ਸਿਆਲਾਂ 'ਚ 6 ਗੁਣਾ ਵਧ ਜਾਂਦੈ ਹਾਰਟ ਅਟੈਕ ਦਾ ਖ਼ਤਰਾ, ਕਦੇ ਨਜ਼ਰਅੰਦਾਜ਼ ਨਾ ਕਰੋ ਇਹ ਲੱਛਣ

10/25/2023 5:25:59 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਜਿਵੇਂ-ਜਿਵੇਂ ਠੰਡ ਦਾ ਮੌਸਮ ਨੇੜੇ ਆਉਂਦਾ ਹੈ ਇੰਫੈਕਸ਼ਨ, ਜ਼ੁਕਾਮ, ਖੰਘ, ਬੁਖਾਰ ਸਮੇਤ ਕਈ ਬੀਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ, ਇਨ੍ਹਾਂ ’ਚੋਂ ਸਭ ਤੋਂ ਖ਼ਤਰਨਾਕ ਹੈ ਦਿਲ ਦਾ ਦੌਰਾ। ਇਸ ਲਈ ਦਿਲ ਦੀ ਸਿਹਤ ਦਾ ਧਿਆਨ ਰੱਖਣਾ ਸਰਦੀਆਂ 'ਚ ਬੇਹੱਦ ਜ਼ਰੂਰੀ ਹੈ। ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਦਿਲ ਨਾਲ ਜੁੜੀਆਂ ਅਹਿਮ ਗੱਲਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਇਸ ਦਾ ਭਿਆਨਕ ਨਤੀਜਾ ਭੁਗਤਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ : ਡਾ. ਓਬਰਾਏ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਲਿਆ ਵੱਡਾ ਫ਼ੈਸਲਾ

ਦਿਲ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ। ਸਾਡੀ ਜੀਵਨ ਸ਼ੈਲੀ ਦੀਆਂ ਕੁਝ ਬੁਰੀਆਂ ਆਦਤਾਂ ਕਾਰਡੀਓਵੈਸਕੁਲਰ ਪ੍ਰਣਾਲੀ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਹਨ ਪਰ ਹਾਲ ਹੀ ’ਚ ਸਾਹਮਣੇ ਆਇਆ ਇਕ ਸੱਚ ਹੈਰਾਨ ਕਰਨ ਵਾਲਾ ਹੈ। ਖੋਜਕਰਤਾਵਾਂ ਅਨੁਸਾਰ ਸਰਦੀਆਂ ’ਚ ਦਿਲ ਦੇ ਦੌਰੇ ਦੀ ਸੰਭਾਵਨਾ ਵਧ ਜਾਂਦੀ ਹੈ। ਅਧਿਐਨ ਨੇ ਦਿਖਾਇਆ ਹੈ ਕਿ ਸਰਦੀਆਂ ’ਚ ਦਿਲ ਦੇ ਦੌਰੇ ਦਾ ਖ਼ਤਰਾ ਗਰਮੀਆਂ ਦੇ ਮੁਕਾਬਲੇ ਦੁੱਗਣਾ ਹੁੰਦਾ ਹੈ। ਦਿਲ ਦੇ ਦੌਰੇ ਅਤੇ ਦਿਲ ਦੇ ਰੋਗ ਨਾਲ ਸਬੰਧਤ ਘਟਨਾਵਾਂ ਸਵੇਰ ਵੇਲੇ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਖੋਜਕਰਤਾਵਾਂ ਨੇ ਪਾਇਆ ਹੈ ਕਿ ਫਲੂ ਦੇ ਨਾਲ-ਨਾਲ ਸਰਦੀਆਂ ਦੇ ਮੌਸਮ ’ਚ ਸਾਡਾ ਦਿਲ ਤਣਾਅ ’ਚ ਰਹਿੰਦਾ ਹੈ। ਇਸ ਲਈ ਦਿਲ ਦੇ ਰੋਗੀਆਂ ਨੂੰ ਸਰਦੀਆਂ ਦੇ ਮਹੀਨਿਆਂ ਦੌਰਾਨ ਆਪਣੇ ਦਿਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। 

