ਚਾਰਧਾਮ ਯਾਤਰਾ ਬਣਾਈ ਜਾ ਸਕਦੀ ਹੈ ਸੁਖਮੀ ਤੇ ਯਾਦਗਾਰੀ
Saturday, May 20, 2023 - 06:02 PM (IST)

ਆਸਥਾ ਦਾ ਸਬੰਧ ਮਨੁੱਖ ਦੀ ਜੀਵਨਸ਼ੈਲੀ, ਅਧਿਆਤਮਕ ਅਤੇ ਧਾਰਮਿਕ ਭਰੋਸੇ ਨਾਲ ਹੈ। ਇਸੇ ਲੜੀ ’ਚ ਤੀਰਥ ਅਸਥਾਨ ਆਉਂਦੇ ਹਨ ਜਿਨ੍ਹਾਂ ’ਚੋਂ ਅਜਿਹੇ ਔਖੇ ਤੀਰਥ ਅਸਥਾਨ ਵੀ ਹਨ ਜਿੱਥੋਂ ਤੱਕ ਪਹੁੰਚਣਾ ਹਾਸਾ ਖੇਡ ਨਹੀਂ ਸਗੋਂ ਇਕ ਚੁਣੌਤੀ ਹੈ। ਕਿਸੇ ਸਮੇਂ ਤਾਂ ਇਨ੍ਹਾਂ ਥਾਵਾਂ ’ਤੇ ਜਾਣ ਤੋਂ ਪਹਿਲਾਂ ਵਿਅਕਤੀ ਆਪਣੇ ਪਰਿਵਾਰ ਕੋਲੋਂ ਅੰਤਿਮ ਵਿਦਾਇਗੀ ਲੈ ਕੇ ਜਾਂਦਾ ਸੀ ਭਾਵ ਯਾਤਰਾ ਦਰਮਿਆਨ ਹੀ ਮੌਤ ਹੋ ਜਾਣ ਦੀ ਸੰਭਾਵਨਾ ਹੁੰਦੀ ਸੀ।
ਚਾਰਧਾਮ ਭਾਵ ਯਮੁਨੋਤਰੀ, ਗੰਗੋਤਰੀ, ਕੇਦਾਰਨਾਥ ਅਤੇ ਬਦਰੀਨਾਥ ਦੀ ਯਾਤਰਾ ਵੀ ਇਸੇ ਸ਼੍ਰੇਣੀ ’ਚ ਆਉਂਦੀ ਸੀ। ਮੌਜੂਦਾ ਸਮੇਂ ’ਚ ਸਹੂਲਤਾਂ ਤਾਂ ਵਧੀਆ ਹਨ ਪਰ ਅਜੇ ਵੀ ਬਹੁਤ ਦੁਖਦਾਈ ਯਾਤਰਾ ਹੈ। ਇਹ ਯਾਤਰਾ ਮਨੋਰਮ, ਖੁਸ਼ੀ ਭਰੀ ਅਤੇ ਸੁਖਕਾਰੀ ਹੋ ਸਕਦੀ ਹੈ।
ਗੈਰ-ਮਨੁੱਖੀ ਵਿਵਸਥਾ
ਮਈ ਦੇ ਮਹੀਨੇ ਦਾ ਚਾਰਧਾਮ ਯਾਤਰਾ ਲਈ ਕੇਂਦਰ ਅਤੇ ਸੂਬਾਈ ਸਰਕਾਰਾਂ ਵੱਲੋਂ ਸਭ ਤੋਂ ਵੱਧ ਪ੍ਰਚਾਰ ਕੀਤਾ ਜਾਂਦਾ ਹੈ। ਸ਼ਰਧਾਲੂਆਂ ਲਈ ਵੀ ਮੌਸਮ ਦੇ ਸੁਹਾਵਣੇ ਹੋਣ ਦੀ ਉਮੀਦ ਰਹਿੰਦੀ ਹੈ। ਵੱਧ ਉਮਰ ਦੇ ਵਿਅਕਤੀ ਭਾਵ 80 ਸਾਲ ਜਾਂ ਇਸ ਤੋਂ ਵੱਧ ਦੀ ਉਮਰ ਵਾਲੇ ਵੀ ਉਕਤ ਯਾਤਰਾ ’ਤੇ ਜਾਣਾ ਚਾਹੁੰਦੇ ਹਨ। ਮੈਂ ਵੀ 80 ਸਾਲ ਤੋਂ ਵੱਧ ਉਮਰ ਦਾ ਹੋ ਚੁੱਕਾ ਹਾਂ। ਆਪਣੀ ਭਤੀਜੀ ਪੂਜਾ ਅਤੇ ਉਸ ਦੇ ਪਤੀ ਗੋਲਡੀ ਨਾਗਦੇਵ ਜੋ 40 ਦੇ ਦਹਾਕੇ ’ਚ ਹਨ, ਦੇ ਸੁਝਾਅ ’ਤੇ ਮੈਂ ਯਾਤਰਾ ’ਤੇ ਜਾਣ ਦਾ ਪ੍ਰੋਗਰਾਮ ਬਣਾ ਲਿਆ।
