ਹਨੀ ਟਰੈਪ ’ਚ ਫਸਾ ਕੇ ਬਲੈਕਮੇਲ ਕਰ ਕੇ ਪੈਸੇ ਠੱਗਣ ਵਾਲੇ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

06/29/2023 4:56:05 PM

ਸੰਗਰੂਰ (ਸਿੰਗਲਾ, ਵਿਵੇਕ ਸਿੰਧਵਾਨੀ, ਜ.ਬ.) : ਸੁਰੇਂਦਰ ਲਾਂਬਾ ਆਈ.ਪੀ.ਐੱਸ. ਐੱਸ. ਐੱਸ. ਪੀ. ਸੰਗਰੂਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਸ ਸੰਗਰੂਰ ਵੱਲੋਂ ਹਨੀ ਟਰੈਪ ’ਚ ਫਸਾ ਕੇ ਬਲੈਕਮੇਲ ਕਰ ਕੇ ਪੈਸੇ ਠੱਗਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ 95 ਹਜ਼ਾਰ ਰੁਪਏ ਨਕਦੀ ਤੇ ਇਕ ਛਾਪ ਸੋਨਾ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ : ਥਾਣੇ ਅੰਦਰ ਪੰਜਾਬ ਪੁਲਸ 'ਤੇ ਹਮਲਾ, ASI ਤੇ ਬਾਕੀ ਮੁਲਾਜ਼ਮ ਹੋਏ ਲਹੂ-ਲੁਹਾਨ (ਵੀਡੀਓ)

ਆਈ.ਪੀ.ਐੱਸ. ਲਾਂਬਾ ਨੇ ਦੱਸਿਆ ਕਿ ਮਿਤੀ 26.6.2023 ਨੂੰ ਰਘਵੀਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਨੇੜੇ ਬਾਈਪਾਸ ਰੋਡ ਲਹਿਰਾਂ ਨੇ ਆਪਣਾ ਬਿਆਨ ਦਰਜ ਕਰਵਾਇਆ ਕਿ ਉਸਦੀ ਸੇਖੋਂ ਟਰੈਕਟਰ ਦੇ ਨਾਂ ’ਤੇ ਟਰੈਕਟਰਾਂ ਦੀ ਏਜੰਸੀ ਹੈ। ਸ਼ਹਿਰ ਲਹਿਰਾ ਵਿਖੇ ਰਹਿਣ ਵਾਲੀ ਜਸਮੀਨ ਬੇਗਮ ਛੋਟੇ-ਮੋਟੇ ਕੰਮਕਾਰ ਸਬੰਧੀ ਉਸ ਪਾਸ ਆਉਂਦੀ ਰਹਿੰਦੀ ਸੀ ਅਤੇ ਉਸ ਨੂੰ ਫੋਨ ਵਗੈਰਾ ਕਰਦੀ ਰਹਿੰਦੀ ਸੀ। ਜਿਸਨੇ ਉਸਦੀ ਜਾਣ-ਪਛਾਣ ਬਲਵੀਰ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਜਾਖਲ (ਹਰਿਆਣਾ) ਨਾਲ ਕਰਵਾ ਦਿੱਤੀ ਸੀ। ਮਿਤੀ 06.06.2023 ਨੂੰ ਜਸਮੀਨ ਬੇਗਮ ਨੇ ਰਘਵੀਰ ਸਿੰਘ ਉਕਤ ਪਾਸ ਬਲਵੀਰ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਜਾਖਲ ਨੂੰ ਭੇਜ ਦਿੱਤਾ। ਮਿਤੀ 07.06.2023 ਨੂੰ ਰਘਵੀਰ ਸਿੰਘ ਨੂੰ ਜਸਮੀਨ ਬੇਗਮ ਨੇ ਵਾਟਸਐਪ ’ਤੇ ਕਾਲ ਕਰ ਕੇ ਕਿਹਾ ਕਿ ਬਲਵੀਰ ਕੌਰ ਨੇ ਤੇਰੀ ਵੀਡੀਓ ਬਣਾ ਲਈ ਹੈ ਮੈਂ ਤੈਨੂੰ ਦੱਸਾਂਗੀ ਕਿ ਅੱਗੇ ਕੀ ਕਰਨਾ ਹੈ। ਇੰਨੇ ’ਚ ਜਸਵੀਰ ਸਿੰਘ ਪੁੱਤਰ ਨਾ-ਮਾਲੂਮ ਵਾਸੀ ਗਾਗਾ ਉਸ ਦੀ ਏਜੰਸੀ ’ਤੇ ਆ ਗਿਆ ਜਿਸ ਨੇ ਕਿਹਾ ਕਿ ਮੇਰੇ ਪਾਸ ਜਾਖਲ ਤੋਂ ਕਿਸੇ ਔਰਤ ਦਾ ਫੋਨ ਆਇਆ ਹੈ ਤੇਰੀ ਉਸ ਨਾਲ ਕੱਲ ਕੀ ਗੱਲ ਹੋਈ ਹੈ। ਜਿਸ ਨੂੰ ਰਘਵੀਰ ਸਿੰਘ ਨੇ ਅਸਲ ਮੁਤਾਬਕ ਸਾਰੀ ਸੱਚਾਈ ਬਿਆਨ ਕਰ ਦਿੱਤੀ, ਤਾਂ ਜਸਵੀਰ ਸਿੰਘ ਉਕਤ ਨੇ ਰਘਵੀਰ ਸਿੰਘ ਦੀ ਏਜੰਸੀ ’ਤੇ ਬੈਠ ਕਰ ਹੀ ਆਪਣੇ ਫੋਨ ਤੋਂ ਜਸਮੀਨ ਬੇਗਮ ਨਾਲ ਗੱਲ ਕੀਤੀ ਤੇ ਰਘਵੀਰ ਸਿੰਘ ਨੂੰ ਕਿਹਾ ਕਿ ਜਸਮੀਨ ਬੇਗਮ ਨੇ ਰਾਜੀਨਾਮਾ ਕਰਾਉਣ ਦੇ ਬਦਲੇ ’ਚ 5 ਲੱਖ ਰੁਪਏ ਨਕਦ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਇਸ ਗੱਲ ਬਾਰੇ ਜੇਕਰ ਤੂੰ ਪੁਲਸ ਨੂੰ ਕੋਈ ਇਤਲਾਹ ਦਿੱਤੀ ਤਾਂ ਬਲਵੀਰ ਕੌਰ ਤੇਰੇ ’ਤੇ ਜਬਰ-ਜ਼ਿਨਾਹ ਦਾ ਪਰਚਾ ਕਰਵਾ ਦੇਵੇਗੀ।

