ਪਹੁ ਫੁੱਟਣ ਤੋਂ ਪਹਿਲਾਂ ਮੱਛਰਾਂ ਦੇ ''ਸ਼ਿਕਾਰ'' ''ਤੇ ਨਿਕਲਦੇ ਹਨ ਬੀ. ਐੱਮ. ਸੀ. ਦੇ ਇਹ ਮੁਲਾਜ਼ਮ

Saturday, Aug 18, 2018 - 07:21 AM (IST)

ਪਹੁ ਫੁੱਟਣ ਤੋਂ ਪਹਿਲਾਂ ਮੱਛਰਾਂ ਦੇ ''ਸ਼ਿਕਾਰ'' ''ਤੇ ਨਿਕਲਦੇ ਹਨ ਬੀ. ਐੱਮ. ਸੀ. ਦੇ ਇਹ ਮੁਲਾਜ਼ਮ

ਸਵੇਰ ਨੂੰ ਪਹੁ ਫੁੱਟਣ ਤੋਂ ਪਹਿਲਾਂ ਵਾਲੀ ਸ਼ਾਂਤੀ ਦੌਰਾਨ ਮੁੰਬਈ ਦੇ ਬਾਂਦ੍ਰਾ ਈਸਟ ਵਿਚ ਸਥਿਤ ਖੇਰਵਾੜੀ ਦੀ ਝੌਂਪੜਪੱਟੀ ਵਿਚ ਰੋਹਿਦਾਸ ਓਵਾਲਕਰ ਨੇ ਇਕ ਘਰ ਦਾ ਬੂਹਾ ਖੜਕਾਇਆ। ਇਕ ਵਿਅਕਤੀ ਨੇ ਦਰਵਾਜ਼ਾ ਖੋਲ੍ਹਿਆ ਤੇ ਓਵਾਲਕਰ ਨੂੰ ਅੰਦਰ ਸੱਦਿਆ। ਉਥੇ ਆਸ-ਪਾਸ ਦੇ ਸਾਰੇ ਲੋਕ ਓਵਾਲਕਰ ਨੂੰ ਜਾਣਦੇ ਹਨ, ਜੋ 1980 ਦੇ ਦਹਾਕੇ ਦੇ ਆਖਰੀ ਦਿਨਾਂ ਤੋਂ ਹੀ ਇਥੇ ਇਕ ਜਾਣਿਆ-ਪਛਾਣਿਆ ਚਿਹਰਾ ਹਨ, ਜਦੋਂ ਉਨ੍ਹਾਂ ਨੇ ਬ੍ਰਿਹਨ ਮੁੰਬਈ ਨਗਰ ਨਿਗਮ (ਬੀ. ਐੱਮ. ਸੀ.) ਵਿਚ ਕੀੜੇ-ਮਕੌੜੇ ਫੜਨ ਵਾਲੇ ਵਜੋਂ ਆਪਣੀ ਨੌਕਰੀ ਸ਼ੁਰੂ ਕੀਤੀ। 
ਓਵਾਲਕਰ ਅਤੇ ਉਨ੍ਹਾਂ ਦੇ ਸਹਿਯੋਗੀ ਪ੍ਰਾਣ ਮੌਕਾਲ ਆਪਣੀ ਪਿੱਠ 'ਤੇ ਟੰਗੇ ਬੈਗ 'ਚੋਂ ਸਕਸ਼ਨ ਟਿਊਬਾਂ ਕੱਢ ਕੇ ਝੌਂਪੜੀ ਦੇ ਕੋਨਿਆਂ ਵਿਚ ਦੇਖਣ ਲੱਗਦੇ ਹਨ ਅਤੇ ਇਕ ਮਿੰਟ ਤੋਂ ਵੀ ਘੱਟ ਸਮੇਂ ਵਿਚ ਉਨ੍ਹਾਂ ਨੂੰ ਆਪਣੇ ਸ਼ਿਕਾਰ (ਮੱਛਰ) ਨਜ਼ਰ ਆ ਜਾਂਦੇ ਹਨ, ਜੋ ਉਥੇ ਵੱਡੀ ਗਿਣਤੀ ਵਿਚ ਹਨ। ਮੱਛਰ ਕੱਪੜਿਆਂ, ਕੰਧਾਂ 'ਤੇ ਬੈਠੇ ਹੋਏ ਹਨ, ਇਥੋਂ ਤਕ ਕਿ ਮਕੜੀ ਦੇ ਜਾਲਿਆਂ ਵਿਚ ਫਸੇ ਹੋਏ ਹਨ। 
