ਮਾਲੇਰਕੋਟਲਾ ਦੇ ਨਵੇਂ ਪੁਲਸ ਮੁਖੀ ਅਵਨੀਤ ਕੌਰ ਸਿੱਧੂ ਅੱਗੇ ਚਣੌਤੀਆਂ ਦਾ ਵੱਡਾ ਢੇਰ

08/02/2022 12:28:31 PM

ਮਾਲੇਰਕੋਟਲਾ(ਸ਼ਹਾਬੂਦੀਨ) : ਸੂਬੇ ਅੰਦਰ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੁਲਸ ਮਹਿਕਮੇ ‘ਚ ਅਫ਼ਸਰਾਂ ਦੀਆਂ ਬਦਲੀਆਂ ਦਾ ਚਲਾਇਆ ਗਿਆ ਵੱਡਾ ਦੌਰ ਹੁਣ ਲਗਭਗ ਮੁਕੰਮਲ ਹੋਣ ਉਪਰੰਤ ਫਰੀਦਕੋਟ ਤੋਂ ਬਦਲਕੇ ਮਾਲੇਰਕੋਟਲਾ ਜ਼ਿਲ੍ਹੇ ਦੇ ਨਵੇਂ ਆਏ ਚੌਥੇ ਮਹਿਲਾ ਐੱਸ.ਐੱਸ.ਪੀ. ਅਵਨੀਤ ਕੌਰ ਸਿੱਧੂ ਨੇ ਆਪਣਾ ਅਹੁੱਦਾ ਸੰਭਾਲਦੇ ਹੋਏ ਜੰਗੀ ਪੱਧਰ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿੰਨ੍ਹਾਂ ਤੋਂ ਜ਼ਿਲ੍ਹਾ ਵਾਸੀਆਂ ਨੂੰ ਜਿੱਥੇ ਬਹੁਤ ਸਾਰੀਆਂ ਉਮੀਦਾਂ ਹਨ ਉਥੇ ਅਜਿਹੇ ‘ਚ ਇਲਾਕੇ ਦੀਆਂ ਕਈ ਛੋਟੀਆਂ-ਵੱਡੀਆਂ ਮੁਸ਼ਕਿਲਾਂ ਸਮੇਤ ਕੁਝ ਚਣੌਤੀਆਂ ਵੀ ਹਨ। 

ਇਸ ‘ਚ ਕੋਈ ਸ਼ੱਕ ਨਹੀਂ ਕਿ ਜਨਤਾ ਦੇ ਸ਼ਾਤਮਈ ਸੁਖੀ ਜੀਵਨ ਜਿਉਣ ‘ਚ ਪੰਜਾਬ ਪੁਲਸ ਦਾ ਅਹਿਮ ਰੋਲ ਹੈ ਅਤੇ ਰਹੇਗਾ ਵੀ, ਪਰੰਤੂ ਜ਼ਿਲ੍ਹਾ ਮਾਲੇਰਕੋਟਲਾ ‘ਚ ਪਿਛਲੇ ਕੁਝ ਸਮੇਂ ਤੋਂ ਹੋ ਰਹੀਆਂ ਵਹੀਕਲ ਚੋਰੀ ਦੀਆਂ ਘਟਨਾਵਾਂ ਤੋਂ ਇਲਾਵਾ ਖੂਨ ਦੇ ਹੰਝੂ ਰੋਣ ਲਈ ਮਜ਼ਬੂਰ ਉਨ੍ਹਾਂ ਮਾਪਿਆਂ ਜਿੰਨ੍ਹਾਂ ਦੇ ਨੌਜਵਾਨ ਗੱਭਰੂ ਪੁੱਤ ਮੌਤ ਰੂਪੀ ਚਿੱਟੇ ਦੇ ਨਸ਼ੇ ਦੀ ਭੇਂਟ ਚੜ੍ਹ ਕੇ ਸਿੱਬਿਆਂ ਦੀ ਅੱਗ ਸੇਕ ਚੁੱਕੇ ਹਨ ਜਾਂ ਸਿੱਬਿਆਂ ਦੇ ਰਸਤੇ ਵੱਲ ਤੇਜ਼ੀ ਨਾਲ ਕਦਮ ਵਧਾ ਰਹੇ ਹਨ, ਉਕਤ ਨੌਜਵਾਨਾਂ ਨੂੰ ਮੌਤ ਰੂਪੀ ਚਿੱਟੇ ਦੇ ਯਮਦੂਤ ਤੋਂ ਬਚਾਉਣ ਦੇ ਨਾਲ-ਨਾਲ ਦਿਨ-ਦਿਹਾੜੇ ਵਾਪਰ ਰਹੀਆਂ ਕਤਲ ਦੀਆਂ ਘਟਨਾਵਾਂ ਨੂੰ ਰੋਕਣਾ ਨਵੇਂ ਪੁਲਸ ਮੁਖੀ ਲਈ ਇੱਕ ਵੱਡੀ ਚਣੌਤੀ ਹੈ।

