ਸਿੱਧੂ ਮੂਸੇਵਾਲਾ ਕਤਲਕਾਂਡ ਦੀ ਸਾਜ਼ਿਸ਼ ਨੂੰ ਬੇਨਕਾਬ ਕਰਨ ਲਈ ਸੀ. ਬੀ. ਆਈ. ਤੋਂ ਕਰਵਾਈ ਜਾਵੇ ਜਾਂਚ : ਸਿਮਰਨਜੀਤ ਮਾਨ

10/06/2022 11:08:22 AM

ਧੂਰੀ(ਅਸ਼ਵਨੀ) : ‘‘ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਨੂੰ ਬੇਨਕਾਬ ਕਰਨ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਕਤਲ ਦੀ ਜਾਂਚ ਸੀ. ਬੀ. ਆਈ. ਜਾਂ ਕੌਮੀ ਜਾਂਚ ਏਜੰਸੀ ਤੋਂ ਕਰਵਾਈ ਜਾਵੇ।’’ ਉਪਰੋਕਤ ਸ਼ਬਦ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ  ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਨੂੰ ਪਿੰਡ ਅਤੇ ਵਾਰਡ ਪੱਧਰ ਤੱਕ ਜਥੇਬੰਦ ਕਰਨ ਲਈ ਵਰਕਰਾਂ ਦੀ ਰੱਖੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹੇ। ਉਨ੍ਹਾਂ ਮੂਸੇਵਾਲਾ ਦੇ ਕਤਲ ਦੀ ਜਾਂਚ ਕਰ ਰਹੀ ਪੰਜਾਬ ਪੁਲਸ ਬਾਰੇ ਕਿਹਾ ਕਿ ਸੂਬਾ ਸਰਕਾਰ ਅਧੀਨ ਕੰਮ ਕਰਦੀ ਪੰਜਾਬ ਪੁਲਸ ਤੋਂ ਨਿਰਪੱਖ ਜਾਂਚ ਦੀ ਆਸ ਨਹੀਂ ਕੀਤੀ ਜਾ ਸਕਦੀ।

ਇਹ ਵੀ ਪੜ੍ਹੋ- ਪੀ. ਏ. ਯੂ. ਦੇ ਲੈਬ ਅਟੈਂਡੈਂਟ ਦਾ ਸ਼ਲਾਘਾਯੋਗ ਕਦਮ, ਭੀਖ ਮੰਗਣ ਵਾਲੇ ਬੱਚਿਆਂ ਲਈ ਕਰ ਰਹੇ ਵੱਡਾ ਉਪਰਾਲਾ

ਮਾਨ ਨੇ ਕਿਹਾ ਕਿ ਰੂਸ ਤੇ ਯੂਕ੍ਰੇਨ ਦੀ ਚੱਲ ਰਹੀ ਜੰਗ ਕਰ ਕੇ ਅੰਨ ਦੀ ਘਾਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਕਣਕ ਦੀ ਲੋੜ ਹੈ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦਾ ਬਾਘਾ ਬਾਰਡਰ ਖੋਲ੍ਹ ਕੇ ਪਾਕਿਸਤਾਨ ਨੂੰ ਕਣਕ ਭੇਜੀ ਜਾਵੇ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਸ਼ ਦੀ ਸਰਬ ਉੱਚ ਅਦਾਲਤ ਵੱਲੋਂ ਦਿੱਤੀ ਗਈ ਮਾਨਤਾ ਨੂੰ ਮਾਨ ਨੇ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਵਾਲੀ ਗੱਲ ਕਰਾਰ ਦਿੱਤਾ। ਉਨ੍ਹਾਂ ਗੈਂਗਸਟਰਾਂ ਨੂੰ ਆਪਣਾ ਰਾਹ ਛੱਡ ਕੇ ਮੁੱਖ ਧਾਰਾ ’ਚ ਸ਼ਾਮਲ ਹੋ ਕੇ ਸ਼੍ਰੋਮਣੀ ਅਕਾਲੀ ਦਲ ’ਚ ਕੰਮ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ- ਖ਼ੁਫੀਆ ਵਿਭਾਗ ਦੀ ਵੱਡੀ ਕਾਰਵਾਈ, ਜੇਲ੍ਹ ’ਚੋਂ ਚੱਲ ਰਹੀ ਹਥਿਆਰਾਂ ਦੀ ਤਸਕਰੀ ਦਾ ਕੀਤਾ ਪਰਦਾਫਾਸ਼

ਇਸ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਨੇ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨ ਲਈ ਜਥੇਬੰਦ ਹੋਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਭਵਿੱਖ ਦੀ ਸਫਲਤਾ ਲਈ ਸਾਨੂੰ ਪਛੜੇ ਤੇ ਗਰੀਬ ਵਰਗ ਦੀਆਂ ਮੁਸ਼ਕਿਲਾਂ ਵੱਲ ਧਿਆਨ ਦੇਣ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਗੰਭੀਰਤਾ ਨਾਲ ਕੰਮ ਕਰਨ ਦੀ ਵੀ ਲੋੜ ਹੈ। ਪਾਰਟੀ ਦੇ ਕੌਮੀ ਜਥੇਬੰਦਕ ਸਕੱਤਰ ਭਾਈ ਗੋਬਿੰਦ ਸਿੰਘ ਸੰਧੂ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਮਾਨ ਨੂੰ ਜਿਤਾ ਕੇ ਪਾਰਟੀ ’ਤੇ ਵੱਡੀ ਜ਼ਿੰਮੇਵਾਰੀ ਪਾਈ ਹੈ , ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਹਲਕੇ ਦੇ ਲੋਕਾਂ ਵਾਸਤੇ ਕੁਝ ਕਰੀਏ। ਮੀਟਿੰਗ ਦੌਰਾਨ ਜਿੱਥੇ ਮਾਨ ਨੇ ਪਾਰਟੀ ਲਈ ਸਰਗਰਮ ਭੂਮਿਕਾ ਨਿਭਾਉਣ ਵਾਲੇ ਆਗੂਆਂ ਦਾ ਸਨਮਾਨ ਕੀਤਾ, ਉਥੇ ਪ੍ਰਬੰਧਕਾਂ ਵੱਲੋਂ ਮਾਨ ਨੂੰ ਸਨਮਾਨਿਤ ਕੀਤਾ ਗਿਆ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

 


Simran Bhutto

Content Editor

Related News