ਬਸ ਇਹੋ ਹੈ ਕੇਂਦਰ ਸਰਕਾਰ ਦੀ ‘ਅਹਿਮ ਪ੍ਰਾਪਤੀ’

Monday, Oct 08, 2018 - 06:58 AM (IST)

ਮੋਦੀ ਸਰਕਾਰ ਦਾ ਕਾਰਜਕਾਲ ਖਤਮ ਹੋਣ ਵੱਲ ਹੈ ਅਤੇ ਮੈਂ ਇਸ ਗੱਲ ’ਤੇ ਵਿਚਾਰ ਕਰ ਰਿਹਾ ਸੀ ਕਿ ਇਸ ਸਰਕਾਰ ਨੇ ਕੀ ਕੰਮ ਕੀਤਾ ਹੈ ਅਤੇ ਇਕ ਰਾਸ਼ਟਰ ਵਜੋਂ ਉਸ ਦਾ ਸਾਡੇ ਲਈ ਕੀ ਮਤਲਬ ਹੈ? ਅਸੀਂ ਇਸ ਗੱਲ ’ਤੇ ਉਦੋਂ ਵਿਚਾਰ ਕਰ ਰਹੇ ਹਾਂ, ਜਦੋਂ ਇਕ ਹਫਤਾ ਪਹਿਲਾਂ ਬਾਜ਼ਾਰ ’ਚ ਲਗਾਤਾਰ ਮੰਦੀ ਛਾਈ ਰਹੀ ਹੈ ਅਤੇ ਇਸ ਨੇ ਸਰਕਾਰ ਤੇ ਇਸ ਦੀਅਾਂ ਆਰਥਿਕ ਨੀਤੀਅਾਂ ’ਚ ਕੋਈ ਭਰੋਸਾ ਨਹੀਂ ਪ੍ਰਗਟਾਇਆ ਹੈ। ਰੁਪਿਆ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਹੈ, ਪੈਟਰੋਲ ਦੀ ਕੀਮਤ ਇਤਿਹਾਸ ’ਚ ਸਭ ਤੋਂ ਜ਼ਿਆਦਾ ਹੈ ਅਤੇ ਇਸ ਗੱਲ ਦਾ ਕੋਈ ਭਰੋਸਾ ਨਹੀਂ ਹੈ ਕਿ ਮਈ ਤਕ ਜਾਂ ਉਸ ਤੋਂ ਬਾਅਦ ਵੀ ਨਹੀਂ ਵਧੇਗੀ। 
ਪਿਛਲੇ ਕਈ ਮਹੀਨਿਅਾਂ ਤੋਂ ਬਾਜ਼ਾਰ ਨੇ ਜੋ ਕੁਝ ਹਾਸਿਲ ਕੀਤਾ ਸੀ, ਉਹ 3 ਦਿਨਾਂ ’ਚ ਖਤਮ ਹੋ ਗਿਆ। ਇਕ ਗੁਜਰਾਤੀ ਹੋਣ ਦੇ ਨਾਤੇ ਜਿਸ ਨੇ ਇਸ ਦੇਸ਼ ਅਤੇ ਇਸ ਦੀ ਤਰੱਕੀ ’ਚ 20 ਸਾਲਾਂ ਤੋਂ ਨਿਵੇਸ਼ ਕੀਤਾ ਹੈ, ਮੈਂ ਨਿੱਜੀ ਤੌਰ ’ਤੇ ਦੇਖ, ਮਹਿਸੂਸ ਕਰਦਾ  ਹਾਂ ਕਿ ਬਾਜ਼ਾਰ ਨੂੰ ਕਿੰਨਾ ਨੁਕਸਾਨ ਪੁੱਜਾ ਹੈ। ਬਾਕੀ ਨਿਵੇਸ਼ਕ ਵੀ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹਨ। 
ਸਾਡੀ ਅਰਥ ਵਿਵਸਥਾ ਨੇ ਪਿਛਲੇ 5 ਸਾਲਾਂ ’ਚ ਇੰਨਾ ਵਾਧਾ ਦਰਜ ਨਹੀਂ ਕੀਤਾ ਹੈ, ਜਿੰਨਾ ਵਿਕਾਸ ਇਸ ਸਰਕਾਰ ਦੇ ਸੱਤਾ ’ਚ ਆਉਣ ਤੋਂ ਪਹਿਲਾਂ ਪਿਛਲੇ 10 ਸਾਲਾਂ ’ਚ ਹੋਇਆ ਸੀ। ਅਰਥ ਵਿਵਸਥਾ ਦੀ ਰਫਤਾਰ ਮੱਠੀ ਪੈ ਗਈ ਹੈ ਤੇ ਅਸੀਂ ਕਹਿੰਦੇ ਹਾਂ ਕਿ ਇਹ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਅਰਥ ਵਿਵਸਥਾ ਹੈ ਪਰ ਅਜਿਹਾ ਇਸ ਲਈ ਸੰਭਵ ਹੋਇਆ ਕਿਉਂਕਿ ਚੀਨ ਦੀ ਅਰਥ ਵਿਵਸਥਾ ’ਚ ਸਾਡੀ ਅਰਥ ਵਿਵਸਥਾ ਦੇ ਮੁਕਾਬਲੇ ਜ਼ਿਆਦਾ ਮੰਦੀ ਆਈ ਹੈ। 
ਗੈਰ-ਵਿਵਾਦਪੂਰਨ ਤੱਥ ਇਹ ਹੈ ਕਿ ਅਰਥ ਵਿਵਸਥਾ ਦੇ ਵਿਕਾਸ ਦੀ ਦਰ ਮੱਠੀ ਪਈ ਹੈ। ਹਾਂ-ਪੱਖੀ  ਪੱਧਰ ’ਤੇ ਸਰਕਾਰ ਇਹ ਦਾਅਵਾ ਕਰ ਸਕਦੀ ਹੈ ਕਿ ਇਸ ਨੇ ਆਪਣੇ ਜ਼ਿਆਦਾਤਰ ਕਾਰਜਕਾਲ ’ਚ ਮਹਿੰਗਾਈ ਨੂੰ ਕਾਬੂ ’ਚ ਰੱਖਿਆ। ਸਰਕਾਰ ਇਹ ਵੀ ਦਾਅਵਾ ਕਰ ਸਕਦੀ ਹੈ ਕਿ ਇਸ ਨੇ ਕਾਲੇ ਧਨ ਵਿਰੁੱਧ ਸਖਤ ਕਦਮ ਚੁੱਕੇ, ਚਾਹੇ ਅਸੀਂ ਇਸ ਗੱਲ ਨਾਲ ਸਹਿਮਤ ਹੋਈਏ ਜਾਂ ਨਾ ਕਿ ਸਰਕਾਰ ਦੇ ਇਸ ਕਦਮ ਨਾਲ ਕੋਈ ਨਤੀਜਾ ਨਿਕਲਿਆ ਜਾਂ ਨਹੀਂ? 
ਅਰਥ ਵਿਵਸਥਾ ਦੇ ਪੱਧਰ ’ਤੇ ਵੀ ਇਹੋ ਪਿਛੋਕੜ ਹੈ ਅਤੇ ਇਸ ਗੱਲ ਦੀ ਵੀ ਸੰਭਾਵਨਾ ਬਹੁਤ ਘੱਟ ਹੈ ਕਿ ਜਦੋਂ ਸਰਕਾਰ 2019 ਦੀਅਾਂ ਚੋਣਾਂ ਲਈ ਪ੍ਰਚਾਰ ਦੀ ਤਿਆਰੀ ਕਰੇਗੀ ਤਾਂ ਉਹ ਆਪਣੀਅਾਂ ਆਰਥਿਕ ਪ੍ਰਾਪਤੀਅਾਂ ਨੂੰ ਗਿਣਾ ਸਕੇਗੀ। 
ਦੂਜੇ ਪਾਸੇ ਬੇਰੋਜ਼ਗਾਰੀ ਤੇ ਵਿਕਾਸ ਦੇ ਮਾਮਲੇ ’ਚ ਆਪਾ-ਵਿਰੋਧੀ ਦਾਅਵੇ ਕੀਤੇ ਜਾ ਰਹੇ ਹਨ। ਹਾਲਾਂਕਿ ਭਾਰਤ ’ਚ ਇਸ ਸਬੰਧੀ ਸਪੱਸ਼ਟ ਤੌਰ ’ਤੇ ਕੋਈ ਅੰਕੜੇ ਮੁਹੱਈਆ ਨਹੀਂ ਹਨ ਪਰ ਜਿਹੜੇ ਲੋਕਾਂ ਦੀ ਪਹੁੰਚ ਆਜ਼ਾਦ ਅੰਕੜਿਅਾਂ ਤਕ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਨੌਕਰੀਅਾਂ, ਖਾਸ ਕਰਕੇ ਪੱਕੀਅਾਂ ਨੌਕਰੀਅਾਂ ਦੀ ਸਥਿਤੀ ਕਿਸੇ ਵੀ ਹਾਲਤ ’ਚ ਚੰਗੀ ਨਹੀਂ ਹੈ ਤੇ ਪਹਿਲਾਂ ਨਾਲੋਂ ਤਾਂ ਬਿਹਤਰ ਬਿਲਕੁਲ ਵੀ ਨਹੀਂ।
