ਭ੍ਰਿਸ਼ਟ ਬੈਂਕ ਅਧਿਕਾਰੀਆਂ ਦੇ 7 ਮਹਾਪਾਪ
Monday, Dec 26, 2016 - 08:17 AM (IST)
8/11 ਦੇ ਬਾਅਦ ਬੈਂਕ ਅਧਿਕਾਰੀਆਂ ਨੂੰ ਸਭ ਤੋਂ ਵੱਧ ਸ਼ਲਾਘਾ ਤੇ ਥਪੇੜੇ ਬਰਦਾਸ਼ਤ ਕਰਨੇ ਪਏ ਹਨ ਪਰ ਕੁਝ ਕਾਲੀਆਂ ਭੇਡਾਂ ਨੇ ਪੂਰੇ ਬੈਂਕਿੰਗ ਭਾਈਚਾਰੇ ਨੂੰ ਬਦਨਾਮ ਕਰ ਦਿੱਤਾ ਹੈ। ਐਨ ਜਿਸ ਮੌਕੇ ''ਤੇ ਅਰਥ ਵਿਵਸਥਾ ਵਿਚ ਨਵੇਂ ਨੋਟ ਝੋਕੇ ਜਾ ਰਹੇ ਹਨ, ਕੁਝ ਭ੍ਰਿਸ਼ਟ ਮੈਨੇਜਰ ਅਤੇ ਅਧਿਕਾਰੀ ਇਸ ਪੈਸੇ ਨੂੰ ਕਿਸੇ ਹੋਰ ਜਗ੍ਹਾ ਭੇਜ ਰਹੇ ਹਨ ਜਿਸ ਨਾਲ ਆਮ ਆਦਮੀ ਸੱਪ ਵਾਂਗ ਵਲ ਖਾਂਦੀਆਂ ਲੰਬੀਆਂ ਲਾਈਨਾਂ ਵਿਚ ਲੱਗਣ ਲਈ ਮਜਬੂਰ ਹੋ ਰਿਹਾ ਹੈ।
ਆਰ. ਬੀ. ਆਈ. ਅਧਿਕਾਰੀ ਕੇ. ਮਾਈਕਲ ਦੀ ਗ੍ਰਿਫਤਾਰੀ ਤੋਂ ਸਪੱਸ਼ਟ ਹੋ ਗਿਆ ਹੈ ਕਿ ਕਿਸ ਤਰ੍ਹਾਂ ਮੁੱਠੀ ਭਰ ਭ੍ਰਿਸ਼ਟ ਲੋਕਾਂ ਨੇ ਪੂਰੇ ਦੇਸ਼ ਨੂੰ ਬੰਦੀ ਬਣਾਇਆ ਹੋਇਆ ਹੈ। ਰਜਿਸਟਰਡ ਮਾਮਲਿਆਂ ਦੀ ਜਾਂਚ-ਪੜਤਾਲ ਕਰਨ ਅਤੇ ਕੰਮ ਕਰਦੇ ਤੇ ਸੇਵਾਮੁਕਤ ਬੈਂਕ ਮੈਨੇਜਰਾਂ ਦੇ ਨਾਲ ਗੱਲਬਾਤ ਕਰਨ ਦੇ ਕਾਅਦ ਅਸੀਂ ਇਸ ਨਤੀਜੇ ''ਤੇ ਪਹੁੰਚੇ ਹਾਂ ਕਿ 7 ਪ੍ਰਮੁੱਖ ਢੰਗਾਂ ਨਾਲ ਬੈਂਕਰ ਪੂਰੀ ਵਿਵਸਥਾ ਨਾਲ ਸ਼ਲ-ਕਪਟ ਕਰ ਰਹੇ ਹਨ।