ਦੇਹਰਾਦੂਨ ਤੱਕ ਦਾ ਸਫਰ ਕਾਰ ਰਾਹੀਂ ਕੀਤਾ। ਉੱਥੋਂ ਅਗਲੇ ਦਿਨ ਸਵੇਰੇ ਹੈਲੀਕਾਪਟਰ ਰਾਹੀਂ ਜਾਣਾ ਸੀ। ਆਯੋਜਕਾਂ ਨੇ ਥੰਬੀ ਹੈਲੀ ਸਰਵਿਸ ਰਾਹੀਂ ਤੈਅ ਕੀਤਾ ਕਿ ਜਿਨ੍ਹਾਂ ਦੇ ਸਰੀਰ ਦਾ ਔਸਤ ਭਾਰ 75 ਕਿਲੋ ਅਤੇ ਸਾਮਾਨ ਦਾ 5 ਕਿਲੋ ਹੈ, ਹੈਲੀਕਾਪਟਰ ਰਾਹੀਂ ਯਾਤਰਾ ਕਰ ਸਕਣਗੇ। ਮਸ਼ੀਨ ’ਤੇ ਤੋਲਣ ਸਮੇਂ ਭਾਰ ਕੁਝ ਵੱਧ ਨਿਕਲਿਆ ਤਾਂ ਕੁਝ ਸਾਮਾਨ ਘੱਟ ਕਰਨਾ ਪਿਆ। ਇਸ ’ਚ ਮੌਸਮ ਮੁਤਾਬਕ ਰੱਖੇ ਕੱਪੜੇ ਵੀ ਛੱਡਣੇ ਪਏ। ਹੈਲੀਕਾਪਟਰ ਸਰਵਿਸ ਦੀ ਕਮੀ ਭਾਵ ਡੈਫੀਸ਼ੀਐਂਸੀ ਖਪਤਕਾਰ ਸੁਰੱਖਿਆ ਕਾਨੂੰਨੀ ਅਧੀਨ ਅਪਰਾਧ ਹੈ, ਇਹ ਸਾਡੇ ਨਾਲ ਇਥੋਂ ਹੋਣਾ ਸ਼ੁਰੂ ਹੋ ਗਿਆ। ਸਮੇਂ ’ਤੇ ਨਾ ਉੱਡਣਾ ਅਤੇ ਮੁਸਾਫਰਾਂ ਨੂੰ ਤਣਾਅ ’ਚ ਰੱਖਣਾ ਉਸ ਦਾ ਕੰਮ ਹੋ ਗਿਆ। 4 ਦਿਨ ਦੀ ਯਾਤਰਾ ’ਚ 3 ਦਿਨ ਬਹਿਸਬਾਜ਼ੀ ਅਤੇ ਝਗੜੇ ’ਚ ਨਿਕਲ ਗਏ। ਯਮੁਨੋਤਰੀ ਮੰਦਿਰ ਤੱਕ ਜਾਣ ਲਈ ਜੋ ਰਾਹ ਹੈ, ਉਹ ਇੰਨਾ ਟੁੱਟਾ-ਭੱਜਾ, ਟੋਇਆਂ ਅਤੇ ਤਿਲਕਣ ਨਾਲ ਭਰਿਆ ਹੈ ਕਿ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਸਾਹਮਣੇ ਆਉਣ ਲੱਗੀ। ਪੈਦਲ ਚੱਲਣਾ ਸੰਭਵ ਨਹੀਂ ਸੀ ਤਾਂ ਇਕ ਪਾਲਕੀ ਕਰ ਲਈ। ਇਹ ਲੱਕੜ ਦੀ ਇਕ ਪਿੰਜਰੇ ਵਰਗੀ ਹੁੰਦੀ ਹੈ, ਜਿਸ ’ਚ ਇਕ ਤਰ੍ਹਾਂ ਨਾਲ ਫਸਾ ਦਿੱਤਾ ਜਾਂਦਾ ਹੈ। ਉਸ ਨੂੰ ਚੁੱਕਣ ਲਈ ਮਜ਼ਦੂਰ ਹਨ ਜੋ ਵਧੇਰੇ ਕਰ ਕੇ ਨੇਪਾਲ ਤੋਂ ਰੋਜ਼ੀ-ਰੋਟੀ ਦੀ ਭਾਲ ’ਚ ਇੱਥੇ ਭਾਰੀ ਗਿਣਤੀ ’ਚ ਆਉਂਦੇ ਹਨ। ਇਹ ਲੋਕ ਚਾਰਾਧਾਮਾਂ ’ਚ ਮਿਲਣਗੇ। ਪਾਲਕੀ ਤੋਂ ਇਲਾਵਾ ਕੁਰਸੀ ਵਰਗੀ ਡੋਲੀ ਵੀ ਮਿਲਦੀ ਹੈ। ਖੱਚਰ ਅਤੇ ਘੋੜੇ ਵੀ ਜਾਣ ਦੇ ਸਾਧਨ ਹਨ।
ਇਨਸਾਨੀਅਤ ਨੂੰ ਮੰਨਣ ਵਾਲਿਆਂ ਤੇ ਮਨੁੱਖੀ ਹੱਕਾਂ ਬਾਰੇ ਕਮਿਸ਼ਨ ਅਤੇ ਪਸ਼ੂਆਂ ਪ੍ਰਤੀ ਅੱਤਿਆਚਾਰ ਰੋਕਣ ਲਈ ਬਣੇ ਅਦਾਰਿਆਂ ਦੀ ਹੁਣ ਤੱਕ ਇਸ ਗੈਰ-ਮਨੁੱਖੀ ਵਿਵਸਥਾ ’ਤੇ ਨਜ਼ਰ ਕਿਉਂ ਨਹੀਂ ਪਈ, ਇਹ ਹੈਰਾਨੀ ਅਤੇ ਅਫਸੋਸ ਵਾਲੀ ਗੱਲ ਹੈ। ਇਸ ’ਚ ਸਰਕਾਰ ਦੀ ਭਾਈਵਾਲੀ ਵੀ ਹੈ ਕਿਉਂਕਿ ਜੋ ਰਕਮ ਇਨ੍ਹਾਂ ਮਜ਼ਦੂਰਾਂ ਨੂੰ ਮੁਸਾਫਰਾਂ ਵੱਲੋਂ ਦਿੱਤੀ ਜਾਂਦੀ ਹੈ, ਉਸ ’ਚ ਸਰਕਾਰ ਦਾ ਵੀ ਹਿੱਸਾ ਹੈ।
ਪਾਲਕੀ ਜਾਂ ਡੋਲੀ ’ਚ ਬੈਠ ਕੇ ਚੜ੍ਹਾਈ ਕਰਨੀ ਸੌਖੀ ਨਹੀਂ ਹੈ। ਲੱਗਦਾ ਹੈ ਕਿ ਸਰੀਰ ਦੇ ਸਭ ਅੰਗ ਹਿੱਲ ਗਏ ਹੋਣ। ਹੇਠਾਂ ਖੱਡ ’ਚ ਡਿੱਗਣ ਦਾ ਡਰ ਬਣਿਆ ਰਹਿੰਦਾ ਹੈ। ਇਹ ਮਜ਼ਦੂਰ ਇੰਨੇ ਵਧੀਆ ਹੱਥਾਂ ਨਾਲ ਲਿਜਾਂਦੇ ਹਨ ਕਿ ਉਭਰ-ਖਾਬੜ ਰਸਤੇ ’ਚ ਬਿਨਾਂ ਹੇਠਾਂ ਡਿੱਗੇ ਪਹੁੰਚ ਜਾਂਦੇ ਹਨ। ਫਿਰ ਵੀ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਸਾਲ ’ਚ 3 ਤੋਂ 4 ਸੌ ਲੋਕ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਦੀ ਮੌਤ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ ਕਿਉਂਕਿ ਰੋਜ਼ਾਨਾ 7-8 ਤੋਂ 40 ਹਜ਼ਾਰ ਤੱਕ ਮੁਸਾਫਰ ਆਉਂਦੇ-ਜਾਂਦੇ ਹਨ। ਸਿਹਤ ਅਤੇ ਮੈਡੀਕਲ ਸਹੂਲਤਾਂ ਨਾਂਹ ਦੇ ਬਰਾਬਰ ਹਨ। ਜੇ ਕੁਝ ਹੋ ਜਾਵੇ, ਸਿਹਤ ਵਿਗੜ ਜਾਵੇ ਤਾਂ ਪ੍ਰਮਾਤਮਾ ਹੀ ਰਖਵਾਲੀ ਕਰੇਗਾ, ਅਜਿਹਾ ਤਜਰਬਾ ਹੋ ਰਿਹਾ ਸੀ।
ਚਾਰਧਾਮ ਦਾ ਅਲੌਕਿਕ ਤਜਰਬਾ
ਚਾਰਧਾਮ ਯਾਤਰਾ ਦਾ ਪੱਛਮ ਤੋਂ ਪੂਰਬ ਵੱਲ ਜਾਣ ਦਾ ਆਪਣਾ ਪੈਟਰਨ ਹੈ। ਕੁਦਰਤੀ ਖੂਬਸੂਰਤੀ ਨਾਲ ਭਰਪੂਰ ਇਹ ਥਾਂ ਆਪਣੇ ਵਿਲੱਖਣ ਸਰੂਪ ’ਚ ਅਜਿਹੀ ਹੈ ਜਿਸ ਦੀ ਤੁਲਨਾ ਦੁਨੀਆ ਦੀ ਕਿਸੇ ਵੀ ਥਾਂ ਨਾਲ ਨਹੀਂ ਕੀਤੀ ਜਾ ਸਕਦੀ। ਰਵਾਇਤੀ ਤੀਰਥ ਯਾਤਰੀ ਨਾ ਵੀ ਹੋਣ, ਇੱਥੇ ਜੋ ਕਲ-ਕਲ ਕਰਦੀਆਂ ਸਾਡੀਆਂ ਪਵਿੱਤਰ ਅਤੇ ਜੀਵਨ ਦੇਣ ਵਾਲੀਆਂ ਨਦੀਆਂ ਯਮੁਨਾ ਅਤੇ ਗੰਗਾ ਦੇ ਪ੍ਰਵਾਹਿਤ ਹੋਣ ਵਾਲੀ ਆਵਾਜ਼ ਹੈ, ਨਾਲ ਹੀ ਬਰਫ ਨਾਲ ਢਕੀਆਂ ਵੱਖ-ਵੱਖ ਰੰਗਾਂ ਅਤੇ ਆਕਾਰ ਦੀਆਂ ਪਹਾੜੀਆਂ ਅਤੇ ਲੜੀਆਂ ਹਨ, ਆਪਣੀ ਖਿੱਚ ’ਚ ਬੰਨ੍ਹਣ ਲਈ ਇਹ ਕਾਫੀ ਹਨ। ਯਮੁਨਾ ਤੇ ਗੰਗਾ ਦੇ ਉਦਗਮ ਵਾਲੀ ਥਾਂ ਅਤੇ ਵਿਸ਼ਾਲ ਸੂਬੇ ’ਚੋਂ ਲੰਘਦੇ ਹੋਏ ਪ੍ਰਯਾਗਰਾਜ ’ਚ ਸੰਗਮ ਵਾਲੀ ਥਾਂ ’ਤੇ ਸਰਸਵਤੀ ਦਾ ਮਿਲਣ ਰੋਮਾਂਚਕਾਰੀ ਹੈ। ਕੁਦਰਤ ਦਾ ਪ੍ਰਕੋਪ ਝੱਲਣ ਲਈ ਸਰਾਪਿਆ ਇਹ ਸੂਬਾ ਅਕਸਰ ਕਈ ਹਾਦਸੇ ਦਾ ਗਵਾਹ ਰਿਹਾ। ਸੰਨ 2013 ਦੇ ਦੁਖਾਂਤ ਦੇ ਲੱਛਣ ਅਜੇ ਵੀ ਨਜ਼ਰ ਆਉਂਦੇ ਹਨ ਪਰ ਇਸ ਨਾਲ ਸ਼ਰਧਾਲੂਆਂ ਦੇ ਉਤਸ਼ਾਹ ’ਚ ਕੋਈ ਕਮੀ ਨਹੀਂ ਆਈ। ਯਮੁਨੋਤਰੀ ਅਤੇ ਗੰਗੋਤਰੀ ਯਮੁਨਾ ਅਤੇ ਗੰਗਾ ਦੇ ਕਾਰਨ ਅਤੇ ਭਗਵਾਨ ਸ਼ਿਵ ਦਾ ਸਾਕਸ਼ਾਤ ਰੂਪ ਨਾਲ ਕੇਦਾਰਨਾਥ ਅਤੇ ਭਗਵਾਨ ਵਿਸ਼ਨੂੰ ਦਾ ਬਦਰੀਨਾਥ ਵਿਖੇ ਦਰਸ਼ਨ ਕੀਤਾ ਜਾ ਸਕਦਾ ਹੈ।