ਟ੍ਰੈਫਿਕ ਵੀ ਹੈ ਜ਼ਿਲ੍ਹੇ ਦੀ ਵੱਡੀ ਸਮੱਸਿਆ

ਪੁਲਸ ਮੁਖੀ ਦੇ ਸਾਹਮਣੇ ਇਸ ਇਲਾਕੇ ਅਧੀਨ ਪੈਂਦੇ ਬਾਜ਼ਾਰਾਂ ਵਿਚਲੇ ਦੁਕਾਨਦਾਰਾਂ ਵੱਲੋਂ ਕੀਤੇ ਨਜ਼ਾਇਜ ਕਬਜ਼ਿਆਂ ਕਾਰਨ ਦਰਪੇਸ਼ ਟ੍ਰੈਫਿਕ ਦੀ ਸਮੱਸਿਆ ਵੀ ਵੱਡੀ ਚਣੌਤੀ ਹੈ, ਕਿਉਂ ਕਿ ਕੋਈ ਵੀ ਪੁਲਸ ਮੁਖੀ ਟ੍ਰੈਫਿਕ ਦੀ ਇਸ ਸਮੱਸਿਆ ਦਾ ਦੋ-ਚਾਰ ਦਿਨਾਂ ਤੋਂ ਵੱਧ ਪੱਕਾ ਹੱਲ ਨਹੀਂ ਕਰਵਾ ਸਕਿਆ ਅਤੇ ਸਿਆਸਦਾਨਾਂ ਦੀ ਜ਼ਿਆਦਾ ਦਖ਼ਲਅੰਦਾਜ਼ੀ ਕਾਰਨ ਟ੍ਰੈਫਿਕ ਪੁਲਸ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਆਰੰਭੀਆਂ ਜਾਂਦੀਆਂ ਮੁਹਿੰਮਾਂ ਹਰ ਵਾਰ ਸਿਰੇ ਨਹੀਂ ਚੜ੍ਹ ਪਾਉਂਦੀਆਂ।

