ਤਾਈਵਾਨ ’ਤੇ ਚੀਨ ਦਾ ਢੋਂਗ

08/04/2022 5:13:26 PM

ਅਮਰੀਕੀ ਕਾਂਗਰਸ (ਹੇਠਲਾ ਸਦਨ) ਦੀ ਮੁਖੀ ਨੈਂਸੀ ਪੇਲੋਸੀ ਦੀ ਤਾਈਵਾਨ ਯਾਤਰਾ ’ਤੇ ਸਾਰੀ ਦੁਨੀਆ ਦਾ ਧਿਆਨ ਕੇਂਦਰਿਤ ਹੋ ਗਿਆ ਸੀ। ਨਾ ਤਾਂ ਤਾਈਵਾਨ ਕੋਈ ਮਹਾਸ਼ਕਤੀ ਹੈ ਅਤੇ ਨਾ ਹੀ ਪੇਲੋਸੀ ਅਮਰੀਕਾ ਦੀ ਰਾਸ਼ਟਰਪਤੀ ਹੈ। ਫਿਰ ਵੀ ਉਨ੍ਹਾਂ ਦੀ ਯਾਤਰਾ ਨੂੰ ਲੈ ਕੇ ਇੰਨਾ ਰੌਲ਼ਾ-ਰੱਪਾ ਕਿਉਂ ਪੈ ਗਿਆ? ਇਸ ਲਈ ਕਿ ਦੁਨੀਆ ਨੂੰ ਇਹ ਡਰ ਲੱਗ ਰਿਹਾ ਸੀ ਕਿ ਤਾਈਵਾਨ ਕਿਤੇ ਦੂਜਾ ਯੂਕ੍ਰੇਨ ਨਾ ਬਣ ਜਾਵੇ। ਉੱਥੇ ਤਾਂ ਝਗੜਾ ਰੂਸ ਅਤੇ ਯੂਕ੍ਰੇਨ ਦੇ ਦਰਮਿਆਨ ਹੋਇਆ ਹੈ ਪਰ ਇੱਥੇ ਤਾਂ ਇਕ ਪਾਸੇ ਚੀਨ ਹੈ ਅਤੇ ਦੂਜੇ ਪਾਸੇ ਅਮਰੀਕਾ! ਜੇਕਰ ਤਾਈਵਾਨ ਨੂੰ ਲੈ ਕੇ ਇਹ ਦੋਵੇਂ ਮਹਾਸ਼ਕਤੀਆਂ ਭਿੜ ਜਾਂਦੀਆਂ ਤਾਂ ਤੀਜੀ ਸੰਸਾਰ ਜੰਗ ਦਾ ਖਤਰਾ ਪੈਦਾ ਹੋ ਸਕਦਾ ਸੀ ਪਰ ਤਸੱਲੀ ਦਾ ਵਿਸ਼ਾ ਸੀ ਕਿ ਪੇਲੋਸੀ ਨੇ ਸ਼ਾਂਤੀਪੂਰਵਕ ਆਪਣੀ ਤਾਈਵਾਨ ਯਾਤਰਾ ਸੰਪੰਨ ਕਰ ਲਈ ਹੈ। ਚੀਨ ਮੰਨਦਾ ਹੈ ਕਿ ਤਾਈਵਾਨ ਕੋਈ ਵੱਖਰਾ ਰਾਸ਼ਟਰ ਨਹੀਂ ਹੈ ਸਗੋਂ ਉਹ ਚੀਨ ਦਾ ਅਨਿੱਖੜਵਾਂ ਅੰਗ ਹੈ। ਜੇਕਰ ਅਮਰੀਕਾ ਚੀਨ ਦੀ ਇਜਾਜ਼ਤ ਦੇ ਬਿਨਾਂ ਤਾਈਵਾਨ ’ਚ ਆਪਣੇ ਕਿਸੇ ਵੱਡੇ ਨੇਤਾ ਨੂੰ ਭੇਜਦਾ ਹੈ ਤਾਂ ਇਹ ਚੀਨੀ ਪ੍ਰਭਸੱਤਾ ਦੀ ਉਲੰਘਣਾ ਹੈ। ਅਮਰੀਕੀ ਨੇਤਾ ਨੈਂਸੀ ਪੇਲੋਸੀ ਦੀ ਹੈਸੀਅਤ ਰਾਸ਼ਟਰਪਤੀ ਅਤੇ ਉੱਪ-ਰਾਸ਼ਟਰਪਤੀ ਦੇ ਬਾਅਦ ਤੀਜੇ ਸਥਾਨ ’ਤੇ ਮੰਨੀ ਜਾਂਦੀ ਹੈ। ਉਂਝ ਤਾਂ ਕਈ ਅਮਰੀਕੀ ਸੀਨੇਟਰ ਅਤੇ ਕਾਂਗਰਸਮੈਨ ਤਾਈਵਾਨ ਜਾਂਦੇ ਰਹੇ ਹਨ ਪਰ ਪੇਲੋਸੀ ਦੇ ਉੱਥੇ ਜਾਣ ਦਾ ਅਰਥ ਕੁਝ ਦੂਜਾ ਹੀ ਹੈ। ਚੀਨ ਮੰਨਦਾ ਹੈ ਕਿ ਇਹ ਚੀਨ ਨੂੰ ਅਮਰੀਕਾ ਦੀ ਖੁੱਲ੍ਹੀ ਚੁਣੌਤੀ ਹੈ।