1. ਸਹੀ ਖਾਤਾਧਾਰਕਾਂ ਦੀ ਪਛਾਣ ਚੋਰੀ ਕਰਨਾ : 8/11 ਦੇ ਬਾਅਦ ਆਪਣੇ ਪੁਰਾਣੇ ਨੋਟ ਬਦਲਾਉਣ ਲਈ ਬੈਂਕ ਦੇ ਬਾਹਰ ਕਤਾਰਾਂ ਵਿਚ ਖੜ੍ਹੇ ਲੋਕਾਂ ਨੇ ਸ਼ਾਇਦ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ ਕਿ ਉਨ੍ਹਾਂ ਵਲੋਂ ਬੈਂਕਾਂ ਵਿਚ ਪੇਸ਼ ਕੀਤੀ ਗਈ ਨਿਜੀ ਜਾਣਕਾਰੀ ਜਿਵੇਂ ਕਿ ਪੈਨ ਕਾਰਡ ਨੰਬਰ ਅਤੇ ਹੋਰ ਵੇਰਵਿਆਂ ਦੀ ਦੁਰਵਰਤੋਂ ਹੋਵੇਗੀ। ਜਾਂਚਕਰਤਾਵਾਂ ਨੇ ਇਸ ਤੱਥ ਦਾ ਖੁਲਾਸਾ ਕੀਤਾ ਹੈ ਕਿ ਕੁਝ ਬੈਂਕਰਾਂ ਨੇ ਆਪਣੇ ਖਾਤਾਧਾਰਕਾਂ ਨੂੰ ਵਿਸ਼ਵਾਸ ਵਿਚ ਲਏ ਬਿਨਾਂ ਉਨ੍ਹਾਂ ਦੇ ਵੇਰਵਿਆਂ ਅਤੇ ਜਾਣਕਾਰੀਆਂ ਦੀ ਦੁਰਵਰਤੋਂ ਕਰਦੇ ਹੋਏ ਨਾਜਾਇਜ਼ ਲੈਣ-ਦੇਣ ਕੀਤਾ ਹੈ।
ਇਸ ਲੈਣ-ਦੇਣ ਦੀ ਕਾਰਜਸ਼ੈਲੀ ਕੁਝ ਇਸ ਤਰ੍ਹਾਂ ਹੈ : ਇਕ ਹੀ ਬੈਂਕ ਸ਼ਾਖਾ ਵਿਚ ਆਪਣੇ ਪੁਰਾਣੇ ਨੋਟ ਬਦਲਣ ਲਈ ਇਕ ਤੋਂ ਵੱਧ ਵਾਰ ਆਉਣ ਵਾਲੇ ਬਿਲਕੁਲ ਸਹੀ ਖਾਤਾਧਾਰਕਾਂ ਨੂੰ ਬੈਂਕ ਤੋਂ ਇਹ ਕਹਿ ਕੇ ਖਾਲੀ ਹੱਥ ਵਾਪਸ ਭੇਜ ਦਿੱਤਾ ਜਾਂਦਾ ਹੈ ਕਿ ''ਕੈਸ਼ ਨਹੀਂ ਹੈ''। ਉਨ੍ਹਾਂ ਦੇ ਜਾਣ ਦੇ ਬਾਅਦ ਉਨ੍ਹਾਂ ਦੇ ਹੀ ਨਿੱਜੀ ਵੇਰਵਿਆਂ ਦੀ ਦੁਰਵਰਤੋਂ ਕਰਦੇ ਹੋਏ ਨਵੇਂ ਕਰੰਸੀ ਨੋਟ ਨਾਜਾਇਜ਼ ਤੌਰ ''ਤੇ ਕਿਸੇ ਹੋਰ ਨੂੰ ਦੇ ਦਿੱਤੇ ਜਾਂਦੇ ਹਨ।
2. ਏ. ਟੀ. ਐੱਮ. ਦਾ ਕੈਸ਼ ਕਿਤੇ ਹੋਰ ਪਹੁੰਚਿਆ : 8/11 ਦੇ ਬਾਅਦ 50 ਫੀਸਦੀ ਤੋਂ ਵੱਧ ਏ. ਟੀ. ਐੱਮ. ਨਕਾਰਾ ਬਣ ਗਏ। ਇਨ੍ਹਾਂ ਵਿਚੋਂ ਕੁਝ ਤਾਂ ਨਵੇਂ ਨੋਟਾਂ ਦੇ ਹਿਸਾਬ ਨਾਲ ਕੰਮ ਕਰਨ ਲਈ ਰੀ-ਕੈਲੀਬਰੇਸ਼ਨ ਦੀ ਉਡੀਕ ਕਰ ਰਹੇ ਸਨ ਜਦ ਕਿ ਬਾਕੀ ਏ. ਟੀ. ਐੱਮ. ਇਕ ਤਰ੍ਹਾਂ ਨਾਲ ਮੌਤ ਦੇ ਮੂੰਹ ਵਿਚ ਹੀ ਚਲੇ ਗਏ ਜਾਂ ਸਾਨੂੰ ਅਜਿਹਾ ਮੰਨਣਾ ਚਾਹੀਦਾ ਹੈ। ਈ. ਡੀ., ਸੀ. ਬੀ. ਆਈ. ਅਤੇ ਆਮਦਨ ਕਰ ਅਧਿਕਾਰੀਆਂ ਦੀ ਜਾਂਚ ਤੋਂ ਇਹ ਖੁਲਾਸਾ ਹੋਇਆ ਕਿ ਇਨ੍ਹਾਂ ਏ. ਟੀ. ਐੱਮਜ਼ ਵਿਚ ਪਾਇਆ ਜਾਣ ਵਾਲਾ ਪੈਸਾ ਕਾਲੇ ਧਨ ਦੇ ਜਖੀਰੇਬਾਜ਼ਾਂ ਨੂੰ ਮੁਹੱਈਆ ਕਰਵਾਇਆ ਗਿਆ ਹੈ ਕਿਉਂਕਿ ਬੈਂਕ ਅਧਿਕਾਰੀਆਂ ਨੇ ਉਨ੍ਹਾਂ ਨਾਲ ਗੰਢ-ਸੰਢ ਕੀਤੀ ਹੋਈ ਸੀ। ਇਸ ਕੰਮ ਲਈ ਉਨ੍ਹਾਂ ਨੇ ਉਨ੍ਹਾਂ ਸਕਿਓਰਿਟੀ ਅਤੇ ਸਰਵਿਸ ਏਜੰਸੀਆਂ ਦੀ ਵੀ ਸਹਾਇਤਾ ਲਈ ਜਿਨ੍ਹਾਂ ਨੂੰ ਏ. ਟੀ. ਐੱਮ. ਵਿਚ ਪੈਸਾ ਲੋਡ ਕਰਨ ਦਾ ਠੇਕਾ ਹਾਸਲ ਹੈ।
ਇਸ ਗੋਰਖਧੰਦੇ ਦੀ ਕਾਰਜਸ਼ੈਲੀ ਕੁਝ ਇਸ ਤਰ੍ਹਾਂ ਹੈ : ਏ. ਟੀ. ਐੱਮ. ਵਿਚ ਜਦੋਂ ਪੈਸੇ ਖਤਮ ਹੋ ਜਾਂਦੇ ਹਨ ਤਾਂ ਉਹ ਖੁਦ ਹੀ ਬੈਂਕਿੰਗ ਤੰਤਰ ਨੂੰ ਸੰਦੇਸ਼ ਭੇਜਦੀ ਹੈ। ਜਿਹੜੇ ਏ. ਟੀ. ਐੱਮ. ਦੀ ਦੁਰਵਰਤੋਂ ਹੋਈ ਉਥੇ 32-33 ਲੱਖ ਰੁਪਏ ਦੀ ਵੰਡ ਹੋ ਜਾਣ ਦੇ ਬਾਅਦ ਇਸ ਸੰਦੇਸ਼ ਨੂੰ ਦਬਾ ਦਿੱਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਬਾਕੀ ਬਚੀ ਨਕਦੀ ਨੂੰ ਕਾਲਾ ਬਾਜ਼ਾਰੀਆਂ ਤਕ ਪਹੁੰਚਾਇਆ ਜਾਂਦਾ ਹੈ।
