ਭਾਜਪਾ ਦੀ ਸਿਆਸੀ ਮਸ਼ੀਨ ਵੱਧ ਸ਼ਕਤੀਸ਼ਾਲੀ ਅਤੇ ਨਿਪੁੰਨ ਹੈ
Tuesday, Nov 29, 2022 - 06:44 PM (IST)

ਗੁਜਰਾਤ ’ਚ ਵਿਧਾਨ ਸਭਾ ਚੋਣਾਂ ਭਾਰਤੀ ਸਿਆਸਤ ਦੇ ਭਵਿੱਖ ਦੇ ਸਿਲੇਬਸ ਨੂੰ ਨਵਾਂ ਆਕਾਰ ਦੇ ਸਕਦੀਆਂ ਹਨ। ਇਹ ਚੋਣਾਂ ਪੁਨਰ-ਦੁਆਰ ਦੇ ਪ੍ਰਤੀ ਕਾਂਗਰਸ ਦੇ ਸੰਕਲਪ ਦਾ ਪ੍ਰੀਖਣ ਕਰਨ ਜਾ ਰਹੀਆਂ ਹਨ। ਇਹ ਚੋਣਾਂ ਇਹ ਵੀ ਦਰਸਾਉਣਗੀਆਂ ਕਿ ਕੀ ਆਮ ਆਦਮੀ ਪਾਰਟੀ (ਆਪ) ਆਪਣੀਆਂ ਪੈੜਾਂ ਪਸਾਰਨ ਦੀ ਕੋਸ਼ਿਸ਼ ਕਰ ਰਹੀ ਹੈ? ਕੀ ਬ੍ਰਾਂਡ ਮੋਦੀ ਅਤੇ ਹਿੰਦੂਤਵ ਭਾਜਪਾ ਲਈ ਕੀਮਤੀ ਹੈ? ਬੇਸ਼ੱਕ ਜਾਤੀ ਆਧਾਰਿਤ ਸੋਸ਼ਲ ਇੰਜੀਨੀਅਰਿੰਗ ਗੁਜਰਾਤ ’ਚ ਬਹੁਤ ਪ੍ਰਚੱਲਿਤ ਹੈ। ਹਾਲਾਂਕਿ ਇਥੇ ਭਾਵਨਾਤਮਕ ਸੰਬੰਧਾਂ ਨਾਲ ਸੰਬੰਧਤ ਕਾਰਕਾਂ ਦਾ ਇਕ ਸਮੂਹ ਵੀ ਹੈ ਜੋ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ’ਚ ਅਹਿਮ ਭੂਮਿਕਾ ਅਦਾ ਕਰਦਾ ਹੈ।
ਅਜਿਹਾ ਪਹਿਲਾ ਕਾਰਕ ‘ਬ੍ਰਾਂਡ ਮੋਦੀ’ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਕਸ ਗੁਜਰਾਤੀ ਮਾਣ ਦਾ ਬਦਲ ਹੈ। ਪ੍ਰਧਾਨ ਮੰਤਰੀ ਦੇ ਰੂਪ ’ਚ ਉਨ੍ਹਾਂ ਦੀ ਹਾਜ਼ਰੀ ’ਚ ਗੁਜਰਾਤ ’ਚ ਭਾਰਤੀ ਰਾਸ਼ਟਰਵਾਦ ਦੇ ਵਿਆਪਕ ਢਾਂਚੇ ਦੇ ਅੰਦਰ ਇਕ ਉਪ-ਰਾਸ਼ਟਰਵਾਦੀ ਦਾਅਵਾ ਬਣਾਇਆ ਹੈ। ਇਹ ਭਾਵਨਾਤਮਕ ਸੂਤਰ ਕਿਸੇ ਵੀ ਸੰਗਠਨਾਤਮਕ ਜਾਂ ਪਾਰਟੀ ਕੇਂਦਰਿਤ ਯਤਨਾਂ ਤੋਂ ਕਿਤੇ ਵੱਧ ਚੋਣ ਨਤੀਜੇ ਨੂੰ ਆਕਾਰ ਦੇਣ ਵਾਲਾ ਹੈ। ਮੋਦੀ ਦਾ ਅਕਸ ਸਰਵਵਿਆਪੀ ਹੈ। ਉਨ੍ਹਾਂ ਦਾ ਇਹ ਅਕਸ ਮੀਡੀਆ ’ਚ, ਰੈਲੀਆਂ ’ਚ ਅਤੇ ਕੇਂਦਰ ਦੁਆਰਾ ਪ੍ਰਚਾਰਿਤ ਵਿਕਾਸ ਦੀਆਂ ਤਰਜੀਹਾਂ ’ਤੇ ਅੰਕਿਤ ਹੈ। ਇਸ ਦੇ ਬਾਰੇ ’ਚ ਡਾਂਗ ਦੇ ਆਦਿਵਾਸੀ ਖੇਤਰਾਂ ਦੇ ਨਾਲ-ਨਾਲ ਅਹਿਮਦਾਬਾਦ ਅਤੇ ਵਡੋਦਰਾ ਸਮੇਤ ਮਹਾਨਗਰੀ ਸ਼ਹਿਰਾਂ ’ਚ ਵੀ ਗੱਲ ਕੀਤੀ ਜਾਂਦੀ ਹੈ। ਬੇਸ਼ੱਕ ‘ਬ੍ਰਾਂਡ ਮੋਦੀ’ ਦੀ ਕਹਾਣੀ ਦਾ ਵਿਰੋਧੀ ਧਿਰ ਨੇ ਵਿਰੋਧ ਕੀਤਾ ਹੈ ਪਰ ਇਹ ਚਰਚਾ ’ਚ ਮੁਸ਼ਕਲ ਨਾਲ ਹੀ ਆਉਂਦਾ ਹੈ ਜਾਂ ਇਹ ਇੰਨਾ ਸ਼ਕਤੀਸ਼ਾਲੀ ਨਹੀਂ ਲੱਗਦਾ ਕਿ ਇਸ ਨਾਲ ਪੈਦਾ ਹੋਈ ਚੋਣਾਂ ਦੀ ਪੂੰਜੀ ’ਚ ਸੰਨ੍ਹ ਲੱਗ ਸਕੇ।
ਗੁਜਰਾਤ ’ਚ ਦੂਸਰਾ ਕਾਰਕ ‘ਹਿੰਦੂਤਵ ਖਾਹਿਸ਼’ ਹੈ ਜੋ ਸਿਆਸੀ ਸੰਬੰਧ ’ਚ ਇਕ ਭਾਵਨਾਤਮਕ ਆਧਾਰ ਮੁਹੱਈਆ ਕਰਦੀ ਹੈ। ਅਯੁੱਧਿਆ ’ਚ ਰਾਮ ਮੰਦਿਰ ਦਾ ਨਿਰਮਾਣ, ਕਾਸ਼ੀ ਵਿਸ਼ਵਨਾਥ ਮੰਦਿਰ ਕਾਰੀਡੋਰ ਦਾ ਨਵੀਨੀਕਰਨ ਅਤੇ ਹਿੰਦੂਤਵ ਦੇ ਹੋਰ ਵੱਡੇ ਪ੍ਰਤੀਕਾਂ ਦਾ ਨਿਰਮਾਣ ਕਰਕੇ ਹਿੰਦੂ ਮਾਣ ਨੂੰ ਵਧਾਉਣ ਦਾ ਭਾਜਪਾ ਯਤਨ ਕਰ ਰਹੀ ਹੈ। ਇਹ ਜ਼ਮੀਨ ’ਤੇ ਇਕ ਗੂੰਜ ਹੈ। ਸੱਭਿਆਚਾਰਕ ਸਿਆਸਤ ਕਰਨ ਦੀ ਭਾਜਪਾ ਦੀ ਸਮਰੱਥਾ ਬੇਜੋੜ ਹੈ। ਦਿਲ ਅਤੇ ਦਿਮਾਗ ਨੂੰ ਮੁੜ ਤੋਂ ਆਕਾਰ ਦੇਣ ’ਚ ਇਸ ਦੇ ਪ੍ਰਭਾਵ ਨੂੰ ਅਕਸਰ ਸਿਆਸੀ ਵਿਸ਼ਲੇਸ਼ਕਾਂ ਦੁਆਰਾ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਅਜਿਹਾ ਲੱਗਦਾ ਹੈ ਕਿ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਇਸ ਪਹਿਲੂ ਦੇ ਅਾਯਾਮ ਨੂੰ ਪਛਾਣ ਲਿਆ ਹੈ।
ਇਸ ਥਾਂ ਦੇ ਅੰਦਰ ਇਕ ਥਾਂ ਬਣਾਉਣ ਦੇ ਉਨ੍ਹਾਂ ਦੇ ਯਤਨਾਂ ਤੋਂ ਸਪੱਸ਼ਟ ਹੈ ਕਿ ਕਰੰਸੀ ਨੋਟਾਂ ’ਚ ਹਿੰਦੂ ਦੇਵੀ-ਦੇਵਤਿਆਂ ਲਕਸ਼ਮੀ ਅਤੇ ਗਣੇਸ਼ ਜੀ ਦੀਆਂ ਫੋਟੋਆਂ ਹੋਣ। ਦਾਅਵਿਆਂ ਅਤੇ ਨਾਅਰਿਆਂ ਦੇ ਪ੍ਰਮਾਣਿਕ ਹੋਣ ਲਈ ਲਗਾਤਾਰ ਅਤੇ ਡੂੰਘੇ ਜ਼ਮੀਨੀ ਕਾਰਜ ਦੀ ਲੋੜ ਹੈ। ਤੀਸਰਾ ਅਦ੍ਰਿਸ਼ਕਾਰਕ ਸਹਿਕਾਰੀ ਅੰਦੋਲਨ ਦੇ ਅੰਦਰ ਸਿਆਸੀ ਰਿਸ਼ਤੇਦਾਰੀ ਹੈ। ਸਿਆਸਤ ਅਤੇ ਸਹਿਕਾਰਤਾ ਅੰਦੋਲਨ ਹਮੇਸ਼ਾ ਹੀ ਇਕ-ਦੂਸਰੇ ਨਾਲ ਜੁੜੇ ਰਹੇ। ਹਾਲਾਂਕਿ ਭਾਜਪਾ ਨੇ ਹੁਣ ਸਹਿਕਾਰੀ ਅੰਦੋਲਨ ’ਚ ਮੁੱਖ ਖਿਡਾਰੀ ਦੇ ਰੂਪ ’ਚ ਕਾਂਗਰਸ ਦੀ ਥਾਂ ਲੈ ਲਈ ਹੈ ਜੋ ਸਿਆਸੀ ਪਾਰਟੀਆਂ ਨੂੰ ਕੈਡਰ ਅਤੇ ਪ੍ਰਭਾਵਸ਼ਾਲੀ ਵਿਅਕਤੀ ਪ੍ਰਦਾਨ ਕਰਦੀ ਹੈ। ਸਹਿਕਾਰੀ ਕਮੇਟੀਆਂ ਦਰਮਿਆਨ ਕਾਂਗਰਸ ਦੇ ਪ੍ਰਭਾਵ ਨੂੰ ਕਮਜ਼ੋਰ ਕਰ ਕੇ ਗੁਜਰਾਤ ’ਚ ਭਾਜਪਾ ਦਾ ਉਦੈ ਹੋਇਆ ਸੀ।
ਇਕ ਚੌਥਾ ਕਾਰਕ ਜੋ ਚੋਣਾਂ ਦੀ ਲਾਮਬੰਦੀ ਨੂੰ ਸਮਰੱਥ ਕਰ ਰਿਹਾ ਹੈ, ਉਹ ਇੱਛਾਵਾਂ ਨਾਲ ਜੁੜਿਆ ਹੋਇਆ ਹੈ। ਇਕ ਵਿਕਾਸ ਨਾਲ ਸੰਬੰਧਤ ਅਤੇ ਦੂਸਰਾ ਕਾਰੋਬਾਰ (ਧੰਦਾ) ਨਾਲ ਸੰਬੰਧਤ ਹੈ। ਸਾਰੀਆਂ ਸਿਆਸੀ ਪਾਰਟੀਆਂ ਇਨ੍ਹਾਂ ਇੱਛਾਵਾਂ ਨੂੰ ਪੂਰਾ ਕਰਨ ਲਈ ਮੁਕਾਬਲੇਬਾਜ਼ੀ ਕਰਦੀਆਂ ਹਨ ਪਰ ਭਾਜਪਾ ‘ਡਬਲ ਇੰਜਣ’ ਉੱਤੇ ਆਪਣੀ ਬਿਆਨਬਾਜ਼ੀ ਰਾਹੀਂ ਖੁਦ ਨੂੰ ਸਰਕਾਰ ਦੀ ਪਾਰਟੀ ਦੇ ਰੂਪ ’ਚ ਪੇਸ਼ ਕਰਕੇ ਆਪਣੇ ਵਿਰੋਧੀਆਂ ਤੋਂ ਬਹੁਤ ਅੱਗੇ ਨਿਕਲ ਗਈ ਹੈ। ਸਿਆਸੀ ਜ਼ਿੰਦਗੀ ’ਚ ਰੁਚੀ ਰੱਖਣ ਵਾਲੇ ਨਵਿਆਂ ਲਈ ਆਮ ਆਦਮੀ ਪਾਰਟੀ ਇਕ ਰਸਤਾ ਹੈ। ਵਧੇਰੇ ਨਾਗਰਿਕ ਅਤੇ ਸਮਾਜਿਕ ਵਰਕਰ ਇਸ ’ਚ ਆਪਣਾ ਸਿਆਸੀ ਭਵਿੱਖ ਦੇਖਦੇ ਹਨ। ਅਸਲ ’ਚ ਨਾਗਰਿਕ ਅਤੇ ਸਮਾਜਿਕ ਵਰਕਰ ‘ਆਪ’ ਨੂੰ ਪਾਰਟੀ ਸੰਗਠਨ ਬਣਾਉਣ ’ਚ ਮਦਦ ਕਰ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ‘ਆਪ’ ਕਾਂਗਰਸ ਦੇ ਹਮਦਰਦਾਂ ਦਾ ਦਿਲ ਜਿੱਤਦੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਇਹ ਧਾਰਨਾ ਸੀ ਕਿ ‘ਆਪ’ ਦੇ ਉਦੈ ਨਾਲ ਭਾਜਪਾ ਨੂੰ ਨੁਕਸਾਨ ਹੋਵੇਗਾ।
ਇਨ੍ਹਾਂ ਕਾਰਕਾਂ ਦੇ ਨੇੜੇ-ਤੇੜੇ ਲੋਕਾਂ ਨੂੰ ਲਾਮਬੰਦ ਕਰਨ ਲਈ ਇਕ ਮਜ਼ਬੂਤ ਪਾਰਟੀ ਸੰਗਠਨ ਦੀ ਲੋੜ ਹੈ। ਭਾਜਪਾ ਦੀ ਸਿਆਸੀ ਮਸ਼ੀਨ ਕਿਸੇ ਵੀ ਹੋਰ ਦੀ ਤੁਲਨਾ ’ਚ ਵੱਧ ਸ਼ਕਤੀਸ਼ਾਲੀ ਅਤੇ ਨਿਪੁੰਨ ਹੈ। ਗੁਜਰਾਤ ’ਚ ਕਿਹੜੇ ਕਾਰਕ ਨਤੀਜਿਆਂ ਨੂੰ ਪ੍ਰਭਾਵਿਤ ਕਰਦੇ ਹਨ, ਇਹ ਦੇਖਣ ਵਾਲੀ ਗੱਲ ਹੈ।
-ਬਦਰੀ ਨਾਰਾਇਣ (ਧੰਨਵਾਦ ਸਹਿਤ ਆਈ. ਈ.’ਚੋਂ)