ਸਰਕਾਰ ਨੇ ਪ੍ਰਧਾਨ ਮੰਤਰੀ ਦੇ ਜ਼ਰੀਏ ਕੁਝ ਦਾਅਵੇ ਕੀਤੇ ਹਨ ਪਰ ਅੰਕੜੇ ਇਨ੍ਹਾਂ ਦਾਅਵਿਅਾਂ ਦੀ ਪੁਸ਼ਟੀ ਨਹੀਂ ਕਰਦੇ। ਜੇ ਅਸੀਂ ਬਹੁਗਿਣਤੀ ਕਿਸਾਨ ਸਮੂਹਾਂ, ਪਾਟੀਦਾਰਾਂ, ਜਾਟਾਂ ਤੇ ਮਰਾਠਿਅਾਂ ਦੇ ਅੰਦੋਲਨਾਂ ’ਤੇ ਨਜ਼ਰ ਮਾਰੀਏ ਤਾਂ ਇਸ ਸਿੱਟੇ ’ਤੇ ਪਹੁੰਚਦੇ ਹਾਂ ਕਿ ਸਰਕਾਰ ਇੰਨੀਅਾਂ ਨੌਕਰੀਅਾਂ ਦਾ ਪ੍ਰਬੰਧ ਨਹੀਂ ਕਰ ਸਕੀ ਹੈ, ਜਿਨ੍ਹਾਂ ਨਾਲ ਲੋਕਾਂ ਨੂੰ ਖੇਤੀਬਾੜੀ ਤੋਂ ਆਧੁਨਿਕ ਅਰਥ ਵਿਵਸਥਾ ਵੱਲ ਮੋੜਿਆ ਜਾ ਸਕੇ। 
ਦੂਜੇ ਪਾਸੇ ਵਿਦੇਸ਼ ਨੀਤੀ ਦੇ ਮਾਮਲੇ ’ਚ ਅਸੀਂ ਚੀਨ ਤੋਂ ਪਿੱਛੇ ਰਹਿ ਗਏ ਹਾਂ। ਚੀਨ ਨੇ ਆਪਣੀ ਆਰਥਿਕ ਤੇ ਫੌਜੀ ਤਾਕਤ ਦੇ ਜ਼ਰੀਏ ਸਾਡੇ ਰਣਨੀਤਕ ਖੇਤਰ ਸ਼੍ਰੀਲੰਕਾ, ਨੇਪਾਲ, ਮਾਲਦੀਵ, ਭੂਟਾਨ ਤੇ ਪਾਕਿਸਤਾਨ ਨੂੰ ‘ਹਥਿਆ’ ਲਿਆ ਹੈ। ਅੱਜ ਅਸੀਂ ਆਪਣੇ ਗੁਅਾਂਢ ’ਚ ਹਿੰਦ ਮਹਾਸਾਗਰ ਖੇਤਰ ਅਤੇ ਦੱਖਣੀ ਏਸ਼ੀਆ ’ਚ ਪਹਿਲਾਂ ਦੇ ਮੁਕਾਬਲੇ ਘੱਟ ਪ੍ਰਭਾਵਸ਼ਾਲੀ  ਹਾਂ ਅਤੇ ਕੋਈ ਵੀ ਮਾਹਿਰ ਇਸ ਗੱਲ ਤੋਂ ਇਨਕਾਰ ਨਹੀਂ ਕਰੇਗਾ। 
ਮੇਰਾ ਮੰਨਣਾ ਹੈ ਕਿ ਇਨ੍ਹਾਂ ਸਭ ਗੱਲਾਂ ’ਚ ਸਰਕਾਰ ਦੀਅਾਂ ਵੱਡੀਅਾਂ ਤਾਕਤਾਂ ਦਾ ਰੋਲ ਹੈ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਸਰਕਾਰ ਚੀਨ ਦੀ ਤਾਕਤ ਦਾ ਵਿਰੋਧ ਕਰ ਸਕੀ ਕਿਉਂਕਿ ਚੀਨ ਸਾਡੇ ਨਾਲੋਂ ਜ਼ਿਆਦਾ ਤਾਕਤਵਰ ਹੈ। ਮੈਂ ਨਹੀਂ ਸਮਝਦਾ ਕਿ ਕੋਈ ਵੀ ਸਰਕਾਰ ਨੌਕਰੀਅਾਂ ਦੀ ਸਥਿਤੀ ਜਾਂ ਪੈਟਰੋਲ-ਡੀਜ਼ਲ ਦੀਅਾਂ ਕੀਮਤਾਂ ਜਾਂ ਰੁਪਏ ਦੀ ਗਿਰਾਵਟ ਦੇ ਮਾਮਲੇ ’ਚ ਕੋਈ ਖਾਸ ਤਬਦੀਲੀ ਲਿਆ ਸਕਦੀ ਸੀ। ਇਸ ਗੱਲ ਦੀ ਇਕ ਹੱਦ ਹੁੰਦੀ ਹੈ ਕਿ ਸਰਕਾਰ, ਚਾਹੇ ਉਹ ਕੋਈ ਵੀ ਹੋਵੇ, ਕੀ ਕਰ ਸਕਦੀ ਹੈ? 