ਚਿੱਟੇ ਦੇ ਨਸ਼ੇ ਦੀ ਵਿਕਰੀ ਦਾ ਮਾਮਲਾ ਹੈ ਗੰਭੀਰ

ਜ਼ਿਲ੍ਹਾ ਮਾਲੇਰਕੋਟਲਾ ਦੀ ਪੁਲਸ ਲਈ ਇਲਾਕੇ ਅੰਦਰ ਚਿੱਟੇ ਦੇ ਨਸ਼ੇ ਦੀ ਵੱਡੀ ਪੱਧਰ ‘ਤੇ ਹੁੰਦੀ ਵਿਕਰੀ ਵੀ ਇੱਕ ਵੱਡੀ ਚਣੌਤੀ ਹੈ।ਬੇਸ਼ੱਕ ਇਥੇ ਤਾਇਨਾਤ ਰਹੇ ਹੁਣ ਤੱਕ ਦੇ ਸਾਰੇ ਜ਼ਿਲ੍ਹਾ ਪੁਲਸ ਮੁਖੀਆਂ ਨੇ ਆਪੋ-ਆਪਣੇ ਪੱਧਰ ‘ਤੇ ਜ਼ਿਲ੍ਹਾ ਮਾਲੇਰਕੋਟਲਾ ਨੂੰ ਚਿੱਟੇ ਦੇ ਨਸ਼ੇ ਤੋਂ ਮੁਕਤ ਕਰਨ ਦਾ ਬੀੜਾ ਚੁੱਕਿਆ ਸੀ,ਪਰ ਸਫ਼ਲ ਨਹੀਂ ਸੀ ਹੋਏ। ਸੂਤਰਾਂ ਮੁਤਾਬਕ ਮਾਲੇਰਕੋਟਲਾ ਅੰਦਰ ਚਿੱਟੇ ਦੀ ਵੱਡੀ ਪੱਧਰ ‘ਤੇ ਹੁੰਦੀ ਵਿਕਰੀ ਕਾਰਨ ਜਿਥੇ ਮਾਲੇਰਕੋਟਲਾ ਚਿੱਟੇ ਦੀ ਵੱਡੀ ਮੰਡੀ ਬਣਨ ਵੱਲ ਕਦਮ ਵਧਾ ਰਿਹਾ ਹੈ ਉਥੇ ਪਿਛਲੇ ਦਿਨਾਂ ‘ਚ ਗੁਜਰਾਤ ਦੀ ਮੁੰਦਰਾ ਬੰਦਰਗਾਹ ਤੋਂ ਫੜੀ ਗਈ 350 ਕਰੋੜ ਰੁਪੈ ਮੁੱਲ ਦੀ 75 ਕਿਲੋ ਹੈਰੋਇਨ ਦੇ ਤਾਰ ਵੀ ਮਾਲੇਰਕੋਟਲਾ ਦੇ ਕੁਝ ਸਫੈਦਪੋਸ਼ ਲੋਕਾਂ ਨਾਲ ਕਥਿਤ ਜੁੜੇ ਹੋਣ ਦੇ ਸਾਹਮਣੇ ਆਏ ਮਾਮਲੇ ਤੋਂ ਬਾਅਦ ਮਾਲੇਰਕੋਟਲੇ ਦਾ ਨਾਮ ਚਿੱਟੇ ਦੇ ਮਾਮਲੇ ‘ਚ ਕਾਫ਼ੀ ਚਰਚਿਤ ਹੋ ਗਿਆ ਹੈ। 

ਉਧਰ ਜ਼ਿਲ੍ਹਾ ਪੁਲਸ ਲਈ ਚਿੱਟੇ ਦੇ ਨਸ਼ਿਆਂ ਦਾ ਮੁੱਦਾ ਹੁਣ ਹੋਰ ਵੀ ਵੱਡੀ ਚਣੌਤੀ ਬਣ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਮਾਲੇਰਕੋਟਲਾ ਅੰਦਰ ਮੌਤ ਰੂਪੀ ਚਿੱਟੇ ਦਾ ਨਸ਼ਾ ਵੇਚਣ ਵਾਲਿਆਂ ਨੂੰ ਜਿਥੇ ਕਥਿਤ ਕੁਝ ਕੁ ਸਿਆਸੀ ਤਾਕਤਾਂ ਦਾ ਸਮਰਥਨ ਪ੍ਰਾਪਤ ਹੈ, ਉਥੇ ਕਈਆਂ ਨੂੰ ਪੁਲਸ ਵਿਭਾਗ ਦੇ ਹੀ ਕਈ ਲਾਲਚੀ ਕਿਸਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਕਥਿਤ ਸਾਥ ਵੀ ਮਿਲ ਰਿਹਾ ਹੈ। ਜਿਸ ਕਾਰਨ ਇਮਾਨਦਾਰ ਪੁਲਸ ਕਰਮਚਾਰੀ ਆਪਣਾ ਫਰਜ਼ ਨਿਭਾਉਣ ਤੋਂ ਖੁੰਝ ਜਾਂਦੇ ਹਨ। 

