ਚੀਨ ਦੇ ਕੈਂਸਰ ਰੋਗੀਆਂ ਨੂੰ ਭਾਰਤ ਦੀ ''ਸੰਜੀਵਨੀ''
Saturday, Jul 14, 2018 - 05:47 AM (IST)

ਚੀਨ ਸਿਰਫ ਫੌਜ, ਸਰਹੱਦ ਅਤੇ ਸੰਕਟ ਦੀ ਆਹਟ ਨਹੀਂ, ਚੀਨ ਸਿਰਫ ਦੁਸ਼ਮਣ ਨਹੀਂ, ਚੀਨ 4 ਹਜ਼ਾਰ ਕਿਲੋਮੀਟਰ ਲੰਮੀ ਸਰਹੱਦ ਨਾਲ ਬੱਝਿਆ ਗੁਆਂਢੀ ਅਤੇ ਪੰਜ ਹਜ਼ਾਰ ਸਾਲ ਪੁਰਾਣੀ ਸੱਭਿਅਤਾ, ਉਥੋਂ ਦੇ ਲੋਕਾਂ, ਉਨ੍ਹਾਂ ਦੇ ਰਹਿਣ-ਸਹਿਣ, ਭਾਸ਼ਾ, ਸਾਹਿਤ, ਨਾਰਾਜ਼ਗੀ ਅਤੇ ਦਮਨ ਦਾ ਸੁਰ ਵੀ ਹੈ।
ਚੀਨ ਨੂੰ ਜਾਣੇ-ਸਮਝੇ ਬਿਨਾਂ ਉਸ ਨਾਲ ਸਲੂਕ ਵੀ ਅਸੀਂ ਸਹੀ ਢੰਗ ਨਾਲ ਤੈਅ ਨਹੀਂ ਕਰ ਸਕਾਂਗੇ, ਇਸ ਲਈ ਬਹੁਤ ਜ਼ਰੂਰੀ ਹੈ ਕਿ ਅਮਰੀਕਾ, ਇੰਗਲੈਂਡ ਦੇ ਸੁਪਨੇ ਛੱਡ ਕੇ ਭਾਰਤ ਦੇ ਨੌਜਵਾਨ ਵੱਧ ਤੋਂ ਵੱਧ ਚੀਨ ਜਾਣ, ਉਥੋਂ ਦੇ ਹਾਲਾਤ ਨੂੰ ਸਮਝਣ ਅਤੇ ਉਥੋਂ ਦੇ ਲੋਕਾਂ ਨਾਲ ਸਬੰਧ ਵਧਾਉਣ। ਚੀਨ ਸਰਕਾਰ ਅਤੇ ਕਮਿਊਨਿਸਟ ਪਾਰਟੀ ਨਾਲੋਂ ਉਥੋਂ ਦੇ ਲੋਕਾਂ ਦੇ ਸੁਰਾਂ ਨੂੰ ਥੋੜ੍ਹਾ ਜਿਹਾ ਵੱਖਰਾ ਕਰ ਕੇ ਦੇਖੀਏ ਤਾਂ ਸਥਿਤੀ ਬਿਹਤਰ ਢੰਗ ਨਾਲ ਸਮਝ ਆ ਜਾਵੇਗੀ।
ਚੀਨ ਵਿਚ ਇਨ੍ਹੀਂ ਦਿਨੀਂ ਇਕ ਫਿਲਮ 'ਵ ਪੂ ਸ਼ ਯੋਸ਼ਨ' ਦੀ ਅਖ਼ਬਾਰਾਂ ਵਿਚ ਖੂਬ ਚਰਚਾ ਹੈ। ਇਸ ਸਿਰਲੇਖ ਦਾ ਅਰਥ ਹੈ 'ਮੈਂ ਦਵਾਈਆਂ ਦਾ ਈਸ਼ਵਰ ਨਹੀਂ'। ਇਹ ਫਿਲਮ ਚੀਨ ਦੇ ਗਰੀਬ ਕੈਂਸਰ ਰੋਗੀਆਂ ਨੂੰ ਭਾਰਤ ਤੋਂ ਸਸਤੀਆਂ ਦਵਾਈਆਂ ਲਿਆ ਕੇ ਬਿਨਾਂ ਮੁਨਾਫੇ ਦੇ ਦੇਣ ਵਾਲੇ ਇਕ ਸਮਾਜ ਸੇਵੀ ਦੇ ਸੰਘਰਸ਼ ਦੀ ਕਹਾਣੀ ਹੈ।
