''ਆਪ ਦੀ ਕਿਸ਼ਤੀ ਨੂੰ ''ਆਪ'' ਦੇ ਹੀ ਪਾਣੀ ਨੇ ਡੋਬਿਆ''

Saturday, Nov 23, 2024 - 04:49 PM (IST)

''ਆਪ ਦੀ ਕਿਸ਼ਤੀ ਨੂੰ ''ਆਪ'' ਦੇ ਹੀ ਪਾਣੀ ਨੇ ਡੋਬਿਆ''

ਬਰਨਾਲਾ (ਵਿਵੇਕ ਸਿੰਧਵਾਨੀ) : ਹਮੇ ਤੋਂ ਅਪਨੋ ਨੇ ਲੂਟਾ ਗੈਰੋਂ ਮੇਂ ਕਹਾਂ ਦਮ ਥਾ, ਹਮਾਰੀ ਕਿਸ਼ਤੀ ਥੀ ਡੂਬੀ ਵਹਾਂ ਜਹਾਂ ਪਾਣੀ ਕਮ ਥਾ। ਇਹ ਸਤਰਾਂ ਬਰਨਾਲਾ ਵਿਚ ਆਮ ਆਦਮੀ ਪਾਰਟੀ ਦੀ ਜ਼ਿਮਨੀ ਚੋਣ ਵਿਚ ਹਾਰ 'ਤੇ ਬਿਲਕੁਲ ਸਟੀਕ ਬੈਠਦੀਆਂ ਹਨ। ਵਿਧਾਨ ਸਭਾ ਹਲਕਾ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ ਕੁੱਲ 26,097 ਵੋਟਾਂ ਪ੍ਰਾਪਤ ਹੋਈਆਂ। ਦੂਜੀ ਪਾਸੇ, ਪਾਰਟੀ ਦੇ ਸਾਬਕਾ ਜ਼ਿਲਾ ਪ੍ਰਧਾਨ ਅਤੇ ਬਾਗੀ ਉਮੀਦਵਾਰ ਗੁਰਦੀਪ ਸਿੰਘ ਬਾਠ ਨੇ 16,899 ਵੋਟਾਂ ਪ੍ਰਾਪਤ ਕੀਤੀਆਂ। ਇਨ੍ਹਾਂ ਵੋਟਾਂ ਵਿਚੋਂ ਵੱਡਾ ਹਿੱਸਾ ਉਨ੍ਹਾਂ ਆਮ ਆਦਮੀ ਪਾਰਟੀ ਦੇ ਸਮਰਥਕਾਂ ਦਾ ਹੀ ਸੀ ਜੋ ਗੁਰਦੀਪ ਬਾਠ ਦੇ ਨਾਲ ਚਲੇ ਗਏ ਸਨ। ਜਦ ਗੁਰਦੀਪ ਬਾਠ ਨੇ 16 ਰਾਊਂਡਾਂ ਵਿਚੋਂ ਇਕ ਰਾਊਂਡ ਵਿਚ ਲੀਡ ਪ੍ਰਾਪਤ ਕੀਤੀ ਤਾਂ ਇਹ ਸਾਫ਼ ਹੋ ਗਿਆ ਕਿ ਪਾਰਟੀ ਦੇ ਅੰਦਰੂਨੀ ਫੁੱਟ ਦਾ ਸਿੱਧਾ ਅਸਰ ਚੋਣ ਨਤੀਜਿਆਂ 'ਤੇ ਪਿਆ।

