ਬਾਦਲ ਸਾਬ੍ਹ ਹਮੇਸ਼ਾ ਸਾਡੇ ਦਿਲਾਂ ''ਚ ਜ਼ਿੰਦਾ ਰਹਿਣਗੇ: PM ਮੋਦੀ

04/28/2023 11:47:57 AM

25 ਅਪ੍ਰੈਲ ਦੀ ਸ਼ਾਮ ਨੂੰ ਜਦੋਂ ਮੈਨੂੰ ਸ. ਪ੍ਰਕਾਸ਼ ਸਿੰਘ ਬਾਦਲ ਜੀ ਦੇ ਦਿਹਾਂਤ ਦੀ ਖ਼ਬਰ ਮਿਲੀ ਤਾਂ ਮੈਂ ਅਥਾਹ ਉਦਾਸੀ ਨਾਲ ਭਰ ਗਿਆ। ਉਨ੍ਹਾਂ ਦੇ ਦਿਹਾਂਤ ਨਾਲ ਮੈਂ ਇਕ ਪਿਤਾ ਸਮਾਨ ਸ਼ਖ਼ਸੀਅਤ ਨੂੰ ਗੁਆ ਦਿੱਤਾ ਹੈ, ਜਿਨ੍ਹਾਂ ਨੇ ਦਹਾਕਿਆਂ ਤੱਕ ਮੇਰਾ ਮਾਰਗਦਰਸ਼ਨ ਕੀਤਾ। ਇਕ ਤੋਂ ਵੱਧ ਢੰਗਾਂ ਨਾਲ ਉਨ੍ਹਾਂ ਭਾਰਤ ਅਤੇ ਪੰਜਾਬ ਦੀ ਸਿਅਾਸਤ ਨੂੰ ਆਕਾਰ ਦਿੱਤਾ, ਜਿਸ ਨੂੰ ਬੇਮਿਸਾਲ ਆਖਿਆ ਜਾ ਸਕਦਾ ਹੈ।

ਬਾਦਲ ਸਾਹਿਬ ਇਕ ਵੱਡੇ ਨੇਤਾ ਸਨ, ਇਸ ਗੱਲ ਨੂੰ ਆਮ ਤੌਰ ’ਤੇ ਮੰਨਿਆ ਜਾਂਦਾ ਹੈ ਪਰ ਸਭ ਤੋਂ ਵੱਡੀ ਗੱਲ ਉਹ ਇਕ ਵੱਡੇ ਦਿਲ ਵਾਲੇ ਇਨਸਾਨ ਸਨ। ਵੱਡਾ ਨੇਤਾ ਬਣਨਾ ਸੌਖਾ ਹੈ ਪਰ ਵੱਡੇ ਦਿਲ ਵਾਲੇ ਹੋਣ ਲਈ ਹੋਰ ਵੀ ਬਹੁਤ ਕੁਝ ਕਰਨਾ ਪੈਂਦਾ ਹੈ। ਪੰਜਾਬ ਭਰ ਦੇ ਲੋਕ ਕਹਿੰਦੇ ਹਨ-ਬਾਦਲ ਸਾਹਿਬ ਦੀ ਗੱਲ ਤਾਂ ਵੱਖਰੀ ਸੀ।

ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਾਡੇ ਸਮਿਆਂ ਦੇ ਸਭ ਤੋਂ ਕੱਦਾਵਰ ਕਿਸਾਨ ਨੇਤਾਵਾਂ ਵਿਚ ਸ਼ਮੂਲੀਅਤ ਸੀ। ਖੇਤੀਬਾੜੀ ਉਨ੍ਹਾਂ ਦਾ ਅਸਲ ਸ਼ੌਕ ਸੀ। ਜਦੋਂ ਵੀ ਉਹ ਕਿਸੇ ਵੀ ਮੌਕੇ ’ਤੇ ਬੋਲਦੇ ਸਨ ਤਾਂ ਉਨ੍ਹਾਂ ਦੇ ਭਾਸ਼ਣ ਤੱਥਾਂ, ਤਾਜ਼ਾ ਜਾਣਕਾਰੀ ਅਤੇ ਬਹੁਤ ਸਾਰੀ ਨਿੱਜੀ ਸੂਝ-ਬੂਝ ਨਾਲ ਭਰਪੂਰ ਹੁੰਦੇ ਸਨ।

1990 ਦੇ ਦਹਾਕੇ ਵਿਚ ਜਦੋਂ ਮੈਂ ਉੱਤਰੀ ਭਾਰਤ ਵਿਚ ਪਾਰਟੀ ਦੇ ਕੰਮ ਵਿਚ ਲੱਗਾ ਸੀ ਤਾਂ ਮੇਰੀ ਬਾਦਲ ਸਾਹਿਬ ਨਾਲ ਨੇੜਿਓਂ ਗੱਲਬਾਤ ਹੋਈ। ਬਾਦਲ ਸਾਹਿਬ ਇਕ ਸਿਆਸੀ ਮਹਾਰਥੀ ਸਨ, ਜੋ ਪੰਜਾਬ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ, ਇਕ ਕੇਂਦਰੀ ਕੈਬਨਿਟ ਮੰਤਰੀ ਅਤੇ ਦੁਨੀਆ ਭਰ ਦੇ ਕਰੋੜਾਂ ਪੰਜਾਬੀਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਵਿਅਕਤੀ ਸਨ। ਦੂਜੇ ਪਾਸੇ ਮੈਂ ਇਕ ਆਮ ਵਰਕਰ ਸੀ। ਫਿਰ ਵੀ ਆਪਣੇ ਸੁਭਾਅ ਮੁਤਾਬਕ ਉਨ੍ਹਾਂ ਕਦੇ ਵੀ ਇਸ ਨੂੰ ਸਾਡੇ ਦਰਮਿਆਨ ਪਾੜਾ ਨਹੀਂ ਬਣਨ ਦਿੱਤਾ। ਉਹ ਨਿੱਘ ਅਤੇ ਦਿਆਲਤਾ ਨਾਲ ਭਰਪੂਰ ਸਨ। ਇਹ ਉਹ ਗੁਣ ਸਨ, ਜੋ ਆਖਰੀ ਸਾਹ ਤੱਕ ਉਨ੍ਹਾਂ ਦੇ ਨਾਲ ਰਹੇ। ਹਰ ਕੋਈ ਜਿਸ ਨੇ ਬਾਦਲ ਸਾਹਿਬ ਨਾਲ ਨੇੜਿਓਂ ਗੱਲਬਾਤ ਕੀਤੀ ਸੀ, ਉਨ੍ਹਾਂ ਦੀ ਸਿਆਣਪ ਅਤੇ ਮਜ਼ਾਕੀਆ ਸੁਭਾਅ ਨੂੰ ਯਾਦ ਕਰੇਗਾ।

1990 ਦੇ ਦਹਾਕੇ ਦੇ ਅੱਧ ਅਤੇ ਅੰਤ ਵਿਚ ਪੰਜਾਬ ਵਿਚ ਸਿਆਸੀ ਮਾਹੌਲ ਬਹੁਤ ਵੱਖਰਾ ਸੀ। 1997 ਵਿਚ ਸੂਬੇ ’ਚ ਬਹੁਤ ਗੜਬੜ ਹੋਈ ਅਤੇ ਚੋਣਾਂ ਹੋਣੀਆਂ ਸਨ। ਸਾਡੀਆਂ ਪਾਰਟੀਆਂ ਇਕੱਠੀਆਂ ਹੋ ਕੇ ਲੋਕਾਂ ਵਿਚ ਗਈਆਂ ਅਤੇ ਬਾਦਲ ਸਾਹਿਬ ਸਾਡੇ ਨੇਤਾ ਸਨ। ਉਨ੍ਹਾਂ ਦੀ ਭਰੋਸੇਯੋਗਤਾ ਇਕ ਮੁੱਖ ਕਾਰਨ ਸੀ ਕਿ ਲੋਕਾਂ ਨੇ ਸਾਨੂੰ ਸ਼ਾਨਦਾਰ ਜਿੱਤ ਨਾਲ ਨਿਵਾਜਿਆ।