ਭਾਰਤ 'ਚ ਕੈਂਸਰ ਦੀਆਂ ਦਵਾਈਆਂ ਵਧੀਆ ਤੇ ਸਸਤੀਆਂ ਹਨ, ਜਦਕਿ ਬ੍ਰਿਟੇਨ ਤੇ ਅਮਰੀਕਾ ਵਿਚ ਇਹੋ ਦਵਾਈਆਂ 15 ਤੋਂ 20 ਗੁਣਾ ਮਹਿੰਗੀਆਂ ਹਨ ਪਰ ਭਾਰਤ ਦੀਆਂ ਦਵਾਈਆਂ ਚੀਨ ਵਿਚ ਵਿਕਣ ਦੀ ਕਾਨੂੰਨੀ ਇਜਾਜ਼ਤ ਨਹੀਂ ਹੈ, ਇਸ ਲਈ ਭਾਰਤ ਦੀਆਂ ਦਵਾਈਆਂ ਚੀਨ ਵਿਚ ਲਿਆ ਕੇ ਵੇਚਣਾ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ।
ਜਦੋਂ ਚੀਨੀ ਨੌਜਵਾਨ ਲੂ ਯੋਂਗ ਗਰੀਬ ਕੈਂਸਰ ਰੋਗੀਆਂ ਨੂੰ ਭਾਰਤ ਤੋਂ ਚੁੱਪ-ਚੁਪੀਤੇ ਦਵਾਈਆਂ ਲਿਆ ਕੇ ਦੇਣ ਲੱਗਾ ਤਾਂ ਪੱਛਮੀ ਦੇਸ਼ਾਂ ਦੀਆਂ ਦਵਾਈ ਕੰਪਨੀਆਂ ਨੇ ਲੂ ਯੋਂਗ ਵਿਰੁੱਧ ਬੌਧਿਕ ਜਾਇਦਾਦ ਦੀ ਚੋਰੀ ਦਾ ਮੁਕੱਦਮਾ ਦਰਜ ਕਰਵਾ ਦਿੱਤਾ।
ਇਹ ਫਿਲਮ ਬਹੁਤ ਦਿਲਚਸਪ, ਭਾਵੁਕ ਕਰਨ ਵਾਲੀ ਅਤੇ ਸਮਾਜ ਵਿਚ ਇਕ ਵੱਖਰੇ ਪੱਧਰ ਦੇ ਸੰਘਰਸ਼ ਦਾ ਬਿਹਤਰੀਨ ਚਿੱਤਰਣ ਕਰਦੀ ਹੈ। ਆਸ ਕਰਨੀ ਚਾਹੀਦੀ ਹੈ ਕਿ ਭਾਰਤ ਦਾ ਸੂਚਨਾ ਪ੍ਰਸਾਰਣ ਮੰਤਰਾਲਾ ਚੀਨ ਸਰਕਾਰ ਦੇ ਸਹਿਯੋਗ ਨਾਲ ਭਾਰਤ ਵਿਚ ਵੀ ਇਹ ਫਿਲਮ ਦਿਖਾਉਣ ਲਈ ਯਤਨ ਕਰੇਗਾ।
ਫਿਲਮ ਦੀ ਕਹਾਣੀ ਇਕ ਸੱਚੀ ਘਟਨਾ 'ਤੇ ਆਧਾਰਿਤ ਹੈ ਅਤੇ ਕਰੋੜਾਂ ਚੀਨੀਆਂ ਦੇ ਦਿਲ ਨੂੰ ਛੂਹ ਲੈਣ ਵਾਲੀ ਹੈ। ਚੀਨ ਦੇ ਕੈਂਸਰ ਰੋਗੀ ਇਕੱਠੇ ਹੋ ਕੇ ਕਿਸ ਤਰ੍ਹਾਂ ਲੂ ਯੋਂਗ ਦੇ ਪੱਖ ਵਿਚ ਅਦਾਲਤ ਵਿਚ ਪਟੀਸ਼ਨ ਦਾਇਰ ਕਰਦੇ ਹਨ ਅਤੇ ਆਖਿਰ ਵਿਚ ਵਿਦੇਸ਼ੀ ਦਵਾਈ ਕੰਪਨੀਆਂ ਦੀ ਸ਼ਿਕਾਇਤ ਖਾਰਿਜ ਕਰ ਕੇ ਅਦਾਲਤ ਦੇ ਜੱਜ ਲੂ ਯੋਂਗ ਦੇ ਪੱਖ ਵਿਚ ਫੈਸਲਾ ਦਿੰਦੇ ਹਨ। ਇਹ ਘਟਨਾ ਫਿਲਮ ਦੇ ਦਰਸ਼ਕਾਂ ਦੀਆਂ ਅੱਖਾਂ ਵਿਚ ਹੰਝੂ ਲੈ ਆਉਂਦੀ ਹੈ।
ਇਹ ਤ੍ਰਾਸਦੀ ਹੈ ਕਿ ਅਸੀਂ ਪਾਕਿਸਤਾਨ ਵਰਗੇ 'ਜ਼ਾਲਿਮ' ਦੇਸ਼ ਦੇ ਲੋਕਾਂ ਦੀ ਸਹਾਇਤਾ ਅਤੇ ਉਥੋਂ ਦੇ ਸੰਗਠਨਾਂ ਤੋਂ ਅਮਨ ਦੀ ਉਮੀਦ ਵਰਗੇ ਪਖੰਡ ਕਰਨਾ ਬਹੁਤ ਵੱਡੀ ਪ੍ਰਾਪਤੀ ਮੰਨਦੇ ਹਾਂ ਪਰ ਚੀਨ ਨਾਲ, ਉਥੋਂ ਦੇ ਨਾਗਰਿਕਾਂ ਨਾਲ ਸਬੰਧਾਂ ਨੂੰ ਮਜ਼ਬੂਤ ਬਣਾਉਣਾ ਸ਼ੱਕ ਦੇ ਘੇਰੇ ਵਿਚ ਰੱਖ ਕੇ ਖਾਰਿਜ ਕਰ ਦਿੰਦੇ ਹਾਂ। ਪਿਛਲੇ ਕੁਝ ਸਮੇਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਵਿਚ ਨੌਜਵਾਨਾਂ ਅਤੇ ਆਮ ਨਾਗਰਿਕ ਪੱਧਰ 'ਤੇ ਮੇਲ-ਜੋਲ ਅਤੇ ਵਿਚਾਰ-ਵਟਾਂਦਰੇ ਦਾ ਸਿਲਸਿਲਾ ਵਧਿਆ ਹੈ ਤੇ ਇਸ ਦਾ ਹਾਂ-ਪੱਖੀ ਅਸਰ ਵੀ ਪਿਆ ਹੈ।
ਇਨ੍ਹੀਂ ਦਿਨੀਂ ਪੇਈਚਿੰਗ ਵਿਚ ਭਾਰਤ ਤੋਂ 200 ਨੌਜਵਾਨਾਂ ਦਾ ਵਫ਼ਦ ਇਕ ਹਫਤੇ ਦੀ ਯਾਤਰਾ 'ਤੇ ਆਇਆ ਹੋਇਆ ਹੈ। ਸਿਚੁਆਨ ਯੂਨੀਵਰਸਿਟੀ ਦੇ ਇਕ ਪ੍ਰੋਫੈਸਰ ਮਿ. ਲੂ ਨੇ ਦੱਸਿਆ ਕਿ ਕੁਨਮਿੰਗ ਨੇੜੇ ਇਕ ਯੋਗਾ ਯੂਨੀਵਰਸਿਟੀ ਖੁੱਲ੍ਹੀ ਹੈ ਤੇ ਪਿਛਲੇ ਸਾਲ ਭਾਰਤ ਦੇ ਕੋਇੰਬਟੂਰ ਵਿਚ ਸਥਿਤ ਈਸ਼ਾ ਯੋਗਾ ਕੇਂਦਰ ਵਿਚ ਭਗਵਾਨ ਸ਼ਿਵ ਦੀ ਪੂਜਾ ਲਈ ਲੱਗਭਗ 500 ਚੀਨੀ ਨੌਜਵਾਨ ਮੁੰਡੇ-ਕੁੜੀਆਂ ਆਏ ਸਨ ਪਰ ਅਜਿਹੀਆਂ ਹਾਂ-ਪੱਖੀ ਘਟਨਾਵਾਂ ਨੂੰ ਭਾਰਤੀ ਮੀਡੀਆ ਵਿਚ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ।
