ਉਹੀ ਹੋਇਆ ਜਿਸ ਦਾ ਡਰ ਸੀ, ਧੋਖੇ ਨਾਲ ਦੋਸਤ ਵੱਲੋਂ ਅਗਵਾ ਕਰਵਾਏ ਗਏ ਜਤਿਨ ਦੀ ਮਿਲੀ ਲਾਸ਼

Saturday, Apr 22, 2023 - 12:29 PM (IST)

ਉਹੀ ਹੋਇਆ ਜਿਸ ਦਾ ਡਰ ਸੀ, ਧੋਖੇ ਨਾਲ ਦੋਸਤ ਵੱਲੋਂ ਅਗਵਾ ਕਰਵਾਏ ਗਏ ਜਤਿਨ ਦੀ ਮਿਲੀ ਲਾਸ਼

ਸ੍ਰੀ ਕੀਰਤਪੁਰ ਸਾਹਿਬ (ਬਾਲੀ) : ਰਾਮਪੁਰ ਪਸਵਾਲਾਂ ਹਿਮਾਚਲ ਪਦੇਸ਼ ਤੋਂ ਅਗਵਾ ਕੀਤੇ ਜਤਿਨ ਪੁੱਤਰ ਹੇਮਰਾਜ (17) ਨੂੰ 15 ਅਪ੍ਰੈਲ ਦੇਰ ਸ਼ਾਮ ਪਿੰਡ ਫਤਿਹਪੁਰ ਬੁੰਗਾ ਨਜ਼ਦੀਕ ਅਗਵਾਕਾਰ ਵੱਲੋਂ ਆਪਣੇ ਨਾਲ ਹੀ ਕਾਰ ਸਮੇਤ ਭਾਖੜਾ ਨਹਿਰ ਵਿਚ ਸੁੱਟ ਦਿੱਤਾ ਗਿਆ ਸੀ। ਇਸ ਦੌਰਾਨ ਜਤਿਨ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ ਸੀ ਅਤੇ ਅਗਵਾਕਾਰ ਸੁਖਪਾਲ ਸਿੰਘ ਉਰਫ ਲਾਡੀ ਨੂੰ ਲੋਕਾਂ ਨੇ ਨਹਿਰ ’ਚੋਂ ਬਾਹਰ ਕੱਢ ਕੇ ਬਚਾਅ ਲਿਆ ਸੀ। ਪੁਲਸ ਸਟੇਸ਼ਨ ਨਾਲਾਗੜ੍ਹ ਤੋਂ ਇਸ ਕੇਸ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਨੀਲਮ ਸ਼ਰਮਾ ਨੇ ਦੱਸਿਆ ਕਿ ਜਤਿਨ ਦੀ ਲਾਸ਼ ਬੀਤੇ ਦਿਨ ਉਨ੍ਹਾਂ ਵੱਲੋਂ ਲਾਡਲ ਰੋਪੜ ਨਜ਼ਦੀਕ ਭਾਖੜਾ ਨਹਿਰ ’ਚੋਂ ਬਰਾਮਦ ਕਰ ਲਈ ਗਈ ਹੈ ਅਤੇ ਉਹ ਜਤਿਨ ਦੀ ਲਾਸ਼ ਦਾ ਇੰਦਰਾ ਗਾਂਧੀ ਮੈਡੀਕਲ ਕਾਲਜ ਸ਼ਿਮਲਾ ਵਿਖੇ ਪੋਸਟ ਮਾਰਟਮ ਕਰਵਾਉਣ ਲਈ ਆਏ ਹਨ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੀ ਪਤਨੀ ਨੂੰ ਹਵਾਈ ਅੱਡੇ 'ਤੇ ਰੋਕਣ ਦੇ ਮਾਮਲੇ 'ਚ ਜਥੇਦਾਰ ਹਰਪ੍ਰੀਤ ਸਿੰਘ ਦਾ ਬਿਆਨ

ਕੀ ਕਹਿਣਾ ਸੀ ਸ੍ਰੀ ਕੀਰਤਪੁਰ ਸਾਹਿਬ ਦੇ ਥਾਣਾ ਮੁਖੀ ਦਾ

ਇਸ ਕੇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਸੀ ਕਿ 15-16 ਅਪ੍ਰੈਲ ਦੀ ਰਾਤ ਕਰੀਬ 9.30 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਫਤਿਹਪੁਰ ਬੁੰਗਾ ਵਿਖੇ ਇਕ ਕਾਰ ਭਾਖੜਾ ਨਹਿਰ ਵਿਚ ਡਿੱਗ ਪਈ ਹੈ, ਜਿਸ ਤੋਂ ਬਾਅਦ ਪੁਲਸ ਪਾਰਟੀ ਮੌਕੇ ’ਤੇ ਪੁੱਜੀ ਅਤੇ ਪੜਤਾਲ ਤੋਂ ਸਾਨੂੰ ਪਤਾ ਲੱਗਾ ਕਿ ਇਹ ਕਾਰ ਨਾਲਾਗੜ੍ਹ ਥਾਣੇ ਦੇ ਏਰੀਏ ਨਾਲ ਸੰਬੰਧਤ ਹੈ। ਇਸ ਬਾਰੇ ਥਾਣਾ ਨਾਲਾਗੜ੍ਹ (ਹਿ.ਪ੍ਰ) ਦੀ ਪੁਲਸ ਵੱਲੋਂ ਮੁਕੱਦਮਾ ਨੰਬਰ 115/23 ਧਾਰਾ 363 ਅਧੀਨ ਦਰਜ ਕੀਤਾ ਗਿਆ ਸੀ। ਇਹ ਮਾਮਲਾ ਥਾਣਾ ਨਾਲਾਗੜ੍ਹ (ਹਿ.ਪ੍ਰ) ਪੁਲਸ ਪਾਸ ਹੋਣ ਕਾਰਨ ਸਾਡੇ ਵੱਲੋਂ ਨਾਲਾਗੜ੍ਹ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਉਸ ਦਿਨ ਕਾਰ ਨੂੰ ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕਢਵਾ ਲਿਆ ਹੈ ਜਿਸ ਵਿਚੋਂ ਕਿਸੇ ਦੀ ਵੀ ਲਾਸ਼ ਨਹੀਂ ਮਿਲੀ ਸੀ। 