ਇੰਨਾ ਹੀ ਨਹੀਂ ਸਾਡੇ ਗਠਜੋੜ ਨੇ ਚੰਡੀਗੜ੍ਹ ਦੀਆਂ ਨਗਰ ਨਿਗਮ ਚੋਣਾਂ ਅਤੇ ਸ਼ਹਿਰ ਦੀ ਲੋਕ ਸਭਾ ਸੀਟ ਵੀ ਸਫ਼ਲਤਾਪੂਰਵਕ ਜਿੱਤੀ। ਉਨ੍ਹਾਂ ਦੀ ਸ਼ਖ਼ਸੀਅਤ ਅਜਿਹੀ ਸੀ ਕਿ ਸਾਡਾ ਗਠਜੋੜ 1997 ਤੋਂ 2017 ਤੱਕ 15 ਸਾਲ ਸੂਬੇ ਦੀ ਸੇਵਾ ਕਰਦਾ ਰਿਹਾ।

ਇਕ ਕਿੱਸਾ ਹੈ, ਜੋ ਮੈਂ ਕਦੇ ਨਹੀਂ ਭੁੱਲ ਸਕਦਾ। ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਬਾਦਲ ਸਾਹਿਬ ਨੇ ਮੈਨੂੰ ਕਿਹਾ ਕਿ ਅਸੀਂ ਇਕੱਠੇ ਅੰਮ੍ਰਿਤਸਰ ਜਾਵਾਂਗੇ, ਜਿੱਥੇ ਅਸੀਂ ਰਾਤ ਰੁਕਾਂਗੇ ਅਤੇ ਅਗਲੇ ਦਿਨ ਅਰਦਾਸ ਕਰਾਂਗੇ ਅਤੇ ਲੰਗਰ ਛਕਾਂਗੇ।

ਮੈਂ ਇਕ ਗੈਸਟ ਹਾਊਸ ਵਿਚ ਆਪਣੇ ਕਮਰੇ ਵਿਚ ਸੀ ਪਰ ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਮੇਰੇ ਕਮਰੇ ਵਿਚ ਆਏ ਅਤੇ ਮੇਰਾ ਸਾਮਾਨ ਚੁੱਕਣ ਲੱਗੇ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਅਜਿਹਾ ਕਿਉਂ ਕਰ ਰਹੇ ਹਨ ਤਾਂ ਉਨ੍ਹਾਂ ਮੈਨੂੰ ਕਿਹਾ ਕਿ ਮੈਨੂੰ ਉਨ੍ਹਾਂ ਦੇ ਨਾਲ ਮੁੱਖ ਮੰਤਰੀ ਦੇ ਕਮਰੇ ਵਿਚ ਆਉਣਾ ਪਵੇਗਾ ਅਤੇ ਉੱਥੇ ਹੀ ਰਹਿਣਾ ਪਵੇਗਾ। ਮੈਂ ਉਨ੍ਹਾਂ ਨੂੰ ਕਹਿੰਦਾ ਰਿਹਾ ਕਿ ਅਜਿਹਾ ਕਰਨ ਦੀ ਕੋਈ ਜ਼ਰੂਰਤ ਨਹੀਂ ਪਰ ਉਨ੍ਹਾਂ ਨੇ ਜ਼ੋਰ ਪਾਇਆ। ਆਖਿਰਕਾਰ ਅਜਿਹਾ ਹੀ ਹੋਇਆ ਅਤੇ ਬਾਦਲ ਸਾਹਿਬ ਦੂਜੇ ਕਮਰੇ ਵਿਚ ਠਹਿਰੇ। ਮੇਰੇ ਵਰਗੇ ਇਕ ਬਹੁਤ ਹੀ ਸਾਧਾਰਨ ਵਰਕਰ ਪ੍ਰਤੀ ਉਨ੍ਹਾਂ ਦੇ ਇਸ ਰਵੱਈਏ ਦੀ ਮੈਂ ਹਮੇਸ਼ਾ ਕਦਰ ਕਰਾਂਗਾ।