ਚੀਨ ਵਿਚ 20,000 ਤੋਂ ਵੀ ਜ਼ਿਆਦਾ ਭਾਰਤੀ ਵਿਦਿਆਰਥੀ ਹਨ, ਜੋ ਵੱਖ-ਵੱਖ ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ ਵਿਚ ਪੜ੍ਹਾਈ ਕਰ ਰਹੇ ਹਨ। ਇਥੇ 15 ਤੋਂ ਜ਼ਿਆਦਾ ਯੂਨੀਵਰਸਿਟੀਆਂ ਵਿਚ ਹਿੰਦੀ ਵਿਭਾਗ ਹਨ। ਬਿਹਾਰ ਤੋਂ ਵੱਡੀ ਗਿਣਤੀ ਵਿਚ ਵਿਦਿਆਰਥੀ ਇਥੇ ਮੈਡੀਕਲ ਅਤੇ ਇੰਜੀਨੀਅਰਿੰਗ ਕਰਨ ਲਈ ਆਉਂਦੇ ਹਨ ਕਿਉਂਕਿ ਭਾਰਤ ਵਿਚ ਇਹ ਕੋਰਸ ਬਹੁਤ ਮਹਿੰਗੇ ਹਨ।
ਇਸ ਤੋਂ ਇਲਾਵਾ ਭਾਰਤੀ ਕਾਲਜਾਂ ਵਿਚ ਲੱਖਾਂ-ਕਰੋੜਾਂ ਰੁਪਏ ਦੀ 'ਡੋਨੇਸ਼ਨ' ਵੱਖਰੀ ਦੇਣੀ ਪੈਂਦੀ ਹੈ। ਚੀਨ ਵਿਚ ਰਹਿਣ, ਖਾਣ-ਪੀਣ, ਫੀਸ—ਸਭ ਮਿਲਾ ਕੇ ਮੈਡੀਕਲ, ਇੰਜੀਨੀਅਰਿੰਗ ਦਾ ਕੋਰਸ ਪੂਰਾ ਕਰਨ 'ਤੇ 20 ਕੁ ਲੱਖ ਰੁਪਏ ਖਰਚਾ ਆਉਂਦਾ ਹੈ। ਇਹ ਸਥਿਤੀ ਭਾਰਤ ਵਿਚ ਕਿਵੇਂ ਸੁਧਰੇ, ਇਸ ਦੀ ਸਾਨੂੰ ਚਿੰਤਾ ਕਰਨੀ ਪਵੇਗੀ।
ਚੀਨ ਵਿਚ ਭਾਰਤੀਆਂ ਨੂੰ ਆਮ ਤੌਰ 'ਤੇ ਸਾਰੇ ਖੇਤਰਾਂ ਵਿਚ ਬਹੁਤ ਭਲੇ, ਈਮਾਨਦਾਰ ਅਤੇ ਭਰੋਸੇ ਵਾਲੇ ਲੋਕ ਮੰਨਿਆ ਜਾਂਦਾ ਹੈ, ਮਿਸਾਲ ਵਜੋਂ ਸ਼ੰਘਾਈ ਵਰਗੇ ਉਦਯੋਗਿਕ ਨਗਰ ਵਿਚ, ਜਿਸ ਨੂੰ ਚੀਨ ਦਾ ਨਿਊਯਾਰਕ ਕਿਹਾ ਜਾਂਦਾ ਹੈ, ਭਾਰਤੀ ਐਸੋਸੀਏਸ਼ਨ ਦੇ ਸਮਾਜ ਸੇਵੀ ਕੰਮਾਂ ਦੀ ਖੂਬ ਚਰਚਾ ਹੁੰਦੀ ਹੈ।