ਇਨ੍ਹਾਂ ਲੋਕਾਂ ਨੂੰ ਦਿਲ ਦੇ ਦੌਰੇ ਦਾ ਖ਼ਤਰਾ ਜ਼ਿਆਦਾ

ਯੂਰਪੀਅਨ ਜਨਰਲ ਆਫ ਐਪੀਡਿਮੋਲੋਜੀ ’ਚ ਪ੍ਰਕਾਸ਼ਿਤ ਇਕ ਖੋਜ ਅਨੁਸਾਰ, ਜਿਨ੍ਹਾਂ ਲੋਕਾਂ ਦਾ ਭਾਰ ਜ਼ਿਆਦਾ ਹੈ, ਜਾਂ ਮੋਟਾਪੇ ਤੋਂ ਪੀੜਤ ਹਨ, ਜਾਂ ਜੋ ਲੋਕ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹਨ, ਉਨ੍ਹਾਂ ’ਚ ਸਰਦੀਆਂ ਦੇ ਮੌਸਮ ’ਚ ਦਿਲ ਦੇ ਦੌਰੇ ਦਾ ਖ਼ਤਰਾ ਲਗਭਗ 30 ਗੁਣਾ ਤੱਕ ਵੱਧ ਜਾਂਦਾ ਹੈ।

ਇਹ ਵੀ ਪੜ੍ਹੋ : ਔਰਤਾਂ 'ਚ ਬ੍ਰੈਸਟ ਕੈਂਸਰ ਨੂੰ ਲੈ ਕੇ ਨਵਾਂ ਅਧਿਐਨ, ਸਾਹਮਣੇ ਆਇਆ ਹੈਰਾਨੀਜਨਕ ਤੱਥ

ਖ਼ੂਨ ਦਾ ਜੰਮਣਾ ਵੀ ਹੈ ਇਕ ਕਾਰਨ

ਸਰਦੀਆਂ ਦੇ ਮੌਸਮ ’ਚ ਸਾਡੀਆਂ ਖ਼ੂਨ ਦੀਆਂ ਨਾੜੀਆਂ ਦੇ ਸੁੰਗੜਨ ਕਾਰਨ ਪ੍ਰੈਸ਼ਰ ਵਧ ਜਾਂਦਾ ਹੈ ਅਤੇ ਬਲੱਡ ਪ੍ਰੈਸ਼ਰ ਵੀ ਵਧਣ ਲੱਗਦਾ ਹੈ। ਬੀਪੀ ਵਧਣ ਨਾਲ ਦਿਲ ਦੇ ਦੌਰੇ ਦੇ ਮਾਮਲੇ ਸਾਹਮਣੇ ਆਉਣ ਲੱਗ ਪੈਂਦੇ ਹਨ। ਮਾਹਿਰਾਂ ਅਨੁਸਾਰ ਸਰਦੀਆਂ ’ਚ ਲੋਕਾਂ ਦੇ ਸਰੀਰ ’ਚ ਖ਼ੂਨ ਦੇ ਥੱਕੇ ਬਣਨੇ ਸ਼ੁਰੂ ਹੋ ਜਾਂਦੇ ਹਨ, ਜਿਸ ਕਾਰਨ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।