ਹਾਲਾਂਕਿ ਮੇਰਾ ਇਹ ਮੰਨਣਾ ਹੈ ਕਿ ਇਸ ਸਰਕਾਰ ਨੇ ਖਾਸ ਤੌਰ ’ਤੇ ਇਕ ਅਜਿਹਾ ਕੰਮ ਕੀਤਾ ਹੈ, ਜੋ ਇਸ ਤੋਂ ਪਹਿਲਾਂ ਵਾਲੀ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਸੀ। ਇਸ ਸਰਕਾਰ ਨੇ ਸਿਆਸਤ ਅਤੇ ਚਰਚਾ ’ਚ ਇਹ ਗੱਲ ਸ਼ਾਮਿਲ ਕਰ ਦਿੱਤੀ ਹੈ ਕਿ ਸਿਰਫ ਇਕ ਧਿਰ ਹੀ ਸਹੀ ਹੈ। ਸਰਕਾਰ ਦੀ ਨਜ਼ਰ ਵਿਚ ਇਕ ਵਿਸ਼ੇਸ਼ ਨਜ਼ਰੀਆ ਹੀ ਰਾਸ਼ਟਰ ਦੇ ਹਿੱਤ ’ਚ ਹੈ ਅਤੇ ਇਸ ਨਜ਼ਰੀਏ ਤੋਂ ਅਸਹਿਜ ਮਹਿਸੂਸ ਕਰਨ ਜਾਂ ਇਸ ਦਾ ਵਿਰੋਧ ਕਰਨ ਦਾ ਮਤਲਬ ਹੈ ਗੱਦਾਰ ਅਤੇ ਰਾਸ਼ਟਰ ਵਿਰੋਧੀ ਹੋਣਾ।
ਇਹ ਤੱਥਾਂ ਦੀ ਨਹੀਂ, ਸਗੋਂ ਲਹਿਜ਼ੇ ਦੀ ਤਬਦੀਲੀ ਹੈ। ਭਾਰਤ ’ਚ ਅਸੀਂ ਜਿਸ ਤਰ੍ਹਾਂ ਚਰਚਾ ਕਰਦੇ ਹਾਂ, ਦਲੀਲਾਂ ਦਿੰਦੇ ਹਾਂ, ਉਨ੍ਹਾਂ ’ਚ 2014 ਤੋਂ ਬਾਅਦ ਇਕ ਨਾਟਕੀ ਤਬਦੀਲੀ ਆਈ ਹੈ। ਇਸ ਸਰਕਾਰ ਨੇ ਉਸ ਖਲਾਅ ਨੂੰ ਪਰਿਭਾਸ਼ਿਤ ਕੀਤਾ ਹੈ, ਜਿਸ ਨੂੰ ਉਹ ਕੌਮੀ ਹਿੱਤ ਵਜੋਂ ਦੇਖਦੀ ਹੈ, ਫਿਰ ਚਾਹੇ ਉਹ ਕਾਲਾ ਧਨ ਹੋਵੇ ਜਾਂ ਅੱਤਵਾਦ ਜਾਂ ਸ਼ਰਨਾਰਥੀਅਾਂ, ਘੱਟਗਿਣਤੀਅਾਂ ਦੇ ਅਧਿਕਾਰਾਂ ਦਾ ਮਾਮਲਾ। 
ਵਰਤਮਾਨ ’ਚ ਆਪਣੇ ਨਜ਼ਰੀਏ ਨੂੰ ਪੇਸ਼ ਕਰਨਾ ਸੌਖਾ ਨਹੀਂ ਹੈ, ਜੇ ਇਹ ਇਸ ਪਰਿਭਾਸ਼ਾ ਦੇ ਤਹਿਤ ਨਹੀਂ ਆਉਂਦਾ। ਜੇ ਤੁਸੀਂ ਫੌਜੀ ਤਾਕਤ ਅਤੇ ਉਸ ਮਸ਼ੀਨਰੀ ’ਤੇ ਭਾਰੀ ਰਕਮ ਖਰਚ ਕਰਨ ’ਚ ਅਸਹਿਜ ਮਹਿਸੂਸ ਕਰਦੇ ਹੋ, ਜਿਸ ਦੀ ਕਦੇ ਵਰਤੋਂ ਨਹੀਂ ਹੋਵੇਗੀ ਤਾਂ ਤੁਸੀਂ ਰਾਸ਼ਟਰਵਾਦੀ ਨਹੀਂ ਮੰਨੇ ਜਾਓਗੇ। ਜੇ ਤੁਸੀਂ ਸੋਚਦੇ ਹੋ ਕਿ ਰਾਸ਼ਟਰਗਾਨ ਅਤੇ ਤਿਰੰਗੇ ਝੰਡੇ ਦੀ ਆਪਣੀ ਇਕ ਥਾਂ ਹੈ ਪਰ ਉਹ ਥਾਂ ਹਰ ਜਗ੍ਹਾ ਨਹੀਂ ਹੈ ਤਾਂ ਇਸ ਦਾ ਮਤਲਬ ਇਹ ਮੰਨਿਆ ਜਾਵੇਗਾ ਕਿ ਤੁਸੀਂ ਆਪਣੇ ਦੇਸ਼ ਨਾਲ ਨਫਰਤ ਕਰਦੇ ਹੋ। ਜੇ ਤੁਸੀਂ ਆਪਣੇ ਗੁਅਾਂਢੀਅਾਂ ਨਾਲ ਸ਼ਾਂਤੀ ਚਾਹੁੰਦੇ ਹੋ ਤਾਂ ਤੁਸੀਂ ਗੱਦਾਰ ਹੋ। 
ਮੈਨੂੰ ਇਹ ਸਿੱਧ ਕਰਨ ਦੀ ਲੋੜ ਨਹੀਂ ਹੈ ਕਿ ਇਹ ਤਬਦੀਲੀ ਹੋਈ ਹੈ ਤੇ ਸਾਡੇ ’ਚੋਂ ਜਿਹੜੇ ਲੋਕਾਂ ਨੇ ਇਸ ਨੂੰ ਆਪਣੀਅਾਂ ਅੱਖਾਂ ਨਾਲ ਹੁੰਦੀ ਦੇਖਿਆ ਹੈ, ਉਨ੍ਹਾਂ ਲਈ ਇਹ ਬਿਲਕੁਲ ਸਪੱਸ਼ਟ ਹੈ। ਅਸੀਂ ਆਪਣੇ ਹੀ ਕਈ ਲੋਕਾਂ ਨੂੰ ਦੁਸ਼ਮਣ ਵਜੋਂ ਦੇਖਣ ਲੱਗ ਪਏ ਹਾਂ। ਇਹ ਇਕ ਅਜਿਹੀ ਤਬਦੀਲੀ ਹੈ, ਜੋ ਸਾਡੇ ਨਾਲ ਬਣੀ ਰਹੇਗੀ, ਚਾਹੇ 2019 ਤੇ ਉਸ ਤੋਂ ਬਾਅਦ ਸੱਤਾ ’ਚ ਕੋਈ ਵੀ ਆਵੇ। ਅਸੀਂ ਉਸ ਘਿਨਾਉਣੇਪਣ ਤੇ ਬੁਰਾਈ ਨੂੰ ਹਵਾ ਦਿੱਤੀ ਹੈ, ਜੋ ਅੱਜ ਤੋਂ ਪਹਿਲਾਂ ਬੋਤਲ ’ਚ ਬੰਦ ਸੀ ਪਰ ਇਸ ਸਰਕਾਰ ਨੇ ਬੋਤਲ ਦਾ ਢੱਕਣ ਖੋਲ੍ਹ ਦਿੱਤਾ ਹੈ ਤੇ ਮੇਰਾ ਮੰਨਣਾ ਹੈ ਕਿ ਇਹੋ ਇਸ ਸਰਕਾਰ ਦੀ ਸਭ ਤੋਂ ‘ਅਹਿਮ ਪ੍ਰਾਪਤੀ’ ਹੈ। 


Related News