ਨਗਰ ਕੌਂਸਲ ਨੇ ਥਾਣਾ ਭਦੌੜ ਤੋਂ ਵਸੂਲਿਆ 1 ਲੱਖ ਰੁਪਏ ਤੋਂ ਵੱਧ ਪ੍ਰਾਪਰਟੀ ਟੈਕਸ

Sunday, Apr 16, 2023 - 01:34 PM (IST)

ਨਗਰ ਕੌਂਸਲ ਨੇ ਥਾਣਾ ਭਦੌੜ ਤੋਂ ਵਸੂਲਿਆ 1 ਲੱਖ ਰੁਪਏ ਤੋਂ ਵੱਧ ਪ੍ਰਾਪਰਟੀ ਟੈਕਸ

ਭਦੌੜ (ਰਾਕੇਸ਼) : ਨਗਰ ਕੌਂਸਲ ਭਦੌੜ ਦੇ ਯਤਨਾਂ ਸਦਕਾ ਥਾਣਾ ਭਦੌੜ ਤੋਂ ਪਿਛਲੇ 10 ਸਾਲ ਦਾ ਪ੍ਰਾਪਰਟੀ ਟੈਕਸ ਵਸੂਲ ਕਰ ਕੇ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਇਸ ਸਬੰਧੀ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਗਰਗ ਅਤੇ ਕਾਰਜਸਾਧਕ ਅਫ਼ਸਰ ਸੁਖਦੀਪ ਸਿੰਘ ਕੰਬੋਜ ਨੇ ਦੱਸਿਆ ਕਿ ਕੌਂਸਲ ਦੇ ਕਲਰਕ ਮਨਜੀਤ ਸਿੰਘ ਤੇ ਕਲਰਕ ਅਮਨਿੰਦਰ ਸਿੰਘ ਰਿੱਕੀ ਨੇ ਸਮੁੱਚੀ ਟੀਮ ਨਾਲ ਪ੍ਰਾਪਰਟੀ ਟੈਕਸ ਦੇ ਬਕਾਏ ਸਬੰਧੀ ਇਕ ਡਾਟਾ ਤਿਆਰ ਕੀਤਾ ਗਿਆ। ਜਿਸ ’ਚ ਥਾਣਾ ਭਦੌੜ ਦਾ ਪ੍ਰਾਪਰਟੀ ਟੈਕਸ ਸਾਲ 2013 ਤੋਂ ਹੁਣ ਤੱਕ ਦਾ 1 ਲੱਖ 36 ਹਜ਼ਾਰ 151 ਰੁਪਏ ਬਣਦਾ ਸੀ। ਜਿਸ ਨੂੰ ਭਰਵਾਉਣ ਲਈ ਯਤਨ ਸ਼ੁਰੂ ਕਰਦਿਆਂ ਮਾਣਯੋਗ ਜ਼ਿਲ੍ਹਾ ਪੁਲਸ ਮੁਖੀ ਸੰਦੀਪ ਮਲਿਕ ਨੂੰ ਪੱਤਰ ਭੇਜ ਕੇ ਬੇਨਤੀ ਕੀਤੀ ਗਈ ਸੀ।

ਇਹ ਵੀ ਪੜ੍ਹੋ- ਨਹਿਰ 'ਚ ਰੁੜ੍ਹੇ 3 ਨੌਜਵਾਨਾਂ ਵਿਚੋਂ ਇਕ ਦੀ ਮਿਲੀ ਲਾਸ਼, ਰੋ-ਰੋ ਪਰਿਵਾਰ ਦਾ ਹੋਇਆ ਬੁਰਾ ਹਾਲ

ਉਨ੍ਹਾਂ ਦੱਸਿਆ ਕਿ ਮਾਣਯੋਗ ਐੱਸ. ਐੱਸ. ਪੀ. ਸੰਦੀਪ ਮਲਿਕ ਵੱਲੋਂ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਇਸ ਦੀ ਕਾਰਵਾਈ ਅਮਲ ’ਚ ਲਿਆਉਂਦਿਆਂ ਪ੍ਰਾਪਰਟੀ ਟੈਕਸ ਭਰਨ ਲਈ ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਥਾਣਾ ਭਦੌੜ ਦੇ ਮੁਖੀ ਜਗਦੇਵ ਸਿੰਘ ਸਿੱਧੂ ਵੱਲੋਂ ਪਹਿਲ ਦੇ ਆਧਾਰ ’ਤੇ ਪ੍ਰਾਪਰਟੀ ਟੈਕਸ ਭਰਨ ਲਈ ਜ਼ਿਲ੍ਹਾ ਦਫ਼ਤਰ ਤੋਂ ਫੰਡ ਦਾ ਪ੍ਰਬੰਧ ਕੀਤਾ ਗਿਆ ਤਾਂ ਕਿ ਆਮ ਲੋਕਾਂ ਨੂੰ ਇਕ ਸੁਨੇਹਾ ਦਿੱਤਾ ਜਾ ਸਕੇ ਕਿ ਸਰਕਾਰ ਦੇ ਹਰ ਟੈਕਸ ਨੂੰ ਹਰੇਕ ਵਿਅਕਤੀ ਸਮੇਂ ਸਿਰ ਭੁਗਤਾਨ ਕਰ ਕੇ ਆਪਣਾ ਮੁੱਢਲਾ ਫਰਜ਼ ਨਿਭਾਏ।

ਥਾਣਾ ਭਦੌੜ ਦੇ ਮਾਣਯੋਗ ਐੱਸ. ਐੱਚ. ਓ. ਜਗਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਜਦ ਉਨ੍ਹਾਂ ਦੇ ਧਿਆਨ ’ਚ ਆਇਆ ਕਿ ਪਿਛਲੇ 10 ਸਾਲ ਦਾ ਪ੍ਰਾਪਰਟੀ ਟੈਕਸ ਬਕਾਇਆ ਖੜ੍ਹਾ ਹੈ ਤਾਂ ਉਨ੍ਹਾਂ ਨੇ ਖ਼ੁਦ ਕਾਰਵਾਈ ਮੁਕੰਮਲ ਕਰਨ ’ਚ ਜੁਟ ਗਏ ਕਿਉਂਕਿ ਨਗਰ ਕੌਂਸਲ ਵੱਲੋਂ ਇਕੱਠਾ ਕੀਤਾ ਗਏ ਟੈਕਸ ਨਾਲ ਹੀ ਸ਼ਹਿਰ ਵਾਸੀਆਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਨਗਰ ਕੌਂਸਲ ਭਦੌੜ ਦੇ ਅਧਿਕਾਰੀਆਂ ਨੇ ਥਾਣਾ ਭਦੌੜ ਦਾ ਪ੍ਰਾਪਰਟੀ ਟੈਕਸ ਭਰਨ ਉਪਰੰਤ ਐੱਸ.ਐੱਚ.ਓ. ਜਗਦੇਵ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਥਾਣਾ ਭਦੌੜ ਦੇ ਮੁੱਖ ਮੁਨਸ਼ੀ ਪੰਕਜ ਕੁਮਾਰ, ਹੌਲਦਾਰ ਨਿਰਮਲ ਸਿੰਘ, ਹੌਲਦਾਰ ਹਰਪ੍ਰੀਤ ਸਿੰਘ ਤੋਂ ਇਲਾਵਾ ਨਗਰ ਕੌਂਸਲ ਭਦੌੜ ਦਾ ਸਟਾਫ ਮੌਜੂਦ ਸੀ।

ਇਹ ਵੀ ਪੜ੍ਹੋ- ਮੁਕਤਸਰ 'ਚ ਵਾਪਰਿਆ ਦਰਦਨਾਕ ਹਾਦਸਾ, ਟਰੇਨ ਦੀ ਲਪੇਟ 'ਚ ਆਉਣ ਨਾਲ 19 ਸਾਲਾ ਕੁੜੀ ਦੀ ਮੌਤ

ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਗਰਗ ਨੇ ਜ਼ਿਲਾ ਬਰਨਾਲਾ ਦੇ ਐੱਸ. ਐੱਸ. ਪੀ. ਸੰਦੀਪ ਮਲਿਕ ਅਤੇ ਐੱਸ. ਐੱਚ. ਓ. ਜਗਦੇਵ ਸਿੰਘ ਸਿੱਧੂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪ੍ਰਾਪਰਟੀ ਟੈਕਸ ਭਰਨ ਲਈ ਬਿਨਾਂ ਕਿਸੇ ਦੇਰੀ ਕੀਤੀ ਦਫ਼ਤਰੀ ਕਾਰਵਾਈ ਕਾਬਲੇ ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀ ਇਕੋ ਬੇਨਤੀ ਉਪਰੰਤ ਤੁਰੰਤ ਫੰਡ ਦਾ ਪ੍ਰਬੰਧ ਕਰ ਕੇ ਪ੍ਰਾਪਰਟੀ ਟੈਕਸ ਭਰ ਕੇ ਹੋਰਨਾਂ ਸਰਕਾਰੀ ਅਦਾਰਿਆਂ ਤੋਂ ਇਲਾਵਾ ਆਮ ਲੋਕਾਂ ਨੂੰ ਇਕ ਸੁਨੇਹਾ ਦਿੱਤਾ ਗਿਆ ਕਿ ਪ੍ਰਾਪਰਟੀ ਟੈਕਸ ਨੂੰ ਭਰਨਾ ਹਰ ਵਿਅਕਤੀ ਲਈ ਬਹੁਤ ਜ਼ਰੂਰੀ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News