ਔਰਤਾਂ ‘ਚੋਂ ਡਰ ਤੇ ਸਹਿਮ ਦਾ ਮਾਹੌਲ ਕੱਢਣ ਦੀ ਲੋੜ

ਜਿਥੇ ਇੱਕ ਪਾਸੇ ਸਰਕਾਰਾਂ ਔਰਤਾਂ ਦੀ 33 ਅਤੇ 50 ਫ਼ੀਸਦੀ ਭਾਈਵਾਲੀ ਦੀਆਂ ਗੱਲਾਂ ਕਰਦੀਆਂ ਹਨ ਉਥੇ ਦੂਜੇ ਪਾਸੇ ਔਰਤਾਂ ਦੀ ਆਜ਼ਾਦੀ ‘ਤੇ ਡਰ ਅਤੇ ਸਹਿਮ ਦਾ ਪਰਛਾਵਾਂ ਪੈਂਦਾ ਦਿਖਾਈ ਦੇ ਰਿਹਾ ਹੈ, ਕਿਉਂਕਿ ਜਿਸ ਤਰ੍ਹਾਂ ਪਹਿਲਾਂ ਔਰਤਾਂ ਖੂਬ ਗਹਿਣੇ ਪਹਿਨ ਕੇ ਵੱਡੇ-ਵੱਡੇ ਬੈਗ ਹੱਥਾਂ ‘ਚ ਚੁੱਕ ਕੇ ਘੁੰਮਦੀਆਂ ਸਨ, ਉਹ ਸ਼ਾਇਦ ਹੁਣ ਸੰਭਵ ਨਹੀਂ ਰਿਹਾ। ਕਿਉਂਕਿ ਪੰਜਾਬ ਭਰ ਅੰਦਰ ਆਏ ਦਿਨ ਕਿਸੇ ਨਾ ਕਿਸੇ ਔਰਤ ਕੋਲੋਂ ਪਰਸ ਜਾਂ ਸੋਨਾਂ ਖੋਹਣ ਦੀਆਂ ਖ਼ਬਰਾਂ ਦੇਖਣ-ਸੁਣਨ ਨੂੰ ਮਿਲ ਰਹੀਆਂ ਹਨ।ਜਿਸ ਕਾਰਨ ਔਰਤਾਂ ‘ਚ ਡਰ ਤੇ ਸਹਿਮ ਪਾਇਆ ਜਾ ਰਿਹਾ ਹੈ ਅਤੇ ਉਹ ਘਰਾਂ ‘ਚੋਂ ਨਿਕਲਣ ਲੱਗਿਆ ਪਰਸ ਜਾਂ ਗਹਿਣਾ ਪਾਉਣ ਤੋਂ ਪਹਿਲਾਂ ਸੋ ਵਾਰ ਸੋਚਣ ‘ਤੇ ਮਜ਼ਬੂਰ ਹੋ ਗਈਆਂ ਹਨ।ਨਵੇਂ ਆਏ ਐੱਸ.ਐੱਸ.ਪੀ. ਮੈਡਮ ਅਵਨੀਤ ਕੌਰ ਸਿੱਧੂ ਨੂੰ ਇਸ ਸੰਜੀਦਾ ਮਾਮਲੇ ਵੱਲ ਵੀ ਵਿਸ਼ੇਸ ਧਿਆਨ ਦੇਣਾ ਪਵੇਗਾ।

