ਛੋਟੀਆਂ-ਛੋਟੀਆਂ ਗੱਲਾਂ ਨਾਲ ਵੱਡੇ ਬਦਲਾਅ ਆਉਂਦੇ ਹਨ

05/28/2022 7:40:53 PM

ਜੀ. ਕਿਸ਼ਨ ਰੈੱਡੀ

ਬਿਨਾਂ ਸ਼ੱਕ ਜਦੋਂ 2014 ’ਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸੱਤਾ ਸੰਭਾਲੀ, ਤਾਂ ਉਸ ਸਮੇਂ ਦੇਸ਼ ਘੋਰ ਨਿਰਾਸ਼ਾ ਦੇ ਵਾਤਾਵਰਣ ’ਚੋਂ ਲੰਘ ਰਿਹਾ ਸੀ। ਭ੍ਰਿਸ਼ਟਾਚਾਰ ਸਿਖਰ ’ਤੇ ਸੀ, ਹਰ ਦਿਨ ਕੋਈ ਇਕ ਨਵਾਂ ਘਪਲਾ ਸਾਹਮਣੇ ਆਉਂਦਾ ਸੀ। ਅਾਮ ਲੋਕਾਂ ਦੇ ਮਨ ’ਚ ਸੀ ਕਿ ਹੁਣ ਇਸ ਦੇਸ਼ ਦਾ ਕੁਝ ਨਹੀਂ ਹੋ ਸਕਦਾ। ਅਜਿਹੇ ’ਚ ਸਾਲ 2014 ਦੇ ਦੌਰਾਨ ਭਾਰਤ ਦੀ ਜਨਤਾ ਨੂੰ ਨਰਿੰਦਰ ਮੋਦੀ ’ਚ ਆਸ ਦੀ ਨਵੀਂ ਕਿਰਨ ਦਿਖਾਈ ਦਿੱਤੀ ਅਤੇ ਹੋਇਆ ਵੀ ਉਹੀ। ਅੱਜ ਇਹ ਮਾਣ ਦੀ ਗੱਲ ਹੈ ਕਿ ਕੇਂਦਰ ਸਰਕਾਰ ’ਚ ਬੀਤੇ 8 ਵਰ੍ਹਿਆਂ ’ਚ ਇਕ ਵੀ ਘਪਲਾ ਨਹੀਂ ਹੋਇਆ। ਇਹ ਇਸ ਲਈ ਸੰਭਵ ਹੋ ਸਕਿਅਾ ਕਿਉਂਕਿ 2014 ’ਚ ਜਦੋਂ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੇ ਸੰਸਦ ਨੂੰ ਲੋਕਤੰਤਰ ਦਾ ਮੰਦਿਰ ਮੰਨ ਕੇ ਮੱਥਾ ਟੇਕਿਆ ਅਤੇ ਦੇਸ਼ ਦੀ ਦੇਵਤਿਆਂ ਸਮਾਨ 135 ਕਰੋੜ ਜਨਤਾ ਦੇ ਸਾਹਮਣੇ ਪ੍ਰਣ ਲਿਆ “ਨਾ ਖਾਵਾਂਗਾ ਨਾ ਖਾਣ ਦੇਵਾਂਗਾ”।