ਸਵੇਰ ਦੇ ਸਮੇਂ ਖਤਰਾ ਜ਼ਿਆਦਾ

ਠੰਡੇ ਦੇ ਮੌਸਮ ’ਚ, ਲੋਕਾਂ ਨੂੰ ਜ਼ਿਆਦਾਤਰ ਮਾਮਲਿਆਂ ’ਚ ਸਵੇਰੇ ਦਿਲ ਦਾ ਦੌਰਾ ਪੈਂਦਾ ਹੈ। ਸਰਦੀਆਂ ’ਚ ਸਵੇਰ ਦੇ ਤਾਪਮਾਨ ’ਚ ਗਿਰਾਵਟ ਕਾਰਨ ਸਰੀਰ ਦਾ ਤਾਪਮਾਨ ਵੀ ਘੱਟ ਜਾਂਦਾ ਹੈ। ਇਸ ਕਾਰਨ ਸਰੀਰ ਦਾ ਤਾਪਮਾਨ ਬਰਕਰਾਰ ਰੱਖਦੇ ਹੋਏ ਬਲੱਡ ਪ੍ਰੈਸ਼ਰ ਵਧ ਸਕਦਾ ਹੈ, ਜੋ ਹਾਰਟ ਅਟੈਕ ਦਾ ਕਾਰਨ ਬਣ ਜਾਂਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਧੀ ਅਮਨਪ੍ਰੀਤ ਦੇ ਕੈਨੇਡਾ 'ਚ ਚਰਚੇ, ਪਰਮਾਤਮਾ ਨੇ ਮਿਹਨਤ ਨੂੰ ਲਾਏ ਰੰਗ ਭਾਗ

ਸਰਦੀ ਦੇ ਮੌਸਮ 'ਚ ਦਿਲ ਜ਼ਿਆਦਾ ਤਣਾਅ 'ਚ ਰਹਿੰਦਾ ਹੈ

ਕਾਰਡੀਓਲੋਜਿਸਟ ਡਾ. ਮਨਪ੍ਰੀਤ ਸਿੱਧੂ ਅਨੁਸਾਰ ਸਰਦੀ ਦੇ ਮੌਸਮ ’ਚ ਦਿਲ ’ਤੇ ਜ਼ਿਆਦਾ ਤਣਾਅ ਹੁੰਦਾ ਹੈ। ਬਲੱਡ ਪ੍ਰੈਸ਼ਰ ਅਚਾਨਕ ਵਧ ਜਾਂਦਾ ਹੈ ਕਿਉਂਕਿ ਸਰਦੀਆਂ ’ਚ ਨਾੜੀਆਂ ਸੁੰਗੜ ਜਾਂਦੀਆਂ ਹਨ, ਇਸ ਲਈ ਦਿਲ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਵਿਰੁੱਧ ਕੰਮ ਕਰਨਾ ਪੈਂਦਾ ਹੈ, ਜਿਸ ਕਾਰਨ ਸਰੀਰ ਨੂੰ ਖ਼ੂਨ ਦੀ ਲੋੜ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ’ਚ ਜੇਕਰ ਕਿਸੇ ਵਿਅਕਤੀ ਨੂੰ ਦਿਲ ਦੀ ਬੀਮਾਰੀ ਹੈ ਜਾਂ ਦਿਲ ਕਮਜ਼ੋਰ ਹੈ ਤਾਂ ਉਸ ਦੇ ਦਿਲ ਨੂੰ ਲੋੜੀਂਦੀ ਮਾਤਰਾ ’ਚ ਖ਼ੂਨ ਨਹੀਂ ਮਿਲੇਗਾ ਅਤੇ ਜੇਕਰ ਦਿਲ ਕਮਜ਼ੋਰ ਹੈ ਤਾਂ ਦਿਲ ਨਹੀਂ ਚੱਲੇਗਾ। ਇਸ ਸਥਿਤੀ ’ਚ ਬਲੱਡ ਪ੍ਰੈਸ਼ਰ ’ਚ ਤੇਜ਼ੀ ਨਾਲ ਵਾਧਾ ਤੇ ਦਿਲ ਦਾ ਦੌਰਾ ਪੈਣ ਦਾ ਖਤਰਾ ਵੱਧ ਜਾਂਦਾ ਹੈ।