ਬਾਦਲ ਸਾਹਿਬ ਦੀ ਗਊਸ਼ਾਲਾਵਾਂ ਵਿਚ ਵਿਸ਼ੇਸ਼ ਦਿਲਚਸਪੀ ਸੀ ਅਤੇ ਉਨ੍ਹਾਂ ਨੇ ਵੱਖ-ਵੱਖ ਕਿਸਮਾਂ ਦੀਆਂ ਗਊਆਂ ਰੱਖੀਆਂ। ਸਾਡੀ ਇਕ ਮੁਲਾਕਾਤ ਦੌਰਾਨ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਗਿਰ ਦੀਆਂ ਗਊਆਂ ਪਾਲਣ ਦੀ ਇੱਛਾ ਸੀ। ਮੈਂ ਉਨ੍ਹਾਂ ਲਈ 5 ਗਊਆਂ ਦਾ ਪ੍ਰਬੰਧ ਕੀਤਾ ਅਤੇ ਉਸ ਤੋਂ ਬਾਅਦ ਜਦੋਂ ਅਸੀਂ ਮਿਲਦੇ ਤਾਂ ਉਹ ਮੇਰੇ ਨਾਲ ਗਊਆਂ ਬਾਰੇ ਗੱਲ ਕਰਦੇ ਅਤੇ ਮਜ਼ਾਕ ਵੀ ਕਰਦੇ ਕਿ ਇਹ ਗਊਆਂ ਹਰ ਤਰ੍ਹਾਂ ਨਾਲ ਗੁਜਰਾਤੀ ਹਨ-ਜਦੋਂ ਕਦੇ ਬੱਚੇ ਨੇੜੇ-ਤੇੜੇ ਖੇਡ ਰਹੇ ਹੁੰਦੇ ਤਾਂ ਉਹ ਕਦੇ ਵੀ ਗੁੱਸੇ, ਉਤੇਜਿਤ ਨਹੀਂ ਹੁੰਦੀਆਂ ਜਾਂ ਕਿਸੇ ’ਤੇ ਹਮਲਾ ਨਹੀਂ ਕਰਦੀਆਂ। ਉਹ ਇਹ ਵੀ ਟਿੱਪਣੀ ਕਰਦੇ ਸਨ ਕਿ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਗੁਜਰਾਤੀ ਇੰਨੇ ਕੋਮਲ ਹਨ। ਆਖਿਰਕਾਰ ਉਹ ਗਿਰ ਦੀਆਂ ਗਊਆਂ ਦਾ ਦੁੱਧ ਪੀਂਦੇ ਹਨ।