ਇਕ ਨਵੀਂ ਸੋਚ ਦੇ ਨਾਲ ਨਰਿੰਦਰ ਮੋਦੀ ਨੇ ਸੱਤਾ ਸੰਭਾਲੀ ਅਤੇ ਉਨ੍ਹਾਂ ਦੀ ਨਵੀਂ ਸੋਚ ਇਹ ਸੀ ਕਿ ਸਾਡੇ ਸਾਹਮਣੇ ਵਿਸ਼ਵ ਗੁਰੂ ਭਾਰਤ ਦਾ ਟੀਚਾ ਹੈ ਅਤੇ ਇਹ ਟੀਚਾ ਲੋਕਾਂ ਦੀ ਭਾਈਵਾਲੀ ਨਾਲ ਪੂਰਾ ਹੋਵੇਗਾ। ਇਸ ਲਈ ਜਦੋਂ ਅਸੀਂ ਦੁਨੀਆ ਦੀ ਅਗਵਾਈ ਕਰਨ ਦੀ ਗੱਲ ਕਰਦੇ ਹਾਂ ਤਾਂ ਸਾਡੇ ਦੇਸ਼ ਦੇ ਅਾਮ ਵਿਅਕਤੀ ਦੀ ਮੁੱਢਲੀ ਲੋੜ ਸਿਰਫ਼ ਰੋਟੀ, ਕੱਪੜਾ ਅਤੇ ਮਕਾਨ ਨਹੀਂ ਹੋ ਸਕਦੀ, 21ਵੀਂ ਸਦੀ ’ਚ ਇਸ ਸਭ ਤੋਂ ਇਲਾਵਾ ਕਨੈਕਟੀਵਿਟੀ ਚਾਹੀਦੀ ਹੈ, ਅੱਛੀ ਸਿੱਖਿਆ ਚਾਹੀਦੀ ਹੈ, ਡਾਕਟਰੀ ਸਹੂਲਤ ਚਾਹੀਦੀ ਹੈ, ਪੀਣ ਵਾਲਾ ਸਾਫ ਪਾਣੀ ਚਾਹੀਦਾ ਹੈ, ਬਿਜਲੀ ਚਾਹੀਦੀ ਹੈ, ਇੰਟਰਨੈੱਟ ਚਾਹੀਦਾ ਹੈ, ਟਾਇਲਟਸ ਚਾਹੀਦੇ ਹਨ, ਸੁਰੱਖਿਆ ਚਾਹੀਦੀ ਹੈ, ਸਨਮਾਨ ਚਾਹੀਦਾ ਹੈ ਅਤੇ ਵਿਕਾਸ ’ਚ ਹਿੱਸੇਦਾਰੀ ਦੇ ਨਵੇਂ ਮੌਕੇ ਚਾਹੀਦੇ ਹਨ। ਬਸ ਇਸੇ ਸੋਚ ਨਾਲ ਇਸ ਯਾਤਰਾ ਦੀ ਸ਼ੁਰੂਆਤ ਹੋਈ, ਜਿਸ ਤਰ੍ਹਾਂ ਇਕ ਪਿਰਾਮਿਡ ਬਣਦਾ ਹੈ, ਉਸੇ ਤਰ੍ਹਾਂ 2014 ਤੋਂ ਲਗਾਤਾਰ ਸਾਲ-ਦਰ-ਸਾਲ ਵਿਸ਼ਵ ਗੁਰੂ ਭਾਰਤ ਦੇ ਟੀਚੇ ਨੂੰ ਕੇਂਦਰਿਤ ਕਰ ਕੇ ਮੋਦੀ ਸਰਕਾਰ ਨੇ ਸੈਂਕੜੇ ਯੋਜਨਾਵਾਂ ਦੀ ਸ਼ੁਰੂਅਾਤ ਕੀਤੀ।

ਇਹ ਸੱਚ ਹੈ ਕਿ ਛੋਟੀਆਂ-ਛੋਟੀਆਂ ਗੱਲਾਂ ਨਾਲ ਵੱਡੀਆਂ ਤਬਦੀਲੀਆਂ ਆਉਂਦੀਆਂ ਹਨ। ਇਸ ਲਈ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਉਨ੍ਹਾਂ ਯੋਜਨਾਵਾਂ ’ਤੇ ਧਿਆਨ ਦਿੱਤਾ, ਜਿਨ੍ਹਾਂ ਨੇ ਅਾਮ ਲੋਕਾਂ ਦੇ ਆਤਮਸਨਮਾਨ, ‍ਆਤਮਵਿਸ਼ਵਾਸ ਅਤੇ ਮੁੱਢਲੀਆਂ ਲੋੜਾਂ ਨੂੰ ਪੂਰਾ ਕੀਤਾ। ਕਨੈਕਟੀਵਿਟੀ ਸਭ ਤੋਂ ਪਹਿਲੀ ਲੋੜ ਹੈ, ਅੱਜ ਵੱਡੀ ਗੱਲ ਇਹ ਹੈ ਕਿ ਦੇਸ਼ ’ਚ ਸੜਕਾਂ ਦਾ ਜਾਲ ਵਿਛ ਗਿਆ ਹੈ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਭਾਰਤ ਮਾਲਾ ਪਰਿਯੋਜਨਾ ਅਤੇ ਪਰਬਤ ਮਾਲਾ ਪਰਿਯੋਜਨਾ ਰਾਹੀਂ ਸਾਰਾ ਭਾਰਤ ਜੁੜ ਗਿਆ ਹੈ। ਪੂਰਬ-ਉੱਤਰ ਦੇ ਕੁਝ ਰਾਜਾਂ ਨੂੰ ਇਨ੍ਹਾਂ ਅੱਠ ਵਰ੍ਹਿਆਂ ’ਚ ਪਹਿਲੀ ਵਾਰ ਟ੍ਰੇਨ ਦਾ ਸਫ਼ਰ ਕਰਨ ਦਾ ਮੌਕਾ ਮਿਲਿਆ।

ਦੇਸ਼ ਦੇ ਕਰੋੜਾਂ ਲੋਕ ਅਜਿਹੇ ਸਨ, ਜੋ ਕਦੇ ਬੈਂਕ ’ਚ ਦਾਖਲ ਨਹੀਂ ਹੋਏ ਸਨ। ‘ਜਨ ਧਨ ਯੋਜਨਾ’ ਤਹਿਤ ਲਗਭਗ 45 ਕਰੋੜ ਦੇਸ਼ਵਾਸੀਆਂ ਨੂੰ ਬੈਂਕ ਨਾਲ ਜੋੜਿਆ ਗਿਆ। 2014 ’ਚ ‘ਸਵੱਛ ਭਾਰਤ ਅਭਿਆਨ’ ਸ਼ੁਰੂ ਕੀਤਾ ਅਤੇ ਦੇਸ਼ ’ਚ 11 ਕਰੋੜ ਤੋਂ ਵੱੱਧ ਟਾਇਲਟਸ ਬਣੇ ਅਤੇ ਦੇਸ਼ ਦੇ 6 ਲੱਖ ਤੋਂ ਵੱਧ ਪਿੰਡ ‘ਖੁੱਲ੍ਹੇ ’ਚ ਜੰਗਲ ਪਾਣੀ ਜਾਣ ਤੋਂ ਮੁਕਤ’ ਹੋਏ। ‘ਉੱਜਵਲਾ ਯੋਜਨਾ’ ਤਹਿਤ ਦੇਸ਼ ਦੀਆਂ 9 ਕਰੋੜ ਅੌਰਤਾਂ ਨੂੰ ਧੂੰਏਂ ਤੋਂ ਆਜ਼ਾਦੀ ਮਿਲੀ ਅਤੇ ਉਨ੍ਹਾਂ ਨੂੰ ਗੈਸ ਕਨੈਕਸ਼ਨ ਮਿਲਿਆ। ਸਰਕਾਰ ਨੇ ਨਵਾਂ ਜਲ ਸ਼ਕਤੀ ਮੰਤਰਾਲਾ ਬਣਾਇਆ ਅਤੇ 9 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਪੀਣ ਦਾ ਸਾਫ ਪਾਣੀ ਦਿੱਤਾ।

ਦੇਸ਼ ’ਚ 22 ਏਮਜ਼ ਹਸਪਤਾਲਾਂ ਦਾ ਨਿਰਮਾਣ ਹੋ ਰਿਹਾ ਹੈ ਅਤੇ ਸਿਹਤਮੰਦ ਭਾਰਤ ਦੀ ਦਿਸ਼ਾ ’ਚ ‘ਆਯੁਸ਼ਮਾਨ ਭਾਰਤ’ ਯੋਜਨਾ ਨਾਲ ਗ਼ਰੀਬਾਂ ਦਾ ਪੰਜ ਲੱਖ ਤੱਕ ਮੁਫ਼ਤ ਇਲਾਜ ਹੋ ਰਿਹਾ ਹੈ। ਦੂਸਰੀ ਗੱਲ ਕਿ ਦੇਸ਼ ਦੇ ਲੋਕਾਂ ਨੂੰ ਆਤਮਨਿਰਭਰ ਬਣਾਉਣ ਅਤੇ ਉਨ੍ਹਾਂ ਦਾ ‍ਆਤਮਵਿਸ਼ਵਾਸ ਵਧਾਉਣ ਦੀ ਦਿਸ਼ਾ ’ਚ ‘ਮੁਦਰਾ ਯੋਜਨਾ’, ‘ਸਕਿੱਲ ਇੰਡੀਆ, ‘ਮੇਕ ਇਨ ਇੰਡੀਆ, ‘ਡਿਜੀਟਲ ਇੰਡੀਆ, ‘ਸਟਾਰਟਅੱਪ’ ਅਤੇ ‘ਗ੍ਰਾਮ ਉਦੈ ਤੋਂ ਭਾਰਤ ਉਦੈ’ ਵਰਗੀਆਂ ਮੁਹਿੰਮਾਂ ਦੀ ਸ਼ੁਰੂਆਤ ਹੋਈ।

