ਉਹ ਭਾਰਤ ’ਚ ਅੱਤਵਾਦ ਫੈਲਾਉਂਦੇ ਹਨ ਤਾਂ ਉਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਅੱਤਵਾਦੀਆਂ ਦੇ ਕਾਰਨ ਪਾਕਿਸਤਾਨ ਦਾ ਅਕਸ ਸਾਰੀ ਦੁਨੀਆ ’ਚ ਚੌਪਟ ਹੋ ਗਿਆ ਹੈ। ਪਾਕਿਸਤਾਨ ਦੇ ਸੱਭਿਅਕ ਅਤੇ ਸੱਜਣ ਨਾਗਰਿਕਾਂ ਨੂੰ ਵੀ ਸਾਰੀ ਦੁਨੀਆ ’ਚ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣ ਲੱਗਾ ਹੈ।

ਪਾਕਿਸਤਾਨ ’ਤੇ ਕੌਮਾਂਤਰੀ ‘ਦਿ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ’ ਨੇ ਜੋ ਪਾਬੰਦੀ ਲਾਈ ਸੀ ਉਸ ਨੂੰ ਹਟਾਉਣ ਦੀਆਂ ਜੋ ਸ਼ਰਤਾਂ ਸਨ, ਉਹ ਪਾਕਿਸਤਾਨ ਨੇ ਲਗਭਗ ਪੂਰੀਆਂ ਕਰ ਲਈਆਂ ਹਨ ਪਰ ਫਿਰ ਵੀ ਟਾਸਕ ਫੋਰਸ ਨੂੰ ਉਸ ’ਤੇ ਯਕੀਨ ਨਹੀਂ ਹੈ। ਪਾਕਿਸਤਾਨ ਨੂੰ ਹਰੀ ਝੰਡੀ ਉਦੋਂ ਤੱਕ ਨਹੀਂ ਮਿਲੇਗੀ ਜਦੋਂ ਤੱਕ ਕਿ ਟਾਸਕ ਫੋਰਸ ਦੇ ਆਬਜ਼ਰਵਰ ਖੁਦ ਪਾਕਿਸਤਾਨ ਆ ਕੇ ਸੱਚਾਈ ਨੂੰ ਪਰਖ ਨਹੀਂ ਲੈਣਗੇ। ਪਾਕਿਸਤਾਨ ਨੂੰ ਚਾਹੀਦਾ ਹੈ ਕਿ ਉਹ ਜੇਕਰ ਇਨ੍ਹਾਂ ਅੱਤਵਾਦੀਆਂ ਨੂੰ ਖੁਦ ਕਾਬੂ ਨਹੀਂ ਕਰ ਸਕਦਾ ਤਾਂ ਉਨ੍ਹਾਂ ਨੂੰ ਉਹ ਕੌਮਾਂਤਰੀ ਸਜ਼ਾ ਵਾਲੀਆਂ ਸੰਸਥਾਵਾਂ ਦੇ ਹਵਾਲੇ ਕਰ ਦੇਵੇ।
ਡਾ. ਵੇਦਪ੍ਰਤਾਪ ਵੈਦਿਕ


Vandana

Content Editor

Related News