ਅਲਕਨੰਦਾ ਨਦੀ ਦੇ ਵੀ ਦਰਸ਼ਨ ਇੱਥੋਂ ਹੋ ਜਾਂਦੇ ਹਨ। ਹਿੰਦੂ ਧਰਮ ਦੀਆਂ 2 ਪ੍ਰਮੁੱਖ ਧਾਰਾਵਾਂ ਸ਼ੈਵ ਤੇ ਵੈਸ਼ਣਵ ਨੂੰ ਸਮਰਪਿਤ ਇਹ ਚਾਰਧਾਮ ਉਸ ਦੇ ਪ੍ਰਮੁੱਖ ਆਧਾਰ ਹਨ। ਇਸ ਯਾਤਰਾ ਨੂੰ ਮੋਕਸ਼ ਭਾਵ ਜਨਮ-ਮਰਨ ਦੇ ਬੰਧਨ ਤੋਂ ਮੁਕਤ ਕਰਨ ਵਾਲੀ ਕਿਹਾ ਗਿਆ ਹੈ। ਇਸ ਦਾ ਸਬੰਧ ਮਹਾਭਾਰਤ ਨਾਲ ਵੀ ਹੈ।
ਗੰਗੋਤਰੀ ਤੱਕ ਸੜਕੀ ਰਸਤੇ ਰਾਹੀਂ ਜਾਣਾ ਸੌਖਾ ਹੈ ਪਰ ਬਾਕੀ ਤਿੰਨਾਂ ਥਾਵਾਂ ’ਤੇ ਜਾਣ ਲਈ ਬਹੁਤ ਦੁੱਖ ਸਹਿਣੇ ਪੈਂਦੇ ਹਨ। ਜੇ ਸਰਕਾਰ ਚਾਹੇ ਤਾਂ ਇਸ ਨੂੰ ਵੀ ਸੌਖਾ ਬਣਾ ਸਕਦੀ ਹੈ। ਇਕ ਵਿਸ਼ਾਲ ਯੋਜਨਾ ਰਾਹੀਂ ਰੋਪ-ਵੇ ਅਤੇ ਹੋਰ ਸਹੂਲਤਾਂ ਦਾ ਜਾਲ ਵਿਛਾ ਕੇ ਇਹ ਖੇਤਰ ਖੂਬਸੂਰਤ, ਸਹੂਲਤਾਂ ਨਾਲ ਭਰਪੂਰ ਅਤੇ ਅਾਰਾਮਦੇਹ ਬਣ ਸਕਦਾ ਹੈ। ਕੁਦਰਤ ਅਤੇ ਪੁਰਾਤਨ ਇਤਿਹਾਸ ਦੇ ਦਰਸ਼ਨ ਸ਼ਰਧਾਲੂ ਇੱਥੇ ਕਰ ਸਕਦੇ ਹਨ। ਇਹੀ ਨਹੀਂ ਦੁਨੀਆ ਦੀਆਂ ਅਜਿਹੀਆਂ ਵੇਖਣਯੋਗ ਥਾਵਾਂ ਦਰਮਿਆਨ ਪ੍ਰਮੁੱਖ ਥਾਂ ਇਹ ਹਾਸਲ ਕਰ ਸਕਦਾ ਹੈ। ਇਸ ਦਾ ਲਾਭ ਇਹ ਹੋਵੇਗਾ ਕਿ ਹਰ ਕੋਈ ਇੱਥੇ ਆਉਣ ਨੂੰ ਆਪਣਾ ਨਿਸ਼ਾਨਾ ਬਣਾਵੇਗਾ। ਜੋ ਧਾਰਮਿਕ ਅਤੇ ਅਧਿਆਤਮਕ ਦਿਲਚਸਪੀ ਦੇ ਲੋਕ ਹਨ, ਉਨ੍ਹਾਂ ਲਈ ਦਰਸ਼ਨਯੋਗ ਥਾਵਾਂ ਦੀ ਸੂਚੀ ’ਚ ਇਹ ਸਭ ਤੋਂ ਉਪਰ ਹੋਵੇਗਾ।