ਚੀਨੀਆਂ ਨੇ ਦੋ-ਟੁਕ ਸ਼ਬਦਾਂ ’ਚ ਧਮਕੀ ਦਿੱਤੀ ਸੀ ਕਿ ਜੇਕਰ ਨੈਂਸੀ ਦੀ ਤਾਈਵਾਨ ਯਾਤਰਾ ਹੋਈ ਤਾਂ ਚੀਨ ਉਸ ਦੇ ਵਿਰੁੱਧ ਸਖਤ ਕਾਰਵਾਈ ਕੀਤੇ ਬਿਨਾਂ ਨਹੀਂ ਰਹੇਗਾ। ਚੀਨ ਨੇ ਤਾਈਵਾਨ ਦੇ ਚਾਰੇ ਪਾਸੇ ਕਈ ਲੜਾਕੂ ਜਹਾਜ਼ ਅਤੇ ਜਲਬੇੜੇ ਡਟਾ ਦਿੱਤੇ ਸਨ ਅਤੇ ਅਮਰੀਕਾ ਨੇ ਵੀ ਆਪਣੇ ਹਮਲਾਵਰ ਜਹਾਜ਼, ਮਿਜ਼ਾਈਲ ਅਤੇ ਜਲਬੇੜੇ ਆਦਿ ਵੀ ਤਾਇਨਾਤ ਕਰ ਦਿੱਤੇ ਸਨ। ਡਰ ਇਹ ਲੱਗ ਰਿਹਾ ਸੀ ਕਿ ਜੇਕਰ ਗਲਤੀ ਨਾਲ ਇਕ ਵੀ ਹਥਿਆਰ ਦੀ ਵਰਤੋਂ ਕਿਸੇ ਪਾਸਿਓਂ ਹੋ ਗਈ ਤਾਂ ਭਿਆਨਕ ਵਿਸ਼ਾਲ-ਲੀਲਾ ਛਿੜ ਸਕਦੀ ਹੈ। ਚੀਨ ਇਸ ਯਾਤਰਾ ਦੇ ਕਾਰਨ ਇੰਨਾ ਗੁੱਸੇ ਹੋ ਗਿਆ ਸੀ ਕਿ ਉਸ ਨੇ ਤਾਈਵਾਨ ਜਾਣ ਵਾਲੀ ਹਰ ਚੀਜ਼ ’ਤੇ ਪਾਬੰਦੀ ਲਾ ਦਿੱਤੀ ਸੀ। ਤਾਈਵਾਨ ਵੀ ਇੰਨਾ ਡਰ ਗਿਆ ਸੀ ਕਿ ਉਸ ਨੇ ਆਪਣੇ ਸਵਾ ਦੋ ਕਰੋੜ ਲੋਕਾਂ ਨੂੰ ਬੰਬਾਰੀ ਤੋਂ ਬਚਾਉਣ ਲਈ ਸੁਰੱਖਿਆ ਦਾ ਪ੍ਰਬੰਧ ਕਰ ਲਿਆ ਸੀ। ਪੇਲੋਸੀ 24 ਘੰਟੇ ਤਾਈਵਾਨ ’ਚ ਬਿਤਾ ਕੇ ਹੁਣ ਦੱਖਣੀ ਕੋਰੀਆ ਰਵਾਨਾ ਹੋ ਗਈ ਹੈ। ਉਹ ਤਾਈਵਾਨੀ ਨੇਤਾਵਾਂ ਨਾਲ ਖੁੱਲ੍ਹ ਕੇ ਮਿਲੀ ਹੈ ਅਤੇ ਅਮਰੀਕਾ ਚੀਨ ਦੇ ਵਿਰੁੱਧ ਬਰਾਬਰ ਹਿੱਕ ਠੋਕ ਰਿਹਾ ਹੈ। ਜੋਅ ਬਾਈਡੇਨ ਦੀ ਸਰਕਾਰ ਦੇ ਲਈ ਪੇਲੋਸੀ ਦੀ ਤਾਈਵਾਨ-ਯਾਤਰਾ ਅਤੇ ਅਲ-ਕਾਇਦਾ ਦੇ ਸਰਗਨਾ ਅਲ-ਜਵਾਹਿਰੀ ਦਾ ਖਾਤਮਾ ਵਿਸ਼ੇਸ਼ ਪ੍ਰਾਪਤੀ ਬਣ ਗਈ ਹੈ।