ਦਿਲ ਨਾਲ ਜੁੜੀਆਂ ਜ਼ਿਆਦਾਤਰ ਸਮੱਸਿਆਵਾਂ ਵਧਦੀ ਉਮਰ ਨਾਲ ਹੁੰਦੀਆਂ ਹਨ

ਡਾ. ਗੌਰਵ ਗਰੋਵਰ ਅਨੁਸਾਰ ਆਮ ਤੌਰ ’ਤੇ ਦਿਲ ਨਾਲ ਜੁੜੀਆਂ ਜ਼ਿਆਦਾਤਰ ਸਮੱਸਿਆਵਾਂ ਵਧਦੀ ਉਮਰ ਦੇ ਨਾਲ ਹੁੰਦੀਆਂ ਹਨ ਪਰ ਠੰਡ ਦੇ ਮੌਸਮ ’ਚ ਇਨ੍ਹਾਂ ਸਮੱਸਿਆਵਾਂ ਦਾ ਰੁਝਾਨ ਜ਼ਿਆਦਾ ਵਧ ਜਾਂਦਾ ਹੈ। ਜੇਕਰ ਕੋਈ ਨੌਜਵਾਨ ਅਚਾਨਕ ਜ਼ਿਆਦਾ ਸਿਗਰਟ ਪੀਂਦਾ ਹੈ ਜਾਂ ਸ਼ਰਾਬ ਪੀਂਦਾ ਹੈ, ਤਾਂ ਉਸ ਨੂੰ ਦਿਲ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਠੰਡ ’ਚ ਗੰਭੀਰ ਬਲੱਡ ਪ੍ਰੈਸ਼ਰ, ਤੀਬਰ ਦਿਲ ਦਾ ਫੇਲ੍ਹ ਹੋਣਾ ਅਤੇ ਅਟੈਕ ਦਾ ਖ਼ਤਰਾ ਵੱਧ ਜਾਂਦਾ ਹੈ।

ਨਸ਼ੇ ਤੋਂ ਦੂਰ ਰਹੋਗੇ ਤਾਂ ਹਾਰਟ ਅਟੈਕ ਤੋਂ ਬਚ ਜਾਵੋਗੇ

ਡਾ. ਹਰੀਸ਼ ਮਿੱਤਲ ਅਨੁਸਾਰ ਸ਼ਰਾਬ, ਸਿਗਰਟ ਅਤੇ ਸੁਪਾਰੀ ਦਾ ਸੇਵਨ ਨਾ ਕਰੋ। ਆਪਣੇ ਹੱਥਾਂ ਅਤੇ ਸਿਰ ਨੂੰ ਪੂਰੀ ਤਰ੍ਹਾਂ ਢੱਕੋ, ਗਰਮ ਜੁਰਾਬਾਂ ਅਤੇ ਜੁੱਤੀਆਂ ਪਾਓ। ਸਰੀਰ ਦੀ ਗਤੀਵਿਧੀ ਬਣਾਈ ਰੱਖੋ ਭਾਵ ਆਪਣੇ ਸਰੀਰ ਦਾ ਭਾਰ ਨਾ ਵਧਣ ਦਿਓ। ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗੀਆਂ ਲਈ ਸਵੇਰ ਦੇ ਪਹਿਲੇ 3 ਘੰਟੇ ਬਹੁਤ ਮਹੱਤਵਪੂਰਨ ਹਨ। ਜੇਕਰ ਤੁਸੀਂ ਛਾਤੀ ’ਚ ਦਰਦ, ਛਾਤੀ ’ਚ ਭਾਰੀਪਨ ਅਤੇ ਸਾਹ ਲੈਣ ’ਚ ਤਕਲੀਫ ਮਹਿਸੂਸ ਕਰਦੇ ਹੋ ਤਾਂ ਡਾਕਟਰ ਦੀ ਸਲਾਹ ਲਓ। ਜੇਕਰ ਤੁਹਾਨੂੰ ਦਿਲ ਦੇ ਦੌਰੇ ਦੇ ਮੁੱਖ ਲੱਛਣ ਜਿਵੇਂ ਕਿ ਛਾਤੀ ’ਚ ਜਕੜਨ ਅਤੇ ਬੇਚੈਨੀ, ਤੇਜ਼ ਸਾਹ ਲੈਣਾ, ਪਸੀਨਾ ਆਉਣਾ, ਕਮਜ਼ੋਰ ਨਬਜ਼ ਅਤੇ ਬੇਚੈਨੀ ਨਾਲ ਚੱਕਰ ਆਉਣ ਤਾਂ ਸਮੇਂ ਸਿਰ ਹਸਪਤਾਲ ਪਹੁੰਚੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harnek Seechewal

Content Editor

Related News