IELTS ਪਾਸ ਕੁੜੀ ਭਾਲ ਰਹੇ ਨੌਜਵਾਨ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਜੱਗੋਂ ਤੇਰ੍ਹਵੀਂ
Thursday, Jul 20, 2023 - 05:08 PM (IST)

ਨਵਾਂਸ਼ਹਿਰ (ਤ੍ਰਿਪਾਠੀ) : ਆਈਲੈਟਸ ਪਾਸ ਕੁੜੀ ਨਾਲ ਵਿਆਹ ਕਰਵਾ ਕੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 6.60 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਪਰਮਜੀਤ ਰਾਏ ਪੁੱਤਰ ਸੁਰਿੰਦਰ ਪਾਲ ਵਾਸੀ ਪਿੰਡ ਬੈਂਸਾਂ ਨੇ ਦੱਸਿਆ ਕਿ ਕਰੀਬ 4 ਸਾਲ ਪਹਿਲਾਂ ਉਸਦੇ ਪਿਤਾ ਜੋ ਰੇਲਵੇ ਵਿਚ ਮਜ਼ਦੂਰੀ ਕਰਦੇ ਸਨ, ਦੀ ਰਿਟਾਇਰਮੈਂਟ ਪਾਰਟੀ ’ਤੇ ਇਕ ਔਰਤ ਅਤੇ ਉਸਦਾ ਮੁੰਡਾ ਮਿਲੇ ਸਨ, ਜਿਨ੍ਹਾਂ ਨੇ ਉਸ ਨੂੰ ਦੱਸਿਆ ਕਿ ਉਸਦਾ ਭਰਾ ਸਰਬਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਔੜ ਏਜੰਟੀ ਦਾ ਕੰਮ ਕਰਦਾ ਹੈ ਅਤੇ ਲੋਕਾਂ ਨੂੰ ਵਿਦੇਸ਼ ਭੇਜਦਾ ਹੈ। ਉਹ ਉਸਦਾ ਆਈਲੈਟਸ ਪਾਸ ਕੁੜੀ ਨਾਲ ਵਿਆਹ ਕਰਵਾ ਕੇ ਉਸ ਨੂੰ ਵਿਦੇਸ਼ ਭੇਜ ਸਕਦਾ ਹੈ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਬਣਿਆ ਨਾਜਾਇਜ਼ ਹਥਿਆਰਾਂ ਦੀ ਮੰਡੀ, ਹੋਮ ਡਿਲਿਵਰੀ ਦਾ ਦਾਅਵਾ, 2 ਹਜ਼ਾਰ ਤੋਂ ਸ਼ੁਰੂ
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਸਰਬਜੀਤ ਸਿੰਘ ਨੇ ਉਸਦਾ ਰਿਸ਼ਤਾ ਇਕ ਆਈਲੈਟਸ ਪਾਸ ਕੁੜੀ ਨਾਲ ਕਰਵਾ ਕੇ ਸ਼ਗਨ ਵੀ ਕਰ ਦਿੱਤਾ। ਕੁਝ ਸਮੇਂ ਬਾਅਦ ਉਸਨੇ 14 ਲੱਖ ਰੁਪਏ ਦੀ ਮੰਗ ਕੀਤੀ। ਉਸਨੇ ਦੱਸਿਆ ਕਿ ਪੈਸੇ ਦੇਣ ਤੋਂ ਬਾਅਦ ਜਦੋਂ ਉਨ੍ਹਾਂ ਕੁੜੀ ਨਾਲ ਵਿਆਹ ਕਰਵਾਉਣ ਲਈ ਕਿਹਾ ਕਿ ਤਾਂ ਉਸਨੇ ਵਿਆਹ ਦੀ ਗੱਲ ਨੂੰ ਟਾਲਦਿਆਂ ਕਿਹਾ ਕਿ ਜਲਦ ਹੀ ਉਸਦਾ ਕੰਮ ਬਣ ਜਾਣਾ ਹੈ ਪਰ ਉਨ੍ਹਾਂ ਉਸ ਨੂੰ ਕੋਈ ਸੱਚਾਈ ਨਹੀਂ ਦੱਸੀ ਅਤੇ ਫੋਨ ਚੁੱਕਣਾ ਬੰਦ ਕਰ ਦਿੱਤਾ। ਉਕਤ ਮੁਲਜ਼ਮ ਨੂੰ ਕੁੱਲ 11.60 ਲੱਖ ਰੁਪਏ ਦੀ ਰਕਮ ਅਦਾ ਕੀਤੀ ਸੀ ਪਰ ਨਾ ਤਾਂ ਉਸ ਨੂੰ ਵਿਆਹ ਕਰਵਾ ਕੇ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਉਸਨੇ ਦੱਸਿਆ ਕਿ ਉਕਤ ਮੁਲਜ਼ਮ ਨੇ ਢਾਈ-ਢਾਈ ਲੱਖ ਦੇ 4 ਚੈੱਕ ਦਿੱਤੇ ਸਨ ਪਰ ਉਸਦਾ ਖਾਤਾ ਨਿੱਲ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਕੁੜੀ 'ਤੇ ਮਾੜੀ ਨਜ਼ਰ ਰੱਖਣ ਤੋਂ ਰੋਕਿਆ ਤਾਂ ਪਿਓ-ਪੁੱਤ ਨੂੰ ਮਾਰੀਆਂ ਗੋਲ਼ੀਆਂ
ਉਸਨੇ ਦੱਸਿਆ ਕਿ ਉਨ੍ਹਾਂ ਨੂੰ ਉਕਤ ਮੁਲਜ਼ਮ ਵੱਲੋਂ 5 ਲੱਖ ਰੁਪਏ ਦਾ ਪਲਾਟ ਦਿੱਤਾ ਗਿਆ ਹੈ ਪਰ ਬਾਕੀ 6.60 ਲੱਖ ਰੁਪਏ ਦੀ ਰਕਮ ਵਾਪਸ ਨਹੀਂ ਕੀਤੀ ਗਈ। ਉਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਪੱਧਰ ਦੇ ਅਫ਼ਸਰ ਵੱਲੋਂ ਕਰਨ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ ਮੁਲਜ਼ਮ ਏਜੰਟ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਬੁਢਲਾਡਾ ਵਿਖੇ ਵੱਡੀ ਵਾਰਦਾਤ, ਸਿਰ 'ਚ ਬਾਲਟੀ ਮਾਰ ਕੇ ਗੁਆਂਢਣ ਦਾ ਕੀਤਾ ਕਤਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8