ਇਹ ਵੀ ਪੜ੍ਹੋ : ਦੋਰਾਹਾ 'ਚ ਵੱਡਾ ਹਾਦਸਾ : ਨਹਿਰ 'ਚ ਡਿੱਗੀ ਆਲਟੋ ਕਾਰ, ਮੌਕੇ 'ਤੇ ਹੀ 2 ਲੋਕਾਂ ਦੀ ਮੌਤ (ਤਸਵੀਰਾਂ)

ਇਸ ਤੋਂ ਬਾਅਦ ਜਸਵੀਰ ਸਿੰਘ ਉਕਤ ਨੇ ਰਘਵੀਰ ਸਿੰਘ ਨੂੰ ਜਾਖਲ ਸੁਨਾਮ ਰੋਡ ਲਹਿਰਾ ’ਤੇ ਬੇਆਬਾਦ ਕਾਲੋਨੀ ਵਿਚ ਇਕੱਲੇ ਬੁਲਾ ਕੇ 3 ਲੱਖ ਦੇਣ ਲਈ ਦਬਾਅ ਪਾਇਆ ਜਿਸ ਕਰ ਕੇ ਉਹ ਮਜਬੂਰੀ ਵੱਸ 3 ਲੱਖ ਰੁਪਏ ਦੇਣ ਲਈ ਤਿਆਰ ਹੋ ਗਿਆ। ਮਿਤੀ 08.06.2023 ਨੂੰ ਰਘਵੀਰ ਸਿੰਘ ਪੈਸਿਆਂ ਦਾ ਇੰਤਜ਼ਾਮ ਕਰ ਕੇ ਪੈਸੇ ਇਕ ਲਿਫ਼ਾਫ਼ੇ ’ਚ ਪਾ ਕੇ ਮੋਟਰਸਾਈਕਲ ’ਤੇ ਆਪਣੀ ਏਜੰਸੀ ਦੇ ਇਕ ਕਰਮਚਾਰੀ ਹਰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਲਦਾਲ ਨੂੰ ਨਾਲ ਲੈ ਕੇ ਦੱਸੀ ਹੋਈ ਜਗ੍ਹਾ ’ਤੇ 3 ਲੱਖ ਰੁਪਏ ਦੇਣ ਲਈ ਚੱਲ ਪਿਆ ਤੇ ਹਰਦੀਪ ਸਿੰਘ ਨੂੰ ਕਿਹਾ ਕਿ ਜਦੋਂ ਮੈਂ ਪੈਸਿਆਂ ਵਾਲਾ ਲਿਫ਼ਾਫ਼ਾ ਫੜਾਵਾਂ ਤਾਂ ਸਬੂਤ ਲਈ ਮੇਰੀ ਫੋਟੋ ਖਿੱਚ ਲਈਂ ਹੋ ਸਕੇ ਤਾਂ ਵੀਡੀਓ ਵੀ ਬਣਾ ਲਈਂ।