ਇਹ ਵੀ ਪੜ੍ਹੋ : ਪੰਜਾਬ 'ਚ ਲਾਪਤਾ ਹੋ ਗਏ 10,000 ਤੋਂ ਜ਼ਿਆਦਾ ਲੋਕ, ਜਲੰਧਰ ਦੇ ਅੰਕੜੇ ਹੈਰਾਨੀਜਨਕ

ਕੀ ਕਹਿਣਾ ਸੀ ਨਹਿਰ ਵਿਚ ਰੁੜ੍ਹੇ ਜਤਿਨ ਦੇ ਤਾਏ ਦਾ 

ਇਸ ਬਾਰੇ ਜਦੋਂ ਭਾਖੜਾ ਨਹਿਰ ਵਿਚ ਰੁੜ੍ਹੇ ਮੁੰਡੇ ਜਤਿਨ ਦੇ ਤਾਏ ਅਸ਼ੋਕ ਕੁਮਾਰ ਵਾਸੀ ਪਿੰਡ ਰਾਮਪੁਰ ਪਸਵਾਲਾਂ ਥਾਣਾ ਨਾਲਾਗੜ੍ਹ ਜ਼ਿਲ੍ਹਾ ਸੋਲਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਸੀ ਕਿ ਮੇਰਾ ਭਤੀਜਾ ਜਤਿਨ ਪੁੱਤਰ ਹੇਮਰਾਜ (17) ਬਾਰ੍ਹਵੀਂ ਜਮਾਤ ਵਿਚ ਪੜ੍ਹਦਾ ਸੀ। ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਚੰਗਾ ਖਿਡਾਰੀ ਸੀ। ਜਤਿਨ ਨੂੰ ਉਸ ਨਾਲ ਹੀ ਪੜ੍ਹਦੇ ਪਿੰਡ ਬਸੋਟ ਦੇ ਇਕ ਮੁੰਡੇ ਨੇ ਵਾਰ-ਵਾਰ ਫੋਨ ਕਰਕੇ ਘਰ ਤੋਂ ਆਪਣੇ ਪਿੰਡ ਨੂੰ ਬੁਲਾਇਆ। ਜਤਿਨ ਕਰੀਬ 6.30 ਵਜੇ ਬਿਨਾਂ ਕਿਸੇ ਨੂੰ ਦੱਸੇ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਘਰੋਂ ਚਲਾ ਗਿਆ। ਅੱਗੇ ਇਸ ਦੇ ਦੋਸਤ ਨੇ ਜਤਿਨ ਨੂੰ ਅਗਵਾਕਾਰ ਨੌਜਵਾਨ ਸੁਖਪਾਲ ਸਿੰਘ ਉਰਫ਼ ਲਾਡੀ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਦਬੋਟਾ ਥਾਣਾ ਨਾਲਾਗੜ੍ਹ (ਹਿ.ਪ੍ਰ) ਦੀ ਆਈ-20 ਕਾਰ ਨੰਬਰ ਐੱਚ. ਪੀ 12- 2688 ਵਿਚ ਇਹ ਕਹਿ ਕੇ ਬਿਠਾ ਦਿੱਤਾ ਕਿ ਤੇਰੇ ਨਾਲ ਕੋਈ ਗੱਲ ਕਰਨੀ ਹੈ, ਤੂੰ ਇਸ ਨਾਲ ਕਾਰ ਵਿਚ ਬੈਠ ਮੈਂ ਮਗਰ ਐਕਟਿਵਾ ’ਤੇ ਆਉਂਦਾ ਹਾਂ। ਜਤਿਨ ਕਾਰ ਵਿਚ ਬੈਠ ਕੇ ਲਾਡੀ ਨਾਲ ਚਲਾ ਗਿਆ। ਜਦੋਂ ਜਤਿਨ ਘਰ ਨਹੀਂ ਪੁੱਜਾ ਤਾਂ ਅਸੀਂ ਉਸ ਨੂੰ ਕਾਫ਼ੀ ਫੋਨ ਕੀਤੇ ਪਰ ਉਸ ਨੇ ਫੋਨ ਨਹੀਂ ਚੁੱਕਿਆ।

ਇਹ ਵੀ ਪੜ੍ਹੋ : 'ਆਪ' ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਦੀ ਗ੍ਰਿਫ਼ਤਾਰੀ 'ਤੇ CM ਮਾਨ ਦਾ ਬਿਆਨ ਆਇਆ ਸਾਹਮਣੇ

ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News