ਇਸ ਵਿਚ ਮਹਿੰਦਰਾ ਟੈੱਕ, ਟੀ. ਸੀ. ਐੱਸ., ਟਾਟਾ ਤੇ ਐੱਚ. ਸੀ. ਐੱਲ. ਵਰਗੀਆਂ ਕੰਪਨੀਆਂ ਤੋਂ ਇਲਾਵਾ ਸੀ. ਆਈ. ਆਈ., ਫਿੱਕੀ ਵਰਗੇ ਭਾਰਤੀ ਉਦਯੋਗ ਸੰਗਠਨਾਂ ਦੇ ਸੀਨੀਅਰ ਅਧਿਕਾਰੀ ਮੈਂਬਰ ਵਜੋਂ ਸ਼ਾਮਿਲ ਹਨ, ਤਾਂ ਕਈ ਵਿਦੇਸ਼ੀ ਕੰਪਨੀਆਂ ਵਿਚ ਭਾਰਤੀ ਉੱਚ ਅਹੁਦਿਆਂ 'ਤੇ ਵੀ ਹਨ।
ਭਾਰਤ ਦਾ ਵਣਜ ਦੂਤਘਰ ਇਥੇ ਸਭ ਤੋਂ ਵੱਧ ਸਰਗਰਮ ਵਿਦੇਸ਼ੀ ਡਿਪਲੋਮੈਟਿਕ ਕੇਂਦਰ ਹੈ ਅਤੇ ਸਿਚੁਆਨ ਵਿਚ 2 ਦਿਨ ਪਹਿਲਾਂ ਹੀ 'ਇੰਡੀਆ ਕਾਰਨਰ' ਦੀ ਸਥਾਪਨਾ ਹੋਈ ਹੈ, ਜੋ ਇਸ ਵੱਡੇ ਅਤੇ ਅਹਿਮ ਸੂਬੇ ਵਿਚ ਭਾਰਤੀ ਕਲਾ, ਸੱਭਿਅਤਾ, ਸਿੱਖਿਆ ਸਬੰਧੀ ਸਰਗਰਮੀਆਂ ਦਾ ਆਯੋਜਨ ਕਰੇਗਾ।
ਸ਼ੰਘਾਈ ਵਿਚ ਭਾਰਤੀ ਐਸੋਸੀਏਸ਼ਨ ਦੇ ਮੈਂਬਰਾਂ ਨੇ ਚੀਨ ਦੇ ਹਸਪਤਾਲਾਂ ਨੂੰ 1000 ਯੂਨਿਟ ਖੂਨ ਦਾਨ ਕੀਤਾ ਹੈ, ਜੋ ਚੀਨ ਦੇ ਸਮਾਜਿਕ ਇਤਿਹਾਸ ਵਿਚ ਬੇਮਿਸਾਲ ਹੈ ਕਿਉਂਕਿ ਚੀਨ ਵਿਚ ਖੂਨ ਦਾਨ ਵਰਗੀ ਕੋਈ ਕਲਪਨਾ ਜਾਂ ਵਿਵਸਥਾ ਨਹੀਂ ਹੈ। ਉਥੇ ਜਦੋਂ ਵੀ ਖੂਨ ਚਾਹੀਦਾ ਹੋਵੇ, ਉਹ ਖਰੀਦਿਆ ਜਾਂਦਾ ਹੈ।
ਵੂਹਾਨ ਵਿਚ ਮੋਦੀ-ਸ਼ੀ ਜਿਨਪਿੰਗ ਦੀ ਗੈਰ-ਰਸਮੀ ਸਿਖਰ ਵਾਰਤਾ ਤੋਂ ਬਾਅਦ ਬਦਲੇ ਮਾਹੌਲ ਵਿਚ ਹੁਣ ਕਈ ਹਾਂ-ਪੱਖੀ ਕਦਮ ਚੁੱਕੇ ਜਾ ਰਹੇ ਹਨ। ਭਾਰਤ ਵਿਚ ਇਸ ਦਾ ਚੰਗਾ ਸੰਕੇਤ ਜਾਣਾ ਚਾਹੀਦਾ ਹੈ ਕਿਉਂਕਿ ਸਭ ਕੁਝ ਖਰਾਬ, ਵਿਵਾਦਗ੍ਰਸਤ ਨਹੀਂ, ਬਹੁਤ ਕੁਝ ਚੰਗਾ ਅਤੇ ਆਸ਼ਾਦਾਇਕ ਵੀ ਹੈ।