ਹੁਨਰ ਹਾਟ ਵਰਗੀਆਂ ਸਰਗਰਮੀਆਂ ਰਾਹੀਂ ਦੇਸ਼ ਦੀ ਸਥਾਨਕ ਕਾਰੀਗਰੀ, ਕਲਾ ਅਤੇ ਹੁਨਰ ਨੂੰ ਉਚਿਤ ਸਨਮਾਨ ਮਿਲਿਆ ਅਤੇ ਉਨ੍ਹਾਂ ਦਾ ‍ਆਤਮਵਿਸ਼ਵਾਸ ਵੀ ਵਧਿਆ ਹੈ। ਤੀਜੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਨੇ ‘ਬੇਟੀ ਬਚਾਓ-ਬੇਟੀ ਪੜ੍ਹਾਓ ਅਭਿਆਨ’, ਮੁਸਲਿਮ ਅੌਰਤਾਂ ਨੂੰ ‘ਤਿੰਨ ਤਲਾਕ’ ਤੋਂ ਮੁਕਤੀ ਅਤੇ ਹਰ ਖੇਤਰ ’ਚ ਅੌਰਤਾਂ ਦੀ ਭਾਈਵਾਲੀ ਦੀ ਹਾਂਪੱਖੀ ਪਹਿਲ ਕੀਤੀ। ਚੌਥੀ ਗੱਲ, ਦੇਸ਼ ’ਚ ਨਵੇਂ ਆਰਥਿਕ ਸੁਧਾਰ ਹੋਏ ਜਿਵੇਂ-ਡਿਜੀਟਾਈਜ਼ੇਸ਼ਨ ਅਤੇ ‘ਇਕ ਰਾਸ਼ਟਰ-ਇਕ ਟੈਕਸ’ ਜੀ. ਐੱਸ. ਟੀ. ਦੇਸ਼ ਦੇ ਇਤਿਹਾਸ ’ਚ ‘ਏਕ ਭਾਰਤ-ਸ੍ਰੇਸ਼ਠ ਭਾਰਤ’ ਦੀ ਦਿਸ਼ਾ ’ਚ ਇਕ ਨਵਾਂ ਅਧਿਆਏ ਸੀ। ਦੇਸ਼ ਦੇ ਕਿਸਾਨ ਨੂੰ ਖੁਸ਼ਹਾਲ ਕਰਨ ਦੀ ਦਿਸ਼ਾ ’ਚ ਵੀ ਕਈ ਕਦਮ ਚੁੱਕੇ ਗਏ, ਕੈਮੀਕਲ ਫ੍ਰੀ ਨੈਚੁਰਲ ਫਾਰਮਿੰਗ ਭਾਵ ਅਾਰਗੈਨਿਕ ਖੇਤੀ ਦੇ ਜ਼ੋਰ ’ਤੇ ਭਾਰਤ ਵਿਸ਼ਵ ਪੱਧਰੀ ਬਾਜ਼ਾਰ ’ਚ ਵਿਸ਼ਵ ਨੇਤਾ ਬਣ ਸਕਦਾ ਹੈ। ਇਸ ਲਈ ਡ੍ਰੋਨ ਸਿਸਟਮ, ਖੇਤੀਬਾੜੀ ਸਿੰਚਾਈ ਯੋਜਨਾ, ਸੋਲਰ ਪੰਪ, ਫ਼ਸਲ ਬੀਮਾ, ਕਿਸਾਨ ਸਨਮਾਨ ਨਿਧੀ, ਈਕੋ ਸਿਸਟਮ, ਸੋਲਰ ਪੈਨਲ ਆਦਿ ਸਹੂਲਤ ਦੇਣ ਦੀ ਨੀਤੀ ਸਾਹਮਣੇ ਆਈ ਹੈ।