ਡੇਂਗੂ ਕਾਰਨ ਮੀਤ ਹੇਰ ਦੀ 10-12 ਦਿਨ ਚੋਣ ਪ੍ਰਚਾਰ ਤੋਂ ਰਹੀ ਗੈਰ ਮੌਜੂਦਗੀ

ਜ਼ਿਮਨੀ ਚੋਣਾਂ ਦੇ ਐਲਾਨ ਦੇ ਨਾਲ ਹੀ ਪਾਰਟੀ ਦੇ ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਨੂੰ ਡੇਂਗੂ ਹੋ ਗਿਆ, ਜਿਸ ਕਾਰਨ ਉਨ੍ਹਾਂ ਨੇ ਚੋਣ ਮੁਹਿੰਮ ਦੀ ਸ਼ੁਰੂਆਤ ਸਮੇਂ 'ਤੇ ਨਹੀਂ ਕੀਤੀ। ਇਨ੍ਹਾਂ 10-12 ਦਿਨਾਂ ਦੀ ਢਿੱਲ ਕਾਰਨ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੀ ਮਜ਼ਬੂਤੀ ਘਟ ਗਈ। ਬਾਅਦ ਵਿਚ ਮੀਤ ਹੇਅਰ ਨੇ ਚੋਣ ਪ੍ਰਚਾਰ ਵਿਚ ਪੂਰੀ ਤਾਕਤ ਲਾਈ ਪਰ ਤਕਦੀਰ ਪਾਰਟੀ ਦੇ ਹੱਕ ਵਿਚ ਨਹੀਂ ਸੀ ਜਦ ਮੀਤ ਹੇਅਰ ਸਿਹਤਮੰਦ ਹੋ ਕੇ ਮੁਹਿੰਮ ਚਲਾਉਣ ਆਏ ਉਦੋਂ ਤੱਕ ਸਥਿਤੀ ਬਦਲ ਚੁੱਕੀ ਸੀ। ਪਾਰਟੀ ਦੇ ਅੰਦਰ ਹੀ ਕੁਝ ਅਜਿਹੇ ਲੋਕ ਸਨ ਜੋ ਸਿਰਫ਼ ਦਿਖਾਵਟੀ ਤੌਰ 'ਤੇ ਉਨ੍ਹਾਂ ਦੇ ਹਮਾਇਤੀ ਸਨ ਪਰ ਅੰਦਰੋਂ ਉਨ੍ਹਾਂ ਦਾ ਸਮਰਥਨ ਨਹੀਂ ਕਰ ਰਹੇ ਸਨ। ਇਨ੍ਹਾਂ ਸਥਿਤੀਆਂ ਨੇ ਆਮ ਆਦਮੀ ਪਾਰਟੀ ਦੇ ਜਿੱਤ ਦੇ ਰੱਥ ਨੂੰ ਵੱਡਾ ਝਟਕਾ ਦਿੱਤਾ।

ਵੋਟਾਂ ਦੀ ਗਿਣਤੀ ਅਤੇ ਸਥਿਤੀ ਦਾ ਮੁਲਾਂਕਣ

ਇਸ ਜ਼ਿਮਨੀ ਚੋਣ ਵਿਚ ਕਾਂਗਰਸ ਨੇ 28.24% ਵੋਟਾਂ ਦਾ ਹਿੱਸਾ ਆਪਣੇ ਨਾਂ ਕੀਤਾ। ਦੂਜੇ ਪਾਸੇ 'ਆਪ' ਦੇ ਧਾਲੀਵਾਲ ਅਤੇ ਬਾਠ ਦੀ ਗਿਣਤੀ ਜੋੜੀ ਜਾਵੇ ਤਾਂ ਦੋਵਾਂ ਨੂੰ 43% ਵੋਟਾਂ ਮਿਲੀਆਂ। ਧਾਲੀਵਾਲ ਨੇ 26% ਅਤੇ ਬਾਠ ਨੇ 17% ਵੋਟਾਂ ਪ੍ਰਾਪਤ ਕੀਤੀਆਂ। ਇਹ ਵੱਖਰਾ ਹੋਣਾ ਹੀ ਆਮ ਆਦਮੀ ਪਾਰਟੀ ਲਈ ਤਬਾਹੀ ਦਾ ਕਾਰਨ ਬਣਿਆ। ਆਖੀਰ ਵਿਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਵਿਧਾਨ ਸਭਾ ਹਲਕਾ ਬਰਨਾਲਾ ਵਿਚ ਆਮ ਆਦਮੀ ਪਾਰਟੀ ਦੀ ਚੋਣ ਕਿਸ਼ਤੀ ਨੂੰ ਬਾਹਰੀ ਹਮਲਿਆਂ ਤੋਂ ਨਹੀਂ ਸਗੋਂ ਅੰਦਰੂਨੀ ਬਗਾਵਤ ਨੇ ਹੀ ਡਬੋਇਆ ਹੈ।


author

Gurminder Singh

Content Editor

Related News