2001 ਤੋਂ ਬਾਅਦ ਮੈਂ ਬਾਦਲ ਸਾਹਿਬ ਨੂੰ ਇਕ ਵੱਖਰੀ ਹੈਸੀਅਤ ਵਿਚ ਗੱਲਬਾਤ ਕਰਨ ਲਈ ਮਿਲਿਆ-ਅਸੀਂ ਹੁਣ ਆਪਣੇ-ਆਪਣੇ ਸੂਬਿਅਾਂ ਦੇ ਮੁੱਖ ਮੰਤਰੀ ਸੀ। ਮੈਨੂੰ ਕਈ ਮੁੱਦਿਆਂ ਖਾਸ ਤੌਰ ’ਤੇ ਪਾਣੀ ਦੀ ਸੰਭਾਲ, ਪਸ਼ੂ ਪਾਲਣ ਅਤੇ ਡੇਅਰੀ ਸਮੇਤ ਖੇਤੀਬਾੜੀ ਨਾਲ ਸਬੰਧਤ ਮੁੱਦਿਆਂ ’ਤੇ ਬਾਦਲ ਸਾਹਿਬ ਦਾ ਮਾਰਗਦਰਸ਼ਨ ਪ੍ਰਾਪਤ ਕਰਨ ਦਾ ਸੁਭਾਗ ਮਿਲਿਆ। ਉਹ ਅਜਿਹੇ ਵਿਅਕਤੀ ਵੀ ਸਨ, ਜੋ ਭਾਰਤੀ ਡਾਇਸਪੋਰਾ ਦੀ ਸਮਰੱਥਾ ਨੂੰ ਵਰਤਣ ਵਿਚ ਵਿਸ਼ਵਾਸ ਰੱਖਦੇ ਸਨ, ਇਹ ਸਮਝਦੇ ਹੋਏ ਕਿ ਵਿਦੇਸ਼ਾਂ ਵਿਚ ਬਹੁਤ ਸਾਰੇ ਮਿਹਨਤੀ ਪੰਜਾਬੀ ਵਸੇ ਹੋਏ ਹਨ।

ਇਕ ਵਾਰ ਉਨ੍ਹਾਂ ਨੇ ਮੈਨੂੰ ਕਿਹਾ ਕਿ ਉਹ ਸਮਝਣਾ ਚਾਹੁੰਦੇ ਹਨ ਕਿ ਅਲੰਗ ਸ਼ਿਪਯਾਰਡ ਕੀ ਹੈ। ਫਿਰ ਉਹ ਉੱਥੇ ਆਏ ਅਤੇ ਸਾਰਾ ਦਿਨ ਅਲੰਗ ਸ਼ਿਪਯਾਰਡ ਵਿਚ ਬਿਤਾਇਆ ਅਤੇ ਸਮਝਿਆ ਕਿ ਰੀਸਾਈਕਲਿੰਗ ਕਿਵੇਂ ਕੀਤੀ ਜਾਂਦੀ ਹੈ। ਪੰਜਾਬ ਕੋਈ ਤਟਵਰਤੀ ਸੂਬਾ ਨਹੀਂ ਹੈ। ਇਸ ਲਈ ਇਕ ਤਰ੍ਹਾਂ ਨਾਲ ਸ਼ਿਪਯਾਰਡ ਦੀ ਉਨ੍ਹਾਂ ਲਈ ਕੋਈ ਪ੍ਰਤੱਖ ਪ੍ਰਾਸੰਗਿਕਤਾ ਨਹੀਂ ਸੀ ਪਰ ਇਹ ਉਨ੍ਹਾਂ ਦੀ ਨਵੀਆਂ ਚੀਜ਼ਾਂ ਸਿੱਖਣ ਦੀ ਇੱਛਾ ਸੀ ਕਿ ਉਨ੍ਹਾਂ ਨੇ ਉੱਥੇ ਦਿਨ ਬਿਤਾਇਆ ਅਤੇ ਸੈਕਟਰ ਦੇ ਵੱਖੋ-ਵੱਖਰੇ ਪਹਿਲੂਆਂ ਨੂੰ ਸਮਝਿਆ।

2001 ਦੇ ਭੂਚਾਲ ਦੌਰਾਨ ਨੁਕਸਾਨੇ ਗਏ ਕੱਛ ਦੇ ਪਵਿੱਤਰ ਲਖਪਤ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਮੁਰੰਮਤ ਕਰਨ ਅਤੇ ਉਸ ਨੂੰ ਬਹਾਲ ਕਰਨ ਦੇ ਯਤਨਾਂ ਲਈ ਮੈਂ ਗੁਜਰਾਤ ਸਰਕਾਰ ਦੀ ਸ਼ਲਾਘਾ ਦੇ ਉਨ੍ਹਾਂ ਦੇ ਸ਼ਬਦਾਂ ਨੂੰ ਹਮੇਸ਼ਾ ਯਾਦ ਰੱਖਾਂਗਾ।