ਇਸ 8 ਸਾਲ ਦੀ ਯਾਤਰਾ ’ਚ ਪਿਛਲੇ ਦੋ ਵਰ੍ਹਿਆਂ ਦਾ ਸਮਾਂ ਨਾ ਸਿਰਫ਼ ਭਾਰਤ ਲਈ ਸਗੋਂ ਦੁਨੀਆ ਲਈ ਮਹਾਮਾਰੀ ਦਾ ਸੰਕਟ ਸੀ, ਵੱਡੇ-ਵੱਡੇ ਵਿਕਸਿਤ ਦੇਸ਼ ਇਸ ਦੀ ਲਪੇਟ ’ਚ ਆਉਣ ਤੋਂ ਖ਼ੁਦ ਨੂੰ ਬਚਾ ਨਾ ਸਕੇ। ਭਾਰਤ ਜੋ ਹਜ਼ਾਰਾਂ ਵਰ੍ਹਿਆਂ ਦੇ ਇਤਿਹਾਸ ਤੋਂ ਸਿੱਖਦਾ ਆਇਆ ਹੈ, ਨੇ ਫਿਰ ਇਕ ਵਾਰ ਅਸੀਂ ਇਸ ਚੁਣੌਤੀ ਭਰੀ ਮਹਾਮਾਰੀ ਨੂੰ ਅਵਸਰ ’ਚ ਬਦਲਿਆ ਅਤੇ ‘ਆਤਮਨਿਰਭਰ ਭਾਰਤ’ ਦਾ ਸੰਕਲਪ ਕੀਤਾ। ਵਰਤਮਾਨ ’ਚ ‘ਸਟਾਰਟਅੱਪ ਅਤੇ ‘ਵੋਕਲ ਫਾਰ ਲੋਕਲ’ ਵਰਗੀਆਂ ਮੁਹਿੰਮਾਂ ਨਾਲ ਰਾਸ਼ਟਰ ਆਤਮਨਿਰਭਰਤਾ ਵੱਲ ਅੱਗੇ ਵਧ ਰਿਹਾ ਹੈ ਅਤੇ ਪੂਰੀ ਦੁਨੀਆ ’ਚ ਰਾਸ਼ਟਰ ਮਾਣ ਵਧ ਰਿਹਾ ਹੈ।

ਭਾਰਤ ਨੇ ਦੁਨੀਆ ਦੇ ਸੈਂਕੜੇ ਦੇਸ਼ਾਂ ਨੂੰ ‘ਸਰਵੇ ਭਵੰਤੁ ਸੁਖਿਨ:’ ਦੀ ਭਾਵਨਾ ਨਾਲ ਵੈਕਸੀਨ ਦਿੱਤੀ ਅਤੇ ਆਪਣੇ ਦੇਸ਼ ’ਚ ਮਹਾਮਾਰੀ ਦੇ ਵਿਰੁੱਧ ਸਭ ਤੋਂ ਘੱਟ ਸਮੇਂ ’ਚ 190 ਕਰੋੜ ਟੀਕਾਕਰਨ ਦਾ ਇਤਿਹਾਸ ਬਣਾਇਆ। ਇਸ ਤੋਂ ਅੱਗੇ ਜੇਕਰ ਕਹਿਣਾ ਹੈ ਤਾਂ ਇਨ੍ਹਾਂ 8 ਵਰ੍ਹਿਆਂ ’ਚ ਇਹ ਕੇਂਦਰ ਸਰਕਾਰ ਦੀ ਦ੍ਰਿੜ੍ਹ ਇੱਛਾ ਸ਼ਕਤੀ ਅਤੇ ਜਨਤਾ ਦੇ ਉਸ ਪ੍ਰਤੀ ਅਟੁੱਟ ਵਿਸ਼ਵਾਸ ਦਾ ਹੀ ਨਤੀਜਾ ਹੈ ਕਿ 70 ਵਰ੍ਹਿਆਂ ਤੋਂ ਪੈਂਡਿੰਗ ਧਾਰਾ 370 ਹਟਾ ਕੇ ‘ਏਕ ਰਾਸ਼ਟਰ-ਏਕ ਸੰਵਿਧਾਨ-ਏਕ ਧਵਜ’ ਦੇ ਸੁਪਨੇ ਨੂੰ ਪੂਰਾ ਕੀਤਾ ਅਤੇ ਰਾਮ ਮੰਦਿਰ ਦੇ ਨਿਰਮਾਣ ਵਰਗੇ ਸਭ ਤੋਂ ਵੱਧ ਵਿਵਾਦਿਤ ਮੰਨੇ ਜਾਣ ਵਾਲੇ ਵਿਸ਼ੇ ਵੀ ਬੜੇ ਸੌਖੇ ਅਤੇ ਭਾਈਚਾਰਕ ਢੰਗ ਨਾਲ ਨਿਪਟ ਗਏ।

