ਪੰਜਾਬ ਸਰਕਾਰ ਵੱਲੋਂ ਦਲਿਤਾਂ ਨੂੰ ਸਮੇਂ ਸਿਰ ਨਹੀਂ ਮਿਲ ਰਹੀਆਂ ਲੋਕ ਭਲਾਈ ਸਕੀਮਾਂ

12/12/2018 11:53:28 AM

ਸੰਗਰੂਰ (ਬਾਂਸਲ)- ਪਿੰਡ ਛਾਜਲੀ ਵਿਖੇ ਵਾਲਮੀਕਿ ਧਰਮਸ਼ਾਲਾ ’ਚ ਮਜ਼ਦੂਰ ਹਤੈਸ਼ੀ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ ਨੇ ਮਜ਼ਦੂਰ ਪਰਿਵਾਰਾਂ ਨਾਲ ਇਕ ਮੀਟਿੰਗ ਕੀਤੀ, ਜਿਸ ’ਚ ਉਨ੍ਹਾਂ ਨੇ ਮਜ਼ਦੂਰ ਪਰਿਵਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਸੁਣੀਆਂ ਤੇ ਪੰਜਾਬ ਸਰਕਾਰ ਦਾ ਮਜ਼ਦੂਰਾਂ ਪ੍ਰਤੀ ਰਵੱਈਆ ਦੇਖ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰਡ਼ੇ ਹੱਥੀਂ ਲੈਂਦਿਆਂ ਕਿਹਾ ਕਿ ਗਰੀਬਾਂ ਨਾਲ ਕੀਤੇ ਵਾਅਦਿਆਂ ਨੂੰ ਭੁੱਲ ਕੇ ਸਗੋਂ ਸਰਮਾਏਦਾਰਾਂ ਦੀ ਕਠਪੁਤਲੀ ਬਣ ਕੇ ਕੰਮ ਕਰ ਰਹੇ ਕੈਪਟਨ ਨੇ ਦਲਿਤਾਂ ਦੀਆਂ ਕੀਮਤੀ ਵੋਟਾਂ ਹਥਿਆਉਣ ਲਈ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਹੁਣ ਉਹ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਦਲਿਤਾਂ, ਬੁਢਾਪਾ, ਅੰਗਹੀਣ, ਵਿਧਵਾ ਪੈਨਸ਼ਨਾਂ ’ਚ ਵਾਧਾ, ਗਰੀਬ ਲਡ਼ਕੀਆਂ ਨੂੰ ਵਿਆਹ ਮੌਕੇ ਮਿਲਣ ਵਾਲੀ ਸ਼ਗਨ ਸਕੀਮ ’ਚ ਵਾਧਾ, ਆਟਾ ਦਾਲ ਸਕੀਮ ਨਾਲ ਖੰਡ ਚਾਹਪੱਤੀ ਦੇਣ ਦਾ ਐਲਾਨ ਕੀਤਾ ਸੀ, ਸਿੱਖਿਆ ਪ੍ਰਣਾਲੀ, ਸੇਹਤ ਸੇਵਾਵਾਂ ਨਾਕਾਮ, ਪੀਣ ਵਾਲੇ ਪਾਣੀ, ਮੁਫਤ ਬਿਜਲੀ ਵੀ ਖੋਹੀ ਜਾ ਰਹੀ ਹੈ, ਅੱਜ ਤਕ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਨਹੀਂ ਕਰਵਾਇਆ ਗਿਆ, ਘੱਟ ਏਕਡ਼ ਵਾਲੇ ਕਿਸਾਨ ਤੇ ਕਿਰਤੀਆਂ ਦਾ ਕਰਜ਼ਾ ਮੁਆਫ ਕਰਨ ਦੀ ਬਜਾਏ ਸਰਮਾਏਦਾਰਾਂ ਕਰਜ਼ਾ ਮੁਆਫ ਕਰ ਕੇ ਗਰੀਬ ਪਰਿਵਾਰਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਜਦੋਂ ਕਿ ਸਰਕਾਰ ਬਣੀ ਨੂੰ 20 ਮਹੀਨਿਆਂ ਦੇ ਕਰੀਬ ਸਮਾਂ ਹੋ ਚੁੱਕਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਸਿਰਫ ਸਰਮਾਏਦਾਰ ਕਿਸਾਨੀ ਨੂੰ ਲੈ ਕੇ ਜ਼ਿਆਦਾ ਚਿੰਤਿਤ ਦਿਖਾਈ ਦੇ ਰਹੇ ਹਨ। ਦਲਿਤਾਂ ਨੂੰ ਸਕੀਮਾਂ ’ਚ ਵਾਧਾ ਮਿਲਣ ਦੀ ਬਜਾਏ ਸਕੀਮਾਂ ਦਾ ਲਾਭ ਸਮੇਂ ਸਿਰ ਵੀ ਨਹੀਂ ਮਿਲ ਰਹੀਆਂ ਹਨ। ਉਪਰੋਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮਿਲਣ ਵਾਲਾ ਵਜ਼ੀਫਾ ਨਹੀਂ ਮਿਲ ਰਿਹਾ ਹੈ ਤੇ ਨਾਲ ਹੀ ਬਿਜਲੀ ਦੀਆਂ ਦਰਾਂ ਵਿਚ ਕੀਤਾ ਵਾਧਾ ਕਰ ਕੇ ਜਬਰੀ ਜ਼ੁਲਮ ਢਾਹਿਆ ਜਾ ਰਿਹਾ ਹੈ। ਗਰੀਬ ਪਰਿਵਾਰਾਂ ਦੇ ਲੋਕ ਤਾਂ ਦਿਹਾਡ਼ੀ ਨਾ ਮਿਲਣ ਕਰਕੇ ਪਹਿਲਾਂ ਹੀ ਆਰਥਕ ਮੰਦਹਾਲੀ ਨਾਲ ਜੂਝ ਰਹੇ ਹਨ ਸਮੇਂ ਸਿਰ ਆਟਾ ਦਾਲ ਸਕੀਮ ਨਾ ਮਿਲਣ ਕਾਰਨ ਗਰੀਬ ਪਰਿਵਾਰਾਂ ਦੇ ਚੁੱਲ੍ਹੇ ਠੰਡੇ ਹੋਏ ਪਏ ਹਨ। ਜਥੇਬੰਦੀ ਵੱਲੋਂ ਗਰੀਬ ਪਰਿਵਾਰਾਂ ਨੂੰ ਲਾਮਬੰਦ ਕਰ ਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਕਾਈ ਪ੍ਰਧਾਨ ਨਾਥ ਸਿੰਘ ਗੁਰਜੰਟ ਸਿੰਘ, ਜਿਤ ਸਿੰਘ, ਤਰਸੇਮ ਸਿੰਘ, ਖੁਸ਼ਹਾਲ ਸਿੰਘ, ਜਗਰਾਜ ਸਿੰਘ ਵੀ ਹਾਜ਼ਰ ਸਨ।


Related News