2014 ਵਿਚ ਕੇਂਦਰ ਵਿਚ ਐੱਨ. ਡੀ. ਏ. ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਉਨ੍ਹਾਂ ਇਕ ਵਾਰ ਫਿਰ ਆਪਣੇ ਖੁਸ਼ਹਾਲ ਸਰਕਾਰੀ ਤਜਰਬੇ ਦੇ ਅਾਧਾਰ ’ਤੇ ਕੀਮਤੀ ਸਮਝ ਪ੍ਰਦਾਨ ਕੀਤੀ। ਉਨ੍ਹਾਂ ਨੇ ਇਤਿਹਾਸਿਕ ਜੀ. ਐੱਸ. ਟੀ. ਸਮੇਤ ਕਈ ਸੁਧਾਰਾਂ ਦੀ ਜ਼ੋਰਦਾਰ ਹਮਾਇਤ ਕੀਤੀ।

ਮੈਂ ਸਾਡੀ ਗੱਲਬਾਤ ਦੇ ਕੁਝ ਪਹਿਲੂਆਂ ਨੂੰ ਹੀ ਉਜਾਗਰ ਕੀਤਾ ਹੈ। ਆਮ ਤੌਰ ’ਤੇ ਆਪਣੇ ਦੇਸ਼ ਲਈ ਉਨ੍ਹਾਂ ਦਾ ਯੋਗਦਾਨ ਅਟੱਲ ਹੈ। ਉਹ ਐਮਰਜੈਂਸੀ ਦੇ ਕਾਲੇ ਦਿਨਾਂ ਵਿਚ ਲੋਕਤੰਤਰ ਦੀ ਬਹਾਲੀ ਲਈ ਸਭ ਤੋਂ ਬਹਾਦਰ ਸੈਨਿਕਾਂ ਵਿਚੋਂ ਇਕ ਸਨ। ਜਦੋਂ ਉਨ੍ਹਾਂ ਦੀਆਂ ਸਰਕਾਰਾਂ ਬਰਖ਼ਾਸਤ ਕੀਤੀਆਂ ਗਈਆਂ ਤਾਂ ਉਨ੍ਹਾਂ ਨੇ ਖ਼ੁਦ ਕਾਂਗਰਸ ਦੇ ਹੰਕਾਰੀ ਸੱਭਿਆਚਾਰ ਦਾ ਸਾਹਮਣਾ ਕੀਤਾ ਅਤੇ ਇਨ੍ਹਾਂ ਤਜਰਬਿਆਂ ਨੇ ਹੀ ਲੋਕਤੰਤਰ ਵਿਚ ਉਨ੍ਹਾਂ ਦਾ ਵਿਸ਼ਵਾਸ ਮਜ਼ਬੂਤ ਕੀਤਾ।

ਪੰਜਾਬ ਵਿਚ 1970 ਅਤੇ 1980 ਦੇ ਦਹਾਕੇ ਦੇ ਅਸ਼ਾਂਤ ਕਾਲ ਦੌਰਾਨ ਬਾਦਲ ਸਾਹਿਬ ਨੇ ਪੰਜਾਬ ਫਸਟ ਅਤੇ ਇੰਡੀਆ ਫਸਟ ਰੱਖਿਆ। ਉਨ੍ਹਾਂ ਕਿਸੇ ਵੀ ਅਜਿਹੀ ਯੋਜਨਾ ਦਾ ਸਖ਼ਤ ਵਿਰੋਧ ਕੀਤਾ, ਜੋ ਭਾਰਤ ਨੂੰ ਕਮਜ਼ੋਰ ਕਰੇ ਜਾਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਨਾਲ ਸਮਝੌਤਾ ਕਰੇ ਭਾਵੇਂ ਇਸ ਦਾ ਮਤਲਬ ਸੱਤਾ ਦਾ ਨੁਕਸਾਨ ਹੀ ਕਿਉਂ ਨਾ ਹੋਵੇ।