3. ਜਨ-ਧਨ ਖਾਤਿਆਂ ਦੀ ਦੁਰਵਰਤੋਂ : ਹਰੇਕ ਬੈਂਕ ਵਿਚ ਘੱਟੋ-ਘੱਟ 10-15 ਫੀਸਦੀ ਜਨ-ਧਨ ਖਾਤਿਆਂ ਦੀ ਦੁਰਵਰਤੋਂ ਕਰ ਕੇ ਕਾਲੇ ਧਨ ਨੂੰ ਸਫੈਦ ਵਿਚ ਬਦਲਣ ਲਈ ਕੀਤੀ ਗਈ ਹੈ। ਸੀ. ਬੀ. ਆਈ. ਹੁਣ ਉਨ੍ਹਾਂ ਬੈਂਕਰਾਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਨੇ ਇਸ ਕੰਮ ਵਿਚ ਸਹਾਇਤਾ ਕੀਤੀ ਹੈ। ਵਰਣਨਯੋਗ ਹੈ ਕਿ ਵਿਜੇ ਨਗਰ (ਆਂਧਰਾ ਪ੍ਰਦੇਸ਼) ਵਿਚ ਇਕ ਕੌਮੀਕ੍ਰਿਤ ਬੈਂਕ ਵਿਚ ਇਕ ਖਾਤੇ ਵਿਚ ਸਿਰਫ 500 ਰੁਪਏ ਸਨ ਪਰ 8/11 ਦੇ ਬਾਅਦ ਇਸ ਵਿਚ ਅਚਾਨਕ 2 ਲੱਖ ਰੁਪਏ ਡਿਪਾਜਿਟ ਆ ਗਿਆ। ਜਦੋਂ ਖਾਤਾਧਾਰਕ ਪੈਸਾ ਕਢਵਾਉਣ ਲਈ ਆਇਆ ਤਾਂ ਉਸ ਨੂੰ ਬੈਂਕ ਨੇ ਖਾਲੀ ਹੱਥ ਭੇਜ ਦਿੱਤਾ ਕਿ ਕੈਸ਼ ਨਹੀਂ ਹੈ ਜਦ ਕਿ ਇਸੇ ਖਾਤੇ ਰਾਹੀਂ ਕਿਸੇ ਦਾ ਕਾਲਾ ਧਨ ਸਫੈਦ ਕਰ ਦਿੱਤਾ ਗਿਆ।
4. ਡਰਾਫਟ ਬਣਾਓ, ਰੱਦ ਕਰੋ ਅਤੇ ਨਵੀਂ ਕਰੰਸੀ ਹਾਸਲ ਕਰੋ : ਭ੍ਰਿਸ਼ਟ ਅਧਿਕਾਰੀਆਂ ਲਈ ਇਹ ਸਭ ਤੋਂ ਕਾਰਗਰ ਤਰੀਕਾ ਸਿੱਧ ਹੋਇਆ ਹੈ। ਜਾਂਚ ਏਜੰਸੀਆਂ ਨੇ ਵੀ ਦੇਖਿਆ ਹੈ ਕਿ ਜ਼ਿਆਦਾਤਰ ਕਾਲਾ ਧਨ ਇਸੇ ਢੰਗ ਨਾਲ ਸਫੈਦ ਕੀਤਾ ਗਿਆ ਹੈ। ਭਾਵ ਕਿ ਪਹਿਲਾਂ ਪੁਰਾਣੇ ਨੋਟ ਜਮ੍ਹਾ ਕਰਵਾ ਕੇ ਬੈਂਕ ਡਰਾਫਟ ਬਣਵਾਓ ਅਤੇ ਤੁਰੰਤ ਬਾਅਦ ਵਿਚ ਇਸ ਨੂੰ ਰੱਦ ਕਰ ਦਿਓ ਅਤੇ ਨਵੇਂ ਨੋਟਾਂ ਦੇ ਰੂਪ ਵਿਚ ਆਪਣਾ ਪੈਸਾ ਵਾਪਸ ਲੈ ਲਓ। ਉਂਝ ਕਾਨੂੰਨੀ ਤੌਰ ''ਤੇ ਵੀ ਜੇਕਰ ਅਜਿਹੀ ਰਾਸ਼ੀ 49 ਹਜ਼ਾਰ ਤੋਂ ਘੱਟ ਹੋਵੇ ਤਾਂ ਬੈਂਕ ਵਲੋਂ ਕੋਈ ਸਵਾਲ ਨਹੀਂ ਪੁੱਛਿਆ ਜਾਂਦਾ।