ਚੀਨ ਨੇ ਜਵਾਹਿਰੀ ਦੀ ਹੱਤਿਆ ’ਤੇ ਵੀ ਅਮਰੀਕਾ ਦੀ ਆਲੋਚਨਾ ਕੀਤੀ ਹੈ। ਚੀਨ ਅਤੇ ਅਮਰੀਕਾ ਦਰਮਿਆਨ ਵਧਦੇ ਹੋਏ ਤਣਾਅ ਦੇ ਕਾਰਨ ਚੀਨ ਨੇ ਹਿੰਦ-ਪ੍ਰਸ਼ਾਂਤ ਖੇਤਰ ’ਚ ਬਣੇ 4 ਦੇਸ਼ਾਂ ਦੇ ਚੌਧੜੇ ਦੀ ਵੀ ਖੁੱਲ੍ਹ ਕੇ ਨਿੰਦਾ ਕੀਤੀ ਸੀ। ਪੇਲੋਸੀ ਦੀ ਇਸ ਤਾਈਵਾਨ ਯਾਤਰਾ ਨੇ ਸਿੱਧ ਕਰ ਦਿੱਤਾ ਹੈ ਕਿ ਚੀਨ ਕੋਰੀਆਂ ਗਿੱਦੜ ਭਬਕੀਆਂ ਦੇਣ ਦਾ ਉਸਤਾਦ ਹੈ। ਇਸ ਮਾਮਲੇ ਦੇ ਕਾਰਨ ਚੀਨ ਦਾ ਬੜਬੋਲਾਪਨ ਬਦਨਾਮ ਹੋਏ ਬਿਨਾਂ ਨਹੀਂ ਰਹੇਗਾ। ਪੇਲੋਸੀ ਦੀ ਇਸ ਯਾਤਰਾ ਨੇ ਅਮਰੀਕਾ ਦਾ ਅਕਸ ਚਮਕਾ ਿਦੱਤਾ ਹੈ ਅਤੇ ਚੀਨ ਦੇ ਅਕਸ ਨੂੰ ਧੁੰਦਲਾ ਕਰ ਦਿੱਤਾ ਹੈ।

ਡਾ. ਵੇਦਪ੍ਰਤਾਪ ਵੈਦਿਕ
 


Anuradha

Content Editor

Related News