ਦਿਨ ਦਾ ਉਨ੍ਹਾਂ ਦਾ ਏਜੰਡਾ ਮੱਛਰਾਂ ਨੂੰ ਫੜਨਾ ਹੈ, ਸੁਭਾਵਿਕ ਤੌਰ 'ਤੇ ਮਾਦਾ ਮੱਛਰਾਂ ਨੂੰ, ਜੋ ਫਿਲੇਰੀਆ ਦੀ ਵਜ੍ਹਾ ਬਣਦੀਆਂ ਹਨ। ਓਵਾਲਕਰ ਨੇ ਦੱਸਿਆ ਕਿ ਜ਼ਿਆਦਾਤਰ ਮੱਛਰ ਰਾਤ ਨੂੰ ਖੂਨ ਚੂਸਣ ਤੋਂ ਬਾਅਦ ਸਵੇਰ ਦੇ ਸਮੇਂ ਸੁਸਤ ਹੁੰਦੇ ਹਨ ਅਤੇ ਉਨ੍ਹਾਂ ਨੂੰ ਫੜਨਾ ਮੁਸ਼ਕਿਲ ਨਹੀਂ ਹੁੰਦਾ। ਉਨ੍ਹਾਂ ਦੀ ਸਕਸ਼ਨ ਟਿਊਬ ਇਕ ਟੈਸਟ ਟਿਊਬ ਨਾਲ ਜੁੜੀ ਹੁੰਦੀ ਹੈ ਅਤੇ ਮੱਛਰਾਂ ਨੂੰ ਮੂੰਹ ਵਿਚ ਖਿੱਚ ਲਏ ਜਾਣ ਤੋਂ ਬਚਣ ਲਈ ਇਨ੍ਹਾਂ ਦੋਹਾਂ ਨੂੰ ਇਕ ਜਾਲੀ ਦੇ ਜ਼ਰੀਏ ਅੱਡ ਕੀਤਾ ਜਾਂਦਾ ਹੈ। 
ਓਵਾਲਕਰ ਆਪਣੀ ਸਕਸ਼ਨ ਟਿਊਬ ਨੂੰ ਸੰਭਾਵੀ ਨਿਸ਼ਾਨੇ 'ਤੇ ਘੁਮਾਉਂਦੇ ਹਨ ਅਤੇ ਫਿਰ ਜਿਵੇਂ ਬਬਲ-ਟੀ ਪੀ ਰਹੇ ਹੋਈਏ, ਮੱਛਰਾਂ ਨੂੰ ਅੰਦਰ ਖਿੱਚ ਲੈਂਦੇ ਹਨ। ਇਸੇ ਤਰ੍ਹਾਂ ਉਹ ਆਪਣਾ ਧਿਆਨ ਹੋਰਨਾਂ ਸ਼ਿਕਾਰਾਂ 'ਤੇ ਕੇਂਦ੍ਰਿਤ ਕਰ ਲੈਂਦੇ ਹਨ। ਉਹ ਸਮੇਂ-ਸਮੇਂ 'ਤੇ ਆਪਣੀ ਟੈਸਟ ਟਿਊਬ ਬਦਲਦੇ ਹਨ। 
ਕਈ ਕਾਲੋਨੀਆਂ, ਜਿਨ੍ਹਾਂ ਵਿਚੋਂ ਜ਼ਿਆਦਾਤਰ ਝੌਂਪੜਪੱਟੀਆਂ ਹੁੰਦੀਆਂ ਹਨ, ਵਿਚ ਚੱਕਰ ਲਾਉਣ ਤੋਂ ਬਾਅਦ ਦੁਪਹਿਰ ਨੂੰ ਉਹ ਦਿਨ ਵੇਲੇ ਫੜੇ ਆਪਣੇ ਸ਼ਿਕਾਰਾਂ ਨੂੰ ਗਰਾਂਟ ਰੋਡ 'ਤੇ ਸਥਿਤ ਬੀ. ਐੱਮ. ਸੀ. ਦੀ ਲੈਬਾਰਟਰੀ ਵਿਚ ਜਮ੍ਹਾ ਕਰਵਾ ਦਿੰਦੇ ਹਨ। 
ਇਹ ਪੈਦਲ ਸੈਨਿਕ, ਜੋ ਗਿਣਤੀ ਵਿਚ ਕੁਲ 9 ਹਨ ਅਤੇ ਬੀ. ਐੱਮ. ਸੀ. ਦੇ ਦੁਨੀਆ ਦੇ ਸਭ ਤੋਂ ਖਤਰਨਾਕ ਜੀਵ ਮੱਛਰ ਵਿਰੁੱਧ ਮੁਹਿੰਮ ਚਲਾ ਰਹੇ ਹਨ, ਨੂੰ ਬਿਹਤਰ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਨੌਕਰੀ ਦੇਣ ਵਾਲਾ ਇਹ ਦੇਸ਼ ਦਾ ਸਭ ਤੋਂ ਅਮੀਰ ਨਗਰ ਨਿਗਮ ਹੈ (ਬਾਰਸੀਲੋਨਾ 'ਚ ਸਥਿਤ ਇੰਸਟੀਚਿਊਟ ਫਾਰ ਗਲੋਬਲ ਹੈਲਥ ਅਨੁਸਾਰ ਮੱਛਰ ਦੁਨੀਆ ਵਿਚ ਹਰ ਸਾਲ ਲੱਗਭਗ 7 ਲੱਖ ਲੋਕਾਂ ਦੀ ਜਾਨ ਲੈ ਲੈਂਦੇ ਹਨ)।
ਰਾਜਨ ਨਰਿੰਗਨੇਕਰ ਨੇ ਦੱਸਿਆ ਕਿ ਸਵੇਰ ਦੇ ਸਮੇਂ ਮੱਛਰ ਫੜਨ ਵਾਲੇ ਸਿਰਫ ਉਨ੍ਹਾਂ ਮੱਛਰਾਂ 'ਤੇ ਧਿਆਨ ਕੇਂਦ੍ਰਿਤ ਕਰਦੇ ਹਨ, ਜੋ ਫਿਲੇਰੀਆ ਅਤੇ ਡੇਂਗੂ ਦਾ ਕਾਰਨ ਬਣਦੇ ਹਨ। ਉਹ 6 ਮਹੀਨਿਆਂ 'ਚ ਇਕ ਵਾਰ ਇਨਫੈਕਸ਼ਨ ਵਾਲੇ ਮੱਛਰਾਂ ਦੇ ਸੈਂਪਲ ਲੈਂਦੇ ਹਨ ਪਰ ਉਹ ਕੋਈ ਜੋਖ਼ਮ ਨਹੀਂ ਉਠਾਉਂਦੇ ਅਤੇ ਰੋਜ਼ਮੱਰਾ ਦੇ ਆਧਾਰ 'ਤੇ ਇਸ 'ਤੇ ਨਜ਼ਰ ਰੱਖਦੇ ਹਨ। 
ਜੇ ਉਨ੍ਹਾਂ ਨੂੰ ਇਨਫੈਕਸ਼ਨ ਵਾਲਾ ਕੋਈ ਮੱਛਰ ਮਿਲਦਾ ਹੈ ਤਾਂ ਉਹ ਤੁਰੰਤ ਉਥੇ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਉਨ੍ਹਾਂ ਦੇ ਪ੍ਰਜਣਨ ਖੇਤਰਾਂ ਨੂੰ ਨਸ਼ਟ ਕਰ ਦਿੰਦੇ ਹਨ। 