ਜਦੋਂ ਰਘਵੀਰ ਸਿੰਘ ਉਕਤ ਦੱਸੀ ਜਗ੍ਹਾ ’ਤੇ ਪੁੱਜ ਕੇ ਜਸਮੀਨ ਬੇਗਮ ਨੂੰ ਪੈਸਿਆਂ ਵਾਲਾ ਲਿਫ਼ਾਫ਼ਾ ਫੜਾਇਆ ਤਾਂ ਉਸ ਨਾਲ ਗਏ ਕਰਮਚਾਰੀ ਹਰਦੀਪ ਸਿੰਘ ਨੇ ਉਨ੍ਹਾਂ ਦੀ ਫੋਟੋ ਆਪਣੇ ਮੋਬਾਇਲ ’ਚ ਖਿੱਚ ਲਈ ਜਿਸ ਬਾਰੇ ਪਤਾ ਲੱਗਣ ’ਤੇ ਜਸਮੀਨ ਬੇਗਮ ਕੋਲ ਖੜ੍ਹੇ ਨਾਮਲੂਮ ਵਿਅਕਤੀ ਨੇ ਹਰਦੀਪ ਸਿੰਘ ਉਕਤ ਦੇ ਹੱਥੋਂ ਝਪਟ ਮਾਰ ਕੇ ਫੋਨ ਖੋਹ ਲਿਆ ਤੇ ਫਿਰ ਜਸਮੀਨ ਬੇਗਮ, ਜਸਵੀਰ ਅਤੇ ਨਾ ਮਲੂਮ ਵਿਅਕਤੀ ਉਕਤ 3 ਲੱਖ ਰੁਪਏ ਅਤੇ ਉਸਦੇ ਕਰਮਚਾਰੀ ਹਰਦੀਪ ਸਿੰਘ ਦਾ ਖੋਹ ਕੀਤਾ ਮੋਬਾਇਲ ਲੈ ਕੇ ਉਥੋਂ ਚਲੇ ਗਏ। ਰਘਵੀਰ ਸਿੰਘ ਨੇ ਆਪਣੀ ਬਦਨਾਮੀ ਦੇ ਡਰ ਕਾਰਨ ਕਿਸੇ ਨੂੰ ਕੁਝ ਨਹੀਂ ਦੱਸਿਆ ਸੀ ਫਿਰ ਉਸਨੂੰ ਪਤਾ ਲੱਗਿਆ ਕਿ ਜਸਮੀਨ ਬੇਗਮ ਨੇ ਇਕ ਗੈਂਗ ਬਣਾ ਰੱਖਿਆ ਹੈ ਜੋ ਪਹਿਲਾਂ ਵੀ ਕਈ ਲੋਕਾਂ ਨੂੰ ਬੇਇੱਜ਼ਤੀ ਦਾ ਡਰ ਪਾ ਕੇ ਬਲੈਕਮੇਲ ਕਰ ਕੇ ਠੱਗੀਆਂ ਮਾਰਦੇ ਹਨ। ਜਿਸ ’ਤੇ ਰਘਵੀਰ ਸਿੰਘ ਵੱਲੋਂ ਪੁਲਸ ਨੂੰ ਇਤਲਾਹ ਦੇਣ ’ਤੇ ਤਫਤੀਸ਼ ਅਮਲ ’ਚ ਲਿਆਂਦੀ।

ਦੌਰਾਨੇ ਤਫਤੀਸ਼ ਕਪਤਾਨ ਪੁਲਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਉਪ ਕਪਤਾਨ ਪੁਲਸ ਸਬ ਡਵੀਜ਼ਨ ਲਹਿਰਾ ਤੇ ਮੁੱਖ ਅਫ਼ਸਰ ਥਾਣਾ ਲਹਿਰਾ ਦੀਆਂ ਟੀਮਾਂ ਵੱਲੋਂ ਕਾਰਵਾਈ ਕਰਦੇ ਹੋਏ ਮੁਲਜ਼ਮ ਨਸਰੀਨ ਬੇਗਮ ਉਰਫ ਜਸਮੀਨ ਬੇਗਮ ਪਤਨੀ ਕੁਲਦੀਪ ਸਿੰਘ ਵਾਸੀ ਵਾਰਡ ਨੰਬਰ 13 ਲਹਿਰਾ, ਬਲਬੀਰ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਜਾਖਲ ਹਰਿਆਣਾ, ਜਸਵੀਰ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਗਾਗਾ ਅਤੇ ਜਗਸੀਰ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਵਾਰਡ ਨੰਬਰ 15 ਲਹਿਰਾ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 95 ਹਜ਼ਾਰ ਰੁਪਏ ਨਕਦੀ ਤੇ ਇਕ ਛਾਪ ਸੋਨਾ ਬਰਾਮਦ ਕਰਵਾਈ ਗਈ ਹੈ। ਦੋਸ਼ੀਆਨ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ।


Harnek Seechewal

Content Editor

Related News