ਉਹ ਮਹਾਨ ਗੁਰੂ ਸਾਹਿਬ ਦੇ ਆਦਰਸ਼ਾਂ ਨੂੰ ਪੂਰਾ ਕਰਨ ਲਈ ਡੂੰਘੇ ਵਚਨਬੱਧ ਵਿਅਕਤੀ ਸਨ। ਉਨ੍ਹਾਂ ਨੇ ਸਿੱਖ ਵਿਰਸੇ ਦੀ ਸੰਭਾਲ ਕਰਨ ਅਤੇ ਮਨਾਉਣ ਲਈ ਵੀ ਜ਼ਿਕਰਯੋਗ ਉਪਰਾਲੇ ਕੀਤੇ। 1984 ਦੇ ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਕੌਣ ਭੁੱਲ ਸਕਦਾ ਹੈ?

ਬਾਦਲ ਸਾਹਿਬ ਲੋਕਾਂ ਨੂੰ ਇਕੱਠਾ ਕਰਨ ਵਾਲੇ ਵਿਅਕਤੀ ਸਨ। ਉਹ ਹਰ ਵਿਚਾਰਧਾਰਾ ਦੇ ਆਗੂਆਂ ਨਾਲ ਕੰਮ ਕਰ ਸਕਦੇ ਸਨ। ਬਾਦਲ ਸਾਹਿਬ ਨੇ ਕਦੇ ਵੀ ਸਿਆਸੀ ਫ਼ਾਇਦਿਆਂ ਅਤੇ ਨੁਕਸਾਨਾਂ ਨਾਲ ਕੋਈ ਸਬੰਧ ਨਹੀਂ ਜੋੜਿਆ। ਇਹ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਅੱਗੇ ਵਧਾਉਣ ਲਈ ਵਿਸ਼ੇਸ਼ ਤੌਰ ’ਤੇ ਲਾਭਦਾਇਕ ਸੀ।

ਬਾਦਲ ਸਾਹਿਬ ਦੇ ਦਿਹਾਂਤ ਨਾਲ ਪਏ ਖਲਾਅ ਨੂੰ ਭਰਨਾ ਔਖਾ ਹੋ ਜਾਵੇਗਾ। ਉਹ ਇਕ ਸਿਅਾਸਤਦਾਨ ਸਨ, ਜਿਨ੍ਹਾਂ ਦੀ ਜ਼ਿੰਦਗੀ ਨੇ ਬਹੁਤ ਸਾਰੀਆਂ ਚੁਣੌਤੀਆਂ ਦੇਖੀਆਂ ਪਰ ਉਨ੍ਹਾਂ ਨੇ ਉਨ੍ਹਾਂ ਨੂੰ ਪਾਰ ਕੀਤਾ ਅਤੇ ਫੀਨਿਕਸ ਵਾਂਗ ਉੱਠੇ। ਉਨ੍ਹਾਂ ਦੀ ਕਮੀ ਜ਼ਰੂਰ ਰਹੇਗੀ ਪਰ ਉਹ ਸਾਡੇ ਦਿਲਾਂ ਵਿਚ ਜਿਊਂਦੇ ਰਹਿਣਗੇ ਅਤੇ ਉਹ ਦਹਾਕਿਆਂ ਦੌਰਾਨ ਕੀਤੇ ਗਏ ਸ਼ਾਨਦਾਰ ਕੰਮਾਂ ਲਈ ਵੀ ਜਿਊਂਦੇ ਰਹਿਣਗੇ।


Harnek Seechewal

Content Editor

Related News