ਇਹ ਪੁੱਛਣ 'ਤੇ ਕਿ ਮਲੇਰੀਆ ਫੈਲਾਉਣ ਵਾਲੇ ਐਨੋਫੇਲੀਜ਼ ਮੱਛਰਾਂ ਦਾ ਕੀ ਕੀਤਾ ਜਾਂਦਾ ਹੈ, ਨਰਿੰਗਨੇਕਰ ਨੇ ਦੱਸਿਆ ਕਿ ਫਿਲਹਾਲ ਉਹ ਫਿਲੇਰੀਆ ਅਤੇ ਡੇਂਗੂ ਫੈਲਾਉਣ ਵਾਲੇ ਮੱਛਰਾਂ 'ਤੇ ਧਿਆਨ ਕੇਂਦ੍ਰਿਤ ਕਰ ਰਹੇ ਹਨ ਕਿਉਂਕਿ ਮੁੰਬਈ ਵਿਚ ਫਿਲੇਰੀਆ ਨਹੀਂ ਹੈ ਅਤੇ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਇਸ ਸਥਿਤੀ ਵਿਚ ਤਬਦੀਲੀ ਨਾ ਆਵੇ ਪਰ ਜਿਥੋਂ ਤਕ ਮਲੇਰੀਏ ਦੀ ਗੱਲ ਹੈ, ਉਹ ਜਾਣਦੇ ਹਨ ਕਿ ਇਹ ਮੁੰਬਈ ਵਿਚ ਹੈ ਅਤੇ ਜਦੋਂ ਕਦੇ ਉਨ੍ਹਾਂ ਨੂੰ ਇਨ੍ਹਾਂ ਮੱਛਰਾਂ ਦੇ ਪ੍ਰਜਣਨ ਵਾਲੀਆਂ ਥਾਵਾਂ ਦਾ ਪਤਾ ਲੱਗਦਾ ਹੈ, ਉਹ ਉਨ੍ਹਾਂ ਨੂੰ ਨਸ਼ਟ ਕਰ ਦਿੰਦੇ ਹਨ। 
ਆਪਣੇ ਸੀਨੀਅਰ ਅਧਿਕਾਰੀਆਂ ਵਾਂਗ ਓਵਾਲਕਰ ਅਤੇ ਮੋਕਾਲ ਵੀ ਬੈਟਰੀ ਨਾਲ ਚੱਲਣ ਵਾਲੇ ਐਸਪੀਰੇਟਰਾਂ ਦੀ ਜਾਣਕਾਰੀ ਨਹੀਂ ਰੱਖਦੇ ਅਤੇ ਟੈਸਟ ਟਿਊਬਾਂ ਤੋਂ ਹੀ ਖੁਸ਼ ਹਨ। ਉਨ੍ਹਾਂ ਨੇ ਹਫਤੇ ਦੇ 6 ਦਿਨ ਪਹੁ ਫੁੱਟਣ ਤੋਂ ਪਹਿਲਾਂ ਹੀ ਜਾਗਣਾ ਹੁੰਦਾ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਕੰਮ ਤੋਂ ਖੁਸ਼ ਹਨ।
ਉਨ੍ਹਾਂ ਨੂੰ ਇਕ ਹੀ ਸ਼ਿਕਾਇਤ ਹੈ ਕਿ ਉਥੇ ਉਨ੍ਹਾਂ ਨੂੰ ਗੰਦਗੀ ਨਾਲ ਨਜਿੱਠਣਾ ਪੈਂਦਾ ਹੈ, ਖਾਸ ਕਰਕੇ ਜਦੋਂ ਮੀਂਹ ਪੈ ਰਿਹਾ ਹੋਵੇ। 
(ਮੁੰਮਿ)


Related News