5. ਕੈਸ਼ੀਅਰਾਂ ਵਲੋਂ ਕਮੀਸ਼ਨ ''ਤੇ ਨਕਦੀ : ਇਸ ਕਿਸਮ ਦੀ ਧੋਖਾਦੇਹੀ ਮੁੱਖ ਤੌਰ ''ਤੇ ਦੂਰ-ਦਰਾਜ ਦੇ ਇਲਾਕਿਆਂ ਵਿਚ ਦੇਖਣ ''ਚ ਆਈ ਹੈ ਜਿਥੇ ਗਰੀਬ ਤੇ ਅਨਪੜ੍ਹ ਲੋਕਾਂ ਨੂੰ ਛੁੱਟੇ ਪੈਸੇ ਅਤੇ ਨਵੇਂ ਨੋਟਾਂ ਦੀ ਲੋੜ ਹੁੰਦੀ ਹੈ। ਪੁਰਾਣੇ ਨੋਟ ਲੈ ਕੇ ਆਉਣ ਵਾਲੇ ਲੋਕਾਂ ਤੋਂ ਬਿਨਾਂ ਕੋਈ ਪਛਾਣ ਪ੍ਰਮਾਣ ਲਏ ਬਿਨਾਂ ਕੈਸ਼ੀਅਰ ਨਵੇਂ ਨੋਟ ਜਾਰੀ ਕਰਦੇ ਹਨ ਜਿਸ ਨੂੰ ਉਹ ਬੈਂਕ ਵਿਚ ਮੌਜੂਦਾ ਨਕਦੀ ਦੇ ਰੂਪ ਵਿਚ ਦਿਖਾਉਂਦੇ ਹਨ। ਜਿਸ ਦਾ ਮੂਲ ਰੂਪ ਵਿਚ ਅਰਥ ਇਹ ਹੈ ਕਿ ਸਾਰੇ ਛੋਟੇ ਨੋਟ ਅਰਥਵਿਵਸਥਾ ਵਿਚੋਂ ਬਾਹਰ ਖਿੱਚ ਲਏ ਜਾਂਦੇ ਹਨ ਅਤੇ ਪੁਰਾਣੇ ਨੋਟ ਆਰ. ਬੀ. ਆਈ. ਨੂੰ ਭੇਜ ਦਿੱਤੇ ਜਾਂਦੇ ਹਨ। ਇਸ ਕਰਤੂਤ ਨੂੰ ਬਿਨਾਂ ਕਿਸੇ ਪਰੇਸ਼ਾਨੀ ਨਾਲ ਅੰਜਾਮ ਦੇਣ ਲਈ ਬੈਂਕਰ ਕਾਲੇ ਧਨ ਵਾਲਿਆਂ ਤੋਂ 25 ਫੀਸਦੀ ਤਕ ਕਮੀਸ਼ਨ ਵਸੂਲਦੇ ਹਨ। ਕਈ ਵਾਰ ਤਾਂ ਇਸ ਕੱਮ ਲਈ ਜਾਅਲੀ ਪਛਾਣ ਵਾਲੇ ਖਾਤੇ ਵੀ ਖੋਲ੍ਹ ਲਏ ਜਾਂਦੇ ਹਨ।