240 ਵਰ੍ਹਿਆਂ ਦੇ ਬਾਅਦ ਕਾਸ਼ੀ ਵਿਸ਼ਵਨਾਥ ਧਾਮ ਕੋਰੀਡੋਰ, ਚਾਰਧਾਮ ਯਾਤਰਾ, ਰਾਮਾਇਣ ਸਰਕਿਟ, ਸ਼੍ਰੀ ਕ੍ਰਿਸ਼ਨ ਸਰਕਿਟ ਅਤੇ ਬੁੱਧ ਸਰਕਿਟ ਵਰਗੀ ਯੋਜਨਾ ਭਾਰਤ ਦੀ ਆਸਥਾ ਲਈ ਸੁਖਾਵਾਂ ਅਹਿਸਾਸ ਹੈ। ਦੁਨੀਆ ਦੇ ਲੋਕ ਵੱਡੀ ਗਿਣਤੀ ’ਚ ਭਾਰਤ ਦੀ ਵਿਰਾਸਤ ਦਾ ਦਰਸ਼ਨ ਕਰਨ ਆ ਰਹੇ ਹਨ ਕਿਉਂਕਿ ਭਾਰਤ ਦੇ ਅਧਿਆਤਮ ਕੋਲ ਵਿਸ਼ਵ ਲਈ ਸੁੱਖ, ਸ਼ਾਂਤੀ ਅਤੇ ਭਲਾਈ ਦਾ ਮਾਰਗ ਹੈ। ਭਾਰਤ ਦੇ ਪ੍ਰਧਾਨ ਮੰਤਰੀ ਦੁਨੀਆ ਦੇ ਦੇਸ਼ਾਂ ’ਚ ਜਾ ਕੇ ਉੱਥੋਂ ਦੇ ਰਾਸ਼ਟਰੀ ਪ੍ਰਧਾਨਾਂ ਨੂੰ ਕਰਮ ਦਾ ਸੰਦੇਸ਼ ਦੇਣ ਵਾਲੀ ਗੀਤਾ ਭੇਟ ਵਜੋਂ ਦਿੰਦੇ ਹਨ। ਇਸ ਤਰ੍ਹਾਂ ਯੋਗ ਭਾਰਤ ਦੀ ਪ੍ਰਾਚੀਨ ਸੱਭਿਆਚਾਰਕ ਵਿਰਾਸਤ ਹੈ, ਜਿਸ ਨੂੰ ਨਰਿੰਦਰ ਮੋਦੀ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਬਾਅਦ ਵਿਸ਼ਵ ਪੱਧਰ ’ਤੇ ਇਕ ਵੱਖਰੀ ਪਛਾਣ ਮਿਲੀ ਹੈ। ਯਕੀਨੀ ਤੌਰ ’ਤੇ ਯੋਗ ਦੁਨੀਆ ਨੂੰ ਭਾਰਤ ਦੀ ਅਮੁੱਲ ਭੇਟ ਹੈ।

(ਲੇਖਕ ਸੱਭਿਆਚਾਰ, ਸੈਰ-ਸਪਾਟਾ ਅਤੇ ਪੂਰਬ-ਉੱਤਰ ਖੇਤਰ ਵਿਕਾਸ ਮੰਤਰੀ ਹਨ)


Manoj

Content Editor

Related News