ਇੱਕਲਾ ਪੁਲਸ ਨੂੰ ਦੋਸ਼ ਦੇਣਾ ਵੀ ਠੀਕ ਨਹੀਂ, ਲੋਕ ਵੀ ਨਿਭਾਉਣ ਆਪਣਾ ਫਰਜ਼

ਜਦੋਂ ਗੱਲ ਜ਼ਿੰਮੇਵਾਰੀਆਂ ਦੀ ਆਉਂਦੀ ਹੈ ਤਾਂ ਅਸੀਂ ਆਪਣਾ ਨੈਤਿਕ ਫਰਜ਼ ਨਿਭਾਉਣ ਦੀ ਬਜਾਏ ਸਾਰਾ ਠੀਕਰਾ ਪੁਲਸ ਦੇ ਸਿਰ ਭੰਨਣ ਦੀ ਕੋਸ਼ਿਸ ਕਰਦੇ ਹਾਂ ਪਰ ਇਹ ਕੌੜਾ ਸੱਚ ਹੈ ਕਿ ਜਿੰਨੀ ਦੇਰ ਅਸੀਂ ਸਾਰੇ ਮਿਲਕੇ ਪੁਲਸ ਨੂੰ ਦਲੇਰਾਣਾ ਅੰਦਾਜ਼ ‘ਚ ਸਹਿਯੋਗ ਨਹੀਂ ਦੇਵਾਂਗੇ, ਉਨੀ ਦੇਰ ਇੱਕਲੀ ਪੁਲਸ ਕ੍ਰਾਇਮ ਰੋਕਣ ‘ਚ ਸਫਲ ਨਹੀਂ ਹੋ ਪਾਏਗੀ, ਜਿਥੇ ਅਸੀਂ ਨਵੇਂ ਐਸ.ਐਸ.ਪੀ. ਮੈਡਮ ਅਵਨੀਤ ਕੌਰ ਸਿੱਧੂ ਕੋਲੋਂ ਵੱਡੀਆਂ ਆਸਾਂ ਉਮੀਦਾਂ ਰੱਖਦੇ ਹਾਂ, ਉਥੇ ਸਾਨੂੰ ਖੁਦ ਨੂੰ ਵੀ ਜਾਗਰੂਕ ਹੋ ਕੇ ਗੈਂਗਸਟਰਾ, ਚੋਰਾਂ, ਲੁਟੇਰਿਆਂ ਅਤੇ ਨਸ਼ਾ ਤੱਸ਼ਕਰਾਂ ਬਾਰੇ ਸਮੇਂ-ਸਮੇਂ ‘ਤੇ ਪੁਲਸ ਨੂੰ ਸੂਚਿਤ ਕਰਨਾ ਚਾਹੀਦਾ ਹੈ। ਮੌਜੂਦਾ ਐੱਸ.ਐੱਸ.ਪੀ. ਸਾਹਿਬਾ ਆਪਣੇ ਕੰਮ ਅਤੇ ਜ਼ਿੰਮੇਵਾਰੀਆਂ ਪ੍ਰਤੀ ਬਹੁਤ ਹੀ ਮਿਹਨਤੀ ਅਤੇ ਸਰਗਰਮ ਦਿਖਾਈ ਦੇ ਰਹੇ ਹਨ, ਜਿੰਨ੍ਹਾਂ ਨੇ ਆਪਣਾ ਚਾਰਜ ਸੰਭਾਲਣ ਵਾਲੇ ਦਿਨ ਤੋਂ ਹੀ ਆਪਣੀ ਸਮੂਚੀ ਟੀਮ ਨਾਲ ਮਿਲਕੇ ਮਾੜੇ ਅਨਸਰਾਂ ਖ਼ਿਲਾਫ਼ ਪੂਰੀ ਮੁਸ਼ਤੈਦੀ ਤੇ ਸਰਗਰਮੀ ਨਾਲ ਮੁਹਿੰਮ ਚਲਾਈ ਹੋਈ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News