6. ਜਾਅਲੀ ਬੈਂਕ ਖਾਤੇ : ਕਈ ਮਾਮਲਿਆਂ ਵਿਚ ਅਜਿਹਾ ਦੇਖਿਆ ਗਿਆ ਹੈ ਕਿ ਭੋਲੇ-ਭਾਲੇ ਲੋਕਾਂ ਵਲੋਂ ਖਾਤਾ ਖੋਲ੍ਹਣ ਲਈ ਜੋ ਪਛਾਣ ਪੱਤਰ ਪੇਸ਼ ਕੀਤੇ ਜਾਂਦੇ ਹਨ, ਬੈਂਕ ਅਧਿਕਾਰੀ ਉਨ੍ਹਾਂ ਨੂੰ ਦੱਸੇ ਬਿਨਾਂ ਉਨ੍ਹਾਂ ਦੇ ਨਾਂ ''ਤੇ ਖਾਤਾ ਖੋਲ੍ਹ ਲੈਂਦੇ ਹਨ ਅਤੇ ਇਸ ਨੂੰ ਹਵਾਲੇ ਲਈ ਵਰਤਦੇ ਹਨ।
ਇਸ ਤਰ੍ਹਾਂ ਦੇ ਖਾਤੇ ਵਿਚ ਪੁਰਾਣੇ ਨੋਟ ਜਮ੍ਹਾ ਕਰਵਾਏ ਜਾਂਦੇ ਹਨ ਅਤੇ ਨਵੇਂ ਨੋਟ ਕਢਵਾਏ ਜਾਂਦੇ ਹਨ। ਜਦੋਂ ਇਸ ਖਾਤੇ ਵਿਚ ਕੋਈ ਪੈਸਾ ਨਹੀਂ ਰਹਿ ਜਾਂਦਾ ਤਾਂ ਆਪਣੇ-ਆਪ ਹੀ ਇਹ ਰੱਦ ਹੋ ਜਾਂਦਾ ਹੈ।
7. ਸਵੈ-ਸਹਾਇਤਾ ਗਰੁੱਪ, ਸਹਿਕਾਰੀ ਬੈਂਕ : ਸੂਖਤ ਵਿੱਤ ਏਜੰਟ ਜੋ ਛੋਟੀਆਂ ਰਾਸ਼ੀਆਂ ਭਾਵ ਇਕ ਰੁਪਏ ਤੋਂ ਲੈ ਕੇ 100 ਰੁਪਏ ਤਕ ਦੀ ਰੋਜ਼ਾਨਾ ਆਧਾਰ ''ਤੇ ਖਾਤਾਧਾਰਕਾਂ ਤੋਂ ਉਗਰਾਹੀ ਕਰਦੇ ਹਨ ਉਨ੍ਹਾਂ ੈਨੂੰ ਵੀ ਹਲਾਵੇ ਲਈ ਵਰਤਿਆ ਜਾਂਦਾ ਹੈ। ਭਾਵ ਕਿ ਉਨ੍ਹਾਂ ਤੋਂ ਉਗਰਾਹਿਆ ਗਿਆ ਪੈਸਾ ਲੈ ਕੇ ਉਨ੍ਹਾਂ ਖਾਤਿਆਂ ਵਿਚ ਕਾਲਾਬਾਜ਼ਾਰੀਆਂ ਦੇ ਪੁਰਾਣੇ ਨੋਟ ਜਮ੍ਹਾ ਕਰਵਾਏ ਗਏ। ਇਸੇ ਤਰ੍ਹਾਂ ਸਹਿਕਾਰੀ ਬੈਂਕਾਂ ਵਿਚ ਵੀ ਹੋਇਆ। ਉਥੇ ਕਿਉਂਕਿ ਕੰਪਿਊਟਰੀਕ੍ਰਿਤ ਪ੍ਰਣਾਲੀਆਂ ਸਥਾਪਤ ਨਹੀਂ ਹੋਈਆਂ ਹਨ ਇਸ ਲਈ ਨਵੇਂ ਡਿਪਾਜਿਟਾਂ ਨੂੰ ਪੁਰਾਣੀਆਂ ਮਿਤੀਆਂ ਵਿਚ ਦਰਜ ਕਰ ਦਿੱਤਾ ਹੈ। ਹੁਣ ਆਰ. ਬੀ. ਆਈ. ਨੇ ਅਜਿਹੇ ਬੈਂਕਾਂ ਨੂੰ ਪੁਰਾਣੇ ਨੋਟਾਂ ਦਾ ਡਿਪਾਜਿਟ ਲੈਣ ਤੋਂ ਨਾਂਹ ਕਰ ਦਿੱਤੀ ਹੈ।
