ਰੰਜਿਸ਼ ਦੇ ਚੱਲਦਿਆਂ ਪਰਿਵਾਰ ''ਤੇ ਕੀਤਾ ਜਾਨਲੇਵਾ ਹਮਲਾ, ਚਲਾਈਆਂ ਗੋਲੀਆਂ
Monday, Oct 28, 2019 - 04:48 PM (IST)
ਜ਼ੀਰਾ (ਗੁਰਮੇਲ ਸੇਖਵਾਂ) : ਥਾਣਾ ਸਦਰ ਜ਼ੀਰਾ ਦੇ ਅੰਤਰਗਤ ਪੈਂਦੇ ਪਿੰਡ ਹਰਦਾਸਾ ਵਿਖੇ ਰੰਜਿਸ਼ ਕਾਰਨ 8 ਲੋਕਾਂ ਵਲੋਂ 1 ਵਿਅਕਤੀ ਅਤੇ ਉਸ ਦੇ ਸਹੁਰਾ-ਘਰ ਪਰਿਵਾਰ 'ਤੇ ਹਥਿਆਰਾਂ ਨਾਲ ਲੈਸ ਹੋ ਕੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। 12 ਬੋਰ, 315 ਬੋਰ ਅਤੇ ਹੋਰ ਹਥਿਆਰਾਂ ਨਾਲ ਉਕਤ ਲੋਕਾਂ 'ਤੇ ਹਮਲਾ ਕਰਨ ਮਗਰੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਮੁਲਜ਼ਮਾਂ ਵਲੋਂ ਕੀਤੇ ਗਏ ਗੋਲੀਆਂ ਦੇ ਫਾਇਰ ਦੇ ਛੱਰੇ ਪੀੜਤ ਤੇ ਉਸ ਦੀ ਸਾਲੇਹਾਰ ਨੂੰ ਲੱਗ ਗਏ, ਜਿਸ ਕਾਰਨ ਉਨ੍ਹਾਂ ਨੂੰ ਜ਼ਖਮੀ ਹਾਲਤ 'ਚ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ। ਮੌਕੇ 'ਕੇ ਪੁੱਜੀ ਪੁਲਸ ਨੇ ਪੀੜਤ ਦੇ ਬਿਆਨ 'ਤੇ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ।
ਥਾਣਾ ਸਦਰ ਜ਼ੀਰਾ ਸਹਾਇਕ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਬਿਕਰਮਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਮੁਲਜ਼ਮ ਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ, ਗੁਰਦੇਵ ਕੌਰ ਪਤਨੀ ਬਲਦੇਵ ਸਿੰਘ, ਬਲਦੇਵ ਸਿੰਘ ਪੁੱਤਰ ਅਵਤਾਰ ਸਿੰਘ, ਕੁਲਦੀਪ ਸਿੰਘ ਨੇ 3 ਅਗਿਆਤ ਲੋਕਾਂ ਨਾਲ ਮਿਲ ਕੇ ਪੁਰਾਣੀ ਰੰਜਿਸ਼ ਦੇ ਤਹਿਤ ਉਸ 'ਤੇ ਅਤੇ ਉਸ ਦੇ ਪਰਿਵਾਰ 'ਤੇ ਹਮਲਾ ਕੀਤਾ ਹੈ। ਹਥਿਆਰਾਂ ਨਾਲ ਕੀਤੇ ਇਸ ਜਾਨਲੇਵਾ ਹਮਲੇ ਕਾਰਨ ਉਹ ਅਤੇ ਉਸ ਦੀ ਸਾਲੇਹਾਰ ਗੰਭੀਰ ਤੌਰ 'ਤੇ ਜ਼ਖਮੀ ਹੋ ਗਈ, ਜਿਸ ਦਾ ਇਲਾਜ ਮੈਡੀਕਲ ਕਾਲਜ 'ਚ ਚੱਲ ਰਿਹਾ ਹੈ। ਪੁਲਸ ਨੇ ਸਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।